ਕੁੱਝ ਦਿਨ ਪਹਿਲਾਂ ਸੰਪੂਰਨ ਹੋਈਆਂ ਟੋਕੀਉ ਉਲੰਪਿਕ ਖੇਡਾਂ ਕਈ ਪੱਖਾਂ ਤੋਂ ਅਲੌਕਿਕ ਸਾਬਤ ਹੋਈਆ ਹਨ। ਇਹ ਹੁਣ ਤੱਕ ਦੀ ਪਹਿਲੀ ਅਜਿਹੀ ਉਲੰਪਿਕ ਹੈ ਜਿਸ ਵਿੱਚ ਖਿਡਾਰੀਆਂ ਨੇ ਦਰਸ਼ਕ ਵਿਹੂਣੇ ਸਟੇਡੀਅਮਾਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾਏ ਤੇ ਕਈ ਨਵੇਂ ਰਿਕਾਰਡ ਕਾਇਮ ਕੀਤੇ ਹਨ। ਇਸ ਉਲੰਪਿਕ ਵਿੱਚ ਕਈ ਅਜਿਹੇ ਖਿਡਾਰੀਆਂ ਨੇ ਵੀ ਹਿੱਸਾ ਲਿਆ ਜੋ ਮੈਡੀਕਲ ਖੇਤਰ ਨਾਲ ਜੁੜੇ ਹੋਏ ਹਨ ਤੇ ਕੋਵਿਡ ਦੀ ਪਹਿਲੀ ਅਤੇ ਦੂਸਰੀ ਲਹਿਰ ਦੌਰਾਨ ਆਪਣੇ ਦੇਸ਼ਾਂ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਸੇਵਾ ਕਰ ਚੁੱਕੇ ਹਨ ਤੇ ਹੁਣ ਵੀ ਕਰ ਰਹੇ ਹਨ। ਹੇਠਾਂ ਵਰਣਿਤ ਖਿਡਾਰੀ ਅਜਿਹੇ ਹੀ ਫਰੰਟ ਲਾਈਨ ਕਰੋਨਾ ਯੋਧੇ ਹਨ:
ਰੇਚਲ ਲਿੰਚ: ਆਸਟ੍ਰੇਲੀਅਨ (ਹਾਕੀ ਗੋਲਕੀਪਰ) – ਆਸਟ੍ਰੇਲੀਅਨ ਨੈਸ਼ਨਲ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਰੇਚਲ ਲਿੰਚ ਸੰਸਾਰ ਦੀਆਂ ਮਹਾਨ ਗੋਲਕੀਪਰਾਂ ਵਿੱਚ ਆਉਂਦੀ ਹੈ ਤੇ 2020 ਵਿੱਚ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਵੱਲੋਂ ਸਾਲ ਦੀ ਸਰਵੋਤਮ ਗੋਲਕੀਪਰ ਐਲਾਨੀ ਜਾ ਚੁੱਕੀ ਹੈ। ਲਿੰਚ ਨਰਸ ਹੈ ਤੇ ਇਸ ਵੇਲੇ ਫਿਉਨਾ ਸਟੈਨਲੇ ਹਸਪਤਾਲ (ਪਰਥ) ਵਿਖੇ ਸੇਵਾ ਨਿਭਾ ਰਹੀ ਹੈ। ਕਰੋਨਾ ਪੀੜਤਾਂ ਦੀ ਸੇਵਾ ਦੌਰਾਨ ਉਹ ਫਰਵਰੀ 2020 ਨੂੰ ਕਰੋਨਾ ਦੀ ਲਾਗ ਤੋਂ ਪੀੜਤ ਹੋ ਗਈ ਸੀ ਤੇ ਉਸ ਨੂੰ ਕਰੀਬ ਮਹੀਨਾ ਭਰ ਅਰਾਮ ਕਰਨਾ ਪਿਆ ਸੀ। ਉਹ 2006 ਤੋਂ ਨੈਸ਼ਨਲ ਟੀਮ ਲਈ ਲਗਾਤਾਰ ਖੇਡ ਰਹੀ ਹੈ। ਉਸ ਵੱਲੋਂ ਵਿਰੋਧੀ ਟੀਮਾਂ ਦੁਆਰਾ ਦਾਗੇ ਗਏ ਸ਼ਾਟਾਂ ਨੂੰ ਬੇਅਸਰ ਕਰਨ ਸਮੇਂ ਦਿਖਾਏ ਗਏ ਅਦਭੁੱਤ ਕੌਸ਼ਲ ਅਤੇ ਟੀਮ ਦੇ ਅਦਭੁੱਤ ਪ੍ਰਦਰਸ਼ਨ ਕਾਰਨ ਆਸਟ੍ਰੇਲੀਅਨ ਮਹਿਲਾ ਟੀਮ 2010 ਅਤੇ 2014 ਦੀਆਂ ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ, 2009 ਅਤੇ 2018 ਦੀਆਂ ਚੈਂਪੀਅਨ ਟਰਾਫੀਆਂ ਵਿੱਚ ਸਿਲਵਰ ਮੈਡਲ, 2013, 2015, 2017 ਅਤੇ 2019 ਦੇ ਉਸ਼ਨੀਆਂ ਕੱਪ ਟੂਰਨਾਮੈਂਟਾਂ ਵਿੱਚ ਗੋਲਡ ਮੈਡਲ ਸਮੇਤ ਸੈਂਕੜੇ ਮੁਕਾਬਲੇ ਅਤੇ ਖਿਤਾਬ ਜਿੱਤ ਚੁੱਕੀ ਹੈ। ਵਿਰੋਧੀਆਂ ਦੇ 300 ਗੋਲਾਂ ਤੋਂ ਟੀਮ ਦਾ ਬਚਾਉ ਕਰਨ ਕਾਰਨ 2020 ਵਿੱਚ ਲਿੰਚ ਨੂੰ ਆਸਟ੍ਰੇਲੀਆ ਦੀ ਸਰਵਸ੍ਰੇਸ਼ਠ ਗੋਲਕੀਪਰ ਘੋਸ਼ਿਤ ਕੀਤਾ ਗਿਆ ਹੈ। ਟੋਕੀਉ ਉਲੰਪਿਕ ਲਈ ਟੀਮ ਚੁਣਨ ਸਮੇਂ ਚੋਣ ਕਮੇਟੀ ਨੇ ਬਿਨਾਂ ਕਿਸੇ ਕਾਰਨ ਲਿੰਚ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ। ਪਰ ਇਸ ਗੱਲ ਦਾ ਆਸਟ੍ਰੇਲੀਅਨ ਜਨਤਾ ਅਤੇ ਮੀਡੀਆ ਦੁਆਰਾ ਐਨਾ ਵਿਰੋਧ ਕੀਤਾ ਗਿਆ ਕਿ ਕਮੇਟੀ ਉਸ ਨੂੰ ਦੁਬਾਰਾ ਚੁਣਨ ਲਈ ਮਜ਼ਬੂਰ ਹੋ ਗਈ।
ਜੋਅ ਬਰਿਗਨ ਜੋਨਜ਼: ਆਸਟ੍ਰੇਲੀਆ (ਕਯਾਕਿੰਗ-ਕਿਸ਼ਤੀ ਚਾਲਨ) – ਜੋਅ ਬਰਿਗਨ ਜੋਨਜ਼ ਦਾ ਜਨਮ 19 ਅਪਰੈਲ 1988 ਨੂੰ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਮੋਨਾਵੇਲ ਕਸਬੇ ਵਿੱਚ ਹੋਇਆ ਸੀ। ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਨੇ ਸਿਡਨੀ ਯੂਨੀਵਰਸਿਟੀ ਆਫ ਟੈਕਨੋਲਾਜੀ ਤੋਂ ਨਰਸਿੰਗ ਦੀ ਡਿਗਰੀ ਪ੍ਰਾਪਤ ਕੀਤੀ। ਉਹ ਇਸ ਵੇਲੇ ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਵਿੱਚ ਪੈਰਾਮੈਡਿਕ ਵਜੋਂ ਡਿਊਟੀ ਨਿਭਾਅ ਰਹੀ ਹੈ। ਕਰੋਨਾ ਕਾਲ ਦੌਰਾਨ ਉਸ ਨੇ ਸੈਂਕੜੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਤੇ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ। ਉਸ ਨੇ ਹੋਰ ਅਨੇਕਾਂ ਮੁਕਾਬਲਿਆਂ ਸਮੇਤ 2012 ਦੇ ਮਾਸਕੋ ਕਯਾਕਿੰਗ ਵਰਲਡ ਕੱਪ ਵਿੱਚ ਗੋਲਡ ਅਤੇ 2018 ਦੀ ਹੰਗਰੀ ਕਯਾਕਿੰਗ ਵਰਲਡ ਚੈਂਪਅਨਸ਼ਿੱਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਪਰ ਲੰਡਨ, ਰਿਊ ਡੀ ਜਨੇਰੀਊ ਅਤੇ ਟੋਕੀਉ ਉਲੰਪਿਕ ਦੇ ਕਯਾਕਿੰਗ ਦੇ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਉਹ ਕੋਈ ਮੈਡਲ ਨਹੀਂ ਜਿੱਤ ਸਕੀ। ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਮਰੀਜ਼ਾਂ ਦੀ ਸੇਵਾ ਕਰਨ ਦੇ ਨਾਲ-ਨਾਲ ਉਸ ਦੀ ਪ੍ਰੈਕਟਿਸ ਜਾਰੀ ਹੈ। ਉਹ 2004 ਤੋਂ ਆਸਟ੍ਰੇਲੀਅਨ ਕਯਾਕਿੰਗ ਦੀ ਨੈਸ਼ਨਲ ਚੈਂਪੀਅਨ ਹੈ।
ਜਾਵੇਦ ਫਾਰੂਕੀ: ਇਰਾਨ (ਪਿਸਟਲ ਸ਼ੂਟਿੰਗ) – ਜਾਵੇਦ ਫਾਰੂਕੀ ਇਰਾਨ ਦੀ ਫੌਜ ਦੇ ਮੈਡੀਕਲ ਵਿੰਗ ਵਿੱਚ ਫਾਰਮਾਸਿਸਟ ਹੈ। ਇਰਾਨ ਵਿੱਚ ਕਰੋਨਾ ਦੀ ਪਹਿਲੀ ਅਤੇ ਦੂਸਰੀ ਲਹਿਰ ਸਮੇਂ ਫੌਜ ਨੂੰ ਕਰੋਨਾ ਪੀੜਤਾਂ ਦੀ ਮਦਦ ਲਈ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਫਾਰੂਕੀ ਨੇ ਬਹੁਤ ਦਿਲ ਲਗਾ ਕੇ ਮਰੀਜ਼ਾਂ ਦੀ ਮਦਦ ਕੀਤੀ ਸੀ ਜਿਸ ਕਾਰਨ ਉਸ ਨੂੰ ਫੌਜ ਵੱਲੋਂ ਦੋ ਵਾਰ ਸਨਮਾਨਿਤ ਕੀਤਾ ਗਿਆ ਸੀ। ਉਸ ਨੇ 2012-13 ਦੌਰਾਨ ਸੀਰੀਆ ਵਿੱਚ ਵੀ ਜੰਗ ਤੋਂ ਪੀੜਤ ਲੋਕਾਂ ਦੀ ਮਦਦ ਲਈ ਵੀ ਮੈਡੀਕਲ ਸੇਵਾ ਨਿਭਾਈ ਹੈ। ਟੋਕੀਉ ਉਲੰਪਿਕ ਵਿੱਚ ਉਸ ਨੇ ਇਰਾਨ ਲਈ ਦਸ ਮੀਟਰ ਪਿਸਟਲ ਸ਼ੂਟਿੰਗ ਵਿੱਚ ਉਲੰਪਿਕ ਇਤਿਹਾਸ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ 41 ਸਾਲ ਦੀ ਉਮਰ (ਜਨਮ 11 ਸਤੰਬਰ 1979) ਹੋਣ ਕਾਰਨ ਉਹ ਇਰਾਨ ਲਈ ਉਲੰਪਿਕ ਮੈਡਲ ਜਿੱਤਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਹੈ। ਟੋਕੀਉ ਉਲੰਪਿਕ ਤੋਂ ਇਲਾਵਾ ਉਹ 2019 ਦੇ ਦੋਹਾ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿੱਪ ਵਿੱਚ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲਿਆਂ ਵਿੱਚ ਦੋ ਕਾਂਸੀ ਦੇ ਮੈਡਲ ਜਿੱਤ ਚੁੱਕਾ ਹੈ।
ਪਾਉਲਾ ਪਾਰੈਟੋ: ਅਰਜਨਟੀਨਾ (ਜੂਡੋ) – ਪਾਰੈਟੋ ਦਾ ਜਨਮ 16 ਜਨਵਰੀ 1986 ਨੂੰ ਸਾਨ ਫਰਨੈਂਡੋ ਸ਼ਹਿਰ ਵਿਖੇ ਹੋਇਆ ਸੀ ਤੇ ਉਸ ਨੇ ਸਿਰਫ 9 ਸਾਲ ਦੀ ਉਮਰ ਵਿੱਚ ਜੂਡੋ ਖੇਡਣੀ ਸ਼ੁਰੂ ਕਰ ਦਿੱਤੀ ਸੀ। 2014 ਵਿੱਚ ਉਸ ਨੇ ਮੈਡੀਕਲ ਯੂਨੀਵਰਸਿਟੀ ਆਫ ਬਿਊਨਿਸ ਆਇਰਸ ਤੋਂ ਮੈਡੀਕਲ ਦੀ ਡਿਗਰੀ ਹਾਸਲ ਕੀਤੀ ਤੇ ਹੁਣ ਉਹ ਬਿਊਨਿਸ ਆਇਰਸ ਸ਼ਹਿਰ ਦੇ ਸਿਟੀ ਹਸਪਤਾਲ ਵਿੱਚ ਬਤੌਰ ਡਾਕਟਰ ਸੇਵਾ ਨਿਭਾਅ ਰਹੀ ਹੈ। ਕਰੋਨਾ ਦੌਰਾਨ ਮਰੀਜ਼ਾਂ ਦੀ ਦੇਖ ਭਾਲ ਕਰਨ ਕਾਰਨ ਉਸ ਨੂੰ ਸਰਕਾਰ ਵੱਲੋਂ ਤਿੰਨ ਵਾਰ ਸਨਮਾਨਿਤ ਕੀਤਾ ਗਿਆ ਸੀ। ਸਿਰਫ 4 ਫੁੱਟ 10 ਇੰਚ ਕੱਦ ਤੇ 44 ਕਿੱਲੋ ਭਾਰ ਵਾਲੀ ਪਰੈਟੋ ਚੀਤੇ ਵਰਗੀ ਫੁਰਤੀ ਨਾਲ ਵਿਰੋਧੀ ਖਿਡਾਰੀ ‘ਤੇ ਹਮਲਾ ਕਰ ਕੇ ਉਸ ਨੂੰ ਭੰਬਲਭੂਸੇ ਵਿੱਚ ਪਾ ਦਿੰਦੀ ਹੈ। ਉਸ ਨੇ 2008 ਦੀ ਬੀਜਿੰਗ ਉਲੰਪਿਕ ਵਿੱਚ ਕਾਂਸੀ ਅਤੇ 2016 ਦੀ ਰਿਉ ਡੀ ਜਿਨੈਰੀਉ ਉਲੰਪਿਕ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਸ ਨੇ 2014 ਨੂੰ ਚੈਲੀਆਬਿੰਸਕ (ਰੂਸ) ਵਿਖੇ ਹੋਈ ਵਰਲਡ ਚੈਂਪੀਅਨਸ਼ਿੱਪ ਵਿੱਚ ਚਾਂਦੀ, 2015 ਨੂੰ ਅਸਤਾਨਾ (ਕਜ਼ਾਖਿਸਤਾਨ) ਵਿੱਚ ਵਿਖੇ ਹੋਈ ਵਰਲਡ ਚੈਂਪੀਅਨਸ਼ਿੱਪ ਵਿੱਚ ਗੋਲਡ ਅਤੇ 2018 ਨੂੰ ਬਾਕੂ (ਆਜ਼ਰਬਾਈਜਾਨ) ਵਿਖੇ ਹੋਈ ਵਰਲਡ ਚੈਂਪੀਅਨਸ਼ਿੱਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਉਹ ਅਮਰੀਕਾ ਮਹਾਂਦੀਪ ਦੀਆਂ ਹੋਣ ਵਾਲੀਆਂ ਖੇਡਾਂ (ਪੈਨ ਅਮਰੀਕਨ ਗੇਮਜ਼) ਵਿੱਚ 6 ਗੋਲਡ ਅਤੇ ਦੋ ਚਾਂਦੀ ਦੇ ਮੈਡਲ ਜਿੱਤ ਚੁੱਕੀ ਹੈ। ਉਹ ਤਿੰਨ ਵਾਰ ਅਰਜਨਟੀਨਾ ਦੀ ਬੈਸਟ ਪਲੇਅਰ ਚੁਣੀ ਜਾ ਚੁੱਕੀ ਹੈ। ਪਰ ਬਦਕਿਸਮਤੀ ਨਾਲ ਉਹ ਟੋਕੀਉ ਉਲੰਪਿਕ ਵਿੱਚ ਕੋਈ ਮੈਡਲ ਨਹੀਂ ਜਿੱਤ ਸਕੀ। ਪਰ ਉਸ ਦਾ ਜੋਸ਼ ਬਿਲਕੁਲ ਬਰਕਰਾਰ ਹੈ ਤੇ ਉਹ ਪੂਰੀ ਤਰਾਂ ਨਾਲ ਆਪਣੀ ਨੌਕਰੀ ਅਤੇ ਖੇਡ ਵਿੱਚ ਰੁੱਝੀ ਹੋਈ ਹੈ।
ਗੈਬੀ ਥਾਮਸ: ਅਮਰੀਕਾ (100, 200 ਅਤੇ 400 ਮੀਟਰ ਦੌੜਾਕ) – ਗੈਬੀ ਥਾਮਸ ਦਾ ਜਨਮ 7 ਅਕਤੂਬਰ 1996 ਨੂੰ ਐਟਲਾਂਟਾ ਵਿਖੇ ਹੋਇਆ ਸੀ। ਉਸ ਨੇ ਯੂਨੀਵਰਸਿਟੀ ਆਫ ਟੈਕਸਾਸ ਤੋਂ ਐਪੀਡੈਮੀਉਲਾਜੀ ਵਿੱਚ ਪੀ.ਐੱਚ.ਡੀ ਦੀ ਡਿਗਰੀ ਹਾਸਲ ਕੀਤੀ ਹੈ ਤੇ ਹੁਣ ਉਹ ਟੈਕਸਾਸ ਸਟੇਟ ਦੇ ਸਿਹਤ ਵਿਭਾਗ ਵਿੱਚ ਡਿਊਟੀ ਕਰ ਹੈ। ਉਸ ਦਾ ਕੰਮ ਕਰੋਨਾ ਵਰਗੀਆਂ ਛੂਤ ਨਾਲ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਸਬੰਧੀ ਡਾਟਾ ਜੁਟਾਉਣਾ ਅਤੇ ਸਿਹਤ ਵਿਭਾਗ ਦੇ ਧਿਆਨ ਵਿੱਚ ਇਹ ਲਿਆਉਣਾ ਹੈ ਕਿ ਇਸ ਸਮੇਂ ਕਿਸ ਇਲਾਕੇ ਵਿੱਚ ਮਦਦ ਦੀ ਜਿਆਦਾ ਜਰੂਰਤ ਹੈ। ਉਹ 100 ਅਤੇ 200 ਮੀਟਰ ਦੀ ਦੌੜਾਕ ਹੈ ਤੇ 400 ਮੀਟਰ ਦੀ ਅਮਰੀਕੀ ਉਲੰਪਿਕ ਰਿਲੇਅ ਟੀਮ ਦੀ ਮੈਂਬਰ ਹੈ। ਉਸ ਨੇ ਟੋਕੀਉ ਉਲੰਪਿਕ ਦੌਰਾਨ 200 ਮੀਟਰ ਦੌੜ ਵਿੱਚ ਕਾਂਸੀ ਅਤੇ 400 ਮੀਟਰ ਰਿਲੇਅ ਰੇਸ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਅਮਰੀਕਾ ਵਿੱਚ ਹੋਏ ਟਰਾਇਲਾਂ ਸਮੇਂ 200 ਮੀਟਰ ਵਿੱਚ 21.61 ਸੈਕੰਡ ਦਾ ਟਾਈਮ ਕੱਢ ਕੇ ਉਸ ਸੰਸਾਰ ਦੀ ਤੀਸਰੀ ਸਭ ਤੋਂ ਤੇਜ਼ ਦੌੜਾਕ ਬਣ ਗਈ ਹੈ। 100 ਅਤੇ 200 ਮੀਟਰ ਰੇਸ ਦੀ ਉਹ ਅਮਰੀਕਨ ਨੈਸ਼ਨਲ ਚੈਂਪੀਅਨ ਹੈ। ਉਲੰਪਿਕ ਤੋਂ ਬਾਅਦ ਉਸ ਨੇ ਦੁਬਾਰਾ ਆਪਣੀ ਡਿਊਟੀ ‘ਤੇ ਹਾਜ਼ਰ ਹੋ ਗਈ ਹੈ ਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ।