
ਪੰਜਾਬ ਦੀ ਇਸ ਧਰਤੀ ਤੇ ਅਨੇਕਾਂ ਸੂਰਬੀਰਾਂ ਨੇ ਕੁਰਬਾਨੀਆਂ ਦੇ ਨਾਲ ਨਾਲ ਅਨੇਕਾਂ ਖੇਤਰਾਂ ਵਿੱਚ ਪ੍ਰਸਿੱਧੀਆਂ ਹਾਸਲ ਕੀਤੀਆਂ ਹਨ।ਸਾਹਿਤ ਖੇਤਰ ਹੋਵੇ, ਫਿਲਮੀ ਜਗਤ ਤੇ ਚਾਹੇ ਖੇਡ ਜਗਤ ਹੀ ਕਿਉਂ ਨਾ ਹੋਵੇ। ਖੇਡ ਜਗਤ ਵਿਚੋਂ ਹੀ ਇਕ ਨਾਂ ਮਿਲਖਾ ਸਿੰਘ ਦਾ ਆਉਂਦਾ ਜੋ ਟਰੈਕ ਦਾ ਬਾਦਸ਼ਾਹ “ਫਲਾਇੰਗ ਸਿੱਖ”ਸੀ। ਕੁਝ ਦਿਨ ਪਹਿਲਾਂ ਹੀ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ। ਮਿਲਖਾ ਸਿੰਘ ਜਿਸ ਦਾ ਜਨਮ 20 ਨਵੰਬਰ 1929 ‘ਚ ਪਾਕਿਸਤਾਨ ਦੇ ਪਿੰਡ ਗੋਬਿੰਦਪੁਰ ਵਿੱਚ ਹੋਇਆ। ਮਿਲਖਾ ਸਿੰਘ ਦੇ ਪੰਜ ਭਰਾ ਤੇ ਤਿੰਨ ਭੈਣਾਂ ਸਨ। ਮਿਲਖਾ ਸਿੰਘ ਬਚਪਨ ਵਿੱਚ ਹੀ ਪਿੰਡੋਂ ਪੰਜ ਛੇ ਮੀਲ ਦੂਰ ਪੜ੍ਹਨ ਜਾਂਦੇ ਸਨ। ਤਪਦੀਆਂ ਧੁੱਪਾਂ, ਰੇਤਲੇ ਰਾਹਾਂ ਉਤੇ ਦੌੜਦੇ ਕਿਸੇ ਕਿੱਕਰ ਦੀ ਛਾਵੇਂ ਖੜ੍ਹ ਕੇ, ਪੈਰ ਠੰਡੇ ਕਰਨੇ ਇਹ ਉਸ ਦੀ ਜ਼ਿੰਦਗੀ ਦੀਆਂ ਮੁੱਢਲੀਆਂ ਦੌੜਾਂ ਸਨ। ਉਸਦੇ ਤਪਦੇ ਰੇਤਿਆਂ ਤੋਂ ਸ਼ੁਰੂ ਹੋਈ ਦੌੜ ਉਸ ਨੂੰ “ਫਲਾਈਂਗ ਸਿੱਖ ਮਿਲਖਾ ਸਿੰਘ” ਦੇ ਨਾਮ ‘ਤੇ ਲੈ ਗਈ। ਮਿਲਖਾ ਸਿੰਘ ਉਸ ਸਮੇਂ ਸੱਤ ਸਾਲ ਦੇ ਸਨ ਜਦੋਂ ਦੇਸ਼ ਆਜ਼ਾਦ ਹੋਇਆ ਤੇ ਇਹ ਆਜ਼ਾਦੀ ਮਿਲਖਾ ਸਿੰਘ ਲਈ ਕਹਿਰ ਬਣ ਕੇ ਟੁੱਟੀ। ਮਿਲਖਾ ਸਿੰਘ ਦਾ ਸਾਰਾ ਪਰਿਵਾਰ ਉਸ ਦੀਆਂ ਅੱਖਾਂ ਸਾਹਮਣੇ ਮਾਰਿਆ ਗਿਆ। ਜਦੋਂ ਮਿਲਖਾ ਸਿੰਘ ਦਾ ਪਿਤਾ ਉਸ ਦੀਆਂ ਅੱਖਾਂ ਸਾਹਮਣੇ ਮਾਰ ਰਿਹਾ ਸੀ ਤਾਂ ਉਸ ਦੇ ਪਿਤਾ ਨੇ ਕਿਹਾ ਕਿ “ਭੱਜ ਜਾ ਮਿਲਖਿਆ ਭੱਜ ਜਾ” ਇਸ ਤਰ੍ਹਾਂ ਮਿਲਖਾ ਬਚਦਾ ਬਚਾਉਂਦਾ ਕਿਸੇ ਤਰ੍ਹਾਂ ‘ਫ਼ਿਰੋਜ਼ਪੁਰ ਰਫਿਊਜ਼ੀ ਕੈਂਪ’ ਪਹੁੰਚਿਆ। ਇੱਥੇ ਮਿਲਖਾ ਸਿੰਘ ਨੇ ਆਪਣੇ ਗੁਜ਼ਾਰੇ ਵਾਸਤੇ ਫੌਜੀਆਂ ਦੇ ਬੂਟ ਪਾਲਿਸ਼ ਦਾ ਕੰਮ ਕੀਤਾ। ਪਰਿਵਾਰ ਵਿੱਚੋ ਉਸ ਦੇ ਇਕ ਭੈਣ ਅਤੇ ਇਕ ਭਰਾ ਜੋ ਫੌਜ ਵਿਚ ਸੀ। ਉਹ ਹੀ ਬਚੇ ਸਨ। ਸਮਾਂ ਪਾ ਕੇ ਉਹ ਆਪਣੀ ਭੈਣ ਕੋਲ ਦਿੱਲੀ ਚਲਿਆ ਗਿਆ। ਮਿਲਖਾ ਸਿੰਘ ਲਈ ਇਹ ਦਿਨ ਬਹੁਤ ਔਖੇ ਸਨ। ਮਿਲਖਾ ਸਿੰਘ ਦੀ ਭੈਣ ਉਸ ਲਈ ਬੇਹੀ ਰੋਟੀ ਲੁਕੋ ਕੇ ਰੱਖਿਆ ਕਰਦੀ ਸੀ ਤੇ ਮਿਲਖੇ ਨੂੰ ਦਿਆ ਕਰਦੀ।ਇਸ ਸਮੇਂ ਦੌਰਾਨ ਹੀ ਉਸਨੇ ਫ਼ੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਦੇ ਕਮਜ਼ੋਰ ਹੋਣ ਕਾਰਨ ਨਾ ਹੋ ਸਕਿਆ। ਬਿਨਾਂ ਟਿਕਟ ਦੇ ਰੇਲ ਦਾ ਸਫ਼ਰ ਕਰਦਿਆਂ ਮਿਲਖਾ ਸਿੰਘ ਨੂੰ ਜੇਲ੍ਹ ਵੀ ਜਾਣ ਤੇ ਭੈਣ ਨੇ ਮਗਰੋਂ ਆਪਣੀਆਂ ਟੂੰਮਾਂ ਗਹਿਣੇ ਧਰ ਕੇ ਛੁਡਵਾਇਆ। ਵੱਡੇ ਭਰਾ ਦੀ ਕੋਸ਼ਿਸ਼ ਸਦਕਾ 1952 ਨੂੰ ਉਹ ਫੌਜ ਵਿੱਚ ਭਰਤੀ ਹੋ ਗਿਆ। 1953 ‘ਚ ਉਸ ਨੂੰ ਦੌੜ ਮੁਕਾਬਲਿਆਂ ਬਾਰੇ ਪਤਾ ਲੱਗਾ ।ਉਸ ਸਮੇਂ ਉਸਦੀ ਉਮਰ ਵੀਹ ਸਾਲ ਸੀ। ਉਸ ਵੇਲੇ ਉਸ ਨੇ ਕਰਾਸ ਕੰਟਰੀ ‘ਚ ਭਾਗ ਲਿਆ ਤੇ ਛੇਵੇਂ ਨੰਬਰ ਤੇ ਆਇਆ। ਇਕ ਦਿਨ ਮਿਲਖਾ ਸਿੰਘ ਤੋਂ ਪੁੱਛਿਆ ਗਿਆ ਚਾਰ ਸੌ ਮੀਟਰ ਦੌੜ ‘ਚ ਹਿੱਸਾ ਲਵੇਗਾ? ਤਾਂ ਮਿਲਖੇ ਆਖਿਆ ਹਾਂ। ਉਸ ਨੂੰ ਸਮਝਾਇਆ ਗਿਆ “ਮਿਲਖਿਆ! ਵੀਹ ਚੱਕਰਾਂ ਦਾ ਜ਼ੋਰ ਇੱਕੋ ਚੱਕਰ ਵਿੱਚ ਲਾ ਦੇਣਾ।”