
7 ਮਈ ਤੜਕੇ-ਤੜਕੇ ਕੀਤੇ ਗਏ “ਆਪਰੇਸ਼ਨ ਸਿੰਦੂਰ” ਉਪਰੰਤ 2007 ਦੀ ਬੌਲੀਵੁੱਡ ਫਿਲਮ ‘ਓਮ ਸ਼ਾਂਤੀ ਓਮ’ ਵਿੱਚ ਅਭਿਨੇਤਰੀ ਦੀਪਿਕਾ ਪਾਡੂਕੋਨ ਵਲੋਂ ਬੋਲਿਆ ਗਿਆ ਇੱਕ ਡਾਇਲਾਗ ਬੜਾ ਚਰਚਿਤ ਹੋਇਆ ਹੈ- “ਏਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਯਾ ਜਾਨੋਂ ਰਮੇਸ਼ ਬਾਬੂ…ਈਸ਼ਵਰ ਕਾ ਆਸ਼ੀਰਵਾਦ ਹੋਤਾ ਹੈ ਏਕ ਚੁਟਕੀ ਸਿੰਦੂਰ…ਹਰ ਔਰਤ ਕਾ ਖਵਾਬ ਹੋਤਾ ਹੈ ਏਕ ਚੁਟਕੀ ਸਿੰਦੂਰ”।
ਸਮੇਂ ਦੀ ਵਿਡੰਬਨਾਂ ਦੇਖੋ ਕਿ ਉਸ ਫਿਲਮ, ਜਿਸ ਦਾ ਨਾਮ ‘ਓਮ ਸ਼ਾਂਤੀ ਓਮ’ ਹੈ, ਦਾ ਸੰਵਾਦ ‘ਜੰਗ ਵਰਗੇ ਹਾਲਾਤ’ ਵਿਚ ‘ਵਾਇਰਲ’ ਹੋ ਗਿਆ ਹੈ। ਇਸ ਦੀਆਂ ਮੀਮਜ਼ ਬਣ-ਬਣ ਸੋਸ਼ਲ ਮੀਡੀਆ ਉੱਪਰ ਪ੍ਰਚੱਲਿਤ ਹੋ ਰਹੀਆਂ ਹਨ। ਕਈਆਂ ਵਿੱਚ ਇਸ ਸੰਵਾਦ ਨੂੰ ਥੋੜ੍ਹੀ ਜਿਹੀ ‘ਟਵਿਸਟ’ ਦੇ ਕੇ ਐਂਵੀ ਲਿਖਿਆ ਗਿਐ- ‘ਏਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਿਆ ਜਾਨੋ ‘ਮੌਲਾਨਾ ਮੁਨੀਰ’ ਜਾਂ ਫਿਰ ‘ਏਕ ਚੁਟਕੀ ਸਿੰਦੂਰ ਕੀ ਕੀਮਤ ਅਬ ਜਾਨ ਗਏ ਹੋ ਨਾਪਾਕ ਪਾਕ’ ਆਦਿ।
ਦਰਅਸਲ 7 ਮਈ ਨੂੰ ਜਦ ਭਾਰਤ ਨੇ 22 ਅਪ੍ਰੈਲ ਵਾਲੇ ਦਿਨ ਪਹਿਲਗਾਮ ਵਿੱਚ ਮਾਰੇ ਗਏ 26 ਨਿਹੱਥੇ ਸੈਲਾਨੀਆਂ, ਜਿਹਨਾਂ ਚੋਂ ਇੱਕ ਨੇਪਾਲੀ ਨਾਗਰਿਕ ਸੀ ਤੇ ਬਾਕੀ ਭਾਰਤੀ, ਦੇ ਬਦਲੇ ਵਜੋਂ ਮਕਬੂਜ਼ਾ ਕਸ਼ਮੀਰ ਅਤੇ ਲਹਿੰਦੇ ਪੰਜਾਬ ਵਿਚਲੇ ਅੱਤਵਾਦੀਆਂ ਦੇ 9 ਟਿਕਾਣਿਆਂ ਉਪਰ ਮੋੜਵੀਂ ਕਾਰਵਾਈ ਬਾਰੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿਤੀ ਤਾਂ ਕੀਤੇ ਗਏ ਆਪਰੇਸ਼ਨ ਦਾ ਕੋਡਨੇਮ ਬੜਾ ਹੀ ਸਿੰਬੌਲਿਕ ਲੱਗਾ। ਤੇ ਇਹ ਹੈ ਵੀ ਸੀ। ਆਪਾਂ ਸਭ ਨੇ ਪੜ੍ਹਿਆ-ਦੇਖਿਆ। ਅੇੈਨ 3 ਕੁਰਸੀਆਂ ਦੇ ਪਿਛੇ ਮੋਟੇ ਅੱਖਰਾਂ ਵਿਚ ਲਿਖਿਆ ਸੀ ‘ਆਪਰੇਸ਼ਨ ਸਿੰਦੂਰ’। ਸ਼ਬਦ ਸਿੰਦੂਰ ਵਿਚਲੇ ਅੰਗਰੇਜ਼ੀ ਦੇ ਦੋ ‘ਓਜ਼’, ਜੋ ਸੁਭਾਵਕ ਬਣਤਰ ਵਜੋਂ ਗੋਲਾਕਾਰ ਹਨ, ਵਿੱਚ ਇਕ ‘ਓ ’ ਸੰਧੂਰ ਨਾਲ ਭਰਿਆ ਹੋਇਆ ਸੀ ਅਤੇ ਦੂਸਰਾ ‘ਓ ’ ਬੇਸ਼ਕ ਖਾਲੀ ਸੀ ਪਰ ਉਸ ਕੋਲ ਸੰਧੂਰ ਬਿਖਰਿਆ ਪਿਆ ਸੀ।
ਇਹ ਇੱਕ ਠੋਸ ਤੇ ‘ਠਾਹ-ਸੋਟਾ’ ਮੈਟਾਫਰ ਸੀ। ਇਸ ਦਾ ਮਤਲਬ ਸੀ ਕਿ ਬੇਸ਼ਕ ਪਾਕਿਸਤਾਨ ਦੀ ਪੁਸ਼ਤਪਨਾਹੀ ਹੇਠ ਪਲਦੇ ਦਹਿਸ਼ਤਗਰਦਾਂ ਨੇ 25 ਭਾਰਤੀਆਂ, ਜਿਹਨਾਂ ਵਿਚੋਂ 24 ਹਿੰਦੂ ਸਨ, ਅਤੇ ਵਿਆਹੇ-ਵਰ੍ਹੇ ਸਨ, ਨੂੰ ਉਹਨਾਂ ਦੀਆਂ ਪਤਨੀਆਂ, ਧੀਆਂ-ਪੁੱਤਰਾਂ, ਮਾਪਿਆਂ ਦੇ ਸਾਹਮਣੇ ਬੇਦਰਦੀ ਨਾਲ ਮਾਰਿਆ ਸੀ ਅਤੇ ਛੁੱਟੀਆਂ ਮਨਾਉਣ ਗਏ ਪਰਿਵਾਰਾਂ ਦੀਆਂ ਔਰਤਾਂ ਨੂੰ ਵਿਧਵਾ ਕਰਕੇ ਉਹਨਾਂ ਦੀ ਮਾਂਗ ‘ਚੋਂ ਸੰਧੂਰ ‘ਤੇ ਡਾਕਾ ਮਾਰਿਆ ਸੀ, ਤਾਂ ਵੀ ਪੂਰਾ ਭਾਰਤ ਉਹਨਾਂ ਦੇ ਪੀੜਤ ਪਰਿਵਾਰਾਂ, ਖਾਸ ਕਰਕੇ ਵਿਧਵਾ ਪਤਨੀਆਂ, ਨਾਲ ਪੂਰੀ ਤਾਕਤ ਅਤੇ ਤਨਦੇਹੀ ਨਾਲ ਖੜ੍ਹਾ ਹੈ।
(ਅਸੀਂ ਪਹਿਲਾਂ ਵੀ ਲਿਖ ਚੁਕੇ ਹਾਂ ਕਿ ਨਵ-ਵਿਆਹੀ ਹਿੰਮਾਸ਼ੀ ਨਾਰਵਾਲ ਦੀ ਆਪਣੇ ਲੈਫਟੀਨੈਂਟ ਪਤੀ ਵਿਨੇ ਨਰਵਾਲ ਦੀ ਲਾਛ ਕੋਲ ਬੇਬਸ ਬੈਠਿਆਂ ਦੀ ਫੋਟੋ ਹਰ ਸੰਵੇਦਨਸ਼ੀਲ ਬੰਦੇ ਨੂੰ ਦਹਾਕਿਆਂ ਬੱਧੀ ‘ਹਾਂਟ’ ਕਰਦੀ ਰਹੇਗੀ)
ਇੱਕ ‘ਓ’ ਵਿਚਲਾ ਭਰਿਆ ਗਿਆ ਸੰਧੂਰ ਇਸ ਗੱਲ ਦਾ ਸੂਚਕ ਅਤੇ ਸੁਨੇਹਾ ਹੈ ਕਿ ਸੰਧੂਰ ਸਿਰਫ ਸਨਾਤਨ ਮੱਤ/ਹਿੰਦੂ ਧਰਮ ‘ਚ ਔਰਤ ਦੇ ਸ਼ਾਦੀਸ਼ੁਦਾ ਹੋਣ ਦਾ ਸੰਕੇਤ ਹੀ ਨਹੀਂ, ਸਗੋਂ ਇਹ ਘਰ-ਪਰਿਵਾਰਿਕ ਰਿਸ਼ਤਿਆਂ ਦੇ ਅਟੁੱਟ ਬੰਧਨ, ਅਸੀਮ ਪਿਆਰ ਅਤੇ ਅਮਰ ਅਧਿਆਤਮਕ ਸੰਸਕਾਰਾਂ ਦਾ ਪ੍ਰਤੀਕ ਹੈ।
ਇਸ ‘ਸਿੰਬੋਲਿਜ਼ਮ’ ਨੂੰ ਇੱਕ ਹੋਰ ਸੰਕੇਤ ਨੇ ਹੋਰ ਬਲ ਬਖਸ਼ਿਆ। ਉਹ ਸੀ ਇੱਕ ਅਜਿਹੀ ਮਹਿਲਾ ਫੌਜੀ ਅਫਸਰ ਦਾ ਉਸ ਮੀਡੀਆ ਬਰੀਫਿੰਗ ਵਿਚ ਸ਼ਾਮਿਲ ਹੋਣਾ ਜਿਸ ਦੇ ਧਰਮ ‘ਚ ਸ਼ਾਦੀਸ਼ੁਦਾ ਔਰਤਾਂ ਵਲੋਂ ਸੰਧੂਰ ਨਹੀਂ ਵਰਤਿਆ ਜਾਂਦਾ। ਭਾਵ ਕਰਨਲ ਸੋਫੀਆ ਕੁਰੈਸ਼ੀ, ਜਿਸ ਦਾ ਧਰਮ ਇਸਲਾਮ ਹੈ ਪਰ ਜਿਸ ਦਾ ਧਰਤੀ-ਧਰਮ ਭਾਰਤ ਹੈ। ਉਸ ਦੀਆਂ 3 ਪੀੜ੍ਹੀਆਂ ਫੌਜੀ ਹਨ। ਤੇ ਉਸ ਨਾਲ ਬੈਠੀ ਸੀ ਇੱਕ ਹਿੰਦੂ ਮਹਿਲਾ ਅਫਸਰ ਵਿੰਗ ਕਮਾਂਡਰ ਵਿਯੋਮਿਕਾ ਸਿੰਘ। ਇਹ ਉਸ ਫਾਸ਼ੀਵਾਦੀ ਦੋ-ਰਾਸ਼ਟਰੀ ਸਿਧਾਂਤ ਦੇ ਮੂੰਹ ਉੱਪਰ ਕਰਾਰੀ ਚਪੇੜ ਹੈ ਜਿਸ ਨੂੰ ਪਾਕਿਸਤਾਨ ਦਾ ਫੌਜੀ ਮੁਖੀ ਆਸਿਮ ਮੁਨੀਰ ਇਹਨੀ ਦਿਨੀ ਬਾਰ-ਬਾਰ ਅਤੇ ਚਿਲਾ-ਚਿਲਾ ਕੇ ਦੁਹਰਾ ਰਿਹਾ ਹੈ। ਉਸ ਵਲੋਂ ਉਗਲੀ ਗਈ ਅੱਗ ਉਪਰੰਤ ਹੀ ਪਹਿਲਗਾਮ ਦਾ ਕਤਲੇਆਮ ਹੋਇਆ ਸੀ। (ਇਸ ‘ਲਿੰਕੇਜ’ ਦੀ ਸੰਭਾਵਨਾਂ ਸਬੰਧੀ ਦੇਸ਼ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵੀ ਇਸ਼ਾਰਾ ਕੀਤਾ ਹੈ)। ਇਹਨਾਂ ਦੋ ਦਲੇਰ ਮਹਿਲਾ ਫੌਜੀ ਅਫਸਰਾਂ ਦੀ ਮੌਜੂਦਗੀ ਜਿਥੇ ਪਹਿਲਗਾਮ-ਪੀੜਤ ਮਹਿਲਾਵਾਂ ਲਈ ਧਰਵਾਸ ਹੈ, ਓਥੇ ਸਰਹੱਦੋਂ ਪਾਰ ਪਲਦੇ ਦਹਿਸ਼ਤਗਰਦਾਂ ਲਈ ਇੱਕ ਧੜੱਲੇਦਾਰ ਧਮਾਕਾ ਹੈ ਕਿ ਭਾਰਤ ਵਿਚ ਨਾ ਸਿਰਫ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ, ਜੇੈਨੀ, ਪਾਰਸੀ ਅਤੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਇਸ ਸੰਕਟ ਦੀ ਘੜੀ ਵਿਚ ਇੱਕਮੁਠ ਹਨ, ਬਲਕਿ ਇਥੇ ‘ਨਰ-ਨਾਰੀ’ ਦੀ ਬਰਾਬਰੀ ਤੇ ਨਾਰੀ-ਸ਼ਕਤੀ ਦੀ ਮਹਾਨਤਾ ਅਤੇ ਮਹੱਤਤਾ ਮੰਨੀ ਵੀ ਜਾਂਦੀ ਹੈ ਤੇ ਉਸ ਨੂੰ ਮਾਨਤਾ ਵੀ ਦਿਤੀ ਜਾਂਦੀ ਹੈ, ਜੋ ਸਰਹੱਦ ਪਾਰ ਦੀਆਂ ਬਹੁਤੀਆਂ ਔਰਤਾਂ ਨੂੰ ਅਜੇ ਸ਼ਾਇਦ ਪ੍ਰਾਪਤ ਨਾ ਹੋਵੇ।
ਅਜਿਹਾ ਪਹਿਲੀ ਵਾਰ ਹੋਇਐ ਕਿ ਮੀਡੀਆ ਬ੍ਰੀਫਿੰਗ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਲ ਦੋ ਮਹਿਲਾ ਫੌਜੀ ਅਫਸਰਾਂ ਵਲੋਂ ਕੀਤੀ ਗਈ ਹੋਵੇ। ਇਹ ਵੀ ਪਹਿਲੀ ਵਾਰ ਹੀ ਹੋਇਐ ਕਿ ਪ੍ਰੈਸ ਬਰੀਫਿੰਗ ਹਿੰਦੀ-ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿਚ ਕੀਤੀ ਗਈ ਹੋਵੇ। ਇਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਸਮਾਗਮ ਵਿਚ ਪਹਿਲਗਾਮ ਬਾਰੇ ਹਿੰਦੀ ਵਿਚ ਬੋਲਦਿਆਂ-ਬੋਲਦਿਆਂ ਆਪਣਾ ਭਾਸ਼ਨ ਅੰਗਰੇਜ਼ੀ ਵਿਚ ਸ਼ਿਫਟ ਕੀਤਾ ਹੋਵੇ। ਇਹਨਾਂ ਗੱਲਾਂ ਦਾ ਸਾਫ ਮਤਲਬ ਹੈ ਕਿ ਭਾਰਤ ਆਪਣੀ ਗੱਲ ਸਿੱਧੀ ਅਮਰੀਕਾ, ਪੱਛਮੀ ਮੁਲਕਾਂ ਅਤੇ ਹੋਰ ਦੇਸ਼ਾਂ, ਜੋ ਹਿੰਦੀ ਨਹੀਂ ਸਮਝ ਸਕਦੇ, ਨੂੰ ਪਹੁੰਚਾਉਣਾ ਚਾਹੁੰਦਾ ਹੈ। 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਹੋਇਐ ਕਿ ਤਿੰਨਾਂ ਸੈਨਾਂਵਾਂ ਵਲੋਂ ਅੇੈਕਸ਼ਨ ਕੀਤਾ ਗਿਆ ਹੋਵੇ ਅਤੇ ਉਹ ਵੀ ਲਹਿੰਦੇ ਪੰਜਾਬ ਦੇ 100 ਕਿਲੋ ਮੀਟਰ ਅੰਦਰ ਤੱਕ। ਦੋਵਾਂ ਮੁਲਕਾਂ ਵਿਚ ਪਹਿਲੀ ਵਾਰ ਇੱਕ ਹਾਈ-ਟੈੱਕ ਜੰਗ ਹੋਈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਫੌਜੀ ‘ਸਟਰਾਈਕ’ ਦਾ ਕੋਡਨੇਮ ਇੱਕ ਮਾਅਨੀਖੇਜ਼ ਸੰਕੇਤ ਵਜੋਂ ਰੱਖਿਆ ਗਿਆ ਹੋਵੇ। ਪਹਿਲੇ ਕਈ ਆਪੇਰਸ਼ਨਾਂ ਦੇ ਨਾਮ ਸਿਰਫ ਫੌਜੀ ਸ਼ਕਤੀ/ਦਲੇਰੀ ਨੂੰ ਦਰਸਾਉਣ ਵਾਲੇ ਹੀ ਹਨ ਜਿਵੇਂ ਆਪਰੇਸ਼ਨ ਵਿਜੇ, ਆਪਰੇਸ਼ਨ ਪਰਾਕਰਮ ਆਦਿ। ਪਰ 7 ਮਈ ਵਾਲਾ ਇਹ ਨਾਮ ਸਾਡੀ ਫੌਜੀ ਸ਼ਕਤੀ ਤਾਂ ਦਰਸਾਉਂਦੈ ਹੀ ਹੈ ਪਰ ਨਾਲ ਹੀ ਇਸ ਨਾਲ ਜੁੜੀ ਭਾਵੁਕਤਾ ਅਤੇ ਭਾਰਤੀ ਸੰਸਕ੍ਰਿਤੀ ਦਾ ਵੀ ਬਿਰਤਾਂਤ ਸਿਰਜਦੈ। ਕਿਹਾ ਜਾਂਦੈ ਕਿ ਇਹ ਨਾਮਕਰਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ, ਜੋ ਦੇਸ਼ ਦੀਆਂ ਉਹਨਾਂ ਮਹਿਲਾਵਾਂ, ਮਾਂਵਾਂ, ਭੈਣਾਂ ਨੂੰ ਸਮਰਪਿਤ ਹੈ ਜਿਹਨਾਂ ਦੀ ਮਾਂਗ ਦਾ ਸੰਧੂਰ ਮਿਟਾਇਆ ਗਿਆ ਸੀ।
ਇਹ ਸੰਕੇਤ ਦੇਸ਼ ਵਿਚਲੀ ਆਪਸੀ ਸਾਂਝ, ਸਦਭਾਵਨਾਂ, ਸਮਾਵੇਸ਼ ਅਤੇ ਮਾਤਰ-ਭੁੂਮੀ ਦੀ ਰਾਖੀ ਲਈ ਇੱਕਜੁਟਤਾ ਦਾ ਸੰਜੀਦਾ ਪਰ ਸਾਰਥਕ ਸੰਦੇਸ਼ ਹੈ।
ਇਹ ਪਹਿਲਗਾਮ ਦੇ ਦਰਦ ਨੂੰ ਸਮੂਹਿਕ ਰਾਸ਼ਟਰੀ ਚੇਤਨਾਂ ਦਾ ਹਿੱਸਾ ਬਨਾਉਣ, ਦੇਸ਼ ਦੀ ਏਕਤਾ/ਅਖੰਡਤਾ ਪ੍ਰਗਟਾਉਣ ਅਤੇ ਦੇਸ਼ ਦੇ ਦੁਸ਼ਮਣਾਂ ਨੂੰ ਸਹੀ ਸਬਕ ਸਿਖਾਉਣ ਦੀ ਸਟੀਕ ‘ਸਰਜੀਕਲ ਸਟਰਾਈਕ’ ਹੈ।
ਇਸ ਦਾ ਕੋਡਨੇਮ ਠੀਕ ਹੀ ‘ਆਪਰੇਸ਼ਨ ਸਿੰਦੂਰ’ ਹੈ, ਜੋ ਇਸ ਦੀ ਭਾਵੁਕਤਾ ਅਤੇ ‘ਸਟਰਾਈਕਿੰਗ’ ਸਟੀਕਤਾ ਲਈ ਸਦਾ ਯਾਦ ਰਹੇਗਾ। ਇਸ ਨਾਲ ਲਸ਼ਕਰ, ਜੈਸ਼ ਅਤੇ ਹਿਜਬੁਲ ਦੇ ਟਿਕਾਣੇ 25 ਮਿੰਟਾਂ ‘ਚ ਨੇਸਤੋ ਨਬੂਦ ਕਰ ਦਿਤੇ ਗਏ, 100 ਤੋਂ ਵੱਧ ਅੱਤਵਾਦੀ, ਜਿਹਨਾਂ ਵਿਚ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਅੱਤਵਾਦੀ ਮਸੂਦ ਅਜ਼ਹਰ ਦੇ ਪਰਿਵਾਰ ਦੇ ਕਈ ਮੈਂਬਰ/ਰਿਸ਼ਤੇਦਾਰ ਵੀ ਮਾਰੇ ਗਏ ਹਨ।
ਪਾਕਿਸਤਾਨ ਵਲੋਂ ਵੀ ਕੰਟਰੋਲ ਰੇਖਾ ਦੇ ਇਧਰਲੇ ਪਾਸੇ ਪੁਣਛ ਇਲਾਕੇ ਵਿਚ ਅੰਧਾਧੁੰਦ ਗੋਲਾਬਾਰੀ ਕੀਤੀ ਗਈ ਜਿਸ ਵਿਚ ਕਈ ਭਾਰਤੀ ਨਾਗਰਿਕ ਮਾਰੇ ਗਏ। ਇਹਨਾਂ ਵਿਚ 3 ਸਿੱਖ, ਸਮੇਤ ਇਕ ਗੁਰਦਵਾਰੇ ਦੇ ਗ੍ਰੰਥੀ, ਵੀ ਸ਼ਾਮਿਲ ਹਨ। ਉਥੇ ਗੁਰਦਵਾਰੇ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜੈ। ਅੰਮ੍ਰਿਤਸਰ ਵੱਲ ਵੀ ਨਾਕਾਮ ਹਮਲਾ ਹੁੰਦਾ ਰਿਹਾ।
ਪਿਛਲੇ ਚਾਰ ਦਿਨਾਂ ‘ਚ ਡਰੋਨ/ਮਿਸਾਈਲ ਹਮਲਿਆਂ ਅਤੇ ਸਰਹੱਦ ਪਾਰੋਂ ਗੋਲਾਬਾਰੀ ‘ਚ ਕਈ ਜਾਨਾਂ ਗਈਆਂ ਅਤੇ ਦਰਜਨਾਂ ਲੋਕ ਜ਼ਖਮੀ ਹੋਏ।
ਇਹ ਬੜੀ ਸੁਖਦ ਖਬਰ ਹੈ ਕਿ ਅੱਜ ਸ਼ਾਂਮ ਦੋਵਾਂ ਦੇਸ਼ਾਂ ਵਿਚ ਜੰਗਬੰਦੀ ਹੋ ਗਈ ਹੈ। ਇਸ ਵਿਚ ਵਿਚੋਲਗੀ ਅਮਰੀਕਾ ਅਤੇ ਸਾਊਦੀ ਅਰਬ ਨੇ ਕੀਤੀ। ਭਾਂਵੇਂ ਇਸ ਦਾ ਅੇੈਲਾਨ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੰਖੇਪ ਜਿਹੀ ਪ੍ਰੈਸ ਕਾਨਫ੍ਰੰਸ ਵਿਚ ਕੀਤਾ ਪਰ ਇਸ ਬਾਰੇ ਫੌਜੀ ਪੱਖ ਫਿਰ ਉਹਨਾਂ ਦੋ ਮਹਿਲਾ ਅਫਸਰਾਂ ਨੇ ਹੀ ਪੇਸ਼ ਕੀਤਾ ਜੋ ਪਿਛਲੇ ਦਿਨਾਂ ‘ਚ ਲਗਾਤਰ ਮੀਡੀਆ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸੰਬੋਧਨ ਕਰਦੀਆਂ ਰਹੀਆਂ ਸਨ। ਇਹਨਾਂ ਫੌਜੀ ਅਫਸਰਾਂ ਨੂੰ ਸਲਾਮ! ਸਾਰੀ ਫੌਜ ਨੂੰ ਸੈਲਿਯੂਟ!
ਜੰਗ ਬੰਦੀ ਵਿਚ ਹੀ ਦੋਵਾਂ ਦੇਸ਼ਾਂ ਦੀ ਭਲਾਈ ਹੈ। ਅਸੀਂ ਤਾਂ ਬੈਠੈ ਹੀ ਸਰਹੱਦ ਉਪਰ ਹਾਂ, ਇਸ ਲਈ ਹਮੇਸ਼ਾਂ ਅਮਨ ਪਸੰਦ ਰਹੇ ਹਾਂ ਕਿਉਂਕਿ ਜੰਗ ਦਾ ਸੇਕ ਸਭ ਤੋਂ ਪਹਿਲਾਂ ਤੇ ਸਭ ਤੋਂ ਵਧੇਰੇ ਸਾਨੂੰ ਹੀ ਸਹਿਣਾ ਪੈਂਦੈ, ਤੇ ਜਾਂ ਜੰੰਮੂ-ਕਸ਼ਮੀਰ ਵਾਲਿਆਂ ਨੂੰ। ਪਰ ਠੋਸੀ ਗਈ ਜੰਗ ਵਿਚ ਸਭ ਤੋਂ ਅੱਗੇ ਹੋ ਕੇ ਲੜਨ ਵਾਲਿਆਂ ‘ਚੋਂ ਵੀ ਅਸੀਂ ਹੀ ਹਾਂ। (ਉਂਝ ਇਸ ਵਾਰ ਤਾਂ ਕੌਮਾਂਤਰੀ ਸਰਹੱਦ ਨਾਲ ਲਗਦੇ ਸਾਰੇ ਸੂਬੇ ਹੀ ਲਪੇਟ ਵਿਚ ਆ ਗਏ)।
ਸਾਡੇ ਉੱਪਰ ਦੁਸ਼ਮਣਾਂ ਨੇ ਸਦੀਆਂ ਤੋਂ ਹਮਲੇ ਕੀਤੇ ਹਨ, ਕਰ ਰਹੇ ਹਨ, ਕਰਦੇ ਵੀ ਰਹਿਣਗੇ ਪਰ ਸਦਾ ਮੂੰਹ ਦੀ ਖਾਂਦੇ ਰਹਿਣਗੇ!
ਮੁਹੰਮਦ ਇਕਬਾਲ ਨੇ ਐਂਵੇਂ ਤਾਂ ਨਹੀਂ ਕਿਹਾ ਸੀ-
“ਯੂੁਨਾਨ-ਓ -ਮਿਸਰ-ਓ -ਰੂਮਾ, ਸਬ ਮਿਟ ਗਏ ਜਹਾਂ ਸੇ,
ਅਬ ਤਕ ਮਗਰ ਹੈ ਬਾਕੀ, ਨਾਮ-ਓ -ਨਿਸ਼ਾਂ ਹਮਾਰਾ।
ਕੁਛ ਬਤਾ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਉਂ ਰਹਾ ਹੈ ਦੁਸ਼ਮਨ ਦੌਰ-ਏ-ਜਹਾਂ ਹਮਾਰਾ”।
ਅੰਤਿਕਾ-
ਮਹਾਨਕੋਸ਼ ਅਨੁਸਾਰ ‘ਸਿੰਦੂਰ’ ਸੰਸਕ੍ਰਿਤ ਮੂਲ ਦਾ ਸ਼ਬਦ ਹੈ, ਜਿਸ ਨੂੰ ਅੰਗਰੇਜ਼ੀ ਵਿਚ ‘ਵਰਮਿਲੀਅਨ’ ਕਿਹਾ ਜਾਂਦੈ। ਇਹ ਇਸਤ੍ਰੀਆਂ ਦੀ ਮਾਂਗ ਵਿਚ ਭਰਿਆ ਜਾਂਦੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦੇ ਕਈ ਹਵਾਲੇ ਹਨ ਜੋ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤੇ ਗਏ ਹਨ। ਕੁਝ ਉਦਾਹਰਨਾਂ ਪੇਸ਼ ਹਨ-
“ਮਾਠਿ ਗੁੰਦਾਈ ਪਟੀਆ ਭਰੀਐ ਮਾਂਗ ਸੰਧੂਰੇ’॥(ਅੰਗ 557-58),
’ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ” ॥(ਅੰਗ 417)
ਸ਼ਬਦ ‘ਵਰਮਿਲੀਅਨ’ ਲਾਤੀਨੀ ਮੂਲ ਦੇ ਸ਼ਬਦ ‘ਵਰਮੀਕਿਯੂਲਸ’ ਅਤੇ ਪੁਰਾਤਨ ਫਰਾਂਸਿਸੀ ਦੇ ‘ਵਰਮੇਲੋਨ’ ਤੋਂ ਆਇਐ ਜਿਸ ਦਾ ਅਰਥ ਲਾਲ ਰੰਗ ਹੈ। ਲਾਤੀਨੀ ਦੇ ਸ਼ਬਦ ‘ਵਰਮਿਸ’, ਜਿਸ ਦਾ ਅਰਥ ਲਾਲ ਖੰਭਾਂ ਵਾਲਾ ਕੀਟ ਹੈ, ਵੀ ਕੀਤੇ ਗਏ ਹਨ।
ਵੱਖ-ਵੱਖ ਸਰੋਤ ਸੰਧੂਰ ਦੀ ਹੋਂਦ 5000 ਸਾਲ ਤੋਂ ਵੀ ਪੁਰਾਣੀ ਦੱਸਦੇ ਹਨ। ਇਸ ਦਾ ਵਰਨਣ ਮਹਾਂਕਾਵਿ ਰਮਾਇਣ ਵਿਚ ਵੀ ਹੈ। ਇਸ ਲਈ ਸੰਧੂਰ ਦੀ ਇਤਿਹਾਸਕ ਅਤੇ ਅਧਿਆਤਮਕ ਮਹੱਤਤਾ ਬਹੁਤ ਹੈ।
1947 ਦੀ ਹਿੰਦੀ ਫਿਲਮ ਦਾ ਨਾਮ ਹੀ ‘ਸਿੰਧੂਰ’ ਸੀ।
ਸੰਧੂਰ ਹਿੰਦੂ ਮਤ ਵਿਚ ਪਹਿਲੀ ਵਾਰ ਸ਼ਾਦੀ ਸਮੇਂ ਪਤੀ ਵਲੋਂ ਪਤਨੀ ਦੀ ਮਾਂਗ ਵਿੱਚ ਪਾਇਆ ਜਾਂਦੈ ਪਰ ਬਾਅਦ ਵਿਚ ਵਿਆਹੁਤਾ ਔਰਤ ਇਸ ਨੂੰ ਆਪ ਹੀ ਪਾਉਂਦੀ ਹੈ। ਇਹ ਸੁਹਾਗਣ ਦੇ ਪਤੀ ਪ੍ਰਤੀ ਪ੍ਰੇਮ, ਵਫਾ ਅਤੇ ਲੰਮੀ ਉਮਰ ਦਾ ਸੂਚਕ ਮੰਨਿਆਂ ਜਾਂਦੈ। ਪਰ ਕੁਝ ਲੋਕ ਇਸ ਨੂੰ ਨਕਾਰਦੇ ਵੀ ਹਨ।