
ਟੋਕਿਓ ਓਲੰਪਿਕ ਦਾ 29 ਜੁਲਾਈ ਦਾ ਦਿਨ ਭਾਰਤ ਲਈ ਚੰਗਾ ਰਿਹਾ। ਉਸਨੇ ਤੀਰਅੰਦਾਜ਼ੀ, ਹਾਕੀ, ਬੈਡਮਿੰਟਨ ਅਤੇ ਬਾਕਸਿੰਗ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਤੀਰਅੰਦਾਜ਼ ਅਤਾਨੁ ਦਾਸ ਨੇ ਪੁਰਸ਼ਾਂ ਦੇ ਆਖਰੀ 8 ਵਿੱਚ ਜਗ੍ਹਾ ਬਣਾਈ ਹੈ। ਸਟਾਰ ਸ਼ਟਲਰ ਪੀ.ਵੀ ਸਿੰਧੂ ਡੈਨਮਾਰਕ ਦੀ ਮੀਆਂ ਬਲਿਚਫੈਲਟ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੁੱਕੇਬਾਜ਼ ਸਤੀਸ਼ ਕੁਮਾਰ 91 ਕਿੱਲੋ ਵਰਗ ਦੇ ਆਖਰੀ -8 ਵਿਚ ਪਹੁੰਚ ਗਿਆ ਹੈ। ਪੁਰਸ਼ ਹਾਕੀ ਟੀਮ ਵਧੀਆ ਪ੍ਰਦਰਸ਼ਨ ਕਰਦੇ ਹੋਏ ਰੀਓ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-1 ਨਾਲ ਹਰਾਇਆ। ਅਤਨੂ ਦਾਸ, ਪੀਵੀ ਸਿੰਧੂ ਅਤੇ ਸਤੀਸ਼ ਕੁਮਾਰ ਮੈਡਲ ਜਿੱਤਣ ਦੇ ਨੇੜੇ ਆ ਗਏ ਹਨ।
ਹਾਕੀ: ਭਾਰਤੀ ਟੀਮ ਨੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੀਮ ਇੰਡੀਆ ਨੇ ਆਖਰੀ ਤਿੰਨ ਮਿੰਟਾਂ ਵਿੱਚ ਦੋ ਗੋਲ ਕਰਕੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਪਿਛਲੇ ਮੈਚ ਵਿੱਚ ਸਪੇਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਇਹ ਮਹੱਤਵਪੂਰਨ ਮੈਚ ਜਿੱਤਿਆ।
ਭਾਰਤ ਦੀ ‘ਯੂਥ ਬ੍ਰਿਗੇਡ’ ਨੇ ਇਸ ਜਿੱਤ ਭਾਰਤ ਨੂੰ ਚਾਰ ਦਹਾਕਿਆਂ ਬਾਅਦ ਹਾਕੀ ਵਿੱਚ ਓਲੰਪਿਕ ਤਗਮਾ ਜਿੱਤਣ ਦੇ ਨੇੜੇ ਲਿਆਂਦਾ। ਭਾਰਤ ਲਈ ਵਰੁਣ ਕੁਮਾਰ ਨੇ 43 ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58 ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59 ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਨੇ ਮਾਈਕੋ ਕੈਸੇਲਾ ਦੇ ਇੱਕ ਗੋਲ ਦੇ ਅਧਾਰ ‘ਤੇ 48 ਵੇਂ ਮਿੰਟ ਵਿੱਚ ਬਰਾਬਰੀ ਕਰ ਲਈ ਅਤੇ 58 ਵੇਂ ਮਿੰਟ ਤੱਕ ਸਕੋਰ ਬਰਾਬਰ ਸੀ। ਇਸ ਤੋਂ ਬਾਅਦ ਭਾਰਤ ਨੇ ਇਹ ਸਾਬਤ ਕਰਨ ਲਈ ਤਿੰਨ ਮਿੰਟ ਦੇ ਅੰਤਰਾਲ ਵਿੱਚ ਦੋ ਗੋਲ ਕੀਤੇ ਕਿ ਇਹ ਟੀਮ ਮਹੱਤਵਪੂਰਣ ਪਲਾਂ ਵਿੱਚ ਦਬਾਅ ਦੇ ਅੱਗੇ ਹਾਰ ਨਹੀਂ ਮੰਨਣ ਵਾਲੀ ਹੈ। ਪੂਲ ‘ਏ’ ਵਿੱਚ ਭਾਰਤ ਆਸਟਰੇਲੀਆ ਤੋਂ ਬਾਅਦ ਦੂਜੇ ਸਥਾਨ ’ਤੇ ਚੱਲ ਰਿਹਾ ਹੈ। ਭਾਰਤ ਨੂੰ ਹੁਣ 30 ਜੁਲਾਈ ਨੂੰ ਆਖਰੀ ਪੂਲ ਮੈਚ ਵਿੱਚ ਮੇਜ਼ਬਾਨ ਜਾਪਾਨ ਨਾਲ ਖੇਡਣਾ ਹੈ।
ਮੁੱਕੇਬਾਜ਼ੀ: ਮੁੱਕੇਬਾਜ਼ੀ ‘ਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਅਨੁਭਵੀ ਮੁੱਕੇਬਾਜ਼ ਮੈਰੀਕਾਮ ਮਹਿਲਾਵਾਂ ਦੇ 51 ਕਿੱਲੋ ਵਰਗ ਵਿੱਚ ਕੋਲੰਬੀਆ ਦੀ ਇੰਗਰਿਟ ਲੋਰੇਨਾ ਵਾਲੈਂਸੀਆ ਤੋਂ 2-3 ਨਾਲ ਹਾਰ ਗਈ ਹੈ। ਮੈਰੀਕਾਮ ਮੈਚ ਦੇ ਸ਼ੁਰੂਆਤ ਵਿੱਚ ਰੱਖਿਆਤਮਕ ਰਹੀ, ਪਰ ਦੂਜੇ ਦੌਰ ਵਿੱਚ ਉਸਦੇ ਹਮਲਾਵਰ ਤੇਵਰ ਦੇਖਣ ਨੂੰ ਮਿਲੇ। ਨਤੀਜਾ ਚਾਹੇ ਭਾਰਤ ਦੇ ਉਲਟ ਰਿਹਾ ਹੈ, ਪਰ ਇਸ ਰੋਮਾਂਚਕ ਮੈਚ ਵਿੱਚ ਵਿਸ਼ਵ ਪੱਧਰੀ ਮੁੱਕੇਬਾਜ਼ੀ ਵੇਖਣ ਨੂੰ ਮਿਲੀ। ਪੁਰਸ਼ਾਂ ਦੇ ਵਰਗ ਵਿੱਚ ਅੱਜ ਦਾ ਦਿਨ ਭਾਰਤ ਲਈ ਬਹੁਤ ਵਧੀਆ ਰਿਹਾ। ਮੁੱਕੇਬਾਜ਼ ਸਤੀਸ਼ ਕੁਮਾਰ ਨੇ 91 ਕਿੱਲੋ ਵਰਗ ਦੇ ਮੈਚ ਵਿੱਚ ਜਮੈਕਾ ਦੇ ਰਿਕਾਰਡੋ ਬ੍ਰਾਉਨ ਨੂੰ ਹਰਾਇਆ। ਉਸਨੇ ਇਹ ਮੈਚ 4-1 ਨਾਲ ਜਿੱਤ ਲਿਆ। ਸਤੀਸ਼ ਨੇ ਪਹਿਲਾ ਗੇੜ 5-0, ਦੂਜਾ ਅਤੇ ਤੀਜਾ 4-1 ਨਾਲ ਜਿੱਤਿਆ। ਇਸ ਜਿੱਤ ਨਾਲ ਸਤੀਸ਼ ਕੁਮਾਰ ਆਖਰੀ 8 ਵਿੱਚ ਪਹੁੰਚ ਗਏ ਹਨ। ਹੁਣ ਉਹ ਤਮਗਾ ਜਿੱਤਣ ਤੋਂ ਇਕ ਕਦਮ ਦੂਰ ਹੈ।
ਬੈਡਮਿੰਟਨ: ਬੈਡਮਿੰਟਨ ਦੇ ਨਾਕਆਊਟ ਦੌਰ ਵਿੱਚ ਪੀ.ਵੀ ਸਿੰਧੂ ਨੇ ਡੈਨਮਾਰਕ ਦੀ ਮੀਆ ਬਲਿਚਫੇਲਡਟ ਨੂੰ ਹਰਾ ਕੇ ਟੋਕੀਓ ਓਲੰਪਿਕਸ ਦੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਵਿਸ਼ਵ ਦੀ 7 ਵੀਂ ਨੰਬਰ ਦੀ ਸਿੰਧੂ ਨੇ ਵਿਸ਼ਵ ਦੀ 12 ਵੇਂ ਨੰਬਰ ਦੀ ਬਲਾਚਫੈਲਟ ਨੂੰ 21-15, 21-13 ਨਾਲ ਹਰਾ ਕੇ ਆਖਰੀ ਅੱਠਾਂ ਵਿੱਚ ਥਾਂ ਬਣਾਇਆ। ਪੀ.ਵੀ ਸਿੰਧੂ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਅਕਨੇ ਯਾਮਾਗੁਚੀ ਨਾਲ ਭਿੜੇਗੀ। ਅਕਨੇ ਯਾਮਾਗੁਚੀ ਵਿਸ਼ਵ ਦਾ 5ਵੀਂ ਦਰਜਾ ਪ੍ਰਾਪਤ ਖਿਡਾਰੀ ਹੈ।
ਸ਼ੂਟਿੰਗ: 25 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ (ਪ੍ਰਿਸੀਜ਼ਨ ਰਾਊਂਡ) ਦੇ ਵਿੱਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਰਾਹੀ ਸਰਨੋਬਤ ਇਸ ਵਿੱਚ ਹਿੱਸਾ ਲਿਆ। ਮਨੂੰ ਭਾਕਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 97, 97 ਅਤੇ 98 ਅਤੇ ਕੁੱਲ ਸਕੋਰ 292 ਮਾਰਿਆ, ਜਦਕਿ ਰਾਹੀ ਸਰਨੋਬਤ ਨੇ 96, 97 ਅਤੇ 94 ਅੰਕ ਲੈਕੇ ਕੁਲ ਸਕੋਰ 287 ਕੀਤਾ। ਮਨੂ ਅਤੇ ਰਾਹੀ ਦੋਵੇਂ ਸ਼ੁੱਕਰਵਾਰ ਦੀ ਸਵੇਰ ਨੂੰ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਦੇ ਰੈਪਿਡ ਗੇੜ ਵਿੱਚ ਸ਼ਮੂਲੀਅਤ ਕਰਨਗੀਆਂ। ਹਰੇਕ ਨਿਸ਼ਾਨੇਬਾਜ਼ ਕੋਲ 10 ਸ਼ਾਟਸ ਦੀਆਂ 3 ਸੀਰੀਜ਼ ਹੋਣਗੀਆਂ। ਪ੍ਰਸੀਸੀਅਨ ਅਤੇ ਰੈਪਿਡ ਰਾਉਂਡ ਦੋਵਾਂ ਨੂੰ ਮਿਲਾ ਕੇ ਜੋ ਪਹਿਲੇ ਅੱਠਾਂ ਵਿੱਚ ਆਏਗਾ ਓਹ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਅਗਲੇ ਰਾਊਂਡ ਵਿੱਚ ਭੀੜੇਗਾ।
ਤੀਰਅੰਦਾਜ਼ੀ: ਤੀਰਅੰਦਾਜ਼ ਅਤਨੁ ਦਾਸ ਟੋਕਿਓ ਓਲੰਪਿਕ ਵਿੱਚ ਤਗਮਾ ਜਿੱਤਣ ਦੇ ਬੇਹੱਦ ਕਰੀਬ ਹੈ। ਉਸਨੇ ਪੁਰਸ਼ ਵਰਗ ਦੇ ਆਖਰੀ 8 ਵਿੱਚ ਜਗ੍ਹਾ ਬਣਾ ਲਈ ਹੈ। ਅਤਨੁ ਨੇ ਆਖਰੀ 16 ਖੇਡਦਿਆਂ ਵਿਚ ਕੋਰੀਆ ਦੇ ਮਹਾਨ ਤੀਰਅੰਦਾਜ਼ ਜਿਨਿਆਕ ਓਹ ਨੂੰ ਹਰਾਇਆ। ਜਿਨਿਕ ਓਹ ਲੰਡਣ ਓਲਿੰਪਿਕ ਦੇ ਗੋਲਡ ਮੈਡਲਿਸਟ ਹਨ। ਅਤਨੂ ਨੇ ਇਹ ਮੈਚ 6-5 ਨਾਲ ਜਿੱਤਿਆ। ਇਹ ਮੈਚ ਸ਼ੂਟਆਊਟ ਤੱਕ ਪਹੁੰਚਿਆ, ਜਿਸ ਵਿੱਚ ਜਿਨਿਆਕ ਓਹ ਨੇ 9 ਅਤੇ ਅਤਨੂ ਨੇ 10 ਸਕੋਰ ਬਣਾਏ ਅਤੇ ਜਿੱਤ ਪ੍ਰਾਪਤ ਕੀਤੀ।
ਰੋਇੰਗ: ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਪੁਰਸ਼ਾਂ ਦੇ ਡਬਲ ਸਕਲਜ਼ ਮੁਕਾਬਲੇ ਵਿੱਚ 11ਵਾਂ ਥਾਂ ਹਾਸਿਲ ਕੀਤਾ, ਜੋ ਕਿ ਭਾਰਤੀ ਰੋਇੰਗ ਇਤਿਹਾਸ ਦਾ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਸਰਬੋਤਮ ਨਤੀਜਾ ਹੈ। ਭਾਰਤੀ ਜੋੜੀ 6:29.66 ਦੇ ਸਕੋਰ ਨਾਲ ਫਾਈਨਲ ਬੀ ‘ਚ ਪੰਜਵਾਂ ਥਾਂ ਹਾਸਿਲ ਕੀਤਾ। ਆਇਰਲੈਂਡ, ਜਰਮਨੀ ਅਤੇ ਇਟਲੀ ਫਾਈਨਲ ‘ਏ’ ਦੀ ਦੌੜ ਦੇ ਬਾਅਦ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਗੋਲਫ: ਭਾਰਤੀ ਗੋਲਫਰ ਅਨਿਰਬਾਨ ਲਹਿਰੀ ਨੇ ਪੁਰਸ਼ਾਂ ਦੇ ਗੋਲਫ ਮੁਕਾਬਲੇ ਵਿੱਚ ਉਪਰਲੇ ਅੱਠਾਂ ਵਿੱਚ ਆਉਣ ਲਈ 4-ਅੰਡਰ 67 ਦੇ ਪਹਿਲੇ ਗੇੜ ਦੇ ਸਕੋਰ ਨਾਲ ਟੋਕੀਓ ਓਲੰਪਿਕਸ ਵਿੱਚ ਮਜ਼ਬੂਤ ਸ਼ੁਰੂਆਤ ਕੀਤੀ। ਪੁਰਸ਼ਾਂ ਦਾ ਵਿਅਕਤੀਗਤ ਸਟਰੋਕ ਪਲੇਅ ਰਾਊਂਡ ਵਿੱਚ 5-ਓਵਰ 76 ਦੇ ਨਾਲ ਉਦਯਾਨ ਮਨੇ 60 ਵਾਂ ਰਿਹਾ।
ਸੇਲਿੰਗ: ਪੁਰਸ਼ਾਂ ਦੀ ਇਕ ਵਿਅਕਤੀ ਡਿੰਗੀ ਲੇਜ਼ਰ ਰੇਸ 07 ਅਤੇ 08 ਵਿਸ਼ਨੂੰ ਸਰਾਵਾਨਨ ਨੇ ਰੇਸ 07 ਵਿਚ 27 ਵਾਂ ਅਤੇ ਰੇਸ 8 ਵਿਚ 23 ਵਾਂ ਥਾਂ ਪ੍ਰਾਪਤ ਕੀਤਾ। ਪੁਰਸ਼ਾਂ ਦੀ ਸਕਿਫ – 49ਅਰ ਵਿੱਚ ਗਣਪਤੀ ਕੇਲਾਪਾਂਡਾ ਅਤੇ ਵਰੁਣ ਠੱਕਰ ਰੇਸ 05 ਵਿੱਚ 16 ਵੇਂ ਅਤੇ ਰੇਸ 06 ਵਿੱਚ 7 ਵੇਂ ਸਥਾਨ ‘ਤੇ ਰਹੇ। ਸੇਲਿੰਗ ਔਰਤਾਂ ਦੀ ਇੱਕ ਵਿਅਕਤੀ ਡਿੰਗੀ ਲੇਜ਼ਰ ਰੇਡੀਅਲ ਰੇਸ 07 ਵਿੱਚ ਨੇਥਰਾ ਕੁਮਾਨਨ ਰੇਸ 07 ਵਿੱਚ 22 ਵਾਂ ਅਤੇ ਰੇਸ 08 ਵਿੱਚ 20 ਵਾਂ ਥਾਂ ਮੱਲਿਆ।
ਤੈਰਾਕੀ: ਪੁਰਸ਼ਾਂ ਦੀ 100 ਮੀਟਰ ਬਟਰਫਲਾਈ -ਹੀਟ 2 ਵਿੱਚ ਸਾਜਨ ਪ੍ਰਕਾਸ਼ 46 ਵੇਂ ਥਾਂ ਤੇ ਰਹਿਣ ਤੋਂ ਬਾਅਦ ਸੈਮੀਫਾਈਨ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ।
ਮੈਡਲ ਟੈਲੀ :
29 ਜੁਲਾਈ ਦੇ ਮੁਕਾਬਲੇ ਖ਼ਤਮ ਹੋਣ ਤੱਕ ਚੀਨ 15 ਗੋਲਡ 7 ਸਿਲਵਰ ਤੇ 9 ਬਰੋਂਜ ਮੈਡਲ ਜਿੱਤ ਕੇ ਪਹਿਲੇ ਨੰਬਰ ਤੇ ਸੀ।
ਆਸਟ੍ਰੇਲੀਆ 8 ਸੋਨੇ ਦੇ, 2 ਚਾਂਦੀ ਦੇ ਅਤੇ 10 ਕਾਂਸੇ ਦੇ ਤਗਮੇ ਜਿੱਤ ਕੇ 5ਵੇਂ ਨੰਬਰ ਤੇ ਰਿਹਾ। 130 ਕਰੋੜ ਦੀ ਅਬਾਦੀ ਵਾਲਾ ਦੇਸ਼ ਭਾਰਤ ਮੀਰਾ ਬਾਈ ਚਾਨੁ ਦੇ ਜਿੱਤੇ ਇੱਕ ਮਾਤਰ ਚਾਂਦੀ ਦੇ ਤਗਮੇ ਨਾਲ 46ਵੇਂ ਸਥਾਨ ਤੇ ਖਿਸਕ ਗਿਆ।