Articles

ਓਲੰਪਿਕ੍ਸ ਅਪਡੇਟ: ਬੈਡਮਿੰਟਨ, ਤੀਰਅੰਦਾਜ਼ੀ ਤੇ ਮੁੱਕੇਬਾਜ਼ੀ ‘ਚ ਤਗਮਿਆਂ ਦੀ ਆਸ !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਟੋਕਿਓ ਓਲਿੰਪਿਕ੍ਸ ਵਿੱਚ 28 ਜੁਲਾਈ ਦਾ ਦਿਨ ਭਾਰਤ ਲਈ ਕਾਫ਼ੀ ਹੱਦ ਤੱਕ ਚੰਗਾ ਰਿਹਾ। ਬੈਡਮਿੰਟਨ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿੱਚ ਭਾਰਤ ਨੂੰ ਓਲਿੰਪਿਕ ਤਗਮਿਆਂ ਦੀ ਆਸ ਬੱਝੀ ਹੈ। ਦਿਨ ਦੀ ਸ਼ੁਰੁਆਤ ਵਿੱਚ ਮਹਿਲਾ ਹਾਕੀ ਟੀਮ ਬ੍ਰਿਟੇਨ ਤੋਂ ਹਾਰੀ। ਮਰਦਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਪ੍ਰਵੀਨ ਜਾਧਵ ਨੇ ਰੂਸ ਉਲੰਪਿਕ ਕਮੇਟੀ ਦੇ ਗਾਲਸਨ ਬਜਾਰਝਾਪੋਵ ਨੂੰ 6-0 ਨਾਲ ਕਰਾਰੀ ਸ਼ਿਕਸ਼ਤ ਦੇਣ ਮਗਰੋਂ ਆਪਣੇ ਅਗਲੇ ਮੁਕਾਬਲੇ ਵਿੱਚ ਅਮਰੀਕਨ ਤੀਰਅੰਦਾਜ਼ ਅੱਗੇ ਹਥਿਆਰ ਸੁੱਟੇ। ਮਹਿਲਾ ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿਚ ਭਾਰਤ ਤਗਮਾ ਜਿੱਤਣ ਤੋਂ ਬੱਸ ਇੱਕ ਕਦਮ ਦੂਰ ਹੈ। ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਮੁੱਕੇਬਾਜ਼ ਪੂਜਾ ਰਾਣੀ ਨੇ ਆਖਰੀ ਅਠਾਂ ਵਿੱਚ ਸ਼ਿਰਕਤ ਕਰ ਲਈ ਹੈ। ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਨੇ ਹਾਂਗ ਕਾਂਗ ਦੇ ਚੇਂਗ ਨਗਨ ਨੂੰ ਹਰਾ ਦਿੱਤਾ। ਇਸ ਦੇ ਨਾਲ ਹੀ ਬੈਡਮਿੰਟਨ ਵਿਚ ਉਹ ਨਾਕਆਉਟ ਪੜਾਅ ‘ਤੇ ਪਹੁੰਚ ਗਈ ਹੈ।

ਆਓ 28 ਜੁਲਾਈ ਦੇ ਦਿਨ ਭਾਰਤੀ ਖਿਡਾਰੀਆਂ ਵੱਲੋਂ ਟੋਕਿਓ ਓਲਿੰਪਿਕ ਦੇ ਵੱਖ-ਵੱਖ ਮੁਕਾਬਲਿਆਂ ਤੇ ਤਰਤੀਬ ਵਾਰ ਨਜ਼ਰ ਮਾਰੀਏ।

ਹਾਕੀ: ਉਲੰਪਿਕ ਖੇਡਾਂ ਦੇ ਪੰਜਵੇ ਦਿਨ ਦੀ ਸ਼ੁਰੂਆਤ ਰਾਣੀ ਰਾਮਪਾਲ ਦੀ ਅਗਵਾਈ ਹੇਠ ਮਹਿਲਾ ਹਾਕੀ ਦੇ ਗ੍ਰੇਟ ਬ੍ਰਿਟੇਨ ਨਾਲ ਖੇਡੇ ਮੈਚ ਨਾਲ ਹੋਈ। ਬਰਤਨੀਆ ਦੀ ਮਹਿਲਾ ਟੀਮ ਨੇ ਹਾਕੀ ਵਿਚ ਭਾਰਤੀ ਮਹਿਲਾ ਟੀਮ ਨੂੰ 4-1 ਨਾਲ ਹਰਾਇਆ। ਇਸ ਮੈਚ ਵਿਚ ਟੀਮ ਇੰਡੀਆ ਸਾਰੇ ਮੈਚ ਦੌਰਾਨ ਚੰਗੇ ਮੌਕੇ ਮਿਲਣ ਦੇ ਬਾਵਜੂਦ ਵੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਬ੍ਰਿਟਿਸ਼ ਟੀਮ ਨੇ ਪੂਰੇ ਮੈਚ ਉੱਤੇ ਦਬਦਬਾ ਬਣਾਈ ਰਖਿਆ। ਟੋਕਿਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਲਗਾਤਾਰ ਤੀਜੀ ਹਾਰ ਹੈ। ਭਾਰਤੀ ਮਹਿਲਾ ਹਾਕੀ ਟੀਮ ਟੋਕਿਓ ਓਲੰਪਿਕ ਵਿੱਚ ਹੁਣ ਤੱਕ ਕੋਈ ਮੈਚ ਨਹੀਂ ਜਿੱਤ ਸਕੀ।

ਬੈਡਮਿੰਟਨ: ਰੀਓ ਉਲੰਪਿਕ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਦਵਾਉਣ ਵਾਲੀ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਨੇ ਟੋਕਿਓ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਕਆਊਟ ਰਾਊਂਡ ਵਿਚ ਜਗ੍ਹਾ ਬਣਾ ਲਈ ਹੈ। ਆਪਣੇ ਦੂਸਰੇ ਗਰੁੱਪ ‘ਜੇ’ ਦੇ ਮੈਚ ਵਿਚ ਸਿੰਧੂ ਨੇ ਹਾਂਗ ਕਾਂਗ ਦੀ ਚੇਂਗ ਨਗਨ ਨੂੰ 21-9 ਅਤੇ 21-16 ਨਾਲ ਹਰਾਇਆ। ਉਸਨੇ ਕੇਵਲ 36 ਮਿੰਟ ਵਿੱਚ ਆਪਣੇ ਵਿਰੋਧੀ ਉੱਤੇ ਜਿੱਤ ਦਰਜ ਕੀਤੀ। ਪੀ.ਵੀ ਸਿੰਧੂ ਟੋਕਿਓ ਓਲੰਪਿਕਸ ਵਿਚ ਚੱਲ ਰਹੇ ਬੈਡਮਿੰਟਨ ਮੁਕਾਬਲੇ ਵਿਚ ਭਾਰਤ ਦੀ ਇਕੋ ਇਕ ਉਮੀਦ ਬਚੀ ਹੈ।

ਮਰਦਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਭਾਰਤੀ ਸ਼ਟਲਰ ਸਾਈ ਪ੍ਰਨੀਤ ਨੀਦਰਲੈਂਡ ਦੇ ਮਾਰਕ ਕੈਲਜੌ ਨਾਲ ਆਪਣਾ ਦੂਸਰਾ ਗਰੁੱਪ ‘ਡੀ’ ਮੈਚ ਹਾਰ ਗਿਆ। ਕੈਲਜੌ ਨੇ ਪ੍ਰਨੀਤ ਨੂੰ ਸਿੱਧੇ ਗੇਮਾਂ ਵਿੱਚ 21-14, 21-14 ਨਾਲ ਹਰਾਇਆ। ਇਸ ਹਾਰ ਨਾਲ ਪ੍ਰਣੀਤ ਅਗਲੇ ਪੜਾਅ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ।

ਤੀਰਅੰਦਾਜ਼ੀ: ਭਾਰਤ ਦੇ ਦਿੱਗਜ ਤੀਰਅੰਦਾਜ਼ ਤਰੁਣਦੀਪ ਰਾਏ ‘ਸ਼ੂਟ ਆਫ’ ਵਿਚ ਹਾਰਨ ਤੋਂ ਬਾਅਦ ਓਲੰਪਿਕ ਤੋਂ ਬਾਹਰ ਹੋ ਗਏ। ਉਹ ਟੋਕਿਓ ਓਲੰਪਿਕ ਖੇਡਾਂ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਦੇ ਦੂਜੇ ਗੇੜ ਵਿੱਚ ਆਪਣੇ ਤੋਂ ਹੇਠਲੀ ਰੈਂਕਿੰਗ ਵਾਲੇ ਇਜ਼ਰਾਈਲੀ ਤੀਰਅੰਦਾਜ਼ ਇਤੈ ਸ਼ਨੀ ਤੋਂ ‘ਸ਼ੂਟ ਆਫ’ ਵਿੱਚ 5-6 ਨਾਲ ਹਾਰ ਗਏ।

ਵਿਸ਼ਵ ਦੀ 54 ਵੇਂ ਨੰਬਰ ਦੀ ਤਰੁਣਦੀਪ ਰਾਏ ਅੰਤਿਮ ਸੈੱਟ ਤੋਂ ਪਹਿਲਾਂ 5-3 ਨਾਲ ਅੱਗੇ ਸੀ, ਪਰ ਵਿਸ਼ਵ ਦੇ 92 ਵੇਂ ਨੰਬਰ ਦੇ ਖਿਡਾਰੀ ਇਤੈ ਸ਼ਨੀ ਨੇ ਅਖ਼ੀਰਲਾ ਸੈੱਟ ਜਿੱਤ ਕੇ ਸਕੋਰ 5-5 ‘ਤੇ ਬਰਾਬਰ ਕਰ ਦਿੱਤਾ ਅਤੇ ‘ਸ਼ੂਟ ਆਫ’ ਵਿਚ ਮੁਕੰਮਲ 10 ਅੰਕ ਲਏ। ਇਸਦੇ ਉਲਟ ਤਰੁਣਦੀਪ ਰਾਏ ਸ਼ੂਟ-ਆਫ ਵਿੱਚ ਸਿਰਫ 9 ਅੰਕ ਹੀ ਹਾਸਲ ਕਰ ਸਕਿਆ।

ਪੁਰਸ਼ ਤੀਰਅੰਦਾਜ਼ੀ ਦੇ ਇੱਕ ਹੋਰ ਮੁਕਾਬਲੇ ਵਿੱਚ ਤੀਰਅੰਦਾਜ਼ ਪ੍ਰਵੀਨ ਜਾਧਵ ਦਾ ਉਲੰਪਿਕ ਸਫ਼ਰ ਖ਼ਤਮ ਹੋ ਗਿਆ ਹੈ। ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਦੇ ਆਖਰੀ -16 ਦੌਰਾਨ ਜਾਧਵ ਨੂੰ ਸਿੱਧੇ ਸੈੱਟਾਂ ਵਿੱਚ ਅਮਰੀਕਾ ਦੇ ਬ੍ਰੈਡੀ ਐਲਿਸਨ ਨੇ 6-0 ਨਾਲ ਹਰਾਇਆ। ਐਲਿਸਨ ਨੇ ਪਹਿਲਾ ਸੈੱਟ 28-27, ਦੂਜਾ ਸੈੱਟ 27-26 ਅਤੇ ਤੀਜਾ ਸੈੱਟ 26-23 ਨਾਲ ਜਿੱਤਿਆ। ਭਾਰਤ ਨੂੰ ਜਾਧਵ ਤੋਂ ਵੱਡੀਆਂ ਉਮੀਦਾਂ ਸਨ। ਇਸ ਤੋਂ ਪਹਿਲਾ ਹੋਏ ਤੀਰਅੰਦਾਜ਼ੀ ਮੁਕਾਬਲੇ ਵਿੱਚ ਪ੍ਰਵੀਨ ਜਾਧਵ ਨੇ ਵਿਸ਼ਵ ਦੇ ਦੋ ਨੰਬਰ ਦੇ ਤੀਰਅੰਦਾਜ਼ ਰੂਸ ਉਲੰਪਿਕ ਕਮੇਟੀ ਦੇ ਗਾਲਸਨ ਬਜਾਰਝਾਪੋਵ ਨੂੰ 6-0 ਨਾਲ ਕਰਾਰੀ ਸ਼ਿਕਸ਼ਤ ਦਿੱਤੀ ਸੀ। ਪਰ ਅਮਰੀਕੀ ਖਿਡਾਰੀ ਦੇ ਵਿਰੁੱਧ, ਉਹ ਪੂਰੇ ਭਰੋਸੇ ਵਿੱਚ ਨਹੀਂ ਦਿਖਾਈ ਦਿੱਤਾ, ਅਤੇ ਦਬਾਅ ਹੇਠ ਸਹੀ ਨਿਸ਼ਾਨੇ ਨਹੀਂ ਮਾਰ ਸਕਿਆ।

ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਟੋਕਿਓ ਓਲੰਪਿਕਸ ਵਿੱਚ ਮਹਿਲਾ ਵਿਅਕਤੀਗਤ ਤੀਰਅੰਦਾਜ਼ੀ ਮੁਕਾਬਲੇ ਦੇ ਦੂਜੇ ਗੇੜ ਵਿੱਚ ਅਮਰੀਕੀ ਜੈਨੀਫਰ ਫਰਨਾਂਡੇਜ਼ ਮੁੱਕਿਨੋ ਨੂੰ ਹਰਾਇਆ। ਇਸ ਤੋਂ ਪਹਿਲਾਂ ਦੀਪਿਕਾ ਨੇ ਭੂਟਾਨ ਦੇ ਕਰਮਾ ਨੂੰ ਹਰਾ ਕੇ ਦੂਜੇ ਗੇੜ ਵਿਚ ਜਗ੍ਹਾ ਬਣਾਈ ਸੀ। ਦੀਪਿਕਾ ਨੇ ਕਰਮਾ ਨੂੰ ਇਕ ਪਾਸੜ ਮੁਕਾਬਲੇ ਵਿਚ 6-0 ਨਾਲ ਹਰਾਇਆ ਅਤੇ ਰਾਊਂਡ -16 ਵਿਚ ਜਗ੍ਹਾ ਪੱਕੀ ਕੀਤੀ। ਉਸਨੇ ਜੈਨੀਫਰ ਨੂੰ 6-4 ਨਾਲ ਮਾਤ ਦਿੰਦੇ ਹੋਏ ਦੂਜੇ ਗੇੜ ਵਿੱਚ ਵੀ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਦੀਪਿਕਾ ਨੇ ਰਾਊਂਡ-16 ਵਿਚ ਪਹਿਲਾ ਸੈੱਟ ਗੁਆਇਆ ਸੀ,ਪਰ ਫਿਰ ਅਗਲੇ ਦੋ ਸੈਟਾਂ ਵਿਚ ਜਿੱਤ ਪ੍ਰਾਪਤ ਕੀਤੀ।

ਵਾਟਰ ਸਪੋਰਟਸ: ਭਾਰਤੀ ਰੋਅਰ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਬੁੱਧਵਾਰ ਨੂੰ ਦੂਸਰੇ ਸੈਮੀਫਾਈਨਲ ਵਿੱਚ ਅਖ਼ੀਰਲੇ ਥਾਂ ਤੇ ਰਹਿੰਦੇ ਹੋਏ ਪੁਰਸ਼ਾਂ ਦੇ ਲਾਈਟਵੇਟ ਡਬਲ ਸਕਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਅਸਫਲ ਰਹੇ। ਅਰਜੁਨ ਅਤੇ ਅਰਵਿੰਦ ਨੇ 6:24.41 ਸਮਾਂ ਕੱਢਿਆ ਅਤੇ ਓਹ 6ਵੇਂ ਨੰਬਰ ਤੇ ਰਹੇ। ਦੋਵੇਂ ਸੈਮੀਫਾਈਨਲ ਵਿੱਚੋਂ ਚੋਟੀ ਦੀਆਂ ਤਿੰਨ ਟੀਮਾਂ ਫਾਈਨਲ ਲਈ ਕੁਆਲੀਫਾਈ ਕਰਦੀਆਂ ਹਨ।

ਮੁੱਕੇਬਾਜ਼ੀ:  ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਕੇ ਆਪਣੇ ਓਲੰਪਿਕ ਮੁਹਿੰਮ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ। ਉਸਨੇ ਬੁੱਧਵਾਰ ਨੂੰ 75 ਕਿਲੋਗ੍ਰਾਮ ਦੇ ਮਿਡਲਵੇਟ ਵਰਗ ਵਿੱਚ ਅਲਜੀਰੀਆ ਦੇ ਇਚਰਾਕ ਚੈਬ ਨੂੰ 5-0 ਨਾਲ ਸ਼ਿਕਸ਼ਤ ਦਿੱਤੀ। ਇਚਰਾਕ ਚੈਬ ਪੂਜਾ ਰਾਣੀ ਤੋਂ 10 ਸਾਲ ਜੂਨੀਅਰ ਹਨ। ਕੁਆਰਟਰ ਫਾਈਨਲ ਵਿੱਚ 30 ਸਾਲਾ ਪੂਜਾ ਦਾ ਸਾਹਮਣਾ 31 ਜੁਲਾਈ ਨੂੰ ਤੀਜੀ ਦਰਜਾ ਪ੍ਰਾਪਤ ਚੀਨ ਦੀ ਲੀ ਕਿਯਾਨ ਨਾਲ ਹੋਵੇਗਾ। ਪੂਜਾ ਨੇ ਇਸ ਚੀਨੀ ਮੁੱਕੇਬਾਜ਼ ਨੂੰ ਏਸ਼ੀਅਨ ਚੈਂਪੀਅਨਸ਼ਿਪ ਦੋ ਵਾਰ ਹਰਾਇਆ ਹੈ। ਜੇ ਪੂਜਾ ਲੀ ਕਿਯਾਨ ਵਿਰੁੱਧ ਜਿੱਤ ਦਰਜ ਕਰ  ਪਾਉਂਦੀ ਹੈ, ਤਾਂ ਉਸਦੀ ਤਗਮਾ ਜਿੱਤਣ ਦੀ ਕਾਫ਼ੀ ਉਮੀਦ ਵੱਧ ਜਾਵੇਗੀ।

ਓਲਿੰਪਿਕ੍ਸ ਵਿੱਚ ਆਸਟ੍ਰੇਲੀਆ :

ਹਾਕੀ: ਕੂਕੁਬੁਰੇਆਂ ਨੇ ਕੀਵੀਆਂ ਨੂੰ 4-2 ਨਾਲ ਹਰਾਇਆ।

ਫੁੱਟਬਾਲ: ਮਿਸਰ ਨੇ ਆਸਟਰੇਲੀਆ ਨੂੰ 2- 0 ਨਾਲ ਹਰਾਇਆ ।

ਸਵਿਮਿੰਗ: ਆਸਟਰੇਲੀਆ 4×200 ਮੀਟਰ ਫ੍ਰੀ ਸਟਾਈਲ ਫਾਈਨਲ ਵਿਚ ਪਹੁੰਚਿਆ। ਏਮਾ ਮੈਕਕਿਨ ਨੇ ਓਲੰਪਿਕ ਰਿਕਾਰਡ ਨਾਲ 100 ਮੀਟਰ ਫ੍ਰੀ ਸਟਾਈਲ ਦੀ ਹੀਟ ਜਿੱਤੀ, ਕੇਟ ਕੈਂਪਬੈਲ ਸੈਮੀਫਾਈਨਲ ਵਿਚ ਪਹੁੰਚੀ। 4×200 ਮੀਟਰ ਰਿਲੇਅ ਵਿੱਚ ਆਸਟਰੇਲੀਆ ਲਈ ਕਾਂਸੀ !!

ਤੈਰਾਕੀ: 200 ਮੀਟਰ ਫ੍ਰੀ ਸਟਾਈਲ ਫਾਈਨਲ ਵਿੱਚ ਏਰਿਅਨ ਟਿਟਮਸ ਲਈ ਗੋਲਡ !!

ਬੂਮਰ ਜਿੱਤ! ਬਾਸਕਿਟ ਬਾਲ ਦੇ ਰੋਮਾਂਚਕ ਮੈਚ ਵਿੱਚ ਆਸਟ੍ਰੇਲੀਆ ਨੇ ਇਟਲੀ ਨੂੰ 86-83 ਨਾਲ ਹਰਾਇਆ।

ਸਾਈਕਲਿੰਗ: ਟਾਈਮ ਟ੍ਰਾਇਲ ਵਿਚ ਆਸਟਰੇਲੀਆਈ ਰੋਹਨ ਡੈਨਿਸ ਨੇ ਬਰੋਂਜ ਮੈਡਲ ਜਿੱਤਿਆ।

ਜਿਮਨਾਸਟਿਕਸ: ਸਿਮੋਨ ਬਾਈਲਸ ਵਿਅਕਤੀਗਤ ਮੁਕਾਬਲੇ ਤੋਂ ਬਾਹਰ।

ਟੈਨਿਸ: ਐਸ਼ ਬਾਰਟੀ ਅਤੇ ਸਟਾਰਮ ਸੈਂਡਰਜ਼ ਔਰਤਾਂ ਦੇ ਡਬਲਜ਼ ਤੋਂ ਬਾਹਰ।

ਰੋਇੰਗ:  ਆਸਟਰੇਲੀਆ ਨੇ ਮਰਦਾਂ ਅਤੇ ਔਰਤਾਂ ਦੇ 4 ਜਾਣਿਆ ਦੇ ਵਰਗ ਵਿੱਚ ਗੋਲਡ ਮੈਡਲ ਜਿੱਤੇ।

ਮੈਡਲ ਟੈਲੀ :

28 ਜੁਲਾਈ ਦੇ ਮੁਕਾਬਲੇ ਖ਼ਤਮ ਹੋਣ ਤੱਕ ਜਾਪਾਨ 13 ਗੋਲਡ 4 ਸਿਲਵਰ ਤੇ 5 ਬਰੋਂਜ ਮੈਡਲ ਜਿੱਤ ਕੇ ਪਹਿਲੇ ਨੰਬਰ ਤੇ ਸੀ।

ਆਸਟ੍ਰੇਲੀਆ 6 ਸੋਨੇ ਦੇ, 1 ਚਾਂਦੀ ਦਾ ਅਤੇ 9 ਕਾਂਸੇ ਦੇ ਤਗਮੇ ਜਿੱਤ ਕੇ 5ਵੇਂ ਨੰਬਰ ਤੇ ਆ ਗਿਆ।130 ਕਰੋੜ ਦੀ ਅਬਾਦੀ ਵਾਲਾ ਦੇਸ਼ ਭਾਰਤ ਮੀਰਾ ਬਾਈ ਚਾਨੁ ਦੇ ਜਿੱਤੇ ਇੱਕ ਮਾਤਰ ਚਾਂਦੀ ਦੇ ਤਗਮੇ ਨਾਲ 43ਵੇਂ ਸਥਾਨ ਤੇ ਖਿਸਕ ਗਿਆ।

29 ਜੁਲਾਈ ਨੂੰ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਅਰਜਨਟੀਨਾ ਨਾਲ ਭੀੜੇਗੀ। ਇਸ ਤੋਂ ਇਲਾਵਾ ਪੀ. ਵੀ ਸਿੰਧੂ ਬੈਡਮਿੰਟਨ, ਆਤਨੁ ਦਾਸ ਆਰਚਰੀ, ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਡਬਲ ਸੱਕਲ ਰੋਇੰਗ,ਰਾਹੀ ਸਰਨੋਭਟ ਤੇ ਮਨੂ ਭਾਕਰ 25 ਮੀ. ਪਿਸਟਲ ਸ਼ੂਟਿੰਗ, ਉਧਯਾਨ ਮਨੇ ਗੋਲਫ, ਵਿਸ਼ਨੂੰ, ਗਣਪਤੀ ਤੇ ਠੱਕਰ ਸੇਲਿੰਗ, ਸਾਜਨ ਪ੍ਰਕਾਸ਼ ਤੈਰਾਕੀ ਅਤੇ ਮੁੱਕੇਬਾਜ਼ੀ ਵਿੱਚ ਐਮ.ਸੀ ਮੈਰੀ ਕੌਮ ਅਤੇ ਸਤੀਸ਼ ਕੁਮਾਰ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin