Articles

ਓਲੰਪਿਕ੍ਸ ਤੀਸਰਾ ਦਿਨ: ਮੀਰਾਬਾਈ  ਚਾਨੂ ਦੀ ਜਿੱਤੀ ਚਾਂਦੀ ਸੋਨੇ ਹੋ ਸਕਦੀ ਹੈ ਤਬਦੀਲ

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਟੋਕਿਓ ਓਲੰਪਿਕ੍ਸ ਤੋਂ ਇਹ ਖ਼ਬਰ ਮਿਲੀ ਹੈ ਕਿ ਵੇਟਲਿਫਟਿੰਗ (49 ਕਿੱਲੋਗ੍ਰਾਮ ਵਰਗ) ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਤਗਮੇ ਨੂੰ ਸੋਨੇ ਵਿਚ ਬਦਲ ਸਕਦੀ ਹੈ। ਦਰਅਸਲ, ਚੀਨੀ ਖਿਡਾਰੀ ਹਉ ਜ਼ੀਹੁਈ ਉੱਪਰ ਮੁਕਾਬਲੇ ਦੌਰਾਨ ਡੋਪਿੰਗ ਕਰਨ ਦਾ ਸ਼ੱਕ ਹੈ। ਇਸ ਸੰਬੰਧੀ ਹੂ ਜ਼ੀਹੁਈ ਦੀ ਪਰਖ ਕੀਤੀ ਜਾ ਰਹੀ ਹੈ ਅਤੇ ਇਹ ਵੇਖਣਾ ਬਾਕੀ ਹੈ ਕਿ ਅੱਗੇ ਕੀ ਹੁੰਦਾ ਹੈ। ਭਾਰਤੀ ਪ੍ਰਤੀਨਿਧੀ ਮੰਡਲ ਦੇ ਮੈਂਬਰ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਰਹੇ ਹਨ। ਹੂ ਜ਼ੀਹੁਈ ਕੱਲ ਆਪਣੇ ਦੇਸ਼ ਪਰਤਣ ਵਾਲੀ ਸੀ, ਪਰ ਉਸਨੂੰ ਰੁਕਣ ਲਈ ਕਿਹਾ ਗਿਆ ਹੈ। ਓਲੰਪਿਕ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਡੋਪਿੰਗ ਫੇਲ੍ਹ ਹੋਣ ਕਾਰਨ ਕਿਸੇ ਖਿਡਾਰੀ ਦਾ ਤਗਮਾ ਖੋਹ ਲਿਆ ਜਾਵੇਗਾ ਅਜਿਹਾ 1988 ਸਿਓਲ ਓਲਿੰਪਿਕ ਵਿੱਚ 100 ਮੀਟਰ ਦੌੜਾਕ ਬੈਨ ਜੋਨਸਨ ਨਾਲ ਵੀ ਹੋ ਚੁਕਿਆ ਹੈ।

ਫ਼ੈਨਸਿੰਗ (ਤਲਵਾਰਬਾਜ਼ੀ) : ਮਹਿਲਾ ਤਲਵਾਰਬਾਜ਼ ਸੀਏ ਭਵਾਨੀ ਸਿੰਘ ਨੇ ਸੋਮਵਾਰ ਨੂੰ ਟੋਕਿਓ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਦਿਨ ਦੀ ਸ਼ੁਰੂਆਤ ਕੀਤੀ। ਆਪਣੀ ਪਹਿਲੀ ਓਲੰਪਿਕਸ ਵਿਚ ਭਵਾਨੀ ਨੇ ਪਹਿਲਾ ਮੈਚ ਜਿੱਤ ਕੇ ਵੱਡੀ ਖ਼ਬਰ ਦਿੱਤੀ। ਹਾਲਾਂਕਿ ਭਵਾਨੀ ਦੂਜੇ ਗੇੜ ਵਿੱਚ, ਫ੍ਰੈਂਚ ਖਿਡਾਰਨ ਮੈਨਨ ਬਰੂਨੈੱਟ ਤੋਂ ਹਾਰ ਗਈ, ਪਰ ਹਾਰਨ ਦੇ ਬਾਅਦ ਵੀ ਉਸਨੇ ਲਾਜਵਾਬ ਖੇਡ ਨੇ ਸਾਰਿਆਂ ਦਾ ਦਿਲ ਜਿੱਤ ਲਿਆ।

ਮੁੱਕੇਬਾਜ਼ੀ : ਮੁੱਕੇਬਾਜ਼ ਅਸ਼ੀਸ਼ ਕੁਮਾਰ ਨੂੰ ਚੀਨ ਦੇ ਅਰਬੀਕ ਤੌਹੀਤਾ ਨੇ 5-0 ਨਾਲ ਹਰਾਉਣ ਤੋਂ ਬਾਅਦ ਟੋਕਿਓ ਓਲੰਪਿਕ ਤੋਂ ਬਾਹਰ ਕਰ ਦਿੱਤਾ।

ਹਾਲੇ ਤੱਕ ਦੇ ਹੋਏ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਮੈਰੀਕਾਮ ਇਕੱਲੀ ਹੀ ਹੈ ਜਿਸ ਨੇ ਭਾਰਤੀ ਬਾਕਸਿੰਗ ਦਲ ਦੀ ਨੁਮਾਇੰਦਗੀ ਕਰਦਿਆਂ ਪਹਿਲੀ ਗੇੜ ਵਿਚ ਜਿੱਤ ਦਰਜ ਕੀਤੀ।

ਟੇਬਲ ਟੈਨਿਸ: ਭਾਰਤੀ ਮਹਿਲਾ ਪੈਡਲਰ ਮਨਿਕਾ ਬੱਤਰਾ ਆਪਣੇ ਸਿੰਗਲਜ਼ ਮੁਕਾਬਲੇ ਦੇ ਤੀਜੇ ਗੇੜ ਵਿੱਚ ਆਸਟਰੀਆ ਦੀ ਸੋਫੀਆ ਪਲਕਾਨੋਵਾ ਤੋਂ 0-4 (8-11, 2-11, 5-11, 7-11) ਨਾਲ ਹਾਰ ਗਈ। ਮਹਿਲਾ ਟੇਬਲ ਟੈਨਿਸ ਦੀ ਇੱਕ ਹੋਰ ਖਿਡਾਰਨ ਸੁਤੀਰਥਾ ਮੁਖਰਜੀ ਦੀ ਚੁਣੌਤੀ ਖਤਮ ਹੋ ਗਈ ਹੈ। ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਸੁਤੀਰਥਾ ਪੁਰਤਗਾਲ ਦੀ ਹੇ ਫੂ ਯੂ ਤੋਂ 0-4 (3-11, 3-11, 5-11, 5-11) ਨਾਲ ਹਾਰ ਗਈ।

ਇਸ ਤੋਂ ਇਲਾਵਾ ਅਚੰਤ ਸ਼ਰਥ ਕਮਲ ਟੇਬਲ ਟੈਨਿਸ ਵਿਚ ਆਪਣਾ ਮੈਚ ਜਿੱਤਣ ਵਿਚ ਸਫਲ ਰਿਹਾ। ਟੇਬਲ ਟੈਨਿਸ ਵਿਚ ਭਾਰਤ ਦਾ ਅਚੰਤ ਸ਼ਰਥ ਕਮਲ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਸ਼ਰਥ ਨੇ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਨੂੰ 4-2 ਨਾਲ ਹਰਾਇਆ।

ਟੈਨਿਸ : ਭਾਰਤ ਦੇ ਸੁਮਿਤ ਨਾਗਲ ਟੋਕੀਓ ਓਲੰਪਿਕ ਵਿੱਚ ਟੈਨਿਸ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਦੂਜੇ ਗੇੜ ਤੋਂ ਬਾਹਰ ਹੋ ਗਏ ਹਨ। ਓਹ ਰਸ਼ੀਆ ਦੇ ਡੈਨੀਅਲ ਮੇਦਵੇਦੇਵ ਤੋਂ ਸਿੱਧੇ ਸੈੱਟਾਂ ਨਾਲ ਹਾਰ ਗਏ। ਨਾਗਲ ਦੇ ਹਾਰਨ ਨਾਲ ਟੈਨਿਸ ਵਿੱਚ ਭਾਰਤੀ ਚੁਣੌਤੀ ਲਗਭਗ ਖਤਮ ਹੋ ਗਈ ਹੈ। ਵਿਸ਼ਵ ਦੀ 160 ਵੇਂ ਨੰਬਰ ਦੀ ਨਾਗਾਲ ਇਕ ਘੰਟੇ ਅਤੇ ਛੇ ਮਿੰਟ ਚੱਲੇ ਮੈਚ ਵਿੱਚ ਦੂਜੀ ਦਰਜਾ ਪ੍ਰਾਪਤ ਮੇਦਵੇਦੇਵ ਤੋਂ 2-6, 1-6 ਨਾਲ ਹਾਰ ਗਏ।

ਤੀਰਅੰਦਾਜ਼ੀ : ਭਾਰਤੀ ਪੁਰਸ਼ਾਂ ਦੀ ਤੀਰਅੰਦਾਜ਼ੀ ਟੀਮ ਕੋਰੀਆ ਤੋਂ ਹਾਰ ਗਈ ਹੈ।

ਅਤਨੂੰ ਦਾਸ, ਪ੍ਰਵੀਨ ਜਾਧਵ ਅਤੇ ਤਰੁਣਦੀਪ ਰਾਏ ਦੀ ਭਾਰਤੀ ਪੁਰਸ਼ਾਂ ਦੀ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ ਵਿਚ ਟੋਕਿਓ ਓਲੰਪਿਕ ਖੇਡਾਂ ਤੋਂ ਬਾਹਰ ਹੋ ਗਈ। ਕੋਰੀਆ ਦੇ ਦਿਓਕ ਜਾ ਕਿਮ, ਵੂਜਿਨ ਕਿਮ ਅਤੇ ਜਿਨਯੋਕ ਓਹ ਨੇ ਭਾਰਤੀ ਟੀਮ ਨੂੰ 59-54, 59-57, 56-54 ਨਾਲ ਹਰਾਇਆ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਕਜ਼ਾਕਿਸਤਾਨ ਨੂੰ 6-2 ਨਾਲ ਹਰਾਇਆ ਸੀ।

ਬੈਡਮਿੰਟਨ : ਸਤਵਿਕ ਅਤੇ ਚਿਰਾਗ ਬੈਡਮਿੰਟਨ ਦੇ ਪੁਰਸ਼ ਡਬਲਜ਼ ਵਿੱਚ ਹਾਰ ਗਏ ਹਨ। ਬੈਡਮਿੰਟਨ ਦੇ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਸੱਤਵਿਕਸਾਈਰਾਜ ਰੈਂਕੈਡਰਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੂੰ ਮਾਰਕਸ ਫਰਨਾਲਦੀ ਗਿਦੇਨ ਅਤੇ ਕੇਵਿਨ ਸੁਕਾਮੂਲਜੋ ਦੀ ਇੰਡੋਨੇਸ਼ੀਆਈ ਜੋੜੀ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦੀ 10 ਵੇਂ ਨੰਬਰ ਦੀ ਖਿਡਾਰੀ ਜੋੜੀ ਸੱਤਵਿਕ ਅਤੇ ਚਿਰਾਗ ਨੂੰ 32 ਵੇਂ ਮਿੰਟ ਵਿਚ ਵਿਸ਼ਵ ਦੀ ਨੰਬਰ ਇਕ ਇੰਡੋਨੇਸ਼ੀਆਈ ਜੋੜੀ ਨੇ ਸਿੱਧੇ ਸੈੱਟਾਂ ਵਿੱਚ 21-13, 21-12 ਨਾਲ ਹਰਾਇਆ।

ਤੈਰਾਕੀ : ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਹੀਟ 2 ਵਿਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਪੁਰਸ਼ਾਂ ਦੀ 200 ਮੀਟਰ ਬਟਰਫਲਾਈ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ। ਪਿਛਲੇ ਮਹੀਨੇ ਇਟਲੀ ਵਿਚ ਓਲੰਪਿਕ ਕੁਆਲੀਫਾਇਰ ਦੌਰਾਨ ਓਸ ਨੇ 1:56:38 ਦੇ ਸਮੇਂ ਨਾਲ ਵਧੀਆ ਪ੍ਰਦਰਸ਼ਨ ਕੀਤਾ ਸੀ, ਪ੍ਰਕਾਸ਼ ਇਸ ਮੁਕਾਬਲੇ ਦੇ 38 ਤੈਰਾਕਾਂ ਵਿਚ 1:57.22 ਦਾ ਸਮਾਂ ਕੱਢਕੇ 24 ਵੇਂ ਸਥਾਨ ‘ਤੇ ਰਿਹਾ।

ਹਾਕੀ: ਭਾਰਤੀ ਮਹਿਲਾ ਟੀਮ ਪਹਿਲੇ ਮੈਚ ਵਿਚ ਨੀਦਰਲੈਂਡ ਤੋਂ 1-5 ਨਾਲ ਹਾਰ ਤੋਂ ਬਾਅਦ ਖੇਡਾਂ ਦੇ ਚੌਥੇ ਦਿਨ ਜਰਮਨੀ ਦਾ ਸਾਹਮਣਾ ਕਰਨਾ ਸੀ, ਪਰ ਕਈ ਮੌਕਿਆਂ ਦੇ ਬਾਵਜੂਦ ਰਾਣੀ ਰਾਮਪਾਲ ਦੀ ਟੀਮ ਆਪਣੀ ਹਾਰ ਤੋਂ ਨਹੀਂ ਬਚ ਸਕੀ। ਮੈਚ 2-0 ਨਾਲ ਜਰਮਨ ਦੇ ਪੱਖ ਭੁਗਤ ਗਿਆ।

ਪੁਆਇੰਟ ਟੇਬਲ ਵਿਚ ਭਾਰਤੀ ਟੀਮ ਦੋ ਮੈਚਾਂ ਵਿਚ ਕੋਈ ਮੈਚ ਨਾ ਜਿੱਤਣ ਕਾਰਨ ਪੂਲ ‘ਏ’ ਵਿੱਚ ਸਭ ਤੋਂ ਹੇਠਾਂ ਛੇਵੇਂ ਸਥਾਨ’ ਤੇ ਹੈ, ਜਦਕਿ ਜਰਮਨੀ ਦੋ ਮੈਚਾਂ ਵਿਚੋਂ ਦੋ ਜਿੱਤਾਂ ਨਾਲ ਛੇ ਅੰਕ ਲੈ ਕੇ ਦੂਜੇ ਸਥਾਨ ‘ਤੇ ਹੈ। ਭਾਰਤੀ ਮਹਿਲਾ ਟੀਮ ਦਾ ਮੁਕਾਬਲਾ ਹੁਣ 28 ਜੁਲਾਈ ਨੂੰ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ।

ਸੇਲਿੰਗ: ਵਿਸ਼ਨੂੰ ਸਰਾਵਾਨਨ, ਜੋ ਕਿ ਪਹਿਲੇ ਦਿਨ ਤੋਂ ਬਾਅਦ ਸੇਲਿੰਗ ਲੇਜ਼ਰ ਕਲਾਸ ਵਿੱਚ 14 ਵੇਂ ਥਾਂ ਤੇ ਸੀ, ਓਹ ਹੁਣ ਹੇਠਾਂ ਖਿਸਕ ਕੇ 25 ਵੇਂ ਸਥਾਨ ‘ਤੇ ਚਲਾ ਗਿਆ, ਜਦਕਿ ਨੇਥਰਾ ਕੁਮਾਨਨ ਸੇਲਿੰਗ ਕੁਆਲੀਫਾਇਰ ਦੇ ਦੂਜੇ ਦਿਨ ਦੇ ਬਾਅਦ ਲੇਜ਼ਰ ਰੇਡੀਏਲ ਵਿੱਚ 27 ਵੇਂ ਤੋਂ ਹੇਠਾਂ 28 ਵੇਂ ਸਥਾਨ’ ਤੇ ਆ ਗਈ।

ਉਲੰਪਿਕ ਵਿੱਚ ਆਸਟ੍ਰੇਲੀਆ : ਆਸਟਰੇਲੀਆ ਦੇ ਏਰੀਅਰ ਟਿਟਮਸ ਨੇ ਟੋਕਿਓ ਓਲੰਪਿਕ ਦੀ 400 ਮੀਟਰ ਫ੍ਰੀ ਸਟਾਈਲ ਫਾਈਨਲ ਵਿੱਚ ਦੂਜਾ ਸੋਨੇ ਦਾ ਤਗ਼ਮਾ ਜਿੱਤਿਆ ਉਹਨਾਂ ਨੇ ਵਿਰੋਧੀ ਕੈਟੀ ਲੈਡੇਕੀ ਨੂੰ ਹਰਾਇਆ।

ਏਮਾ ਮੈਕਕਿਓਨ ਨੇ 100 ਮੀਟਰ ਬਟਰਫਲਾਈ ਵਿਚ  ਨਿੱਜੀ ਸਰਬੋਤਮ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਜਦਕਿ ਕਾਇਲ ਚੈਮਰਜ਼ ਨੇ 4×100 ਮੀਟਰ ਫ੍ਰੀ ਸਟਾਈਲ ਰਿਲੇਅ ਵਿਚ ਆਸਟਰੇਲੀਆ ਨੂੰ ਕਾਂਸੀ ਦਾ ਤਗਮਾ ਦਵਾਇਆ।

ਇਸ ਤੋਂ ਪਹਿਲਾਂ ਐਤਵਾਰ ਨੂੰ ਬ੍ਰੈਂਡਨ ਸਮਿੱਥ ਨੇ 400 ਮੀਟਰ ਦੇ ਵਿਅਕਤੀਗਤ ਮੈਡਲੇ ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ 400 ਮੀਟਰ ਫ੍ਰੀਸਟਾਈਲ ਫਾਈਨਲ ਵਿੱਚ ਜੈਕ ਮੈਕਲੌਫਲਿਨ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।

ਔਰਤਾਂ ਦੀ 4×100 ਮੀਟਰ ਰੀਲੇਅ ਟੀਮ ਨੇ ਆਸਟ੍ਰੇਲੀਆ ਨੂੰ ਸੋਨ ਤਗਮਾ ਦਵਾਇਆ ਵਿਸ਼ਵ ਰਿਕਾਰਡ ਸਮੇਂ ਵਿੱਚ  ਬ੍ਰੋਂਟ ਕੈਂਪਬੈਲ, ਮੇਗ ਹੈਰਿਸ, ਏਮਾ ਮੈਕਕਿਉਨ ਅਤੇ ਕੇਟ ਕੈਂਪਬੈਲ ਨੇ ਆਸਟਰੇਲੀਆ ਨੂੰ ਖੇਡਾਂ ਦਾ ਪਹਿਲਾ ਸੋਨ ਤਗਮਾ ਦਵਾਇਆ, ਇਸ ਟੀਮ ਨੇ ਸ਼ਾਨਦਾਰ 3: 29.69 ਸਕਿੰਟ ਦਾ ਸਮਾਂ ਕੱਢ ਕੇ ਇਹ ਮੈਡਲ ਜਿੱਤਿਆ।

ਪੋਸਟ ਡਾਕਟਰੇਟ ਅੰਨਾ ਕਿਜ਼ਨਹੋਫਰ ਨੇ ਮਹਿਲਾ ਸਾਈਕਲਿੰਗ ਵਿੱਚ ਜਿੱਤਿਆ ਗੋਲਡ : ਆਸਟਰੀਆ ਦੀ ਅੰਨਾ ਕਿਜ਼ਨਹੋਫਰ ਨੇ ਟੋਕਿਓ ਓਲੰਪਿਕ ਵਿੱਚ ਮਹਿਲਾ ਸਾਈਕਲਿੰਗ ਵਿੱਚ ਗੋਲਡ ਜਿੱਤਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪੇਸ਼ੇਵਰ ਤੌਰ ਤੇ, ਉਹ ਇੱਕ ਵਿਗਿਆਨੀ ਹੈ, ਸਵਿਟਜ਼ਰਲੈਂਡ ਦੇ ਲੌਸਨੇ ਵਿੱਚ ਈਕੋਲੇ ਪੋਲੀਟੈਕਨੀਕ ਫੈਡਰਲ ਡੀ ਲੌਸੈਨ (ਈਪੀਐਫਐਲ) ਵਿੱਚ ਗਣਿਤ ਵਿਭਾਗ ਵਿੱਚ ਇੱਕ ਪੋਸਟਡੌਕਟੋਰਲ ਫੈਲੋ ਵਜੋਂ ਪੂਰਾ ਸਮਾਂ ਕੰਮ ਕਰ ਰਹੀ ਹੈ। ਉਹ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਅਣਸੁਲਝੇ ਪ੍ਰਸ਼ਨਾਂ ਦੇ ਹੱਲ ਲਈ ਗੈਰ ਲਾਈਨਰੀ ਅੰਸ਼ਕ ਪੱਖਪਾਤੀ ਸਮੀਕਰਣਾਂ ‘ਤੇ ਕੰਮ ਕਰ ਰਹੀ ਹੈ। ਉਸਨੇ ਵੀਏਨਾ ਦੀ ਟੈਕਨੀਕਲ ਯੂਨੀਵਰਸਿਟੀ ਤੋਂ ਬੀ.ਐਸ.ਸੀ, ਕੈਂਬਰਿਜ ਯੂਨੀਵਰਸਿਟੀ ਤੋਂ ਐਮ.ਐਸ.ਸੀ ਅਤੇ ਕੈਟਾਲੋਨੀਆ ਦੀ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਪੀਐਚ.ਡੀ ਕੀਤੀ। ਅਜਿਹਾ ਮਸ਼ਹੂਰ ਅਕਾਦਮਿਕ ਪਿਛੋਕੜ ਅਤੇ ਹੁਣ ਓਲੰਪਿਕ ਵਿਚ ਸੋਨੇ ਦਾ ਤਗਮਾ ! ਕਿਸਨੇ ਕਿਹਾ ਕਿ ਇੱਕ ਪੇਸ਼ੇਵਰ ਵਿਗਿਆਨੀ ਅਤੇ ਗਣਿਤ ਬੁੱਧੀਜੀਵੀ  ਇੱਕ ਖੇਡ ਚੈਂਪੀਅਨ ਨਹੀਂ ਹੋ ਸਕਦਾ? ਇਹ ਉਹਨਾਂ ਲਈ ਪ੍ਰੇਰਣਾਦਾਇਕ ਹੈ ਜੋ ਕਹਿੰਦੇ ਹਨ ਪੜਾਈ ਦੇ ਨਾਲ ਖੇਡਾਂ ਨਹੀਂ ਹੋ ਸਕਦੀਆਂ।

ਓਲਿੰਪਿਕ ਤੇ ਕਰੋਨਾ ਦਾ ਸਾਇਆ : ਨੀਦਰਲੈਂਡਜ਼ ਦੇ ਟੈਨਿਸ ਖਿਡਾਰੀ ਜੀਨ-ਜੂਲੀਅਨ ਰੌਜਰ ਕੋਵਿਡ -19 ਦੇ ਕਾਰਨ ਟੋਕਿਓ ਓਲੰਪਿਕ ਤੋਂ ਬਾਹਰ ਹੋ ਗਏ ਹਨ। ਪ੍ਰਬੰਧਕਾਂ ਨੇ ਸੋਮਵਾਰ ਨੂੰ ਖੇਡਾਂ ਵਿੱਚ ਕੋਵਿਡ -19 ਨਾਲ ਸਬੰਧਤ 16 ਨਵੇਂ ਕੇਸਾਂ ਦੀ ਘੋਸ਼ਣਾ ਕੀਤੀ। ਰੌਜਰ ਦੀ ਕੋਰੋਨਾ ਸਕਾਰਾਤਮਕ ਰਿਪੋਰਟ ਤੋਂ ਬਾਅਦ ਉਸਨੂੰ ਅਤੇ ਉਸ ਦੇ ਸਾਥੀ ਵੇਸਲੇ ਕੂਲਹੋਫ ਨੂੰ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਮਾਰਕਸ ਡੇਨੀਅਲ ਅਤੇ ਮਾਈਕਲ ਵੀਨਸ ਦੇ ਖਿਲਾਫ ਹੋਣ ਵਾਲੇ ਦੂਜੇ ਗੇੜ ਦੇ ਮੈਚ ਤੋਂ ਹਟਾ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਟੋਕਿਓ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੋਮਵਾਰ ਨੂੰ ਓਲੰਪਿਕ ਖੇਡਾਂ ਵਿਚ ਕੋਵਿਡ -19 ਦੇ 16 ਨਵੇਂ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚ ਤਿੰਨ ਖਿਡਾਰੀ ਵੀ ਸ਼ਾਮਲ ਸਨ। ਇਸ ਤਰ੍ਹਾਂ, ਖੇਡਾਂ ਨਾਲ ਜੁੜੇ ਕੇਸਾਂ ਦੀ ਕੁਲ ਗਿਣਤੀ 148 ਹੋ ਗਈ ਹੈ।

ਮੈਡਲ ਟੈਲੀ : ਅੱਜ ਤੀਸਰੇ ਦਿਨ ਦੇ ਮੁਕਾਬਲੇ ਖ਼ਤਮ ਹੋਣ ਤੱਕ ਜਾਪਾਨ 8 ਗੋਲਡ 2 ਸਿਲਵਰ ਤੇ 3 ਬਰੋਂਜ ਮੈਡਲ ਜਿੱਤ ਕੇ ਪਹਿਲੇ ਨੰਬਰ ਤੇ ਸੀ।

ਆਸਟ੍ਰੇਲੀਆ 2 ਸੋਨੇ ਦੇ, 1 ਚਾਂਦੀ ਦਾ ਅਤੇ ਤਿੰਨ ਕਾਂਸੇ ਦੇ ਤਗਮੇ ਜਿੱਤ ਕੇ 7ਵੇਂ ਨੰਬਰ ਤੇ ਰਿਹਾ। 130 ਕਰੋੜ ਦੀ ਅਬਾਦੀ ਵਾਲਾ ਦੇਸ਼ ਭਾਰਤ ਮੀਰਾ ਬਾਈ ਚਾਨੁ ਦੇ ਜਿੱਤੇ ਇੱਕ ਮਾਤਰ ਚਾਂਦੀ ਦੇ ਤਗਮੇ ਨਾਲ 33ਵੇਂ ਸਥਾਨ ਤੇ ਚਲਿਆ ਗਿਆ।

27 ਜੁਲਾਈ ਨੂੰ ਹੋਣ ਵਾਲੇ ਮੁਕਾਬਲਿਆ ਵਿੱਚ ਭਾਰਤ ਸ਼ੂਟਿੰਗ, ਹਾਕੀ, ਬੈਡਮਿੰਟਨ, ਮੁੱਕੇਬਾਜ਼ੀ ਅਤੇ ਸੇਲਿੰਗ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰੇਗਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin