
ਅਸੀ ਕਦੇ ਗੌਰ ਕੀਤਾ ਕਿ ਸਾਡੇ ਆਲੇ-ਦੁਆਲੇ ਸਾਡੇ ਘਰਾਂ ਵਿੱਚ ਉਹ ਔਰਤਾਂ ਜਿੰਨਾਂ ਨੇ ਘਰ ਗ੍ਰਹਿਸਥੀ ਸਾਂਭਣ ਦੇ ਨਾਲ -ਨਾਲ ਆਪਣਾਂ ਕਾਰੋਬਾਰ ਆਪ ਚਲਾੳਣ ਦੀ ਰਾਹ ਚੁਣੀ, ਜਿੰਨਾਂ ਨੇ ਜ਼ਮੀਨ -ਜਾਇਦਾਦ ਦੇ ਹਰ ਪੱਖ ਵਿੱਚ ਆਪਣੇ ਸਾਥੀ ਦਾ ਸਹਿਯੋਗ ਦਿੱਤਾ, ਜਿੰਨਾਂ ਘਰ ਸੰਵਾਰਨ-ਸਾਂਭਣ ਤੋਂ ਇਲਾਵਾ ਘਰ ਦੀ ਉਸਾਰੀ ਤੱਕ ਦਾ ਜਿੰਮਾ ਵੀ ਨਿਭਾਇਆਂ। ਜੋ ਘਰ ਵਿੱਚ ਸੌਦਾ-ਪੱਤਾ ਤਾਂ ਲੈ ਕੇ ਆਉਂਦੀਆਂ ਹੀ ਹਨ ਪਰ ਨਾਲ-ਨਾਲ ਘਰ ਦੇ ਹਰ ਬਿੱਲ ਦਾ ਹਿਸਾਬ-ਕਿਤਾਬ ਵੀ ਰੱਖਿਆ। ਗੱਡੀਆਂ ਦੀਆਂ ਕਿਸ਼ਤਾਂ ਤੋਂ ਮਰੁੰਮਤ ਤੱਕ ਦਾ ਧਿਆਨ ਰੱਖਿਆ ਹੋਇਆ। ਕਿਤੇ ਆੳਣ ਜਾਣ ਵੇਲੇ ਜੋ ਆਪਣੇ ਸਾਥੀ ਨੂੰ ਇਹ ਆਖ ਕੇ ਸੁਖਾਵਾਂ ਕਰ ਦੇਣ ਕਿ ਟਿਕਟਾਂ ਮੈਂ ਬੁੱਕ ਕਰਵਾਂ ਲਈਆਂ ਹਨ। ਘੁੰਮਣ ਫਿਰਨ ਜਿੱਥੇ ਆਪਾਂ ਜਾਣਾ ਏ ਮੈਂ ਸਾਰਾ ਪ੍ਰਬੰਧ ਕਰ ਲਿਆ ਏ ਤੁਸੀਂ ਬੱਸ ਤਿਆਰ ਹੋ ਜਾਵੋ।
ਅਕਸਰ ਜਦੋ ਸਾਡੀ ਮੁਲਾਕਾਤ ਏਦਾਂ ਦੀ ਸ਼ਖਸ਼ੀਅਤ ਵਾਲੀਆਂ ਭੈਣਾਂ ਨਾਲ ਹੁੰਦੀ ਏ ਤਾਂ ਬੀਬੀਆਂ ਹੀ ਪਰੇਸ਼ਾਨ ਹੋ ਜਾਂਦੀਆਂ ਨੇ। ਉਹਨਾਂ ਨੂੰ ਲੱਗਦਾ ਏ ਕਿ ਬੀਬੀ ਬੱਸ ਘਰ ਦੇ ਕੰਮਕਾਰ ਕਰੇ, ਬੱਚੇ ਸਾਂਭੇ ਤੇ ਨਾਲੇ ਬਾਹਰ ਨੌਕਰੀ ਕਰ ਆਏ। ਏਨਾਂ ਬਹੁਤ ਏ ਕੀ ਲੌੜ ਏ ਹਰ ਥਾਂ ਬੰਦੇ ਵਾਂਗ ਕੰਮ ਕਰਨ ਦੀ। ਕਿਉਂਕਿ ਉਹਨਾਂ ਨੂੰ ਲੱਗਦਾ ਏ ਕਿ ਅੱਜ ਵੀ ਜ਼ਮੀਨਾਂ -ਜਾਇਦਾਦ ਦੀ ਜਿੰਮੇਵਾਰੀ ਬੱਸ ਆਦਮੀ ਦੇ ਹੱਥ ਹੀ ਹੌਣੀ ਚਾਹੀਦੀ ਏ, ਅੱਜ ਵੀ ਔਰਤਾਂ ਪ੍ਰਾਪਰਟੀ ਦੀ ਕੋਈ ਗੱਲ ਨਾ ਕਰਨ ਤਾਂ ਚੰਗਾ ਏ। ਕਿਉਂਕਿ ਉਹਨਾਂ ਨੇ ਕਦੇ ਆਪ ਏਦਾਂ ਦੀ ਜਿੰਮੇਵਾਰੀ ਨਹੀ ਚੁੱਕੀ ਹੁੰਦੀ ਤਾਂ ਹੀ ਉਹਨਾਂ ਨੂੰ ਆਪਣੇ ਲਾਗੇ-ਬੰਨੇ ਅਜਿਹਾਂ ਮਾਹੌਲ ਵੇਖ ਅਣੁਸੁਖਾਵਾਂ ਮਹਿਸੂਸ ਹੁੰਦਾ ਏ। ਉਹ ਇੱਕਠੀਆਂ ਬੈਠ ਕੇ ਕਿਸੇ ਕਾਰੋਬਾਰ ਦੀ ਗੱਲ ਤਾਂ ਕਦੇ ਸੋਚਣ ਵੀ ਨਾ ਬੱਸ ਦਾਲ-ਸਬਜ਼ੀ, ਸਫਾਈ ਬੱਚਿਆਂ ਦੇ ਰੌਲੇ -ਰੱਪੇ ਦਾ ਜ਼ਿਕਰ ਕਰ ਲੈਣ ਬੱਸ ਬਹੁਤ ਏ। ਤੇ ਉਹਨਾਂ ਵਿੱਚੋਂ ਜੇਕਰ ਕੋਈ ਔਰਤ ਆਪਣੀ ਮਰਜੀ ਆਪਣੇ ਹੌਸਲੇ ਤੇ ਆਪਣੇ ਸਾਥੀ ਦੇ ਸਹਿਯੋਗ ਨਾਲ ਹਰ ਕੰਮ ਵਿੱਚ ਅੱਗੇ ਆਉਂਦੀ ਏ ਤਾਂ ਲੋਕਾਂ ਵੱਲੋਂ ਉਸ ਘਰ ਦੀ ਭਵਿੱਖਬਾਣੀ ਇਹ ਆਖ ਕਰ ਦਿੱਤੀ ਜਾਂਦੀ ਏ ਕਿ “ਇੱਥੇ ਤਾਂ ਬੰਦੇ ਦੀ ਕੋਈ ਪੁੱਛ -ਗਿੱਛ ਨਹੀ। ਸਾਰੀ ਚੱਲਦੀ ਤਾਂ ਬੀਬੀ ਦੀ ਹੀ ਏ “ਭਾਵੇਂ ਉਹ ਆਪਣੇ ਘਰ ਵਿੱਚ ਪੂਰੇ ਖੁਸ਼ ਹੋਣ ਪਰ ਰਿਸ਼ਤੇਦਾਰਾਂ ਵੱਲੋਂ ਉਸ ਘਰ ਦੇ ਮਰਦ ਨੂੰ ਨਿਮਾਣਾ ਬਣਾ ਦਿੱਤਾ ਜਾਂਦਾ ਏ। ਜਦ ਕਿ ਇਹ ਸੁਭਾਅ ਕੁਦਰਤੀ ਹੁੰਦਾ ਏ। ਸਾਰੇ ਇੱਕੋ ਜਿਹੇ ਨਹੀ ਹੁੰਦੇ. ਘਰਾਂ ਦੀ ਜਿੰਮੇਵਾਰੀ ਤੇ ਬੱਚਿਆਂ ਦਾ ਪਾਲਣ-ਪੋਸ਼ਣ ਸ਼ੁਰੂ ਤੋਂ ਹੀ ਔਰਤ ਦੇ ਹਿੱਸੇ ਆਇਆ ਏ। ਪਰ ਇਸਦੇ ਨਾਲ ਨਾਲ ਹੁਣ ਔਰਤਾਂ ਦੇਸ਼-ਵਿਦੇਸ਼ ਵਿੱਚ ਬਾਹਰ ਨੌਕਰੀ ਕਰ ਕਮਾ ਵੀ ਰਹੀਆਂ ਹਨ। ਪਰ ਇਸਦੇ ਨਾਲ ਕਈ ਭੈਣਾਂ ਆਪਣੇ ਪੈਰਾਂ ‘ਤੇ ਆਪ ਖੜ ਰਹੀਆਂ ਹਨ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਏ, ਤੇ ਇਸਤੋਂ ਵੀ ਅੱਗੇ ਜੋ ਔਰਤਾਂ ਹਰ ਵਪਾਰਕ ਕੰਮ ਵਿੱਚ ਸਾਥੀ ਦੀ ਸਹਾਇਤਾ ਕਰ ਰਹੀਆਂ ਹਨ ਤਾਂ ਸਗੋਂ ਉਹਨਾਂ ਨੂੰ ਹੱਲਾਸੇਰੀ ਦੇਣੀ ਬਣਦੀ ਏ ਨਾ ਕਿ ਔਰਤਾਂ ਹੀ ਔਰਤਾਂ ਨੂੰ ਗੱਲੀ ਬਾਤੀ ਗੱਲਾਂ ਕਰਕੇ ਅਗਲੇ ਦਾ ਤੇ ਆਪਣਾ ਸਮਾਂ ਖਰਾਬ ਕਰੀ ਜਾਣ। ਆਪਣੇ ਤੇ ਅਗਲੇ ਦੇ ਸਮੇਂ ਦੀ ਕਦਰ ਕਰਨੀ ਸਿੱਖੀਏ ਜੋ ਅਸੀ ਕਰ ਰਹੇ ਹਾਂ ਉਸ ਵਿੱਚ ਖੁਸ਼ ਰਹੀਏ। ਜੋ ਸਾਡੇ ਸੰਗੀ ਸਾਥੀ ਕਰ ਰਹੇ ਹਨ ਉਹਨਾਂ ਨੂੰ ਕਰਨ ਦੇਈਏ।