ਔਰਤ ਕੁਦਰਤ ਦੀ ਸ਼੍ਰੇਸਟ ਤੇ ਖ਼ੂਬਸੂਰਤ ਰਚਨਾ ਮੰਨੀ ਗਈ ਹੈ। ਕਿਸੇ ਵੀ ਸਮਾਜ ਨੂੰ ਸਾਹਮਣੇ ਰੱਖ ਕੇ ਵੇਖੀਏ, ਔਰਤ ਚਾਰ ਰੂਪਾਂ ‘ਚ ਵਿਚਰਦੀ ਹੈ, ਜੋ ਸਮੇਂ ਮੁਤਾਬਕ ਢਲਦੇ ਹਨ। ਲੇਖਿਕਾ ਫਰਖੰਦਾ ਲੋਧੀ ਲਿਖਦੇ ਨੇ, ”ਔਰਤ ਜੋ ਮਾਂ ਹੈ, ਉਹ ਕਿਸੇ ਦੀ ਧੀ, ਭੈਣ ਤੇ ਸੁਆਣੀ ਵੀ ਹੈ। ਇਨ੍ਹਾਂ ‘ਚੋਂ ਤਿੰਨ ਰੂਪ ਰੱਬੀ ਹਨ ਕਿਉਂਕਿ ਇਸ ਵਿੱਚ ਕਿਸੇ ਦੀ ਚੋਣ ਨਹੀਂ ਹੁੰਦੀ ਪਰ ਚੌਥਾ ਰੂਪ ਸੁਆਣੀ (ਪਤਨੀ) ਬਣਨਾ ਸਬੱਬੀ ਹੈ।” ਔਰਤ ਦਾ ਇਹ ਸਬੱਬੀ ਰੂਪ ਆਪ ਚੁਣਿਆ ਜਾਂ ਜੋੜਿਆ ਜਾਂਦਾ ਹੈ। ਜਦੋਂ ਕੋਈ ਵੀ ਮੁੰਡਾ-ਕੁੜੀ ਵਿਆਹ ਬੰਧਨ ਵਿੱਚ ਬੱਝਦੇ ਹਨ ਤਾਂ ਇਹੀ ਕਿਹਾ ਜਾਂਦਾ ਹੈ ਕਿ ਇਸ ਦੇ ਸੰਜੋਗ ਸਨ। ਜੇ ਕੋਈ ਰਿਸ਼ਤਾ ਪਸੰਦ ਦਾ ਰਿਸ਼ਤਾ ਨਾ ਲੱਭ ਰਿਹਾ ਹੋਵੇ ਤਾਂ ਇਹੀ ਸੋਚ ਕੰਮ ਕਰਦੀ ਹੈ ਕਿ ਜਿੱਥੇ ਸੰਜੋਗ ਹੋਏ ਆਪੇ ਸਬੱਬ ਬਣ ਜਾਵੇਗਾ। ਪਤਨੀ ਬਣਨ ਜਾ ਰਹੀ ਮੁਟਿਆਰ ਵਾਸਤੇ ਚੰਗੀ ਯੋਗਤਾ ਰੱਖਣੀ, ਮੂੰਹ-ਮੱਥੇ ਲੱਗਦੀ, ਸੁਚੱਜੀ ਤੇ ਘਰ ਦੇ ਕੰਮ-ਕਾਰ ‘ਚ ਨਿਪੁੰਨ ਹੋਣਾ ਵੇਖਿਆ ਜਾਂਦਾ ਹੈ। ਮਾਂ-ਬਾਪ ਵੀ ਵਾਹ ਲੱਗਦੀ ਆਪਣੇ ਵੱਲੋਂ ਧੀ ਦੇ ਪਾਲਣ-ਪੋਸ਼ਣ ‘ਚ ਕੋਈ ਕਸਰ ਨਹੀਂ ਛੱਡਦੇ ਤੇ ਇਹੀ ਕਾਮਨਾ ਕਰਦੇ ਹਨ ਕਿ ਸਾਡੀ ਬੱਚੀ ਵੱਖਰੇ ਤੇ ਬਦਲੇ ਮਾਹੌਲ ‘ਚ ਜਾ ਕੇ ਜ਼ਿੰਦਗੀ ਦੇ ਸੁੱਖ ਮਾਣੇ ਤੇ ਖ਼ੁਸ਼ ਰਹੇ। ਪਹਿਲੇ ਵੇਲਿਆਂ ‘ਚ ਸੰਯੁਕਤ ਪਰਿਵਾਰਾਂ ਵਿੱਚ ਰਹਿੰਦੀਆਂ ਧੀਆਂ ਖ਼ੁਦ ਹੀ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੁਚੇਤ ਤੇ ਸੂਝਵਾਨ ਹੋ ਜਾਂਦੀਆਂ ਸਨ। ਇੱਕ ਹੀ ਜਗ੍ਹਾ ‘ਤੇ ਸਾਰੇ ਰਿਸ਼ਤੇ-ਨਾਤੇ ਨਿਭਾਉਣਾ, ਵੱਡਿਆਂ ਦਾ ਆਦਰ-ਸਤਿਕਾਰ, ਸਾਰੇ ਪਰਿਵਾਰ ਨਾਲ ਸਨੇਹ ਪਾਲਣਾ, ਘਰ ਦੀ ਇੱਜ਼ਤ ਤੇ ਮਾਣ-ਮਰਿਆਦਾ ਦਾ ਖ਼ਿਆਲ ਉਸ ਦੇ ਸੰਸਕਾਰਾਂ ‘ਚ ਵੱਸ ਜਾਂਦਾ। ਘਰ ਵਿੱਚ ਉੱਚਾ-ਨੀਵਾਂ ਬੋਲਿਆ ਜਾਣਾ, ਜਰ ਲੈਣਾ, ਸਾਰੇ ਦੁੱਖ-ਸੁੱਖ ਹੰਢਾਉਣ ਨਾਲ ਸਹਿਣ ਸ਼ਕਤੀ ਪ੍ਰਬਲ ਹੁੰਦੀ। ਉਦੋਂ ਰਿਸ਼ਤਾ ਤੈਅ ਕਰਨਾ ਘਰ ਦੇ ਬਜ਼ੁਰਗ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ। ਆਪਸੀ ਪਰਿਵਾਰਾਂ ਦੀ ਜਾਣ-ਪਛਾਣ, ਅੰਗਲੀ-ਸੰਗਲੀ ਰਲਾ ਕੇ ਜਾਂ ਕਿਸੇ ਮੋਹਤਬਰ ਵਿਅਕਤੀ ਦੇ ਆਖੇ ਲੱਗ ਕੇ ਰਿਸ਼ਤੇ ਤੈਅ ਕਰ ਦਿੱਤੇ ਜਾਂਦੇ, ਜੋ ਅਮੂਮਨ ਚਿਰ-ਸਥਾਈ ਸਾਬਤ ਹੁੰਦੇ ਰਹੇ ਹਨ। ਉਦੋਂ ਲੜਕੀ ਦੇ ਸੁਹੱਪਣ ਨਾਲੋਂ ਸੁਚੱਜਤਾ ਨੂੰ ਤਰਜੀਹ ਦਿੱਤੀ ਜਾਂਦੀ ਸੀ। ਅਜੋਕੇ ਦੌਰ ਵਿੱਚ ਸਮੇਂ ਦੀ ਮੰਗ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਨਿਭਣ ਵਾਲੇ ਰਿਸ਼ਤੇ ‘ਚ ਦੇਖ-ਦਿਖਾਈ ਤੇ ਗੱਲ-ਬਾਤ ਰਾਹੀਂ ਇੱਕ-ਦੂਜੇ ਨੂੰ ਜਾਣ ਲੈਣਾ ਜ਼ਰੂਰੀ ਹੈ। ਲੜਕੀ ਦੀ ਵਿੱਦਿਅਕ ਯੋਗਤਾ, ਰੰਗ-ਰੂਪ, ਕੱਦ-ਕਾਠ ਪਰਿਵਾਰ ਦਾ ਸਮਾਜ ‘ਚ ਰੁਤਬਾ ਆਦਿ ਘੋਖਿਆ ਜਾਂਦਾ ਹੈ। ਲੜਕੀ ਵੀ ਉੱਚ ਵਿਦਿਅਕ ਯੋਗਤਾ ਹਾਸਲ ਕਰ ਕੇ ਜਾਗਰੂਕ ਹੁੰਦੀ ਹੈ ਅਤੇ ਆਪਣੇ ਭਵਿੱਖ ਦੀ ਪੂਰੀ ਚਿੰਤਾ ਕਰਦੀ ਹੈ। ਅਜੋਕੇ ਸਮੇਂ ਕੁੜੀਆਂ ਦੇ ਪੜ੍ਹਨ-ਲਿਖਣ ਦੇ ਬਾਵਜੂਦ ਯੋਗ ਵਰ ਮਿਲਣੇ ਆਸਾਨ ਕੰਮ ਨਹੀਂ। ਕਈ ਵਾਰ ਦਾਜ-ਦਹੇਜ ਵਰਗੀਆਂ ਕੁਰੀਤੀਆਂ ਵੀ ਆੜੇ ਆਉਂਦੀਆਂ ਹਨ। ਜੇ ਪੜ੍ਹੇ-ਲਿਖੇ ਬੱਚੇ ਖ਼ੁਦ ਆਪਣੀ ਪਸੰਦ ਦੱਸ ਕੇ ਵਿਆਹ ਦਾ ਕੰਮ ਆਸਾਨ ਕਰਨ ਤਾਂ ਵੀ ਮਾਂ-ਬਾਪ ਨੂੰ ਧੁੜਕੂ ਲੱਗਾ ਰਹਿੰਦਾ ਹੈ ਜਾਂ ਫਿਰ ਸਮਾਜ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦਾ ਅਤੇ ਅਣਖ ਦੀ ਖ਼ਾਤਰ ਮਰਨ-ਮਰਵਾਉਣ ਤਕ ਗੱਲਾਂ ਪਹੁੰਚ ਜਾਂਦੀਆਂ ਹਨ। ਕਈ ਥਾਈਂ ਦੇਖ-ਦਿਖਾਈ ਤੇ ਗੱਲਬਾਤ ਚੱਲ ਕੇ ਪਤਾ ਨਹੀਂ ਕਿੱਥੇ ਕੋਈ ਸਬੱਬੀ ਤਾਲ-ਮੇਲ ਬੈਠ ਹੀ ਜਾਂਦਾ ਹੈ ਤੇ ਰਿਸ਼ਤਾ ਤੈਅ ਹੋ ਜਾਂਦਾ ਹੈ। ਅਜੋਕੇ ਸਮੇਂ ਅਖ਼ਬਾਰਾਂ ‘ਚ ਇਸ਼ਤਿਹਾਰ ਦੇ ਕੇ ਜਾਂ ਏਜੰਸੀਆਂ ਰਾਹੀਂ ਵੀ ਰਿਸ਼ਤੇ ਲੱਭੇ ਜਾਂਦੇ ਹਨ। ਚਾਹੇ ਕਿਸੇ ਵੀ ਵਿਧੀ ਰਾਹੀਂ ਰਿਸ਼ਤਾ ਨੇਪਰੇ ਚੜ੍ਹੇ, ਇਸ ਦੀ ਡੋਰ ਤਾਂ ਸਬੱਬੀਂ ਬੱਝਦੀ ਹੈ ਤੇ ਇੱਕ ਲੜਕੀ ਜੋ ਪਹਿਲਾਂ ਕਿਸੇ ਦੀ ਧੀ ਤੇ ਭੈਣ ਸੀ, ਫਿਰ ਕਿਸੇ ਮਰਦ ਦੀ ਪਤਨੀ ਬਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਮਰਦ ਦੇ ਬੱਚਿਆਂ ਦੀ ਮਾਂ ਬਣਦੀ ਹੈ। ਉਸ ਦੇ ਸਾਰੇ ਰੂਪ ਇਕੱਠੇ ਹੋ ਜਾਂਦੇ ਹਨ ਪਰ ਪਤਨੀ ਦਾ ਰੂਪ ਹੀ ਔਰਤ ਦੀ ਅਸਲ ਪਰਿਭਾਸ਼ਾ ਹੈ। ਇੱਕ ਹੀ ਕਾਇਆ ਵਿੱਚ ਵੱਖ-ਵੱਖ ਅੰਗ ਰੱਖ ਕੇ ਸਾਰੀ ਦੁਨੀਆਂ ਨਾਲ ਪੂਰੇ ਲਹਿਣਾ ਇੱਕ ਔਰਤ ਲਈ ਵੱਡੀ ਚੁਣੌਤੀ ਹੁੰਦੀ ਹੈ। ਮਾਂ ਜੇ ਰੱਬ ਦਾ ਰੂਪ ਹੈ ਤਾਂ ਪਤਨੀ ਸਾਰੇ ਜਗ ਦਾ ਰੂਪ ਹੈ ਤਾਂ ਹੀ ਤਾਂ ਔਰਤ ਨੂੰ ਜੱਗ-ਜਣਨੀ ਕਿਹਾ ਗਿਆ ਹੈ। ਪਤਨੀ ਦਾ ਕਿਰਦਾਰ ਨਿਭਾਉਣਾ ਸੁਭਾਵਿਕ ਤੌਰ ਨਾਲੋਂ ਵੱਧ ਤਹਿਜ਼ੀਬੀ, ਅਕਲਮੰਦੀ ਤੇ ਇਨਸਾਨੀਅਤ ਦੇ ਗੁਣਾਂ ਦੀ ਮੰਗ ਕਰਦਾ ਹੈ। ਪਤਨੀ ਬਣ ਕੇ ਔਰਤ ਮਾਂ ਦਾ ਰੂਪ ਧਾਰਦੀ ਹੈ, ਘਰ ਬਣਾਉਂਦੀ ਹੈ ਤਾਂ ਕਿ ਬੱਚੇ ਜ਼ਿੰਦਗੀ ਦਾ ਹਰ ਸੁੱਖ ਮਾਣਨ। ਉਹ ਰੋਟੀ-ਟੁੱਕ ਤੋਂ ਲੈ ਕੇ ਘਰ ਦੇ ਹਰ ਜੀਅ ਦੇ ਜ਼ਜਬਾਤਾਂ ਦਾ ਖ਼ਿਆਲ ਰੱਖਦੀ ਹੋਈ ਹਰ ਜ਼ਿੰਮੇਵਾਰੀ ਨਿਭਾਉਂਦੀ ਹੈ। ਜੇ ਉਹ ਅਜਿਹਾ ਨਾ ਕਰੇ ਤਾਂ ਮਕਾਨ ਕਦੇ ਘਰ ਨਹੀਂ ਬਣ ਸਕਦਾ ਜੋ ਕਿ ਨਰੋਏ ਸਮਾਜ ਦੀ ਨੀਂਹ ਹੈ। ਆਮ ਵੇਖਿਆ ਗਿਆ ਹੈ ਕਿ ਵਿਆਹ ਤੋਂ ਬਾਅਦ ਦਾ ਕੁਝ ਸਮਾਂ ਖ਼ੁਸ਼ਹਾਲ ਲੰਘਦਾ ਹੈ ਪਰ ਕਈ ਵੇਰ ਪਹਿਲੇ ਸਾਲ ਤਕ ਹੀ ਮਨ-ਮੁਟਾਵ ਪੈਦਾ ਹੋਣ ‘ਤੇ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਅਕਸਰ ਬੜੇ ਬੇਮੇਲ ਤੇ ਬੇਜੋੜ ਦਿਖ ਰਹੇ ਜੋੜੇ ਸਾਰੀ ਜ਼ਿੰਦਗੀ ਵਿਆਹ ਦੇ ਬੰਧਨ ‘ਚ ਬੱਝੇ ਇਸ ਰਿਸ਼ਤੇ ਨੂੰ ਬਾਖੂਬੀ ਨਿਭਾ ਜਾਂਦੇ ਹਨ ਪਰ ਕਿਧਰੇ ਬਹੁਤ ਹੀ ਪੁਣ-ਛਾਣ ਕਾਰਨ ਜਾਂ ਆਪਣੀ ਹੀ ਪਸੰਦ ਦੇ ਪ੍ਰੇਮ ਵਿਆਹ ਦਾ ਸਫ਼ਰ ਵੀ ਅੱਧਵਾਟੇ ਰਹਿ ਜਾਂਦਾ ਹੈ। ਕਈ ਵਾਰ ਹਾਲਾਤ ਇਹੋ ਜਿਹੇ ਬਣਦੇ ਹਨ ਕਿ ਇਕੱਠੇ ਰਹਿੰਦੇ ਹੋਏ ਵੀ ਦਿਲਾਂ ਦੀ ਨੇੜਤਾ ਨਹੀਂ ਮਾਣ ਸਕਦੇ। ਕਹਿੰਦੇ ਹਨ ਕਿ ਮਨ ਰਿਸ਼ਤੇ ਬਣਾਉਂਦਾ ਤੇ ਦਿਲ ਜੋੜਦਾ ਹੈ। ਇੱਥੇ ਪਤੀ-ਪਤਨੀ ਦੋਵਾਂ ਨੂੰ ਇੱਕ ਦੂਜੇ ਨੂੰ ਜਾਚਣਾ ਬਣਦਾ ਹੈ ਕਿਉਂਕਿ ਇਕਸੁਰਤਾ ਦੀ ਲੈਅ ਫੜ ਲੈਣ ਨਾਲ ਹੀ ਰਿਸ਼ਤਾ ਚੰਗੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ। ਪਤੀ-ਪਤਨੀ ਦਾ ਪਾਲਣ-ਪੋਸ਼ਣ ਵੱਖਰੇ ਢੰਗ ਨਾਲ ਵੱਖਰੇ ਮਾਹੌਲ ‘ਚ ਹੋਣ ਕਾਰਨ ਆਦਤਾਂ ਤੇ ਰੁਚੀਆਂ ‘ਚ ਅੰਤਰ ਹੋਣਾ ਸੁਭਾਵਿਕ ਹੈ ਪਰ ਨਵੇਂ ਘਰ ਤੇ ਮਾਹੌਲ ਵਿੱਚ ਸਭ ਪਰਿਵਾਰਕ ਮੈਂਬਰਾਂ ਦੇ ਮਨਾਂ ‘ਚ ਉਚਿਤ ਜਗ੍ਹਾ ਬਣਾਉਣ ਖ਼ਾਤਰ ਪਰਿਵਾਰ ਦੇ ਹਰ ਮੈਂਬਰ ਨੂੰ ਤਵੱਜੋਂ ਦੇਣਾ, ਹੋਰ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ, ਰਿਸ਼ਤੇ-ਨਾਤੇ ਜੋੜਨੇ ਤੇ ਨਿਭਾਉਣੇ ਇਹ ਸਭ ਔਰਤ ਦੀ ਜ਼ਿੰਮੇਵਾਰੀ ਹੁੰਦੀ ਹੈ। ਹਰ ਸੁਆਣੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੀ ਹੈ। ਕਹਿੰਦੇ ਹਨ ‘ਸੂਰਜ ਚੜ੍ਹੇ ਨਾ ਚੜ੍ਹੇ ਜ਼ਿੰਦਗੀ ਚਲਦੀ ਹੈ ਪਰ ਔਰਤ ਜਲਦੀ ਉੱਠ ਕੇ ਘਰ ਦਾ ਕੰਮ ਸ਼ੁਰੂ ਨਾ ਕਰੇ ਤਾਂ ਘਰ ਨਹੀਂ ਚੱਲ ਸਕਦਾ’। ਉਹ ਸੂਰਜ ਦੀਆਂ ਕਿਰਨਾਂ ਵਾਂਗ ਘਰ ਨੂੰ ਰੁਸ਼ਨਾ ਦਿੰਦੀ ਹੈ। ਮਹਿਕਾਂ ਵੰਡਦੀ ਹੋਈ ਘਰ ਵਿੱਚ ਕਈ ਰੂਪਾਂ ‘ਚ ਵਿਚਰਦੀ ਉਹ ਮਾਂ, ਨੂੰਹ, ਭਰਜਾਈ ਤੇ ਪਤਨੀ ਦੇ ਰੂਪ ‘ਚ ਸਾਰੇ ਟੱਬਰ ਦੇ ਕੰਮ ਸੰਵਾਰਦੀ ਤੇ ਉਨ੍ਹਾਂ ਦੀ ਪਸੰਦ ਦੇ ਸ਼ੌਕ ਪੂਰੇ ਕਰਦੀ ਹੈ। ਉਸ ਦੀ ਸਹਾਇਤਾ ਦੀ ਲੋੜ ਜੋ ਸਾਰੇ ਪਰਿਵਾਰ ਦੇ ਮੈਂਬਰ ਮਹਿਸੂਸ ਕਰਦੇ ਹਨ, ਤੋਂ ਉਸ ਨੂੰ ਸੰਤੁਸ਼ਟੀ ਤੇ ਤਸੱਲੀ ਮਿਲਦੀ ਹੈ ਪਰ ਕਈ ਵਾਰ ਇਸ ਜਜ਼ਬੇ ਕਾਰਨ ਉਹ ਸਾਰਿਆਂ ਦੀ ਆਪਣੇ ‘ਤੇ ਪੂਰਨ-ਨਿਰਭਰਤਾ ਮੁੱਲ ਲੈ ਲੈਂਦੀ ਹੈ। ਇੱਥੇ ਘਰ ਦੇ ਮੈਂਬਰਾਂ ਨੂੰ ਉਸ ਦੇ ਜ਼ਜਬੇ ਦਾ ਸਤਿਕਾਰ ਕਰਦੇ ਹੋਏ ਆਪਣਾ ਕੰਮ ਖ਼ੁਦ ਕਰ ਲੈਣ ਦੀ ਆਦਤ ਵੀ ਪਾ ਲੈਣੀ ਚਾਹੀਦੀ ਹੈ। ਅਜੋਕੇ ਦੌਰ ‘ਚ ਪਤਨੀ ਆਮ ਤੌਰ ‘ਤੇ ਕੰਮ-ਕਾਜੀ ਹੁੰਦੀ ਹੈ। ਉਸ ਨੂੰ ਘਰ ਤੇ ਬਾਹਰ, ਹਰ ਜਗ੍ਹਾ ਆਪਣੀ ਹੋਂਦ ਲਈ ਸੰਘਰਸ਼ ਕਰਨਾ ਪੈਂਦਾ ਹੈ। ਔਰਤ ਅਤੇ ਮਰਦ ਦੀ ਬਰਾਬਰੀ ਤੇ ਹੱਕਾਂ ਬਾਰੇ ਜਿੰਨਾ ਮਰਜ਼ੀ ਕਹਿ-ਸੁਣ ਤੇ ਪ੍ਰਚਾਰ ਕਰ ਲਈਏ ਪਰ ਫਿਰ ਵੀ ਇਸ ਮਰਦ ਪ੍ਰਧਾਨ ਸਮਾਜ ‘ਚ ਜੁਗਾਂ-ਜੁਗਾਂਤਰਾਂ ਤੇ ਆਦਿ ਕਾਲ ਤੋਂ ਚੱਲ ਰਿਹਾ ਵਖਰੇਵਾਂ ਖ਼ਤਮ ਕਰਨਾ ਹਾਲੇ ਬਹੁਤ ਦੂਰ ਦੀ ਗੱਲ ਹੈ। ਹਾਂ, ਥੋੜ੍ਹਾ ਬਹੁਤ ਸਾਵਾਂ ਮਾਹੌਲ ਪੈਦਾ ਹੋ ਜਾਣ ਦੀ ਆਸ ਹੋ ਸਕਦੀ ਹੈ। ਉੱਚ ਯੋਗਤਾ ਪ੍ਰਾਪਤ ਔਰਤ ਨੌਕਰੀ ਕਰ ਕੇ ਇੱਕ ਸੁਖਦ-ਅਹਿਸਾਸ ਪਾਲਦੀ ਹੈ ਕਿ ਉਹ ਖ਼ੁਦ ਕਮਾਉਂਦੀ ਹੈ ਤੇ ਆਤਮ-ਨਿਰਭਰ ਹੋ ਸਕਦੀ ਹਾਂ ਪਰ ਘਰ ਵੜਦਿਆਂ ਹੀ ਉਸ ਦੀ ਜ਼ਿੰਦਗੀ ਦਾ ਰੁਖ਼ ਬਦਲ ਜਾਂਦਾ ਹੈ। ਘਰੋਂ ਬਾਹਰ ਰਹਿਣ ਕਰ ਕੇ ਖਿਲਾਰਾ ਵੀ ਵਧ ਜਾਂਦਾ ਹੈ। ਪਰਿਵਾਰ ਦਾ ਪੱਖ ਹੁੰਦਾ ਹੈ ਕਿ ਅਸੀਂ ਸਾਰਾ ਦਿਨ ਘਰ ਖਪਦੇ ਰਹੇ ਹਾਂ, ਹੁਣ ਇਹ ਸਾਂਭੇ ਆਪਣੇ ਬੱਚੇ ਤੇ ਘਰ ਦਾ ਕੰਮ। ਮਰਦ ਆਮ ਤੌਰ ‘ਤੇ ਕੋਈ ਸਮਝੌਤਾ ਨਹੀਂ ਕਰਦੇ ਅਤੇ ਪੂਰੀ ਖ਼ਿਦਮਤ ਦੀ ਮੰਗ ਕਰਦੇ ਹਨ। ਸਹਿਯੋਗ ਦੇਣ ਦੀ ਬਜਾਇ ਕੁਝ ਤਾਂ ਸਾਰੇ ਦਿਨ ਦੀ ਦਫ਼ਤਰ ਦੀ ਝੁੰਜਲਾਹਟ ਤੇ ਗੁੱਸਾ ਵੀ ਪਤਨੀ ‘ਤੇ ਕੱਢਣ ਤੋਂ ਗੁਰੇਜ਼ ਨਹੀਂ ਕਰਦੇ। ਕਿਸੇ ਸਮਝਦਾਰ ਤੇ ਸੁਲਝੇ ਵਿਅਕਤੀ ਦਾ ਕਥਨ ਹੈ ਕਿ ਜਦੋਂ ਕੰਮ ਤੋਂ ਆਓ ਤਾਂ ਸਾਰੀ ਚਿੰਤਾ ਤੇ ਗੁੱਸਾ, ਘਰ ਵੜਨ ਤੋਂ ਪਹਿਲਾਂ ਰਾਹ ‘ਚ ਪੈਂਦੇ ਕਿਸੇ ਦਰੱਖਤ ‘ਤੇ ਕਾਲਪਨਿਕ ਥੈਲੇ ‘ਚ ਪਾ ਕੇ ਟੰਗ ਆਓ ਤੇ ਅਗਲੇ ਦਿਨ ਜਾਂਦੇ ਹੋਏ ਉਤਾਰ ਕੇ ਨਾਲ ਲੈ ਜਾਓ। ਘਰ ਸੰਸਾਰ ‘ਤੇ ਇਨ੍ਹਾਂ ਨੂੰ ਹਾਵੀ ਨਾ ਹੋਣ ਦਿਓ। ਜ਼ਿੰਦਗੀ ਇੱਕ ਇੰਦਰ-ਧਨੁਸ਼ ਦੀ ਤਰ੍ਹਾਂ ਹੈ ਅਤੇ ਜੇ ਇਸ ਦਾ ਇੱਕ ਰੰਗ ਵੀ ਕੱਢ ਲਿਆ ਜਾਵੇ ਤਾਂ ਇਸ ਦੀ ਸੁੰਦਰਤਾ ਨਹੀਂ ਰਹਿੰਦੀ। ਇਸੇ ਤਰ੍ਹਾਂ ਔਰਤ ਦੀ ਖ਼ੂਬਸੂਰਤੀ ਵੀ ਜ਼ਿੰਦਗੀ ਦਾ ਹਰ ਰੰਗ ਸਮੇਟ ਕੇ ਰੱਖਣ ਵਿੱਚ ਹੈ। ਔਰਤ ਦਾ ਜੀਵਨ ਸਾਥੀ ਨਾਲ ਰਿਸ਼ਤਾ ਚਾਹੇ ਸਬੱਬੀ ਜੁੜਦਾ ਹੈ ਪਰ ਅਸੀਂ ਜ਼ਿੰਦਗੀ ਦਾ ਲੰਮਾ ਪੈਂਡਾ ਇਸੇ ਰਿਸ਼ਤੇ ਨਾਲ ਤੈਅ ਕਰਦੇ ਹਾਂ। ਇਸ ਕਾਰਨ ਇਹ ਰਿਸ਼ਤਾ ਸਭ ਤੋਂ ਨਜ਼ਦੀਕੀ, ਲੰਮਾ ਸਮਾਂ ਚੱਲਣ ਵਾਲਾ ਤੇ ਅਟੁੱਟ ਬਣ ਜਾਂਦਾ ਹੈ। ਐਨਾ ਹੀ ਨਹੀਂ ਭਵਿੱਖ ਦੇ ਨਿਰਮਾਤਾ ਬੱਚਿਆਂ ਦੀ ਬਹੁਪੱਖੀ ਸ਼ਖ਼ਸੀਅਤ ਦੀ ਉਸਾਰੀ ਵੀ ਮਾਂ-ਬਾਪ ਦੇ ਹੱਥ ਹੁੰਦੀ ਹੈ। ਇਸ ਲਈ ਨਰੋਏ ਸਮਾਜ ਦੀ ਸਿਰਜਣਾ ਹਿੱਤ ਪਤੀ-ਪਤਨੀ ਦੇ ਇਸ ਸਬੱਬੀਂ ਜੁੜੇ ਰਿਸ਼ਤੇ ਵਿੱਚ ਆਪਸੀ ਪਿਆਰ, ਤਾਲਮੇਲ ਤੇ ਸਮਝਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਜ਼ਿੰਦਗੀ ਦੀ ਗੱਡੀ ਸਹਿਜ ਰਹੇਗੀ ਤੇ ਇਹ ਸਫ਼ਰ ਵੀ ਆਸਾਨੀ ਨਾਲ ਕੱਟਿਆ ਜਾਵੇਗਾ।
– ਕੁਲਮਿੰਦਰ ਕੌਰ