
ਔਰਤ ਦੇ ਬਾਰੇ ਵਿਸ਼ਵ ਦੇ ਵੱਖ ਵੱਖ ਵਿਦਵਾਨਾ ਦੀ ਵੱਖੋ ਵੱਖ ਰਾਇ ਹੈ । ਮਾਂ, ਭੈਣ, ਬੇਟੀ ਤੇ ਪਤਨੀ ਦੇ ਰੂਪ ਵਿੱਚ ਮੁੱਖ ਤੌਰ ‘ਤੇ ਔਰਤ ਦੇ ਚਾਰ ਰੂਪ ਬਹੁਤ ਹੀ ਵਿਲੱਖਣ ਤੇ ਸਮਝਣਯੌਗ ਹੁੰਦੇ ਹਨ । ਜਿਸ ਵਿਅਕਤੀ ਨੇ ਔਰਤ ਦੇ ਇਹਨਾਂ ਰੂਪਾਂ ਨੂੰ ਨਹੀਂ ਸਮਝਿਆ, ਉਹ ਨਾ ਹੀ ਕਦੇ ਔਰਤ ਦੀ ਜ਼ਿੰਦਗੀ ਨੂੰ ਸਮਝ ਸਕਦਾ ਹੈ, ਨਾ ਹੀ ਆਪਣੇ ਆਪ ਨੂੰ ਤੇ ਨਾ ਹੀ ਉਸ ਸੱਭਿਆਚਾਰ ਨੂੰ ਜਿਸ ਵਿੱਚ ਉਸ ਨੇ ਜਨਮ ਲਿਆ ਹੁੰਦਾ ਹੈ । ਔਰਤ ਆਪਣੇ ਉਕਤ ਚਾਰ ਰਿਸ਼ਤਿਆਂ ਚ ਵਿਚਰਕੇ ਸਮਾਜਕ ਤਾਣਾ ਬਾਣਾ ਸਿਰਜਦੀ ਹੈ, ਰਿਸ਼ਤਿਆਂ ਨੂੰ ਪਹਿਚਾਣ ਦੇਂਦੀ ਹੈ, ਨਵੇਂ ਰਿਸ਼ਤਿਆਂ ਦੀ ਜਰੀਆ ਬਣਦੀ ਹੈ । ਜਨਮਦਾਤੀ ਦੇ ਤੌਰ ‘ਤੇ ਉਹ ਸੰਸਾਰ ਸਿਰਜਣਾ ਹੀ ਨਹੀਂ ਕਰਦੀ ਬਲਕਿ ਸੰਸਾਰ ਦੀ ਪਾਲਕ ਵਜੋਂ ਵੀ ਮੁੱਖ ਭੂਮਿਕਾ ਨਿਭਾਉੰਦੀ ਹੈ । ਆਪ ਦੁੱਖ ਜਰਕੇ ਸੁੱਖ ਵੰਡਦੀ ਹੈ । ਸ਼ਾਇਦ ਇਸੇ ਕਰਕੇ ਹੀ ਵਿਲੀਅਮ ਸੈਕਸਪੀਅਰ ਕਹਿੰਦਾ ਹੈ ਕਿ ਮਰਦ ਆਪਣੀ ਜ਼ਿੰਦਗੀ ਵਿੱਚ ਭਾਵੇਂ ਕੁੱਜ ਵੀ ਬਣ ਜਾਵੇ, ਪਰ ਰਹਿਣਾ ਉਸ ਨੇ ਔਰਤ ਦਾ ਬੇਟਾ ਹੀ ਹੈ ।
ਇਸ ਵਿੱਚ ਕੋਈ ਸੰਦੇਹ ਨਹੀਂ ਔਰਤ ਕੁਦਰਤ ਦੀ ਇਕ ਬਹੁਤ ਹੀ ਸੁੰਦਰ ਰਚਨਾ ਹੈ, ਪਰ ਜੇਕਰ ਇਸੇ ਨਕਤੇ ਨੂੰ ਇੰਜ ਕਹਿ ਲਿਆ ਜਾਵੇ ਕਿ ਔਰਤ ਕੁਦਰਤ ਤੇ ਰੱਬ ਦੇ ਪਰੇਮ ਪੂਰਬਕ ਸਮਝੌਤੇ ਦਾ ਦੂਸਰਾ ਨਾਮ ਹੈ ਤਾਂ ਵਧੇਰੇ ਢੁਕਵਾਂ ਰਹੇਗਾ ਕਿਉਕਿ ਰੱਬ ਤੇ ਕੁਦਰਤ ਦੋਹਾਂ ਨੂੰ ਸਮਝਣ ਵਾਸਤੇ, ਔਰਤ ਨੂੰ ਸਮਝਣਾ ਤੇ ਉਸ ਦਾ ਸਤਿਕਾਰ ਕਰਨਾ ਪਹਿਲੀ ਤੇ ਆਖਰੀ ਗੱਲ ਹੈ । ਅਸਲ ਵਿਚ ਮਨੁੱਖ, ਔਰਤ ਦਾ ਸਭ ਤੋਂ ਵੱਡਾ ਕਰਜਦਾਰ ਹੈ ਕਿਉਕਿ ਔਰਤ ਨੇ ਪਹਿਲਾਂ ਉਸ ਨੂੰ ਜਿੰਦਗੀ ਦਿੱਤੀ ਤੇ ਫਿਰ ਉਸ ਦੀ ਜਿੰਦਗੀ ਨੂੰ ਜੀਊਣਯੋਗ ਬਣਾਇਆ । ਇਹ ਔਰਤ ਹੀ ਹੈ ਜਿਸ ਕੋਲ ਪਤੀ ਲਈ ਚਰਿੱਤਰ, ਔਲਾਦ ਲਈ ਮਮਤਾ, ਸਮਾਜ ਲਈ ਸ਼ਰਮ ਤੇ ਸੰਸਾਰ ਲਈ ਦਇਆ ਹੁੰਦੀ ਹੈ ।
ਜੇਕਰ ਤਾਰੇ ਅਕਾਸ਼ ਦੀ ਕਵਿਤਾ ਹਨ ਤਾਂ ਔਰਤ ਜਮੀਨ ਦੀ ਕਵਿਤਾ ਹੈ । ਇਹ ਰੱਬ ਦੀ ਸਭ ਤੋਂ ਉਤਕਿ੍ਰਸਤ ਰਚਨਾ ਹੈ ਜਾਂ ਫਿਰ ਇਸ ਤਰਾੰ ਵੀ ਕਹਿ ਸਕਦੇ ਹਾਂ ਕਿ ਔਰਤ ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫੁੱਲ ਹੈ । ਮਨੁੱਖ ਦੀ ਅਸਲ ਜਿੰਦਗੀ ਔਰਤ ਨਾਲ ਸ਼ਾਦੀ ਹੋਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਕਿਉਂਕਿ ਇਸ ਤੋ ਬਾਅਦ ਹੀ ਸਵਰਗ ਤੇ ਨਰਕ ਨਾਮ ਦੇ ਦੋ ਸੰਕਲਪਾਂ ਦੀ ਅਸਲ ਪਹਿਚਾਣ ਤੇ ਸਮਝ ਆਉਂਦੀ ਹੈ । ਜਿਥੇ ਇਕ ਘਰ ਪਰਿਵਾਰ ਦਾ ਚੰਗਾ ਜਾਂ ਬੁਰਾ ਭਵਿੱਖ ਔਰਤ ‘ਤੇ ਨਿਰਭਰ ਹੁੰਦਾ ਹੈ ਉਥੇ ਪੂਰੇ ਸੰਸਾਰ ਦਾ ਭਵਿੱਖ ਵੀ ਔਰਤ ਦੇ ਹੱਥਾਂ ਚ ਹੁੰਦਾ ਹੈ । ਉਹ ਜਿਹੋ ਜਿਹਾ ਵੀ ਸੰਸਾਰ ਨੂੰ ਬਣਾਉਣਾ ਚਾਹੇ ਉਹੋ ਜਿਹਾ ਬਣਾ ਸਕਦੀ ਹੈ । ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਮਰਦ ਮਕਾਨ ਬਣਾਉਦੇ ਹਨ ਤੇ ਔਰਤ ਉਹਨਾਂ ਮਕਾਨਾਂ ਨੂੰ ਘਰਾਂ ਚ ਬਦਲਦੀ ਹੈ ।
ਔਰਤ ਪਿਆਰ ਦੀ ਜੋਤੀ ਵੀ ਹੈ ਤੇ ਮੂਰਤ ਵੀ । ਉਸ ਦਾ ਦਿਲ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਹੈ । ਜੋ ਲੋਕ ਕਿਸੇ ਔਰਤ ਨੂੰ ਜੋਰ ਜਬਰਦਸਤੀ ਨਾਲ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਇਕ ਨ ਇਕ ਦਿਨ ਤਬਾਹ ਹੋ ਜਾਂਦੇ ਹਨ । ਔਰਤ ਪਿਆਰ ਲਈ ਆਪਣਾ ਸਭ ਕੁਜ ਨਿਛਾਵਰ ਕਰ ਦੇਂਦੀ ਪਰ ਜਦੋ ਨਫਰਤ ਕਰਦੀ ਹੈ ਤਾਂ ਉਹ ਵੀ ਅੰਤਾਂ ਦੀ ਕਰਦੀ ਹੈ । ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਔਰਤ ਨੂੰ ਪਿਆਰ ਨਾਲ, ਮਿੱਤਰ ਨੂੰ ਸਤਿਕਾਰ ਨਾਲ, ਨੌਕਰ ਨੂੰ ਹਮਦਰਦੀ ਨਾਲ, ਮਨ ਨੂੰ ਅਭਿਆਸ ਨਾਲ, ਵਿਰੋਧੀ ਨੂੰ ਆਤਮ ਵਿਸ਼ਵਾਸ਼ ਨਾਲ, ਲੋਕਾਈ ਨੂੰ ਭਲਾਈ ਨਾਲ ਤੇ ਬਾਦਸ਼ਾਹ ਨੂੰ ਵਫਾਈ ਨਾਲ ਜਿੱਤਿਆ ਜਾ ਸਕਦਾ ਹੈ ।
ਇਹ ਔਰਤ ਹੀ ਹੈ ਜੋ ਕਿਸੇ ਮਨੁੱਖ ਦਾ ਆਖਰੀ ਪਿਆਰ ਬਣਨ ਦੀ ਪਰਬਲ ਇੱਛਾ ਰੱਖਦੀ ਹੈ ਜਦ ਕਿ ਮਨੁੱਖ ਦੀ ਇੱਛਾ ਇਸ ਤੋਂ ਬਿਲਕੁਲ ਉਲਟ ਹੁੰਦੀ ਹੈ ਤੇ ਉਹ ਹਮੇਸ਼ਾ ਕਿਸੇ ਔਰਤ ਦਾ ਪਹਿਲਾ ਪਿਆਰ ਬਣਨਾ ਪਸੰਦ ਕਰਦਾ ਹੈ ।
ਪਰਿਵਾਰਾਂ ਚ ਸੁੱਖ ਸ਼ਾਂਤੀ ਬਰਕਰਾਰ ਰੱਖਣਾ, ਰਿਸ਼ਤਿਆਂ ਦੇ ਬੰਧਨ ਮਜਬੂਤ ਕਰਨੇ ਇਕ ਸੁਲਝੀ ਹੋਈ ਔਰਤ ਦਾ ਵੱਡਾ ਗੁਣ ਹੁੰਦਾ ਹੈ । ਇਸੇ ਕਰਕੇ ਕਹਿੰਦੇ ਹਨ ਕਿ ਜੇਕਰ ਇਕ ਸੁੰਦਰ ਔਰਤ ਹੀਰਾ ਹੁੰਦੀ ਹੈ ਤਾਂ ਇਕ ਨੇਕ ਤੇ ਸੁਘੜ ਔਰਤ ਹੀਰਿਆਂ ਦੀ ਖਾਨਹੁੰਦੀ ਹੈ ।
ਮੁਕਦੀ ਗੱਲ ਇਹ ਕਿ ਔਰਤ ਜਗਤ ਜਣਨੀ ਵੀ ਹੈ ਤੇ ਪਾਲਕ ਵੀ । ਉਹ ਸਮਾਜ ਸਿਰਜਕ ਵੀ ਹੈ ਤੇ ਰਿਸ਼ਤਿਆ ਦਾ ਧੁਰਾ ਵੀ । ਇੱਟਾਂ ਵੱਟਿਆ ਦੇ ਮਕਾਨਾਂ ਨੂੰ ਘਰਾਂ ਚ ਸਿਰਫ ਔਰਤ ਹੀ ਬਦਲ ਸਕਦੀ ਹੈ। ਸਿਆਣੀਆ ਤੇ ਸਮਝਦਾਰ ਕੌਮਾਂ ਔਰਤ ਹੀ ਪੈਦਾ ਕਰ ਸਕਦੀ ਹੈ । ਇਸੇ ਕਰਕੇ ਨੈਪੋਲੀਅਨ ਬੋਨਾਪਾਰਟ ਕਹਿੰਦਾ ਹੈ ਕਿ “ਤੁਸੀਂ ਮੈਨੂੰ ਚੰਗੀਆ ਮਾਵਾਂ ਦਿਓ ਤੇ ਮੈਂ ਤੁਹਾਨੂੰ ਚੰਗੀਆਂ ਕੌਮਾ ਦੇਵਾਂਗਾ ।” ਮਨੁੱਖ ਜੇਕਰ ਕਰਤੱਬ ਹੈ ਤੇ ਔਰਤ ਦਯਾ, ਮਨੁੱਖ ਕਰੋਧ ਹੈ, ਔਰਤ ਮੁਆਫੀ ਪਰ ਇਕ ਗੱਲ ਦੋਹਾਂ ਚ ਸਾਂਝੀ ਹੈ ਤੇ ਉਹ ਇਹ ਹੈ ਕਿ ਦੋਵੇਂ ਇਕ ਦੂਸਰੇ ਦੇ ਪੂਰਕ ਹਨ, ਜਿੰਦਗੀ ਦੀ ਗੱਡੀ ਦੇ ਦੇ ਪਹੀਏ ਹਨ ਤੇ ਦੋਹਾਂ ਦੇ ਸਾਵੇਂ ਹੋ ਕੇ ਨਿਭਣ ਨਾਲ ਜੀਵਨ ਗੱਡੀ ਰਵਾਂ ਰਵੀਂ ਚਲਦੀ ਰਹਿੰਦੀ ਹੈ। ਮਨੁੱਖਾਂ ਨੂੰ ਇਹ ਅਪੀਲ ਹੈ ਕਿ ਔਰਤਾਂ ਦਾ ਤਿ੍ਸਕਾਰ ਬੰਦ ਕਰਕੇ, ਵੱਧ ਤੋ ਵੱਧ ਸਤਿਕਾਰ ਕਰੋਗੇ ਤਾਂ ਇਹ ਦੁਨੀਆ ਕਿਸੇ ਵੀ ਤਰਾਂ ਸਵਰਗ ਤੋਂ ਘੱਟ ਨਹੀਂ ਜਾਪੇਗੀ ।