
ਅਸੀ ਕਦੀ ਚਾਹ ਕੇ ਵੀ ਨਹੀ ਸੋਚਿਆ ਹੋਣਾ ਭਾਂਵੇ ਕਿ ਸਮਾਜ ਵਿੱਚ ਰਹਿੰਦੇ ਹੋਏ ਇਹ ਕਹਾਣੀ ਹਰ ਘਰ ਦੀ ਹੋ ਸਕਦੀ ਏ। ਕੋਈ ਕਰਮਾਂ ਨਾਲ ਭਾਂਵੇ ਇਸ ਤਰਾਂ ਦਾ ਭੇਦ-ਭਾਵ ਨਾ ਕਰਦਾ ਹੋਵੇ ਪਰ ਜ਼ਿਆਦਾਤਰ ਰਿਸ਼ਤਿਆਂ ਦਾ ਸੱਚ ਇਹ ਵੀ ਹੈ।
ਗੱਲ ਏਦਾਂ ਏ ਕਿ ਜਦੋ ਅਸੀ ਧੀ ਦਾ ਵਿਆਹ ਕਰਦੇ ਹਾਂ ਤਾਂ ਪੇਕੇ, ਸਹੁਰੇ ਦੋਵਾਂ ਪਰਿਵਾਰਾਂ ਵੱਲੋਂ ਇਹੀ ਆਸ ਹੁੰਦੀ ਏ ਕਿ ਬੇਟੀ ਆਪਣੇ ਘਰ ਸੁਖੀ ਵੱਸੇ। ਇਸ ਲਈ ਪੇਕਿਆਂ ਵੱਲੋਂ ਉਸਨੂੰ ਬਹੁਤ ਸਾਰੀਆਂ ਹਿਦਾਇਤਾਂ ਦੇ ਵਿਦਾ ਕੀਤਾ ਜਾਂਦਾ ਏ। ਉਸਦੇ ਦਿਮਾਗ ਵਿੱਚ ਚੰਗੀ ਤਰਾਂ ਬਿਠਾਇਆ ਜਾਂਦਾ ਏ ਕਿ ਹੁਣ ਤੇਰਾ ਅਸਲੀ ਘਰ ਤੇਰਾ ਸਹੁਰਾ ਘਰ ਏ। ਉਹਨਾਂ ਨੂੰ ਅਪਣਾ ਕੇ ਆਪਣਾ ਜੀਵਨ ਗੁਜ਼ਾਰ ਤੇ ਸਾਨੂੰ ਸੋਭਾ ਦਿਵਾਈ। ਸਾਰਿਆਂ ਨੂੰ ਆਪਣਾ ਬਣਾਈ। ਬਹੁਤ ਸਾਰੇ ਮਾਮਲਿਆਂ ਵਿੱਚ ਇਸਦੇ ਉਲਟ ਵੀ ਹੁੰਦਾ ਏ ਪਰ ਜ਼ਿਆਦਾਤਰ ਘਰਾਂ ਵਿੱਚ ਏਦਾਂ ਹੀ ਹੁੰਦਾ ਏ। ਕੁੜੀ ਨੂੰ ਆਪਣਾ ਆਪ ਭੁੱਲ ਕੇ ਪਰਿਵਾਰ ਦੇ ਲੇਖੇ ਲੱਗ ਜਾਣ ਲਈ ਆਖਿਆ ਜਾਦਾਂ ਏ ਤੇ ਉਹ ਏਦਾਂ ਕਰਦੀ ਵੀ ਏ। ਉਹ ਪੂਰੀ ਵਾਹ ਲਾੳਦੀ ਏ ਸਹੁਰੇ ਘਰ ਦੇ ਜੀਆਂ ਨੂੰ ਆਪਣਾ ਬਣਾੳਣ ਦੀ ਤੇ ਆਪਣੇ-ਆਪ ਨੂੰ ਉਹਨਾਂ ਦੇ ਪਰਿਵਾਰ ਦਾ ਹਿੱਸਾ ਸਮਝਣ ਦੀ। ਬਹੁਤ ਸਾਰੇ ਬਦਲਾਅ ਲਿਆਉਂਦੀ ਏ ਆਪਣੇ ਵਿੱਚ ਖਾਣ-ਪੀਣ, ਸੌਣ-ਉੱਠਣ, ਪਹਿਨਣ, ਬੋਲ-ਚਾਲ ਦੇ ਨਾਲ-ਨਾਲ, ਹੱਸਣ, ਰੋਣ ਤੱਕ ਦਾ ਅੰਦਾਜ ਵੀ ਬਦਲ ਲੈਦੀ ਏ। ਜ਼ੁੰਮੇਵਾਰੀਆਂ ਦੀ ਪੰਡਾਂ ਚੁੱਕ ਕੇ ਆਪਣੇ ਸ਼ੌਕ ਰੀਝਾਂ, ਚਾਵਾਂ ਦੀ ਤਹਿ ਲਾ ਕੇ ਪਾਸੇ ਰੱਖ ਦਿੰਦੀ ਏ ਜੋ ਕਿ ਉਸਨੇ ਪੇਕੇ ਘਰ ਕਦੇ ਦੱਸੇ ਹੁੰਦੇ ਆਪਣੇ ਜੀਆਂ ਨੂੰ ਤੇ ਜਿੰਨਾਂ ਨੇ ਇਹ ਆਖ ਕੇ ਉਸਨੂੰ ਵਰਜ ਦਿੱਤਾ ਕਿ ਆਪਣੇ ਘਰੇ ਨਹੀ ਏਦਾਂ ਹੋਣਾ, ਆਪਦੇ ਘਰ (ਸਹੁਰੇ ਘਰ) ਜਾਂ ਜੋ ਮਰਜ਼ੀ ਕਰੀ। ਤੇ ਸਹੁਰੇ ਘਰ ਆ ਕੇ ਜਦੋ ਉਹ ਆਪਣੇ ਮਨ ਦੀ ਪੋਟਲੀ ਖੋਲਦੀ ਤਾਂ ਉਹੀ ਰਟਿਆ-ਰਟਾਇਆ ਜਵਾਬ ਸੁਣ ਟੁੱਟ ਜਾਂਦੀ ਏ ਕਿ ਸਾਡੇ ਘਰ ਦੀ ਨੂੰਹ-ਧੀ ਨਹੀ ਏਦਾਂ ਕਰ ਸਕਦੀ। ਇਸਤੋਂ ਬਾਅਦ ਉਸਦੇ ਕੋਲ ਹਿੰਮਤ ਨਹੀਂ ਬੱਚਦੀ ਉਹ ਕਦੇ ਆਪਣੇ ਸੁਪਨਿਆਂ ਦੇ ਮੱਥੇ ਲੱਗ ਸਕੇ, ਉਹ ਸੁਪਨੇ ਵਿੱਚ ਵੀ ਸੁਪਨਾ ਨਹੀਂ ਵੇਖਦੀ ਆਪਣੀ ਕਾਮਯਾਬੀ ਦਾ। ਬੱਸ ਇਹ ਸਾਬਿਤ ਕਰਨ ਵਿੱਚ ਸਾਰੀ ਉਮਰ ਲਗਾ ਦਿੰਦੀ ਏ ਉਹ ਚੰਗੀ ਧੀ ਏ ਤੇ ਸਹੁਰੇ ਘਰ ਚੰਗੀ ਨੂੰਹ ਬਣਨ ਲਈ। ਪਰ ਉਹ ਕਦੇ ਇਹ ਸੁਣ ਨਹੀਂ ਪਾਉਂਦੀ ਕਿ ਉਸਦਾ ਬਹੁਤ ਧੰਨਵਾਦ ਜੋ ਉਸਨੇ ਸਾਰਿਆਂ ਲਈ ਕੀਤਾ। ਅਕਸਰ ਹੀ ਉਸਨੂੰ ਇਹ ਹੀ ਸੁਣਨ ਨੂੰ ਮਿਲਦਾ ਉਸਨੂੰ ਬਹੁਤ ਸਾਰੇ ਕੰਮਾਂ ਦਾ ਚੱਜ ਨਹੀ ਆ, ਸਾਡੇ ਘਰ ਤਾਂ ਇਵੇਂ ਹੁੰਦਾ, ਤੁਹਾਡੇ ਉੱਥੋਂ ਐਵੇਂ ਨਹੀਂ ਹੁੰਦਾ ਹੋਣਾ. ਵਗੈਰਾ-ਵਗੈਰਾ। ਪੇਕਿਆਂ ਦੇ ਘਰੋਂ ਤੁਰੀ ਲਾਡਲ਼ੀ ਸਿਆਣੀ ਧੀ ਸਹੁਰੇ ਘਰ ਆ ਕੇ ਕਦੋਂ ਡਰਾਮੇਬਾਜ, ਚਲਾਕ, ਕੰਮਚੋਰ ਬਣ ਜਾਂਦੀ ਏ। ਉਸਨੂੰ ਆਪਨੂੰ ਵੀ ਪਤਾ ਨਹੀ ਲੱਗਦਾ। ਰਿਸ਼ਤਿਆਂ ਵਿੱਚ ਉਹ ਪਰਿਵਾਰ ਭਾਵੇਂ ਪਹਿਲਾਂ ਹੀ ਕਮਜ਼ੋਰ ਰਿਹਾ ਹੋਵੇ। ਮੁੰਡਾ ਆਪਣਾ ਹੋ ਸਕਦਾ ਪਹਿਲਾਂ ਹੀ ਮਰਜ਼ੀ ਵਾਲਾ ਹੋਵੇ। ਪਰ ਜੇਕਰ ਵਿਆਹ ਤੋ ਬਾਅਦ ਉਹ ਆਪਣੇ ਘਰਦੇ ਕਿਸੇ ਜੀਅ ਦੀ ਗੱਲ ਟਾਲ ਦੇਵੇ ਤਾਂ ਸਾਰਾ ਕਸੂਰ ਉਸਦੀ ਪਤਨੀ ਦਾ ਹੋ ਜਾਂਦਾ ਏ। ਗੱਲ ਕੀ ਹਰ ਗਲਤੀ ਦੀ ਜ਼ਿੰਮੇਵਾਰ ਬੇਗਾਨੀ ਧੀ ਤੇ ਚੰਗਾਂ ਕੁਝ ਹੋਣ ਤੇ ਅਸੀ ਸਾਰੇ ਚੰਗੇ ਸਾਡੀ ਕਿਸਮਤ ਚੰਗੀ। ਧੀ ਦੇ ਮਾਪਿਆਂ ਵੱਲੋਂ ਵੀ ਬਹੁਤੀ ਵਾਰੀ ਧੀ ਦੀ ਗੱਲ ਸਮਝਣ ਤੋਂ ਪਹਿਲਾਂ ਹੀ ਉਸਨੂੰ ਸਹੁਰੇ ਘਰ ਦੇ ਹਰ ਫ਼ੈਸਲੇ ਲਈ ਚੁੱਪ ਰਹਿਣਾ ਸਿਖਾ ਦਿੱਤਾ ਜਾਂਦਾ ਏ। ਤੇ ਏਦਾਂ ਦੋਹਾਂ ਘਰਾਂ ਵਿੱਚ ਜਦੋ-ਜਹਿਦ ਕਰਦੀ ਆਪਣਾਂ ਦੁੱਖ ਸ਼ਾਂਝਾ ਕਰਨ ਤੇ ਚੁੱਪ ਕਰ, ਚੁੱਪ ਕਰ, ਤੈਨੂੰ ਕੀ ਪਤਾ, ਸੁਣਦੀ ਕੁੜੀ ਇੱਕ ਦਿਨ ਐਸੀ ਚੁੱਪ ਵੱਟ ਲੈਦੀ ਏ ਕਿ ਫੇਰ ਕਿਸੇ ਦੀ ਕੋਈ ਗੱਲ ਦਾ ਕੋਈ ਅਸਰ ਨਹੀਂ ਕਰਦੀ, ਕਿਸੇ ਨਾਲ ਗੱਲ ਨਹੀ, ਆਪਣੇ ਅੰਦਰ ਦੀ ਪੀੜ ਲੁਕਾ ਲੈਦੀ ਏ, ਸਿੱਖ ਲੈਦੀ ਏ ਹੁਨਰ ਇੱਕਲਿਆਂ ਰੋਣ ਦਾ, ਤੇ ਸਾਰਿਆਂ ਦੇ ਸਾਹਮਣੇ ਹੱਸਣ ਦਾ। ਮਸ਼ੀਨ ਵਾਂਗ ਕੰਮ ਕਰਦੀ ਨਾ ਅੱਕਦੀ, ਨਾ ਥੱਕਦੀ ਤੇ ਸਾਰੇ ਕਹਿੰਦੇ ਹੁਣ ਸਭ ਠੀਕ ਏ। ਜਦਕਿ ਉਸਦੇ ਅੰਦਰ ਕੁਝ ਵੀ ਠੀਕ ਨਹੀ ਹੁੰਦਾ। ਹੱਸਦੀ ਖੇਡਦੀ ਵਿਆਹ ਕੇ ਆਈ ਕਦੋ ਪੱਥਰ ਸੁਭਾਅ ਦੀ ਹੋ ਜਾਂਦੀ ਏ ਪਤਾ ਨਹੀ ਲੱਗਦਾ।
ਅਕਸਰ ਅਸੀਂ ਸੁਣਦੇ ਹਾਂ ਕਿ ਜ਼ਮਾਨਾ ਬਹੁਤ ਬਦਲ ਗਿਆ ਏ। ਇਹ ਬਦਲਾਓ ਸੱਚ ਜਾਣਿੳ ਬੱਸ ਗੱਲੀਂ ਬਾਤੀਂ ਹੀ ਆਇਆ ਏ। ਬਹੁਤੇ ਘਰਾਂ ਦੀ ਕਹਾਣੀ ਅੱਜ ਵੀ ਇਵੇਂ ਏ, ਜਿੱਥੇ ਬੱਸ ਨੂੰਹ ਨੂੰ ਹੀ ਸਾਰੀਆਂ ਜ਼ੁੰਮੇਵਾਰੀਆਂ ਦਿੱਤੀਆ ਨੇ ਕਿ ਉਸਨੇ ਪਤੀ ਦੇ ਸਾਰੇ ਪਰਿਵਾਰ ਨੂੰ ਸਾਂਭਣਾ ਏ ਉਸਦਾ ਫਰਜ਼ ਏ। ਪਰ ਸ਼ਾਇਦ ਕਦੇ ਵੀ ਕਿਸੇ ਨੇ ਇਹ ਕਹਿਣ ਦੀ ਹਿੰਮਤ ਨਹੀਂ ਵਿਖਾਈ ਕਿ ਜਵਾਈ ਦਾ ਵੀ ਫਰਜ ਏ ਉਹ ਵੀ ਸਹੁਰਿਆਂ ਦਾ ਹਾਲ-ਚਾਲ ਬਿਨਾਂ ਕਹੇ ਪੁੱਛ ਲਵੇ। ਕਦੇ ਉਸਦੇ ਮਾਪੇ ਵੀ ਕਹਿਣ ਕਿ ਪੁੱਤ ਹੁਣ ਤੂੰ ਸਹੁਰਿਆਂ ਦਾ ਵੀ ਪੁੱਤ ਏ ਤੇਰਾਂ ਫਰਜ ਬਣਦਾ ਉਹਨਾਂ ਨੂੰ ਪਿਆਰ ਸਤਿਕਾਰ ਦੇ। ਉਹਨਾਂ ਨੇ ਵੀ ਧੀ ਜੰਮ ਕੇ ਪਾਲ਼ ਕੇ ਪੜਾ ਲਿਖਾਂ ਕੇ ਸਾਡੇ ਘਰ ਤੋਰੀ ਏ। ਜੋ ਕਿ ਕਿਸੇ ਮਾਂ-ਬਾਪ ਲਈ ਸੌਖਾ ਨਹੀ ਹੁੰਦਾ। ਉਸਨੇ ਹੁਣ ਸਾਰੀ ਉਮਰ ਸਾਡੇ ਘਰ ਨੂੰ, ਸਾਨੂੰ ਤੇ ਸਾਡੀ ਆੳਣ ਵਾਲੀ ਨਸਲ ਨੂੰ ਸਾਂਭਣਾ ਏ। ਉਹਨਾਂ ਦਾ ਧੰਨਵਾਦ ਕਰੀਏ। ਪਰ ਨਹੀ ਉਹ ਤਾਂ ਸਾਰੀ ਉਮਰ ਇਹੀ ਸੁਣਾਉਂਦੇ ਰਹਿੰਦੇ ਕਿ ਅਸੀ ਮੁੰਡਾ ਜੰਮਿਆ, ਪਾਲਿਆ, ਪੜ੍ਹਾਇਆ, ਤੇ ਤਹਾਨੂੰ ਦੇ ਦਿੱਤਾ। ਜਿਵੇ ਕਿ ਕੁੜੀ ਦੇ ਮਾਪਿਆ ਨੇ ਅਜਿਹਾਂ ਕੁੱਝ ਵੀ ਨਹੀ ਕੀਤਾ। ਹੁਣ ਤਾਂ ਸਗੋਂ ਕੁੜੀਆਂ ਬਾਹਰ ਕਮਾਈ ਕਰਕੇ ਘਰੇ ਕੰਮ ਕਰ ਡਬਲ ਬੋਝ ਢੋਹ ਰਹੀਆਂ ਨੇ। ਵਿਦੇਸ਼ਾਂ ਵਿੱਚ ਕੁੜੀਆਂ ਬਹੁਤੀਆਂ ਖੁਸ਼ ਨਹੀ ਹਨ। ਹਾਂ! ਖੁਸ਼ ਹੋਣ ਦੀ ਕੋਸ਼ਿਸ ਜ਼ਰੂਰ ਕਰ ਲੈਂਦੀਆਂ ਨੇ ।
ਜਿਹੜੇ ਘਰਾਂ ਵਿੱਚ ਜੀਆਂ ਦਾ ਪਿਆਰ ਸਤਿਕਾਰ ਏ ਉਹਨਾਂ ਨੂੰ ਸਲਾਮ ਏ। ਪਰ ਜੋ ਅੱਜ ਵੀ ਕਿਸੇ ਦੀ ਧੀ ਨੂੰ ਮਾਨਸਿਕ ਪੀੜਾ ਦੇ ਕੇ ਉਸਦੀ ਜਿੰਦਗੀ ਖਰਾਬ ਕਰ ਰਹੇ ਨੇ, ਉਹਨਾਂ ਦਾ ਰੱਬ ਰਾਖਾ…!
ਹਰ ਰਿਸ਼ਤਾ ਪਿਆਰ ਦਾ ਹੱਕ ਦਾਰ ਏ
ਹਰ ਰਿਸ਼ਤਾ ਸਤਿਕਾਰ ਦਾ ਹੱਕਦਾਰ ਏ ।