
ਨਾਰੀ ਸੁਸ਼ਕਤੀਕਰਨ ਦੇ ਨਾਮ ਉੱਪਰ ਪਿਛਲੇ ਕੁਝ ਸਮੇਂ ਤੋਂ ਪਤਾ ਨਹੀਂ ਕਿੰਨੇ ਕੁ ਪ੍ਰੋਗਰਾਮ, ਸਮਾਗਮ, ਸਰਗਰਮੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਦੀਆਂ ਸਰਕਾਰਾਂ ਨੇ ਯਤਨ ਕੀਤਾ ਕਿ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਜਿਹੇ ਕਦਮ ਚੁੱਕੇ ਜਾਣ ਜਿੰਨਾ ਨਾਲ ਔਰਤਾਂ ਆਤਮ ਨਿਰਭਰ ਹੋ ਸਕਣ, ਆਰਥਿਕ ਪੱਖੋਂ ਮਜ਼ਬੂਤ ਹੋ ਸਕਣ। ਵੱਖ-ਵੱਖ ਤਰੀਕਿਆਂ ਨਾਲ ਔਰਤਾਂ ਨੂੰ ਤਕਨੀਕੀ ਤੇ ਮਿਆਰੀ ਸਿੱਖਿਆ ਦੇਣ ਦੇ ਵੀ ਯੋਗ ਪ੍ਰਬੰਧ ਕੀਤੇ ਗਏ। ਔਰਤਾਂ ਨੂੰ ਬਰਾਬਰਤਾ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਬਹੁਤ ਸਾਰੇ ਯਤਨ ਕੀਤੇ ਗਏ, ਜਿੰਨਾ ਦਾ ਬਹੁਤ ਸਾਰੀਆਂ ਔਰਤਾਂ ਨੇ ਲਾਭ ਵੀ ਉਠਾਇਆ। ਤਿੰਨ ਤਲਾਕ ਤੇ ਵੀ ਦੇਸ਼ ਦੀ ਨਿਆਪਾਲਿਕਾ ਨੇ ਇਸ ਅਣਮਨੁੱਖੀ ਪ੍ਰਥਾ ਨੂੰ ਖਤਮ ਕਰਨ ਦੇ ਨਾਲ ਨਾਲ ਅਜਿਹਾ ਅਪਰਾਧ ਕਰਨ ਵਾਲਿਆਂ ਵਿਰੁੱਧ ਸਜ਼ਾ ਦੀ ਵਿਵਸਥਾ ਵੀ ਕੀਤੀ। ਇਸ ਤੋਂ ਇਲਾਵਾ ਅਸੀ ਦੇਖਦੇ ਹਾਂ ਕਿ ਅੱਜ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਸਿੱਖਿਆ, ਸਿਹਤ,ਸੁਰੱਖਿਆ, ਖੇਡ, ਵਿਗਿਆਨ ਕੋਈ ਵੀ ਖੇਤਰ ਹੋਵੇ ਕੁਝ ਔਰਤਾਂ ਨੇ ਆਪਣੀ ਹੋਂਦ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ ਹੈ। ਪਰ ਇਹ ਕਹਾਣੀ ਕੁਝ ਕੁ ਔਰਤਾਂ ਦੀ ਹੈ, ਜੋ ਮੀਡੀਆ ਦੀ ਤੇਜ਼ ਅੱਖ ਦੇ ਅੱਗੇ ਆ ਗਈਆਂ।