ਦਿੱਲੀ ਭਾਰਤ ਦਾ ਦਿਲ, ਭਾਰਤ ਦੀ ਰਾਜਧਾਨੀ। ਇੱਕ ਅਜਿਹਾ ਸ਼ਹਿਰ ਜਿੱਥੇ ਭਾਰਤ ਦੇ ਕਾਨੂੰਨਾ ਦੇ ਸਭ ਤੋਂ ਵੱਡੇ ਅਦਾਰੇ ਹਨ। ਅਜਿਹੀ ਜਗ੍ਹਾ ਜਿੱਥੇ ਭਾਰਤ ਦੀ ਹਕੂਮਤ ਰਹਿੰਦੀ ਹੈ। ਇੱਕ ਅਜਿਹਾ ਸਥਾਨ ਜਿੱਥੇ ਦੇਸ਼ ਦੇ ਵੱਡੇ ਫ਼ੈਸਲੇ ਲਏ ਜਾਂਦੇ ਹਨ। ਦਿਨ ਰਾਤ ਚਹਿਲ ਪਹਿਲ ਤੇ ਤਮਾਮ ਲੋਕਾਂ ਨਾਲ ਖਚਾਖਚ ਭਰਿਆ ਇਹ ਸ਼ਹਿਰ ਜਿੰਨਾ ਵੱਡਾ ਮਾਣ ਆਪਣੇ ਕੋਲ ਰੱਖੀ ਬੈਠਾ ਹੈ, ਸਮਾਂ ਗਵਾਹ ਹੈ ਕਿ ਉਨੇ ਜਿਆਦਾ ਘਿਨੋਣੇ ਕੰਮ ਇਸ ਧਰਤੀ ਤੇ ਹੁੰਦੇ ਰਹੇ। ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਹੋਵੇ, ਚਾਹੇ ਚੁਰਾਸੀ ਦਾ ਖੂਨ ਖਰਾਬਾ , ਚਾਹੇ ਔਰਤਾਂ ਦੀਆਂ ਇੱਜ਼ਤਾਂ ਲੀਰੋ ਲੀਰ ਹੋਣੀਆਂ ਹੋਣ, ਮੌਤ, ਅਪਮਾਨ, ਸ਼ਰੀਰਕ, ਮਾਨਸਿਕ ਹਰ ਤਰ੍ਹਾਂ ਦਾ ਜੁਲਮ ਇਸ ਧਰਤੀ ਤੇ ਹੋਇਆ ਹੈ।
ਇੱਕ ਅਜਿਹਾ ਸ਼ਹਿਰ ਜਿੱਥੇ ਲੋਕ ਆਪਣੀਆਂ ਬੇਟੀਆਂ ਨੂੰ ਰਾਤ ਬਾਹਰ ਇੱਕਲਿਆਂ ਜਾਣ ਤੋਂ ਰੋਕਦੇ ਹਨ। ਇੱਕ ਅਜਿਹਾ ਸ਼ਹਿਰ ਜਿੱਥੇ ਔਰਤ ਬਿਲਕੁਲ ਵੀ ਮਹਿਫ਼ੂਜ਼ ਨਹੀਂ । ਇਹ ਸਾਡੇ ਦੇਸ਼ ਦੀ ਜਮੀਨੀ ਹਕੀਕਤ ਹੈ, ਅਸੀਂ ਕਿੰਨਾ ਵੀ ਕਹਿ ਲਈਏ ਕਿ ਭਾਰਤ ਨੇ ਬਹੁਤ ਤਰੱਕੀ ਕਰ ਲਈ ਪਰ ਸਭ ਫੋਕਾ ਦਿਖਾਵਾ। ਅੱਜ ਵੀ ਅਸੀਂ ਗੁਲਾਮ ਹਾਂ, ਸੌੜੀ ਸੋਚ ਦੇ ਕੁਚੱਜੀ ਵਿਚਾਰਧਾਰਾ ਦੇ!ਨਿਰਭਿਆ ਵਰਗੀਆਂ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਅੱਜ ਤੱਕ ਬਲਾਤਕਾਰ ਦਾ ਸ਼ਿਕਾਰ ਹੋ ਚੁੱਕੀਆਂ ਹਨ। ਹਵਸ਼ ਦੇ ਭੁੱਖੇ ਲਾਲਚੀ ਭੇੜੀਏ ਕਿਸੇ ਵੀ ਰਾਹ ਜਾਂਦੀ ਧੀ ਦੀ ਜਿੰਦਗੀ ਨਾਲ ਖਿਲਵਾੜ ਕਰ ਜਾਂਦੇ ਹਨ ਤੇ ਤੇ ਸਾਡਾ ਕਾਨੂੰਨ ਸਿਰਫ਼ ਮੂੰਹ ਚੁੱਕੀ ਵੇਖਦਾ ਰਹਿੰਦਾ ਹੈ। ਪਤਾ ਨਹੀਂ ਕਿੰਨੇ ਕੁ ਮਾਂ ਬਾਪ ਆਪਣੀਆ ਜਾਨੋ ਪਿਆਰੀਆਂ ਧੀਆਂ ਨੂੰ ਗਵਾ ਚੁੱਕੇ ਹਨ। ਇਸੇ ਤਰ੍ਹਾਂ ਇੱਕ ਤਾਜ਼ਾ ਮਸਲਾ 26 ਜਨਵਰੀ ਦੇ ਦਿਨ ਸਾਹਮਣੇ ਆਇਆ।ਜਿੱਥੇ ਪੂਰਾ ਦੇਸ਼ ਗਣਤੰਤਰ ਦਿਵਸ ਮਨ੍ਹਾ ਰਿਹਾ ਸੀ, ਉੱਥੇ ਦਿੱਲੀ ਦੀਆਂ ਗਲੀਆਂ ‘ਚ ਇਕ ਕੁੜੀ ਦੀ ਇੱਜ਼ਤ ਤਾਰ-ਤਾਰ ਹੋ ਰਹੀ ਸੀ। ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਤ੍ਰਾਸਦੀ ਸਾਡੇ ਦੇਸ਼ ਦੇ ਕਾਨੂੰਨ ਲਈ ਹੋਰ ਕੋਈ ਨਹੀਂ ਹੋ ਸਕਦੀ ਕਿ ਜਿਸ ਦਿਨ ਅਸੀਂ ਇਹਨਾਂ ਕਾਨੂੰਨਾ ਦੇ ਹੋਂਦ ਵਿੱਚ ਆਉਣ ਦਾ ਜਸ਼ਨ ਮਨਾ ਰਹੇ ਸੀ,ਉਸੇ ਦਿਨ ਉਸੇ ਸ਼ਹਿਰ ਵਿੱਚ ਉਹਨਾਂ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ।ਦਿੱਲੀ ‘ਚ 20 ਸਾਲਾ ਇਕ ਕੁੜੀ ਨੂੰ ਅਗਵਾ ਕਰ ਕੇ ਪਹਿਲਾਂ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਨਾਲ ਬਦਸਲੂਕੀ ਅਤੇ ਵਾਲ ਕੱਟ ਕੇ ਸੜਕਾਂ ‘ਤੇ ਘੁਮਾਇਆ ਗਿਆ। ਇਸ ਦਾ ਇਕ ਸ਼ਰਮਨਾਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਕੁਝ ਔਰਤਾਂ ਵੀ ਦਿਖਾਈ ਦੇ ਰਹੀਆਂ ਹਨ।
ਇਸ ਮਸਲੇ ਵਿੱਚ ਇੱਕ ਔਰਤ ਉੱਪਰ ਇੱਕ ਨਹੀਂ ਬਲਕਿ ਪਤਾ ਨਹੀਂ ਕਿੰਨੇ ਕੁ ਜੁਲਮ ਢਾਹੇ ਗਏ। ਸਮੂਹਿਕ ਜਬਰ ਜਨਾਹ ਕੀਤਾ ਗਿਆ, ਮਾਰ ਕੁਟਾਈ ਕੀਤੀ ਗਈ, ਇੱਥੇ ਹੀ ਬਸ ਨਹੀਂ ਉਸਦੀ ਮਰਜ਼ੀ ਤੋਂ ਬਿਨਾਂ ਉਸ ਦੇ ਕੇਸ ਕਤਲ ਕੀਤੇ ਗਏ, ਕਈ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਜਿੰਨਾ ਸਾਹਮਣੇ ਇਨਸਾਨੀਅਤ ਸ਼ਰਮਸ਼ਾਰ ਹੋ ਜਾਂਦੀ, ਕਿਸ ਤਰ੍ਹਾਂ ਦਾ ਭਾਣਾ ਵਰਤਿਆ ਕਿ ਉਸ ਔਰਤ ਤੇ ਏਨਾਂ ਜੁਲਮ ਢਾਹ ਕੇ ਫਿਰ ਉਸਦਾ ਮੂੰਹ ਕਾਲਾ ਕਰ ਦੁਨੀਆਂ ਵਿੱਚ ਜਲੂਸ ਕੱਢਿਆ ਗਿਆ, ਜਿੱਥੇ ਇੱਕ ਪਾਸੇ ਦਿੱਲੀ ਵਿੱਚ ਪਰੇਡ ਹੋ ਰਹੀ ਹੋਵੇਗੀ, ਭਾਰਤ ਦੇ ਗੌਰਵ ਦੀਆਂ ਝਲਕੀਆਂ ਕੱਢੀਆਂ ਜਾ ਰਹੀਆਂ ਹੋਣਗੀਆਂ ਉੱਥੇ ਦੂਸਰੇ ਪਾਸੇ ਇੱਕ ਔਰਤ ਦੀ ਪਰੇਡ ਹੋ ਰਹੀ ਸੀ, ਜਿਸ ਨੂੰ ਦੁਨੀਆਂ ਸਾਹਮਣੇ ਅਪਮਾਨਿਤ ਕੀਤਾ ਜਾ ਰਿਹਾ ਸੀ।
ਇਸ ਤੋਂ ਇਲਾਵਾ ਸਾਡੇ ਸਮਾਜ ਦਾ ਇੱਕ ਹੋਰ ਚਿਹਰਾ ਸਾਨੂੰ ਵੇਖਣ ਨੂੰ ਮਿਲਿਆ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਇਸ ਮਸਲੇ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਵਿੱਚ ਔਰਤਾਂ ਦੀ ਗਿਣਤੀ ਜਿਆਦਾ ਹੈ । ਜੋ ਕਿ ਤਮਾਮ ਦੇਸ਼ ਦੁਨੀਆਂ ਦੇ ਔਰਤ ਜਗਤ ਨੂੰ ਸ਼ਰਮਿੰਦਿਆਂ ਕਰਦੀ ਹੈ। ਜੇਕਰ ਔਰਤ …. ਔਰਤ ਦੇ ਹੱਕ ਵਿੱਚ ਭੁਗਤ ਜਾਵੇ ਤਾਂ ਔਰਤਾਂ ਉੱਪਰ ਹੋਣ ਵਾਲੇ ਬਹੁਤ ਸਾਰੇ ਜੁਲਮਾਂ ਨੂੰ ਢੱਲ ਪਾਈ ਜਾ ਸਕਦੀ ਹੈ । ਭਾਵੇਂ ਉਹ ਘਰੇਲੂ ਹੋਣ ਚਾਹੇ ਸਮਾਜਿਕ। ਦੂਸਰਾ ਪੱਖ ਜੋ ਇੱਥੇ ਵੇਖਣ ਨੂੰ ਮਿਲਿਆ ਕਿ ਉਸ ਲੜਕੀ ਦੇ ਬਿਨਾ ਮਰਜ਼ੀ ਤੋਂ ਕੇਸ ਕਤਲ ਗਏ, ਜੋ ਕਿ ਉਸਦੀ ਧਾਰਮਿਕ ਸੁਤੰਤਰ ਉੱਪਰ ਸੱਟ ਸੀ। ਇਹ ਇੱਕ ਅਜਿਹੀ ਘਟਨਾ ਹੈ ਜਿਸਨੇ ਹਰ ਸੰਵੇਦਨਸ਼ੀਲ ਮਨੁੱਖ ਦੀ ਰੂਹ ਨੂੰ ਝੰਜੋੜ ਦਿੱਤਾ । ਇਹ ਕੋਈ ਪਹਿਲੀ ਘਟਨਾ ਨਹੀਂ ਅਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਨਿੱਤ ਆਪਣੀ ਪੱਤ ਲੀਰੋ ਲੀਰ ਕਰਵਾਉਂਦੀਆਂ ਹਨ, ਹੈਰਾਨਗੀ ਦੀ ਗੱਲ ਵੇਖੋ ਇੱਕ ਔਰਤ ਉੱਪਰ ਜੁਲਮ ਕੀਤਾ ਜਾਂਦਾ, ਫਿਰ ਉਸਦਾ ਸਾਥ ਦੇਣ ਦੀ ਬਜਾਇ ਉਸਨੂੰ ਸਮਾਜ ਤੋਂ ਬਿਲਕੁਲ ਅਲੱਗ ਕਰ ਦਿੱਤਾ ਜਾਂਦਾ, ਉਸ ਵੱਲ ਇਸ ਨਜ਼ਰ ਨਾਲ ਦੇਖਿਆ ਜਾਂਦਾ ਕਿ ਜੇਕਰ ਉਸ ਨਾਲ ਬਲਾਤਕਾਰ ਹੋਇਆ ਤਾਂ ਉਸ ਵਿੱਚ ਵੀ ਉਸਦਾ ਕਸੂਰ ਹੈ। ਪਹਿਲਾਂ ਸਰੀਰਕ ਤਸ਼ਦੱਦ, ਫਿਰ ਮਾਨਸਿਕ ਤੇ ਹਾਲੇ ਅਸੀਂ ਆਪਣੇ ਦੇਸ਼ ਨੂੰ ਇੱਕ ਸੱਭਿਅਕ ਦੇਸ਼ ਕਹਿੰਦੇ ਹਾਂ।
ਇਹ ਸਵਾਲ ਹੈ ਤਮਾਮ ਉਹਨਾਂ ਕਾਨੂੰਨ ਦੇ ਰਖਵਾਲਿਆਂ ਲਈ ਕਿ ਕਿਉਂ ਉਹ ਅਸਫਲ ਰਹਿੰਦੇ ਨੇ ਇੱਕ ਨਿਰੋਆ ਸਮਾਜ ਸਿਰਜਣ ਵਿੱਚ। ਕਿਉਂ ਦਿੱਲੀ ਦੀ ਦਰਿੰਦਗੀ ਕਦੇ ਠੱਲਦੀ ਨਹੀਂ। ਕਿਉਂਕਿ ਮਨੁੱਖੀ ਅਧਿਕਾਰਾਂ ਦਾ ਪਤਨ ਸ਼ਰੇਆਮ ਹੁੰਦਾ ਹੈ? ਕਿਉਂ ਇੱਕ ਔਰਤ ਕੋਲ ਜਿਊਣ ਦਾ ਹੱਕ ਖੋਹ ਲਿਆ ਜਾਂਦਾ ਹੈ ਤੇ ਛੱਡ ਦਿੱਤਾ ਜਾਂਦਾ ਹੈ ਉਸਨੂੰ ਅਧਮੋਈ ਜਿੰਦਗੀ ਜਿਊਣ ਲਈ।
ਇਹ ਘਟਨਾ ਧਾਰਮਿਕ ਸਮਾਜਿਕ ਭਾਵਨਾਵਾਂ ਨੂੰ ਧੁਰ ਅੰਦਰ ਤੱਕ ਹਿਲਾਉਣ ਵਾਲੀ ਘਟਨਾ ਹੈ। ਜੇਕਰ ਸਮਾਜ ਤੇ ਧਰਮ ਦੇ ਸਿਰਮੌਰ ਆਗੂਆਂ ਨੇ ਇਸ ਮਸਲੇ ਬਾਰੇ ਸੰਜੀਦਗੀ ਨਾਲ ਨਾ ਸੋਚਿਆ ਤਾਂ ਉਹਨਾਂ ਨੂੰ ਵੀ ਹੋਰਾਂ ਵਾਂਗ ਆਮ ਲੋਕਾਂ ਵਾਂਗ ਬੈਠ ਜਾਣਾ ਚਾਹੀਦਾ ਹੈ।
ਅਸੀਂ ਇਸ ਸਮਾਜ ਦਾ ਹਿੱਸਾ ਹਾਂ, ਤਮਾਸ਼ਬੀਨ ਨਾ ਬਣੀਏ ਦਿੱਲੀ ਵਿੱਚ ਲੱਗੀ ਅੱਗ ਦਾ ਸੇਕ ਅੱਜ ਤੱਕ ਸਾਡੇ ਹੱਡਾਂ ਨੂੰ ਲੂਸਦਾ ਹੈ, ਯਾਦ ਰੱਖਿਓ ਅੱਜ ਕਿਸੇ ਦੀ ਧੀ ਭੈਣ ਇਹਨਾਂ ਜੁਲਮਾਂ ਦੀ ਸ਼ਿਕਾਰ ਹੋਈ ਹੈ, ਕੱਲ ਨੂੰ ਪਤਾ ਨਹੀਂ ਕਿਸਦੀ ਵਾਰੀ ਆ ਜਾਵੇ। ਆਪਣੀ ਜਿੰਮੇਵਾਰੀ ਸਮਝੀਏ, ਸਰਕਾਰਾਂ ਨੂੰ, ਕਾਨੂੰਨ ਨੂੰ, ਸਮਾਜ ਨੂੰ, ਧਰਮਾਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਈਏ।
ਆਪਣੇ ਆਪ ਨੂੰ ਕਾਨੂੰਨ ਦੇ ਰਖਵਾਲੇ , ਲੋਕਾਂ ਦੇ ਸੇਵਕ ਕਹਿਣ ਵਾਲਿਆਂ ਨੂੰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਹ ਦੇਸ਼ ਜਿਸਦੀ ਰਾਜਧਾਨੀ ਵਿੱਚ ਹੀ ਔਰਤਾਂ ਮਹਿਫ਼ੂਜ਼ ਨਹੀਂ ਕਿਵੇਂ ਇੱਕ ਚੰਗਾ ਲੋਕਤੰਤਰੀ ਦੇਸ਼ ਅਖਵਾ ਸਕਦਾ ਹੈ? ਇਹਨਾਂ ਜੁਲਮਾਂ ਦੀ ਅੱਗ ਨੂੰ ਸਿਆਣਪ, ਸੁਚੱਜੀ ਅਗਵਾਈ ਰੂਪੀ ਪਾਣੀ ਪਾ ਬੁਝਾਇਆ ਜਾ ਸਕਦਾ ਹੈ ਨਹੀਂ ਤਾਂ ਇਹ ਸਵਾਲ ਹਮੇਸ਼ਾ ਰਹੇਗਾ ਕਿ ਆਖਰ ਕਦੋਂ ਰੁੱਕੇਗੀ ਦਿੱਲੀ ਵਿੱਚ ਦਰਿੰਦਗੀ?