ਪਿੱਛੇ ਜਿਹੇ ਫੇਸ-ਬੁੱਕ ‘ਤੇ ਇਕ ਸੱਜਣ ਦੀ ਪੋਸਟ ਉੱਤੇ ਲੇਖਕਾਂ ਦੇ ਭਾਂਤ-ਸੁਭਾਂਤੇ ਤਖੱਲਸਾਂ ਬਾਰੇ ਚਰਚਾ ਚੱਲ ਰਹੀ ਸੀ। ਕੈਨੇਡਾ ਰਹਿੰਦੇ ਮਾਣਯੋਗ ਲੇਖਕ ਗਿਆਨੀ ਕੇਵਲ ਸਿੰਘ ‘ਨਿਰਦੋਸ਼’ ਹੁਣਾ ਨੇ ਕਮੈਂਟ ਲਿਖਿਆ ਕਿ ਪੰਜਾਬੀ ਦੇ ਪੁਰਾਤਨ ਲੇਖਕ ਲਾਲ ਸਿੰਘ ‘ਕਮਲ਼ਾ ਅਕਾਲੀ’ ਜੀ ਆਪਣੀ ਕਿਤਾਬ ਛਪਾਉਣ ਤੋਂ ਪਹਿਲਾਂ ਉਸਦਾ ਹੱਥ-ਲਿਖਤ ਖਰੜਾ ਲੈ ਕੇ ਮਾਸਟਰ ਤਾਰਾ ਸਿੰਘ ਜੀ (ਪ੍ਰਸਿੱਧ ਅਕਾਲੀ ਆਗੂ) ਹੁਣਾ ਕੋਲ਼ੋਂ ਮੁੱਖ-ਬੰਦ ਲਿਖਾਉਣ ਗਏ।ਮਾਸਟਰ ਜੀ ਮਖੌਲੀਆ ਅੰਦਾਜ਼ ਵਿਚ ਲਾਲ ਸਿੰਘ ਨੂੰ ਕਹਿੰਦੇ ਕਿ ਭਾਈ ਲਾਲ ਸਿਆਂ, ਤੈਂ ਦੋ ਤਖੱਲਸ ਕਾਹਨੂੰ ਰੱਖ ਲਏ ਭਲਾ? ਜੇ ਇਕੱਲਾ ‘ਅਕਾਲੀ’ ਰੱਖ ਲੈਂਦਾ ਤਾਂ ਲੋਕਾਂ ਨੇ ਸਮਝ ਹੀ ਜਾਣਾ ਸੀ ਕਿ ਇਹ ‘ਕਮਲ਼ਾ’ ਈ ਹੋਣਾ! ਤੇ ਜੇ ਤਖੱਲਸ ‘ਕਮਲ਼ਾ’ ਰੱਖ ਲੈਂਦਾ ਤਦ ਵੀ ਪਾਠਕਾਂ ਨੇ ਸਮਝ ਲੈਣਾ ਸੀ ਕਿ ਇਹ ‘ਅਕਾਲੀ’ ਹੀ ਹੋਣਾ ਐਂ !
‘ਕਮਲ਼ਾ ਅਕਾਲੀ’ ਦੇ ਜਿਕਰ ਤੋਂ ਮੈਨੂੰ ਆਪਣਾ ਚੇਤਾ ਆ ਗਿਆ। ਹੋਇਆ ਇੰਜ ਕਿ ਫੋਟੋ-ਗ੍ਰਾਫੀ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕੈਨੇਡਾ ਰਹਿੰਦੇ ਸਰਦਾਰ ਜੈਤੇਗ ਸਿੰਘ ‘ਅਨੰਤ’ ਜੀ ਸੰਨ 2009 ਵਿੱਚ ਭਾਰਤ ਗਏ। ਉਨ੍ਹਾਂ ਸ੍ਰੀ ਵਰਿੰਦਰ ਵਾਲੀਆ ਜੀ (ਜੋ ਮਗਰੋਂ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਰਹੇ) ਤੋਂ ਸਲਾਹ ਲਈ ਕਿ ਮੈਂ ਆਪਣੇ ਮਾਂ-ਬਾਪ ਦੀ ਯਾਦ ਵਿਚ ਬਣਾਏ ਹੋਏ ‘ਹਰਿਦਰਸ਼ਨ ਮੈਮੋਰੀਅਲ ਟ੍ਰਸਟ’ ਵਲੋਂ ਕਿਸੇ ਚੰਗੇ ਪੰਜਾਬੀ ਵਾਰਤਕਕਾਰ ਨੂੰ ਸਨਮਾਨ ਦੇਣਾ ਚਾਹੁੰਦਾ ਹਾਂ ਕਿਸੇ ਲੇਖਕ ਬਾਰੇ ਦੱਸੋ।
‘ਪੰਜਾਬੀ ਟ੍ਰਿਬਿਊਨ’ ਮੈਂ ਵਿਚ ਛਪਦਾ ਜਰੂਰ ਰਿਹਾ ਸਾਂ ਪਰ ਵਾਲੀਆ ਜੀ ਜਾਂ ਉਸ ਅਖਬਾਰ ਦੇ ਕਿਸੇ ਹੋਰ ਸੰਪਾਦਕ ਨੂੰ ਕਦੇ ਮਿਲ਼ਿਆ ਨਹੀਂ ਸਾਂ। ਪਰ ਮੇਰੀ ਖੁਸ਼ਕਿਸਮਤੀ ਕਿ ਵਾਲੀਆ ਜੀ ਨੇ ਅਨੰਤ ਹੁਣਾ ਨੂੰ ਮੇਰੇ ਨਾਂ ਦੀ ਦੱਸ ਪਾਈ। ਸੰਯੋਗਵਸ ਮੈਂ ਵੀ ਉਨ੍ਹਾਂ ਦਿਨਾਂ ‘ਚ ਅਮਰੀਕਾ ਤੋਂ ਆਪਣੇ ਪਿੰਡ ਗਿਆ ਹੋਇਆ ਸਾਂ। ਅਨੰਤ ਜੀ ਨੇ ਮੇਰੇ ਛੋਟੇ ਭਰਾ ਪ੍ਰੋਫੈਸਰ ਅਵਤਾਰ ਸਿੰਘ ਰਾਹੀਂ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਸੂਚਿਤ ਕੀਤਾ।
ਕਦਰਦਾਨ ਬਜ਼ੁਰਗ ਅਨੰਤ ਸਾਹਿਬ ਨੇ ਤਰੱਦਦ ਕਰਕੇ ਚੰਡੀਗੜ੍ਹ ਵਿਖੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਤੇ ਮੈਨੂੰ ਵਾਰਤਕਕਾਰ ਵਜੋਂ ‘ਲਾਲ ਸਿੰਘ ਕਮਲ਼ਾ ਅਕਾਲੀ ਸਨਮਾਨ-ਚਿੰਨ੍ਹ’ ਨਾਲ ਸਨਮਾਨਿਤ ਕਰਿਆ!