ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਕਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਇੱਕ ਕੈਫੇ ‘ਤੇ ਗੋਲੀਬਾਰੀ ਦੀ ਘਟਨਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਕਪਿਲ ਦੇ ਵਲੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਸਰੀ ਦੇ ਨਿਊਟਨ ਇਲਾਕੇ ਦੀ 120ਵੀਂ ਸਟਰੀਟ ਦੇ ਉਪਰ ਹਾਲ ਹੀ ਵਿੱਚ ਖੋਲ੍ਹੇ ਗਏ ਇੱਕ ਨਵੇਂ ਕੈਫੇ ਦੇ ਉਪਰ ਇਹ ਗੋਲੀਬਾਰੀ ਕੀਤੀ ਗਈ ਹੈ ਅਤੇ ਇਸਦੀ ਜਿੰਮੇਵਾਰੀ ਇੱਕ ਖਾੜਕੂ ਜਥੇਬੰਦੀ ਦੇ ਵਲੋਂ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਲਾਕੇ ਸਰੀ ਵਿਖੇ ਇਹ ਘਟਨਾ ਵਾਪਰੀ ਹੈ। ਕਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਸ਼ਰਮਾ ਦੇ ਵਲੋਂ ਇਥੇ ‘ਕੈਪਸ ਕੈਫ਼ੇ’ ਨਾਮ ਦਾ ਇੱਕ ਰੈਸਟੋਰੈਂਟ ਕੁੱਝ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ ਜਿਸ ਉਪਰ ਬੀਤੀ ਰਾਤ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਗਿਆ। ਇਸ ਹਮਲੇ ਦੀ ਜਿੰਮੇਵਾਰੀ ਹਰਜੀਤ ਸਿੰਘ ਲਾਡੀ ਵਲੋਂ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਖਾੜਕੂ ਜਥੇਬੰਦੀ ਬੱਬਰ ਖਾਲਸਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਭਾਰਤੀ ਜਾਂਚ ਏਜੰਸੀ (ਐਨਆਈਏ) ਦੇ ਵਲੋਂ ਹਰਜੀਤ ਸਿੰਘ ਲਾਡੀ ਨੂੰ ਜੂਨ 2024 ਦੇ ਇੱਕ ਕੇਸ ਦੇ ਵਿੱਚ ਮੋਸਟ ਵਾਂਟਡ ਵਜੋਂ ਐਲਾਨਿਆ ਹੋਇਆ ਹੈ, ਜਿਸਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ। ਚਰਚਾ ਤਾਂ ਇਹ ਵੀ ਹੈ ਕਿ ਕਪਿਲ ਸ਼ਰਮਾ ਦੇ ਵਲੋਂ ਕੀਤੇ ਗਏ ਕਿਸੇ ਪੁਰਾਣੇ ਕੁਮੈਂਟ ਦੇ ਕਾਰਣ, ਸਬਕ ਸਿਖਾਉਣ ਦੇ ਮੰਤਵ ਨਾਲ ਇਹ ਹਮਲਾ ਕੀਤਾ ਗਿਆ ਹੈ ਪਰ ਕਪਿਲ ਸ਼ਰਮਾ ਦਾ ਕੈਪਸ ਕੈਫੇ ਇਸ ਹਮਲੇ ਦਾ ਸਿੱਧਾ ਨਿਸ਼ਾਨਾ ਸੀ ਜਾਂ ਇਹ ਸਿਰਫ਼ ਉਸਨੂੰ ਧਮਕਾਉਣ ਦੀ ਹੀ ਕੋਸ਼ਿਸ਼ ਹੈ, ਇਸ ਵਾਰੇ ਪੁਲਿਸ ਹਾਲੇ ਜਾਂਚ ਕਰ ਰਹੀ ਹੈ।
ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਇਸ ਵਾਰਦਾਤ ਸਬੰਧੀ ਕਿਹਾ ਹੈ ਕਿ ਵੀਰਵਾਰ ਸਵੇਰੇ (ਕੈਨੇਡਾ ਸਮੇਂ ਅਨੁਸਾਰ) ਸਰੀ ਦੇ ਨਿਊਟਨ ਇਲਾਕੇ ਦੀ 120ਵੀਂ ਸਟਰੀਟ ‘ਤੇ ਸਥਿਤ ‘ਕੈਪਸ ਕੈਫੇ’ ਉਪਰ ਉਸ ਵਕਤ ਕਈ ਗੋਲੀਆਂ ਚਲਾਈਆਂ ਗਈਆਂ, ਜਦੋਂ ਸਟਾਫ ਅੰਦਰ ਕੰਮ ਕਰ ਰਿਹਾ ਸੀ। ਕੈਫੇ ਦੇ ਸਾਹਮਣੇ ਅਤੇ ਆਲੇ ਦੁਆਲੇ ਦੀਆਂ ਇਮਾਰਤਾਂ ‘ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਸੀਸੀਟੀਵੀ ਫੁਟੇਜ ਸਕੈਨ ਕੀਤੀ ਜਾ ਰਹੀ ਹੈ ਅਤੇ ਗੋਲੀਆਂ ਦੇ ਕਈ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੀਆਂ ਹਨ। ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਰਾਤ ਦੇ ਸਮੇਂ ਰੈਸਟੋਰੈਂਟ ਉਪਰ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਕਾਰ ਵਿੱਚ ਬੈਠਾ ਵਿਅਕਤੀ ਅੰਨ੍ਹੇਵਾਹ ਗੋਲੀਆਂ ਵਰਸਾ ਰਿਹਾ ਹੈ। ਇਸ ਹਮਲੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਘਟਨਾ ਨਾਲ ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਅੰਦਰ ਡਰ ਅਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਕਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਸ਼ਰਮਾ ਦੇ ਵਲੋਂ ਇਸ ਰੈਸਟੋਰੈਂਟ ਦਾ ਉਦਘਾਟਨ ਹਾਲੇ ਇਸੇ ਹਫ਼ਤੇ ਹੀ ਕੀਤਾ ਗਿਆ ਸੀ ਅਤੇ ਉਹਨਾਂ ਵਲੋਂ ਸੋਸ਼ਲ ਮੀਡੀਆਂ ‘ਤੇ ਓਪਨਿੰਗ ਦੀਆਂ ਸੁੰਦਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ। ਇਸ ਨੂੰ ਕਪਿਲ ਸ਼ਰਮਾ ਦਾ ਪਹਿਲਾ ਅੰਤਰਰਾਸ਼ਟਰੀ ਰੈਸਟੋਰੈਂਟ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ ਅਤੇ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਨਾਲ ਕੈਨੇਡਾ ਵਿੱਚ ਥੋੜ੍ਹੇ ਦਿਨ ਪਹਿਲਾਂ ਹੀ ਇਹ ਨਵਾਂ ਕਾਰੋਬਾਰ ‘ਕੈਪਸ ਕੈਫੇ’ ਸ਼ੁਰੂ ਕੀਤਾ ਸੀ। ਕਪਿਲ ਅਤੇ ਗਿੰਨੀ ਦੋਵੇਂ ਬਹੁਤ ਖੁਸ਼ ਸਨ, ਕਿਉਂਕਿ ਰੈਸਟੋਰੈਂਟ ਵਿੱਚ ਗਾਹਕਾਂ ਦੀ ਵੱਡੀ ਭੀੜ ਇਕੱਠੀ ਹੋ ਰਹੀ ਸੀ। ਕਪਿਲ ਸ਼ਰਮਾ ਜਾਂ ਉਨ੍ਹਾਂ ਦੀ ਟੀਮ ਦੇ ਵੱਲੋਂ ਇਸ ਘਟਨਾ ਸਬੰਧੀ ਫਿਲਹਾਲ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕਪਿਲ ਸ਼ਰਮਾ ਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ ਸੀਜ਼ਨ 3’ ਪਿਛਲੇ ਮਹੀਨੇ 21 ਜੂਨ ਨੂੰ ਨੈੱਟਫਲਿਕਸ ‘ਤੇ ਲਾਂਚ ਹੋਇਆ ਸੀ। ਇਸ ਪਹਿਲੇ ਐਪੀਸੋਡ ਵਿੱਚ ਸਲਮਾਨ ਖਾਨ ਨੂੰ ਦੇਖਿਆ ਗਿਆ ਸੀ, ਦੂਜੇ ਐਪੀਸੋਡ ਵਿੱਚ ਫਿਲਮ ‘ਮੈਟਰੋ ਇਨ ਡਿਨਨ’ ਦੀ ਟੀਮ ਆਈ, ਜਦੋਂ ਕਿ ਤੀਜੇ ਐਪੀਸੋਡ ਵਿੱਚ ਭਾਰਤੀ ਕ੍ਰਿਕਟਰਾਂ ਨੇ ਹਿੱਸਾ ਲਿਆ ਸੀ। ਇਸ ਸ਼ਨੀਵਾਰ ਨੂੰ ਪ੍ਰਸਾਰਿਤ ਹੋਣ ਜਾ ਰਹੇ ਚੌਥੇ ਐਪੀਸੋਡ ਵਿੱਚ ਜੈਦੀਪ ਅਹਲਾਵਤ, ਵਿਜੇ ਵਰਮਾ, ਪ੍ਰਤੀਕ ਗਾਂਧੀ ਅਤੇ ਜਤਿੰਦਰ ਕੁਮਾਰ ਵਰਗੇ ਪ੍ਰਸਿੱਧ ਓਟੀਟੀ ਸਟਾਰ ਨਜ਼ਰ ਆਉਣਗੇ।