ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਦੌਰਾਨ ਭਾਰਤ ਵਿੱਚ ਚਿਕਨ ਦੀ ਵਿਕਰੀ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ। ਚਿਕਨ ਦੀਆਂ ਕੀਮਤਾਂ ਪਿਛਲੇ ਇਕ ਮਹੀਨੇ ਵਿਚ 70 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟ ਗਈਆਂ ਹਨ।
ਗੋਦਰੇਜ ਐਗਰੋਵੇਟ ਦੇ ਇਕ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਅਜਿਹੀਆਂ ਅਫਵਾਹਾਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਹਨ ਕਿ ਚਿਕਨ ਤੋਂ ਕੋਰੋਨਾ ਵਾਇਰਸ ਫੈਲ ਸਕਦੀ ਹੈ। ਇਸ ਦੇ ਕਾਰਨ ਬਾਜ਼ਾਰ ਵਿੱਚ ਚਿਕਨ ਦੀ ਕੀਮਤ ਅਤੇ ਵਿਕਰੀ ਦੋਵੇਂ ਹੇਠਾਂ ਆ ਗਏ ਹਨ।
ਗੋਦਰੇਜ ਐਗਰੋਵੇਟ ਦੇ ਮੈਨੇਜਿੰਗ ਡਾਇਰੈਕਟਰ ਬੀਐਸ ਯਾਦਵ ਨੇ ਕਿਹਾ ਕਿ ਗਰੁੱਪ ਦੀ ਪੋਲਟਰੀ ਬ੍ਰਾਂਚ – ਗੋਦਰੇਜ ਟਾਇਸਨ ਫੂਡਜ਼ ਉਪਰ ਵੀ ਇਸਦਾ ਅਸਰ ਪਿਆ ਹੈ ਕਿਉਂਕਿ ਪਿਛਲੇ ਇੱਕ ਮਹੀਨੇ ਵਿੱਚ ਉਨ੍ਹਾਂ ਦੀ ਵਿਕਰੀ ਵਿੱਚ 40 ਪ੍ਰਤੀਸ਼ਤ ਦੀ ਕਮੀ ਆਈ ਹੈ। ਪਹਿਲਾਂ ਕੰਪਨੀ ਇੱਕ ਹਫ਼ਤੇ ਵਿੱਚ ਛੇ ਲੱਖ ਚਿਕਨ ਵੇਚਦੀ ਸੀ ਜੋ ਕਿ ਹੁਣ ਕਾਫ਼ੀ ਘੱਟ ਗਈ ਹੈ। ਉਨ੍ਹਾਂ ਕਿਹਾ ਜੇ ਅਗਲੇ 2-3 ਮਹੀਨਿਆਂ ਵਿਚ ਜੇ ਇਹਨਾਂ ਅਫਵਾਹਾਂ ਨੂੰ ਠੱਲ ਪੈ ਗਈ ਤਾਂ ਚਿਕਨ ਦੀ ਖਪਤ ਵਧੇਗੀ ਅਤੇ ਫਿਰ ਦੇਸ਼ ਵਿਚ ਚਿਕਨ ਦੀ ਘਾਟ ਹੋ ਜਾਵੇਗੀ। ਇਸ ਦੇ ਕਾਰਨ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ।
ਵਰਨਣਯੋਗ ਹੈ ਕਿ ਗੋਦਰੇਜ ਟਾਇਸਨ ਫੂਡਜ਼ ‘ਰੀਅਲ ਗੁੱਡ ਚਿਕਨ’ ਅਤੇ ‘ਯੰਮੀਜ਼’ ਦੇ ਬ੍ਰਾਂਡ ਦੇ ਤਹਿਤ ਤਾਜ਼ੇ ਅਤੇ ਫਰੋਜ਼ਨ ਚਿਕਨ ਨੂੰ ਵੇਚਦਾ ਹੈ। ਇਹ ਦੇਸ਼ ਵਿੱਚ ਚਿਕਨ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਇਸਦੇ ਬਾਅਦ ਵੈਂਕੀ ਅਤੇ ਸੁਗੁਨਾ ਦਾ ਸਥਾਨ ਆਉਂਦਾ ਹੈ। ਯਾਦਵ ਨੇ ਕਿਹਾ ਕਿ ਭਾਰਤ ਵਿਚ ਪ੍ਰਤੀ ਵਿਅਕਤੀ ਚਿਕਨ ਦੀ ਖਪਤ ਸਾਲਾਨਾ 4.5 ਕਿਲੋਗ੍ਰਾਮ ਹੈ ਜਦਕਿ ਇਸ ਮਾਮਲੇ ਵਿਚ ਵਿਸ਼ਵ ਪੱਧਰ ਤੇ ਔਸਤਨ 11 ਕਿਲੋਗ੍ਰਾਮ ਹੈ। ਸਭ ਤੋਂ ਵੱਧ ਔਸਤਨ 13 ਕਿਲੋ ਖਪਤ ਤਾਮਿਲਨਾਡੂ ਵਿੱਚ ਹੈ ਅਤੇ ਸਭ ਤੋਂ ਘੱਟ ਖਪਤ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੈ।
ਅਫਵਾਹਾਂ ਨੂੰ ਰੋਕਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ
ਗੋਦਰੇਜ ਐਗਰੋਵੇਟ ਦੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਹੈ ਕਿ ਸਰਕਾਰ ਨੇ ਇਹ ਐਡਵਾਈਜਰੀ ਜਾਰੀ ਕੀਤੀ ਹੈ ਕਿ ਕੋਰੋਨਾ ਵਾਇਰਸ ਚਿਕਨ ਦੁਆਰਾ ਨਹੀਂ ਫੈਲਦਾ। ਰਾਜ ਸਰਕਾਰਾਂ ਨੂੰ ਵੀ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਯਾਦਵ ਨੇ ਕਿਹਾ, ‘ਚਿਕਨ ਭਾਰਤ ਵਿਚ ਖਾਣਾ ਸੁਰੱਖਿਅਤ ਹੈ ਪਰ ਕੋਰੋਨੋ ਵਾਇਰਸ ਦੇ ਚਿਕਨ ਦੇ ਫੈਲਣ ਦੀਆਂ ਅਫਵਾਹਾਂ ਨੇ ਸਾਡੇ ਦੇਸ਼ ਵਿਚ ਮੰਗ ਨੂੰ ਸਿਰਫ ਇਕ ਮਹੀਨੇ ਵਿਚ 50 ਪ੍ਰਤੀਸ਼ਤ ਤੋਂ ਵੱਧ ਅਤੇ ਬਾਜ਼ਾਰ ਦੀਆਂ ਕੀਮਤਾਂ ਵਿਚ 70 ਪ੍ਰਤੀਸ਼ਤ ਤੱਕ ਪ੍ਰਭਾਵਿਤ ਕੀਤਾ ਹੈ।
ਇੱਕੇ ਹਫਤੇ ਵਿਚ ਚਿਕਨ ਦੀ ਵਿਕਰੀ 3.5 ਕਰੋੜ ਰਹਿ ਗਈ
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਹਫ਼ਤੇ ਵਿੱਚ ਚਿਕਨ ਦੀ ਵਿਕਰੀ 7.5 ਕਰੋੜ ਦੇ ਮੁਕਾਬਲੇ ਘੱਟ ਕੇ ਸਿਰਫ਼ 3.5 ਕਰੋੜ ਰਹਿ ਗਈ ਹੈ ਜਦਕਿ ਥੋਕ ਮੁੱਲ ਜੋ ਕਿ ਪਿਛਲੇ ਇੱਕ ਮਹੀਨੇ ਵਿੱਚ 100 ਰੁਪਏ ਕਿੱਲੋ ਸੀ, ਬਾਜ਼ਾਰ ਵਿੱਚ 35 ਰੁਪਏ ਪ੍ਰਤੀ ਕਿਲੋ ਰਹਿ ਗਿਆ ਹੈ ਜਦਕਿ ਇਸ ਦੀ ਲਾਗਤ ਕੀਮਤ ਹੀ 75 ਰੁਪਏ ਪ੍ਰਤੀ ਕਿੱਲੋ ਹੈ।
ਯਾਦਵ ਨੇ ਕਿਹਾ, ਚਿਕਨ ਤੋਂ ਕੋਰੋਨੋਵਾਇਰਸ ਫੈਲਣ ਦੀਆਂ ਵਟਸਐਪ ‘ਤੇ ਫੈਲ ਰਹੀਆਂ ਅਫਵਾਹਾਂ ਕਾਰਨ ਪੂਰਾ ਪੋਲਟਰੀ ਉਦਯੋਗ ਅਤੇ ਕਿਸਾਨ ਬੁਰੀ ਤਰ੍ਹਾ ਪ੍ਰਭਾਵਤ ਹੋਏ ਹਨ। ਚਿਕਨ ਦਾ ਉਤਪਾਦਨ ਵਧ ਗਿਆ ਹੈ ਜੋ ਬਹੁਤ ਹੀ ਘੱਟ ਕੀਮਤ ‘ਤੇ ਬਾਜ਼ਾਰ ਵਿਚ ਖਪਤ ਕੀਤਾ ਜਾ ਰਿਹਾ ਹੈ।
ਪਸ਼ੂ ਪਾਲਣ ਮੰਤਰੀ ਨੇ ਕੀ ਕਿਹਾ
ਭਾਰਤ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਮਨਘੜਤ ਜਾਣਕਾਰੀ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਕਿਉਂਕਿ ਕੋਰੋਨਾ ਵਾਇਰਸ ਨਾਲ ਪੋਲਟਰੀ ਉਤਪਾਦਾਂ ਦਾ ਕੋਈ ਸਬੰਧ ਨਹੀਂ ਹੁੰਦਾ। ਇਹ ਚਿਕਨ ਪੂਰੀ ਤਰ੍ਹਾਂ ਸੁਰੱਖਿਅਤ ਹਨ। ਲੋਕ ਬੇਝਿਜਕ ਹੋ ਕੇ ਪੋਲਟਰੀ ਚਿਕਨ ਦਾ ਸੇਵਨ ਕਰਨਾ ਨਿਸ਼ਚਤ ਕਰ ਸਕਦੇ ਹਨ।
ਪਸ਼ੂ ਪਾਲਣ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਵਾਇਰਸ ਦਾ ਪੋਲਟਰੀ ਉਤਪਾਦਾਂ ਨਾਲ ਕੋਈ ਸੰਪਰਕ ਦੁਨੀਆ ਭਰ ਵਿੱਚ ਨਹੀਂ ਮਿਲਿਆ ਹੈ ਅਤੇ ਨਾ ਹੀ ਪੋਲਟਰੀ ਪੰਛੀ ਜਾਂ ਪੋਲਟਰੀ ਉਤਪਾਦਾਂ ਤੋਂ ਕਿਸੇ ਵਿੱਚ ਇਹ ਵਾਇਰਸ ਫੈਲਿਆ ਹੈ।