ਪੰਜਾਬ ਅੰਦਰ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਟਾਕਰਾ ਕਰ ਰਹੇ ਮਰੀਜ਼ਾਂ ਲਈ ਖੁਸ਼ੀ ਭਰੀ ਖਬਰ ਆਈ ਹੈ ਕਿ ਨਵਾਂ ਸਹਿਰ ਦੇ ਇਲਾਜ਼ ਅਧੀਨ ਕੁਲ 18 ਪਾਜ਼ੇਟਿਵ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ, ਇਹ ਉਹੀ ਜਿਲ੍ਹਾ ਹੈ ਜਿਹੜਾ ਕਿ ਸ਼ੁਰੂ ‘ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਸਭ ਤੋਂ ਵੱਧ ਕੇਸਾਂ ਵਾਲਾ ਜਿਲ੍ਹਾ ਬਣ ਗਿਆ ਸੀ। ਕਰੋਨਾ ਨੂੰ ਮਾਤ ਦੇਣ ਵਾਲਾ ਸਾਰਾ ਸਬੰਧਤ ਅਮਲਾ ਸਨਮਾਨ ਦਾ ਪਾਤਰ ਹੈ। ਕੋਰੋਨਾ ਵਾਇਰਸ ਰਾਜ ਦੇ ਸਿਹਤ ਵਿਭਾਗ ਲਈ ਇਹ ਚੁਣੌਤੀ ਬਣ ਕੇ ਸਾਹਮਣੇ ਖੜੀ ਹੈ। ਕੋਈ ਵੀ ਜੰਗ ਲੜਨ ਲਈ ਪਹਿਲਾਂ ਤਿਆਰੀ ਹੋਣੀ ਜ਼ਿਆਦਾ ਮਾਅਨੇ ਰੱਖਦੀ ਹੈ।ਬਾਹਰਲੇ ਦੇਸ਼ ਸਾਡੇ ਲਈ ਗਾਈਡ ਲਾਈਨਜ਼ ਪਹਿਲਾਂ ਹੀ ਦੇ ਰਹੇ ਹਨ, ਸ਼ੁਕਰ ਹੈ ਸਾਡੇ ਦੇਸ਼ ‘ਚ ਇਹ ਵਾਇਰਸ ਲੇਟ ਆਇਆ ਹੈ।ਅਸੀਂ ਬਾਹਰਲੇ ਦੇਸ਼ਾਂ ਦੀਆਂ ਕੀਤੀਆਂ ਗਲਤੀਆਂ ਅਤੇ ਕੰਟਰੋਲ ਕਰਨ ਦੀਆਂ ਸਾਰਥਕ ਵਿਧੀਆਂ ਤੋਂ ਸੇਧ ਲੈ ਕੇ ਉਹੋ ਜਿਹੇ ਪ੍ਰਬੰਧ ਕਰ ਸਕਦੇ ਹਾਂ। ਭਾਵੇਂ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਸਾਬਕਾ ਹਜੂਰੀ ਰਾਗੀ ਦੇ ਪਰਿਵਾਰਿਕ ਮੈਂਬਰ ਪਹਿਲਾਂ ਹੀ ਇੰਨ੍ਹਾਂ ਪ੍ਰਬੰਧਾਂ ਬਾਰੇ ਉਂਗਲੀ ਉਠਾ ਚੁੱਕੇ ਹਨ,ਹੁਣੇ ਹੀ ਲੁਧਿਆਣੇ ਦੇ ਪ੍ਰਾਈਵੇਟ ਹਸਪਤਾਲ ‘ਚ ਹੋਈ ਕਾਨੂੰਨਗੋ ਦੀ ਮੌਤ ਤੇ ਉਨ੍ਹਾਂ ਦੀ ਧੀ ਨੇ ਆਪਣੇ ਪਿਤਾ ਦੇ ਸਹੀ ਇਲਾਜ਼ ਨਾ ਹੋਣ ਦਾ ਦੋਸ਼ ਲਾਇਆ ਹੈ। ਇਥੇ ਦੇ ਸਿਵਲ ਹਸਪਤਾਲ ਵਿੱਚ ਇੱਕ ਪਾਜ਼ੇਟਿਵ ਮਰੀਜ਼ ਦੇ ਭਰਾ ਸੰਦੀਪ ਨੇ ਵੀ ਕਈ ਤਰ੍ਹਾਂ ਦੇ ਦੋਸ਼ ਲਾਏ ਹਨ ਜੋ ਕਿ ਚੰਗੀਆਂ ਸਿਹਤ ਸੇਵਾਵਾਂ ਦੇਣ ਦੀਆਂ ਗੱਲਾਂ ਦੀ ਪੋਲ੍ਹ ਖੋਲਦੀਆਂ ਹਨ। ਕੋਰੋਨਾ ਦੀ ਲਪੇਟ ‘ਚ ਮਾਰੇ ਗਏ ਪੰਜਾਬ ਪੁਲਿਸ ਦੇ ਏ.ਸੀ.ਪੀ. ਅਨਿਲ ਕੋਹਲੀ ਦੀ ਪਤਨੀ ਨਾਲ ਹਸਪਤਾਲ ‘ਚ ਮਾੜੇ ਵਰਤਾਉ ਦੀ ਅਖਬਾਰੀ ਖਬਰ ਪੜ੍ਹਕੇ ਹਰੇਕ ਦੇ ਮਨ ਨੂੰ ਠੇਸ ਪੁੱਜੀ ਹੈ। ਇਥੋਂ ਤੱਕ ਕਿ ਉਸ ਤੋਂ ਮੋਬਾਇਲ ਵੀ ਖੋਹ ਕੇ ਜਬਤ ਕਰ ਲਿਆ। ਇਹੋ ਜਿਹੀ ਇਨਸਾਨੀਅਤ ਹੋ ਜਾਵੇਗੀ ਗੁਰੂਆਂ ਪੀਰਾਂ ਦੀ ਧਰਤੀ ਤੇ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਜਿਆਦਾਤਰ ਦੋਸ਼ ਲੱਗ ਰਹੇ ਹਨ ਕਿ ਕਿੰਨੇ ਕਿੰਨੇ ਘੰਟੇ ਮਰੀਜ਼ਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ। ਮਰੀਜ਼ ਦੀ ਜ਼ਿੰਦਗੀ ਲਈ ਡਾਕਟਰ ਦੇ ਦੋ ਹਮਦਰਦੀ ਭਰੇ ਬੋਲ ਅਤੇ ਹੌਸ਼ਲਾ ਦੇਣਾ ਬਹੁਤ ਮਹੱਤਵਪੂਰਨ ਹੈ। ਸਾਰੇ ਹਸਪਤਾਲਾਂ ਦੇ ਸਟਾਫ ਨੂੰ ਨਵਾਂ ਸ਼ਹਿਰ ‘ਚ ਨਿਭਾਈਆਂ ਸਿਹਤ ਸੇਵਾਵਾਂ ਤੋਂ ਸੇਧ ਲੈ ਕੇ ਮਰੀਜ਼ਾਂ ਦਾ ਉੱਚਿਤ ਇਲਾਜ਼ ਕਰਕੇ ਇਸ ਕਿੱਤੇ ਦਾ ਸਨਮਾਨ ਵਧਾਉਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਕੋਰੋਨਾ ਪੀੜਤ ਮਰੀਜ਼ਾਂ ਦੀ ਦੇਖਭਾਲ ਲਈ ਪਰਿਵਾਰਿਕ ਮੈਂਬਰਾਂ ਨੂੰ ਸੇਫਟੀ ਕਿੱਟਾਂ ਦੇ ਕੇ ਉਚਿੱਤ ਸਾਵਧਾਨੀ ਵਰਤ ਕੇ ਸੇਵਾ ਸੰਭਾਲ ਕਰਨ ਲਈ ਪ੍ਰੇਰਿਆ ਜਾਵੇ ਤਾਂ ਕਿ ਮਰੀਜ਼ ਆਪਣਿਆਂ ਨੂੰ ਸਾਹਮਣੇ ਦੇਖ ਕੇ ਮਨੋ ਨਾ ਡੋਲਣ੍ਹ। ਮੌਤ ਅਟੱਲ ਹਰੇਕ ਨੂੰ ਆਉਣੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਫਿਰ ਮੌਤ ਦੇ ਪਰਛਾਵੇਂ ਤੋਂ ਆਪਣੇ ਫਰਜ਼ਾਂ ਨੂੰ ਨਿਭਾਉਣ ਵਾਲੇ ਕਿਉਂ ਡਰਦੇ ਫਿਰਦੇ ਹਨ। ਜੇਕਰ ਜੰਗ ਵਿੱਚ ਸਿਪਾਹੀ ਡਰ ਕੇ ਭੱਜ ਜਾਵੇ ਤਾਂ ਉਹ ਹੋਰ ਕਿਹੜੇ ਕੰਮ ਲਈ ਭਰਤੀ ਹੋਇਆ ਸੀ, ਇਸ ਲਈ ਆਪਣੇ ਮਹਿਕਮੇ ਦੇ ਨਿਯਮਾਂ ਪ੍ਰਤੀ ਹਰੇਕ ਨੂੰ ਪਾਬੰਦ ਹੋਣਾ ਵੀ ਜਰੂਰੀ ਹੈ। ਕੋਰੋਨਾ ਪੀੜ੍ਹਤ ਮਰੀਜ਼ਾਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਡਾਕਟਰਾਂ ਦੀ ਹਮਦਰਦੀ, ਹੌਸ਼ਲਾ ਮਿਲਣਾ ਅਤਿ ਜਰੂਰੀ ਹੈ ਜੋ ਕਿ ਇਲਾਜ ਦਾ ਇੱਕ ਹਿੱਸਾ ਹੈ। ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਇਹ ਨਾ ਹੋਵੇ ਕਿ ਲੋਕਾਂ ਅੰਦਰ ਡਾਕਟਰਾਂ ਪ੍ਰਤੀ ਇਹ ਨਜ਼ਰੀਆ ਕੋਈ ਹੋਰ ਰੂਪ ਲੈ ਲਵੇ। ਇਕਾਂਤਵਾਸ ਤਾਂ ਚੰਗੇ ਭਲੇ ਵਿਅਕਤੀ ਨੂੰ ਵੀ ਰੋਗੀ ਬਣਾ ਦਿੰਦੀ ਹੈ, ਹੁਣ ਇਸ ਮੌਤ ਦੇ ਖੋਫ਼ ਵਾਲੀ ਬਿਮਾਰੀ ਕੋਰੋਨਾ ਨਾਲ ਲੜਨ ਲਈ ਮਰੀਜ਼ ਦਾ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਜਰੂਰੀ ਹੈ। ਉਸ ਨੂੰ ਹਰ ਇੱਕ ਸਹੂਲਤ ਪ੍ਰਦਾਨ ਕਰਾਉਣਾ ਸਾਡੀ ਸਰਕਾਰ ਦਾ ਮੁੱਢਲਾ ਫਰਜ਼ ਤਾਂ ਹੈ ਹੀ, ਸਗੋਂ ਸਵੈ-ਸੇਵੀ ਸੰਸਥਾਵਾਂ ਨੂੰ ਲੰਗਰਾਂ ਵੱਲ ਧਿਆਨ ਘਟਾ ਕੇ ਕੋਰੋਨਾ ਪੀੜ੍ਹਤਾਂ ਨੂੰ ਹਰ ਤਰ੍ਹਾਂ ਦੀ ਸਿਹਤ ਸੇਵਾਵਾਂ ਦੇਣ ਵਾਲਿਆਂ ਨਾਲ ਪ੍ਰੋਟੋਕੋਲ ‘ਚ ਰਹਿ ਕੇ ਹਰ ਸੰਭਵ ਮਦਦ ਦੇਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਮਰੀਜ਼ਾਂ ਲਈ ਚੜ੍ਹਦੀਕਲਾ ‘ਚ ਰਹਿਣ ਲਈ ਧਾਰਮਿਕ ਵਿਚਾਰਾਂ ਦੇ ਪ੍ਰੋਗਰਾਮ ਅਤੇ ਲਾਈਵ ਕੀਰਤਨ ਸੁਣਨ ਦਾ ਅਤੇ ਹੋਰ ਇਸ ਤਰ੍ਹਾਂ ਦੇ ਮਨ ਨੂੰ ਤਕੜਾ ਕਰਨ ਵਾਲੇ ਰੌਚਕ ਪ੍ਰੋਗਰਾਮ ਸੁਣਾਏ ਜਾਣ ਦਾ ਪ੍ਰਬੰਧ ਜਰੂਰ ਹੋਣਾ ਚਾਹੀਦਾ ਹੈ। ਇੱਕ ਚੈਨਲ ਤੇ ਦਿਖਾਏ ਜਲੰਧਰ ਦੇ ਇੱਕ ਹਸਪਤਾਲ’ਚ ਕੋਰੋਨਾ ਪਾਜ਼ੇਟਿਵ ਮਰੀਜ਼ ਇੱਕ ਗੀਤ ਦੀ ਧੁਨ ਤੇ ਮਸਤੀ ਕਰ ਰਹੇ ਨਜ਼ਰ ਆ ਰਹੇ ਹਨ ਜੋ ਵਧੀਆ ਗੱਲ ਹੈ। ਫੋਨ ਹਰੇਕ ਮਰੀਜ਼ ਕੋਲ ਹੋਵੇ ਤਾਂ ਜੋ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਮੇਂ ਸਮੇਂ ਸਿਰ ਗੱਲਬਾਤ ਵੀ ਕਰ ਸਕੇ ਜਿਸ ਨਾਲ ਮਰੀਜ਼ ਦਾ ਸਮਾਂ ਤਾਂ ਲੰਘੇਗਾ ਹੀ ਸਗੋਂ ਮਨੋਬਲ ਵੀ ਵਧੇਗਾ। ਮਰੀਜ਼ ਦੇ ਮਨਪਸ਼ੰਦ ਦੇ ਪੋਸ਼ਟਿਕ ਖਾਣੇ ਆਦਿ ਦੀ ਹਰ ਸਹੂਲਤ ਉਸ ਨੂੰ ਮੁਹੱਈਆ ਕਰਵਾਈ ਜਾਵੇ ਕੈਂਸਰ ਵਰਗੀਆਂ ਕਈ ਲਾ-ਇਲਾਜ਼ ਬਿਮਾਰੀਆਂ ਪਹਿਲਾਂ ਵੀ ਸਾਡੇ ਦੇਸ਼ ਵਿੱਚ ਆਪਣੇ ਪੈਰ ਪਸਾਰ ਚੁੱਕੀਆਂ ਹਨ, ਜਿਨ੍ਹਾਂ ਨਾਲ ਬਹੁਤ ਸਾਰੀਆਂ ਮੌਤਾਂ ਹਰੇਕ ਸਾਲ ਹੁੰਦੀਆਂ ਹਨ। ਮੀਡੀਏ ਨੇ ਕੋਰੋਨਾ ਦੀ ਲੋਕਾਂ ਦੇ ਮਨਾਂ ਅੰਦਰ ਇੱਕ ਦਹਿਸ਼ਤ ਪੈਦਾ ਕਰ ਦਿੱਤੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੀ। ਲੋਕ ਆਪਣਿਆਂ ਤੋਂ ਬੇਗਾਨੇ ਹੋਣ ਵੱਲ ਜਾ ਰਹੇ ਹਨ ਜੋ ਕਿ ਮਾੜੀ ਗੱਲ ਹੈ। ਸਰਕਾਰ ਦੀ ਗੱਲ ਕਰੀਏ ਤਾਂ ਇਥੇ ਸਰਕਾਰੀ ਡਾਕਟਰਾਂ ਲਈ ਜੋ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਸਰਕਾਰ ਏਨੇ ਲੰਬੇ ਸਮੇਂ ‘ਚ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਸਕੀ, ਇਸੇ ਕਰਕੇ ਪੈਰਾ ਮੈਡੀਕਲ ਸਟਾਫ ਇਨ੍ਹਾਂ ਮਰੀਜ਼ਾਂ ਦੀ ਦੇਖਭਾਲ ਲਈ ਅੱਗੇ ਆਉਣ ਤੋਂ ਝਿਜਕ ਰਿਹਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ। ਇਸ ਭਿਆਨਕ ਬਿਮਾਰੀ ਦਾ ਟਾਕਰਾ ਕਰਨ ਲਈ ਸਮੂਹ ਸਿਹਤ ਸੇਵਾਵਾਂ ਨਾਲ ਜੁੜੇ ਸਟਾਫ ਲਈ ਉੱਚਿਤ ਮਿਆਰੀ ਸ਼ਾਜੋ ਸਮਾਨ ਮੁਹੱਈਆ ਕਰਵਾਉਣ ਨੂੰ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਦਾ ਟਾਕਰਾ ਕਰਕੇ ਇਸ ਨੂੰ ਹਰਾਇਆ ਜਾ ਸਕੇ। ਇਸ ਸਟਾਫ ਨੂੰ ਆਪਣੇ ਘਰਦਿਆਂ ਨਾਲ ਵਿਚਰਣ ਲਈ ਵੀ ਕਿਸ ਤਰ੍ਹਾਂ ਦੇ ਇਹਿਤਿਆਤ ਵਰਤਣੇ ਹਨ ਉਨ੍ਹਾਂ ਲਈ ਪੂਰੇ ਪ੍ਰਬੰਧ ਸਰਕਾਰੀ ਪੱਧਰ ਤੇ ਕੀਤੇ ਜਾਣ। ਜੇ ਇਸ ਸਟਾਫ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ ਤਾਂ ਇਨ੍ਹਾਂ ਲਈ ਆਰਜ਼ੀ ਰਿਹਾਇਸ ਵੱਡੇ ਹੋਟਲਾਂ ਆਦਿ ‘ਚ ਹਰ ਤਰ੍ਹਾਂ ਦੀ ਸਹੂਲਤ ਦੇ ਕੇ ਕਰਵਾਈ ਜਾਵੇ ਤਾਂ ਜੋ ਇਨ੍ਹਾਂ ਦਾ ਮਨੋਬਲ ਹੋਰ ਉੱਚਾ ਹੋਵੇ। ਸਰਕਾਰ ਨੂੰ ਇਸ ਸਮੇਂ ਦੌਰਾਨ ਇਸ ਪੂਰੇ ਸਟਾਫ ਨੂੰ ਵਿਸ਼ੇਸ਼ ਪੈਕੇਜ਼ ਦੇਣਾ ਵੀ ਬਣਦਾ ਹੈ। ਇਸ ਔਖੀ ਘੜੀ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਕੇ ਉਨ੍ਹਾਂ ਨੂੰ ਪੂਰੀ ਤਨਖਾਹ ਦੇਣੀ ਚਾਹੀਦੀ ਹੈ। ਗੁਆਂਢੀ ਰਾਜ ਨੇ ਡਾਕਟਰਾਂ ਤੇ ਸਬੰਧਤ ਸਟਾਫ਼ ਦੀਆਂ ਤਨਖਾਹਾਂ ਕੋਰੋਨਾ ਪੀਅਰਡ ਦੋਰਾਨ ਦੁੱਗਣੀਆਂ ਦੇਣ ਦਾ ਐਲਾਨ ਕਰ ਕੇ ਸਹੀ ਕਦਮ ਚੁੱਕਿਆ ਹੈ। ਇਹ ਫੈਸਲਾ ਪੰਜਾਬ ਅੰਦਰ ਵੀ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਇਹ ਅਮਲਾ ਆਪਣੇ ਬਚਾਅ ਸਬੰਧੀ ਆਪਣੇ ਪੱਧਰ ਤੇ ਪ੍ਰਬੰਧ ਕਰਨ ਦੇ ਵੀ ਯੋਗ ਹੋ ਸਕੇ ਅਤੇ ਹੋਰ ਵੱਧ ਹੌਸ਼ਲੇ ਨਾ ਕੰਮ ਕਰਨ ਲਈ ਅੱਗੇ ਆਵੇ।
ਲੇਖਕ: ਮੇਜਰ ਸਿੰਘ ਨਾਭਾ
previous post