Articles

ਕਰੋਨਾ ਮਹਾਂਮਾਰੀ ਅਮੀਰਾਂ ਲਈ ਵਰਦਾਨ – ਗਰੀਬਾਂ ਲਈ ਬਣੀ ਸਰਾਪ

ਲੇਖਕ: ਗੁਰਮੀਤ ਸਿੰਘ ਪਲਾਹੀ

ਗਰੀਬੀ ਅਤੇ ਅਸਮਾਨਤਾ ਖ਼ਤਮ ਕਰਨ ਲਈ ਵਿਸ਼ਵ ਪ੍ਰਸਿੱਧ ਸੰਸਥਾ ਆਕਸਫੈਮ ਦੀ ਇੱਕ ਰਿਪੋਰਟ ਮੁਤਾਬਿਕ ਭਾਰਤ ਦੇ ਅਰਬ-ਖਰਬਪਤੀ ਮੁਕੇਸ਼ ਅੰਬਾਨੀ ਦੀ ਇੱਕ ਸੈਕਿੰਡ ਦੀ ਕਮਾਈ, ਇੱਕ ਮਜ਼ਦੂਰ ਦੀ ਤਿੰਨ ਸਾਲ ਦੀ ਮਜ਼ਦੂਰੀ ਦੇ ਬਰੋਬਰ ਹੈ। ਗਰੀਬ-ਅਮੀਰ ਦਾ ਪਾੜਾ ਭਾਰਤ ਵਿੱਚ ਐਡਾ ਵੱਡਾ ਹੋ ਰਿਹਾ ਹੈ ਕਿ ਮਹਾਂਮਾਰੀ ਦੌਰਾਨ ਮੁਕੇਸ਼ ਅੰਬਾਨੀ ਨੂੰ ਇੱਕ ਘੰਟੇ ’ਚ ਜਿੰਨੀ ਆਮਦਨ ਹੋਈ, ਓਨੀ ਕਮਾਈ ਕਰਨ ’ਚ ਇੱਕ ਗੈਰ-ਹੁੱਨਰਮੰਦ ਮਜ਼ਦੂਰ ਨੂੰ 10 ਸਾਲ ਲੱਗ ਜਾਣਗੇ। ਕਰੋਨਾ ਮਹਾਂਮਾਰੀ ਮੁਕੇਸ਼ ਅੰਬਾਨੀ ਵਰਗੇ 100 ਅਰਬਪਤੀਆਂ ਲਈ ਵਰਦਾਨ ਸਾਬਤ ਹੋਈ ਹੈ, ਜਿਹਨਾਂ ਦੀ ਜਾਇਦਾਦ ’ਚ ਇਸ ਸਮੇਂ ਦੌਰਾਨ 12,97,822 ਕਰੋੜ ਦਾ ਵਾਧਾ ਹੋਇਆ ਹੈ। ਇਕੱਲੇ ਭਾਰਤ ਦੇ ਅਰਬਪਤੀ ਇਸ ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ’ਚ ਐਨੀ ਕਮਾਈ ਕਰ ਗਏ ਕਿ ਉਹਨਾਂ ਦੀ ਕੁੱਲ ਜਾਇਦਾਦ ਵਿੱਚ 35 ਫੀਸਦੀ ਦਾ ਵਾਧਾ ਹੋ ਗਿਆ।
ਭਾਰਤ ਵਿੱਚ ਵਧਦੀ ਹੋਈ ਅਸਮਾਨਤਾ ਇਕ ਵੱਡੀ ਸਮੱਸਿਆ ਰਹੀ ਹੈ ਪਰ ਕਰੋਨਾ ਮਹਾਂਮਾਰੀ ਦੇ ਦੌਰਾਨ ਅਨਿਆਂਪੂਰਨ ਅਰਥ ਵਿਵਸਥਾ ਨਾਲ ਦੇਸ਼ ’ਚ ਵੱਡਾ ਆਰਥਿਕ ਸੰਕਟ ਪੈਦਾ ਹੋਇਆ ਅਤੇ ਇਸ ਦੌਰਾਨ ਅਮੀਰ ਲੋਕਾਂ ਨੇ ਬਹੁਤ ਜ਼ਿਆਦਾ ਜਾਇਦਾਦ ਕਮਾਈ, ਜਦਕਿ ਕਰੋੜਾਂ ਲੋਕ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਗਏ। ਵਰਲਡ ਬੈਂਕ ਵਲੋਂ ਨਿਰਧਾਰਿਤ ਗਰੀਬੀ ਰੇਖਾ ਅਨੁਸਾਰ ਭਾਰਤ ਦੀ ਕੁਲ ਅਬਾਦੀ ਦਾ 60 ਫੀਸਦੀ ਭਾਵ 81.12 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠ ਹਨ। ਕਰੋਨਾ ਮਹਾਂਮਾਰੀ ਨੇ ਇਸ ਗਿਣਤੀ ’ਚ 10.4 ਕਰੋੜ ਦਾ ਹੋਰ ਵਾਧਾ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ ਮਹਾਂਮਾਰੀ ਦੌਰਾਨ ਸਿੱਖਿਆ ਅਤੇ ਸਿਹਤ ਜਿਹੇ ਪ੍ਰਮੁੱਖ ਪੈਮਾਨਿਆਂ ਵਿੱਚ ਖਾਈ ਚੋੜੀ ਹੋਈ ਹੈ। ਅਮੀਰ ਘਰਾਂ ਦੇ ਬੱਚੇ ਤਾਂ ਔਨਲਾਈਨ ਪੜ੍ਹਾਈ ਕਰਦੇ ਰਹੇ ਪਰ ਗਰੀਬ ਘਰਾਂ ਦੇ ਬੱਚਿਆਂ ਲਈ ਇਸ ਕਿਸਮ ਦਾ ਕੋਈ ਪ੍ਰਬੰਧ ਨਹੀਂ ਸੀ ਇਸ ਕਰਕੇ ਉਹ ਪੜ੍ਹਾਈ ਤੋਂ ਵਿਰਵੇ ਰਹੇ ਅਤੇ ਹੁਣ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਸਕੂਲਾਂ ਦੇ ਖੁੱਲਣ ਸਮੇਂ ਵੱਡੀ ਗਿਣਤੀ ’ਚ ਬੱਚੇ ਕਲਾਸਾਂ ’ਚ ਨਹੀਂ ਪੁੱਜਣਗੇ ਅਤੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਪਹਿਲਾਂ ਦੇ ਮੁਕਾਬਲੇ ਇੱਕ ਵਰ੍ਹੇ ਦੌਰਾਨ ਹੀ ਦੋਗੁਣੀ ਹੋ ਜਾਵੇਗੀ। ਪੜ੍ਹਾਈ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ ’ਚ ਵੱਧ ਵੇਖਣ ਨੂੰ ਮਿਲੇਗੀ। ਕਿਉਂਕਿ ਗਰੀਬ ਲੋਕਾਂ ਦੀ ਆਮਦਨ ਦਾ ਸਾਧਨ ਘੱਟ ਗਿਆ ਹੈ ਇਸ ਕਰਕੇ ਬੱਚਿਆਂ ਨੂੰ ਬਾਲ ਮਜ਼ਦੂਰੀ ਅਤੇ ਬਾਲ ਵਿਵਾਹ ਵੱਲ ਧੱਕਣਗੇ। ਛੋਟੀ ਉਮਰ ਦੇ ਇਹ ਜਬਰਨ ਵਿਆਹ ਅੱਗੋਂ ਹਿੰਸਾ ਅਤੇ ਘੱਟ ਉਮਰੇ ਹੀ ਗਰਭ ਧਾਰਨ ਜਿਹੀਆਂ ਸਮੱਸਿਆਵਾਂ ਪੈਦਾ ਕਰਨਗੇ।
ਇੱਕ ਨਵਾਂ ਸਰਵੇਖਣ ਧਿਆਨ ਮੰਗਦਾ ਹੈ ਜਿਹੜਾ ਦੱਸਦਾ ਹੈ ਕਿ ਮਹਾਂਮਾਰੀ ਦੇ ਦੌਰ ’ਚ 60,000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਿਆਂ ਦੀ ਆਮਦਨੀ ਦਾ ਦਸ ਫੀਸਦੀ ਨੁਕਸਾਨ ਹੋਇਆ, ਜਦ ਕਿ 20,000 ਮਹੀਨਾ ਕਮਾਉਣ ਵਾਲਿਆਂ ਦੀ ਆਮਦਨ 37 ਫੀਸਦੀ ਘੱਟ ਗਈ। ਰਿਪੋਰਟ ਅਨੁਸਾਰ ਅਪ੍ਰੈਲ 2020 ਵਿੱਚ 84 ਫੀਸਦੀ ਪਰਿਵਾਰਾਂ ਦੀ ਆਮਦਨ ਵਿੱਚ ਘਾਟਾ ਵੇਖਣ ਨੂੰ ਮਿਲਿਆ। ਅਪ੍ਰੈਲ 2020 ਦੇ ਮਹੀਨੇ ਹਰ ਘੰਟੇ 1,70,000 ਲੋਕਾਂ ਦੀ ਨੌਕਰੀ ਉਹਨਾਂ ਹੱਥੋਂ ਖੁਸ ਗਈ ਅਤੇ ਮਾਰਚ ਤੋਂ ਜੁਲਾਈ 2020 ਦੌਰਾਨ 167 ਲੋਕਾਂ ਨੇ ਆਮਦਨ ’ਚ ਕਮੀ ਕਾਰਨ ਖੁਦਕੁਸ਼ੀ ਕਰ ਲਈ। ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ (ਆਈ ਐਲ ਓ) ਦੀ ਰਿਪੋਰਟ ਮੁਤਾਬਿਕ ਕਰੋਨਾ ਮਹਾਂਮਾਰੀ ਦੌਰਾਨ 40 ਕਰੋੜ ਕਾਮੇ ਗਰੀਬੀ ਰੇਖਾ ਵੱਲ ਧੱਕੇ ਗਏ ਅਰਥਾਤ ਹੋਰ ਗਰੀਬ ਹੋਏ। ਮਹਾਂਮਾਰੀ ਦਾ ਅਸਰ ਖਾਸ ਕਰਕੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਉਤੇ ਵੱਧ ਪਿਆ। ਕਿਉਂਕਿ ਸਕੂਲ ਬੰਦ ਹੋ ਗਏ। ਜਿਸ ਵਿੱਚ ਉਹਨਾਂ ਨੂੰ ਦੁਪਹਿਰ ਦਾ ਭੋਜਨ ਖਾਣ ਨੂੰ ਮਿਲਦਾ ਸੀ, ਇਹਨਾਂ 126 ਲੱਖ ਸਕੂਲਾਂ ’ਚ 12 ਕਰੋੜ ਬੱਚੇ ਪੜ੍ਹਦੇ ਹਨ। ਇਹਨਾਂ ਵਿਦਿਆਰਥੀਆਂ ’ਚ 77.8 ਫੀਸਦੀ ਅਨੁਸੂਚਿਤ ਜਨਜਾਤੀਆਂ ਦੇ ਅਤੇ 69.4 ਫੀਸਦੀ ਅਨੁਸੂਚਿਤ ਜਾਤੀਆਂ ਦੇ ਬੱਚੇ ਪੜ੍ਹਦੇ ਹਨ, ਜਿਹਨਾਂ ਵਿੱਚੋਂ ਬਹੁਤੇ ਆਪਣੀ ਪਾਲਣ-ਪੋਸ਼ਣ ਲਈ ਇਸੇ ਭੋਜਨ ਉਤੇ ਹੀ ਨਿਰਭਰ ਹਨ।
ਕਰੋਨਾ ਮਹਾਂਮਾਰੀ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਅਣਿਆਈ ਮੌਤੇ ਮਰੇ, ਕਿਉਂਕਿ ਉਹਨਾਂ ਨੂੰ ਡਾਕਟਰੀ ਇਲਾਜ ਹੀ ਨਾ ਮਿਲਿਆ। ਅਮੀਰਾਂ ਲਈ ਤਾਂ ਵੱਡਾ ਧੰਨ ਖਰਚਕੇ, ਇਲਾਜ ਦੀ ਸੁਵਿਧਾ ਫਾਈਵ ਸਟਾਰ ਹਸਪਤਾਲਾਂ ਵਿੱਚ ਸੀ, ਪਰ ਸਧਾਰਨ ਵਿਅਕਤੀ ਲਈ ਤਾਂ ਇਸ ਮਹਾਂਮਾਰੀ ਵਿੱਚ ਸਧਾਰਨ ਇਲਾਜ ਵੀ ਔਖਾ ਹੋ ਗਿਆ। ਗਰੀਬ ਲੋਕ ਮਾਨਸਿਕ ਬੀਮਾਰੀਆਂ ਦਾ ਪਹਿਲਾਂ ਨਾਲੋਂ ਵੱਧ ਸ਼ਿਕਾਰ ਹੋਏ। ਆਟੇ, ਦਾਲ, ਜ਼ਰੂਰੀ ਵਸਤਾਂ ਲਈ ਉਸਨੂੰ ਸਰਕਾਰਾਂ ਤੇ ਰੱਜਿਆਂ ਅੱਗੇ ਹੱਥ ਅੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਤਾਕਤ ਦੇ ਨਸ਼ੇ ’ਚ ਹਾਕਮਾਂ ਨੇ ਖੁਸ਼ੀ ’ਚ ਕੱਛਾਂ ਵਜਾਈਆਂ ਕਿਉਂਕਿ ਉਹਨਾਂ ਦਾ ਆਮ ਲੋਕਾਂ ਨੂੰ ਹੋਰ ਗਰੀਬ ਕਰਨ ਦਾ ਸੁਫਨਾ ਸਕਾਰ ਹੁੰਦਾ ਦਿਸਿਆ ਕਿਉਂਕਿ ਉਹਨਾਂ ਦੀ ਕੁਰਸੀ ਦੀ ਹਰ ਟੰਗ ਸਲਾਮਤ ਹੀ ਇਸ ਕਰਕੇ ਰਹਿੰਦੀ ਹੈ ਕਿ ਲੋਕ ਗੁਰਬਤ ਨਾਲ ਕਣ-ਕਣ ਪੱਛੇ ਜਾਣ। ਅਰਬਪਤੀਆਂ ਤਾਂ ਆਪਣਾ ਨਿੱਤ ਨਵਾਂ ਮਾਲ, ਨਵੀਆਂ ਦਵਾਈਆਂ, ਵੇਚਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਹੀ ਸੀ, ਉਹਨਾਂ ਦੇ ਦਲਾਲਾਂ ਨੇ ਵੀ ਚੰਗੇ ਹੱਥ ਰੰਗੇ। ਵੱਡੇ ਦਵਾਈ ਵਿਕਰੇਤਾ ਲਖਪਤੀਆਂ ਤੋਂ ਕਰੋੜਪਤੀਆਂ ਦੀ ਕਤਾਰ ’ਚ ਆਏ। ਵੱਡੇ ਕਰਿਆਨਾ ਵਿਕਰੇਤਾ, ਮੂੰਹ ਮੰਗੇ ਪੈਸੇ ਮਹਾਂਮਾਰੀ ਦੇ ਦੌਰਾਨ ਜ਼ਰੂਰੀ ਵਸਤੂਆਂ ਦੇ ਮੰਗਣ ਹੀ ਨਹੀਂ ਲੱਗੇ ਪ੍ਰਾਪਤ ਕਰਨ ਲੱਗੇ। ਪੂਰਾ ਸਟਾਕ, ਜੋ ਭਾਵੇਂ ਗੰਦਾ ਸੀ ਜਾਂ ਚੰਗਾ ਜਾਂ ਤਰੀਖੋਂ ਲੰਘਿਆ (ਐਕਸਪਾਇਰਡ) ਸੀ, ਸਾਰੇ ਦਾ ਸਾਰਾ ਮਾਰਕੀਟ ’ਚ ਝੋਕ ਦਿੱਤਾ। ਦਵਾਈ ਕੰਪਨੀਆਂ ਨੇ ਦਵਾਈਆਂ ਦੀ ਕੀਮਤਾਂ ਵਧਾ ਦਿੱਤੀਆਂ। ਕਰੋਨਾ ਦੀ ਆੜ ’ਚ ਮਜ਼ਦੂਰਾਂ ਸੰਬੰਧੀ ਕਨੂੰਨ ਪਾਸ ਕਰਕੇ, ਕਾਰੋਬਾਰੀਆਂ ਕਾਰਖਾਨੇਦਾਰਾਂ ਨੂੰ ਕ੍ਰਿਤ ਦੀ ਲੁੱਟ ਦੀ ਖੁਲ੍ਹ ਦੇ ਦਿੱਤੀ। ਸ਼ਾਤਰ ਹਾਕਮਾਂ ਉਹ ਸਾਰੇ ਕਨੂੰਨ, ਜੋ ਲੋਕ ਵਿਰੋਧੀ ਅਤੇ ਧਨ ਕੁਬੇਰਾਂ ਦੇ ਹਿਤੈਸ਼ੀ ਸਨ, ਸਭ ਇੱਕੋ ਸੱਟੇ ਪਾਸ ਕਰ ਦਿੱਤੇ। ਖੇਤੀ ਕਾਲੇ ਕਾਨੂੰਨ ਕਰੋਨਾ ਮਹਾਂਮਾਰੀ ਦੇ ਸਮੇਂ ਦੀ ਉਪਜ ਹਨ, ਜਿਹਨਾਂ ਦੇਸ਼ ਦੀ ਕਿਰਸਾਨੀ ਦੇ ਹੱਕਾਂ ਦੀ ਲੁੱਟ ਤਾਂ ਕੀਤੀ ਹੀ, ਉਹਨਾਂ ਦੀ ਜ਼ਮੀਨ ਹਥਿਆਉਣ ਦਾ ਰਸਤਾ ਖੋਹਲ ਦਿੱਤਾ।
ਮਹਾਂਮਰੀ ਦੇ ਦਰਮਿਆਨ ਹੋਏ ਲਾਕਡਾਊਨ ਕਾਰਨ ਭਾਰਤੀ ਸੁਸਾਇਟੀ ਉਤੇ ਸਮਾਜਿਕ, ਸਿੱਖਿਆ, ਆਰਥਿਕ, ਸਿਆਸੀ, ਖੇਤੀ, ਮਾਨਸਿਕ ਪੱਧਰ ਦੇ ਇਸ ਦੇ ਪ੍ਰਭਾਵ ਲੋਕਾਂ ਉਤੇ ਵੱਡੇ ਪੱਧਰ ਤੇ ਵੇਖਣ ਨੂੰ ਮਿਲੇ। ਸ਼ਹਿਰੀ ਤੇ ਪੇਂਡੂ ਖੇਤਰ ਇਸ ਦੀ ਮਾਰ ਹੇਠ ਆਇਆ। ਪ੍ਰਵਾਸੀ ਮਜ਼ਦੂਰਾਂ ਨੂੰ ਤਾਂ ਲਾਕਡਾਊਨ ਨੇ ਝੰਜੋੜ ਕੇ ਹੀ ਰੱਖ ਦਿੱਤਾ। ਜਿਸ ਕਿਸਮ ਦੇ ਦਿ੍ਰਸ਼ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਦੇ ਵੇਖਣ ਨੂੰ ਮਿਲੇ, ਉਹ ਸ਼ਰਮਸਾਰ ਕਰਨ ਵਾਲੇ ਸਨ। ਕਾਰਖਾਨਿਆਂ, ਰੇਲਾਂ, ਬੱਸਾਂ, ਵਾਹਨਾਂ ਦਾ ਯਕਦਮ ਰੁਕ ਜਾਣਾ, ਹਰ ਪਾਸੇ ਹੜਬੜੀ। ਇਸ ਤੋਂ ਵੀ ਵੱਧ ਮਨੁੱਖ ਦਾ ਘਰਾਂ ’ਚ ਬੰਦ ਹੋਣਾ ਅਤੇ ਔਰਤਾਂ ਤੇ ਬੱਚਿਆਂ ਉਤੇ ਘਰੇਲੂ ਹਿੰਸਾ ਦਾ ਵਧਣਾ। ਇਹ ਭਾਵੇਂ ਭਾਰਤੀ ਮਰਦ ਪ੍ਰਧਾਨ ਸਮਾਜ ਦੀ ਤਸਵੀਰ ਪੇਸ਼ ਕਰਦਾ ਹੋਵੇ ਪਰ ਮੁੱਖ ਤੌਰ ਤੇ ਇਵੇਂ ਲਗਦਾ ਸੀ ਕਿ ਜਿਸ ਕੋਲ ਪੈਸਾ ਹੈ, ਉਹ ਜਿਆਦਾ ਬਲਵਾਨ ਹੈ ਅਤੇ ਬਲਵਾਨ ਹੋ ਰਿਹਾ ਹੈ ਅਤੇ ਜਿਹੜੇ ਲੋਕ ਅਨਿਸਚਿਤ ਸਥਿਤੀ ਦਾ ਸ਼ਿਕਾਰ ਹੋਏ, ਅਤੇ ਇਹਨਾ ਕੋਲ ਜੋਖ਼ਮ ਉਠਾਉਣ ਦਾ ਮਾਦਾ ਹੀ ਨਹੀਂ ਸੀ ਬਚਿਆ, ਉਹਨਾਂ ਦੀ ਹਾਲਤ ਬਦਤਰ ਹੋਈ ਅਤੇ ਉਹਨਾਂ ਦੇ ਜੀਵਨ ਜਿਉਣ ਦੇ ਪੱਧਰ ’ਚ ਹੋਰ ਘਾਰ ਆਇਆ।
ਅਮੀਰਾਂ ਅਤੇ ਗਰੀਬਾਂ ਦੇ ਵਿੱਚਲੀ ਖਤਰਨਾਕ ਵੰਡ ਦੀ ਅਣਦੇਖੀ ਨੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਹੈ, ਇਹ ਹੋਰ ਵੱਡੀ ਸਮਾਜਿਕ ਉੱਥਲ ਪੁਥਲ ਨੂੰ ਜਨਮ ਦੇਵੇਗਾ।ਅੱਜ ਜਦੋਂ ਆਰਥਿਕ ਮੰਦਹਾਲੀ ਕਾਰਨ ਗਰੀਬ ਲੋਕਾਂ ਨੂੰ ਸਾਫ ਪਾਣੀ ਵੀ ਨਹੀਂ ਮਿਲਦਾ, ਸਫਾਈ ਤੇ ਸਾਫ-ਸੁਥਰਾ ਵਾਤਾਵਰਨ ਉਹਨਾਂ ਤੋਂ ਕਾਫੀ ਦੂਰ ਹੈ, ਉਹਨਾਂ ਨੂੰ ਖਾਣਾ ਪਕਾਉਣ ਲਈ ਬਾਲਣ ਦੀ ਕਮੀ ਹੈ, ਲੱਖਾਂ ਨਹੀਂ ਕਰੋੜਾਂ ਲੋਕ ਇਹਨਾਂ ਸਹੂਲਤਾਂ ਤੋਂ ਵਿਰਵੇ ਹਨ ਤਾਂ ਇਹਨਾਂ ਭਾਰਤੀ ਲੋਕਾਂ ਦਾ ਭਵਿੱਖ ਦਾਅ ਉੱਤੇ ਲੱਗਿਆ ਹੋਇਆ ਹੈ।ਅੱਜ ਜਦੋਂ ਹਾਕਮ ਧਿਰ, ਧਨ ਕੁਬੇਰਾਂ ਦੇ ਸੁਪਨਿਆਂ ਦੀ ਪੂਰਕ ਬਣੀ ਹੋਈ ਹੈ, ਦੇਸ਼ ਦੀ ਅਰਥ-ਵਿਵਸਥਾ ਡਾਵਾਂਡੋਲ ਹੈ। ਅੱਜ ਜਦੋਂ ਕਰੋੜਾਂ ਹਾਸ਼ੀਏ ਤੇ ਪਹੁੰਚੇ ਸਮਾਜਕ ਸਮੂਹਾਂ ਦਾ ਜੀਵਨ ਕਮਜ਼ੋਰ ਹੋ ਰਿਹਾ ਹੈ ਅਤੇ ਗਰੀਬ-ਅਮੀਰ ਦਾ ਪਾੜਾ ਨਿੱਤ ਵਧਦਾ ਜਾ ਰਿਹਾ ਹੈ। ਅੱਜ ਜਦੋਂ ਹਾਕਮ ਧਿਰ ਜ਼ਮੀਨੀ ਹਕੀਕਤਾਂ ਨੂੰ ਸਮਝਕੇ ਦੇਸ਼ ਨੂੰ ਧਰਮ, ਜਾਤ, ਕਬੀਲੇ, ਅਧਾਰਤ ਵੰਡ ਕੇ ਹੈਂਕੜ ਨਾਲ ਰਾਜ ਕਰਨ ਦੇ ਰਾਹ ਪਈ ਹੋਈ ਹੈ।
ਉਦੋਂ ਕੀ ਉਹਨਾਂ ਧਿਰਾਂ ਦੀ ਜ਼ੁੰਮੇਵਾਰੀ ਹੋਰ ਵੀ ਨਹੀਂ ਵੱਧ ਜਾਂਦੀ, ਜਿਹੜੇ ਦੇਸ਼ ਦੇ ਸੰਵਿਧਾਨ ਅਨੁਸਾਰ ਇਸ ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਅਧਿਕਾਰਾਂ ਦੀ ਰੱਖਿਆ ਲਈ ਲੜਾਈ ਲੜ ਰਹੇ ਹਨ। ਜਿਹੜੇ ਲੋਕਤੰਤਰ ਦੀ ਨੀਂਹ ਨੂੰ ਲੱਗੀ ਸਿਉਂਕ ਨੂੰ ਖਤਮ ਕਰਨ ਲਈ ਹਿੱਕ ਡਾਹ ਕੇ ਖੜੇ ਹਨ। ਕੀ ਇਹਨਾ ਧਿਰਾਂ ਦੀ ਜ਼ੁੰਮੇਵਾਰੀ ਹੁਣ ਹੋਰ ਵੀ ਨਹੀਂ ਵੱਧ ਗਈ, ਜਦੋਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਪਾਰਲੀਮੈਂਟ ਵਿੱਚ ਹਾਕਮਾਂ ਵਲੋਂ ਲਗਾਤਾਰ ਮਰੋੜਿਆ-ਤਰੋੜਿਆ ਜਾ ਰਿਹਾ ਹੈ ਅਤੇ ਲੋਕਾਂ ਕੋਲ ਆਖ਼ਰੀ ਰਾਹ ਹੁਣ ਲੋਕ ਕਚਿਹਰੀ ਰਹਿ ਗਈ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin