Articles Punjab

ਕਸੂਤੇ ਫਸੇ ਕਾਂਗਰਸ ਨੇਤਾ ਬਾਜਵਾ: ‘ਪੰਜਾਬ ‘ਚ 50 ਬੰਬ ਆਏ 18 ਫਟੇ ਤੇ 32 ਹਾਲੇ ਚੱਲਣੇ ਬਾਕੀ’ !

ਪੰਜਾਬ ਦੇ ਵਿੱਚ ਪੁੱਜੇ 50 ਬੰਬਾਂ ਵਾਲੇ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਸੂਤੇ ਫਸ ਗਏ ਹਨ।

ਪੰਜਾਬ ਦੇ ਵਿੱਚ ਪੁੱਜੇ 50 ਬੰਬਾਂ ਵਾਲੇ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਸੂਤੇ ਫਸ ਗਏ ਹਨ। ਪ੍ਰਤਾਪ ਸਿੰਘ ਬਾਜਵਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ, “ਪੰਜਾਬ ਵਿਚ 50 ਬੰਬ ਆਏ ਹਨ, ਜਿਨ੍ਹਾਂ ਵਿਚੋਂ 18 ਚੱਲ ਗਏ ਹਨ ਅਤੇ 32 ਗ੍ਰਨੇਡ ਬੰਬ ਅਜੇ ਚੱਲਣੇ ਬਾਕੀ ਹਨ।”

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਦਾਅਵੇ ਬਾਰੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿੱਚ 50 ਬੰਬਾਂ ਦੀ ਗੱਲ ਕਰ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਇਹ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਪੰਜਾਬ ਵਿੱਚ ਬੰਬ ਕਿੱਥੇ ਰੱਖੇ ਗਏ ਹਨ। ਨਹੀਂ ਤਾਂ, ਪੁਲਿਸ ਨੂੰ ਪ੍ਰਤਾਪ ਬਾਜਵਾ ਵਿਰੁੱਧ ਗਲਤ ਜਾਣਕਾਰੀ ਦੇਣ ਅਤੇ ਦਹਿਸ਼ਤ ਫੈਲਾਉਣ ਲਈ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣਗੇ। ਜੇਕਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਬੰਬਾਂ ਬਾਰੇ ਜਾਣਕਾਰੀ ਦਿੱਤੀ ਹੈ, ਤਾਂ ਉਨ੍ਹਾਂ ਦਾ ਪਾਕਿਸਤਾਨ ਨਾਲ ਕੀ ਸਬੰਧ ਹੈ ਕਿ ਉੱਥੋਂ ਦੇ ਅੱਤਵਾਦੀ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਫ਼ੋਨ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਿੰਨੇ ਬੰਬ ਭੇਜੇ ਹਨ? ਇਹ ਜਾਣਕਾਰੀ ਨਾ ਤਾਂ ਖੁਫੀਆ ਜਾਣਕਾਰੀ ਕੋਲ ਹੈ ਅਤੇ ਨਾ ਹੀ ਇਹ ਕੇਂਦਰ ਸਰਕਾਰ ਤੋਂ ਆਈ ਹੈ, ਪਰ ਜੇਕਰ ਇੰਨੇ ਵੱਡੇ ਵਿਰੋਧੀ ਨੇਤਾ ਨੂੰ ਇਹ ਜਾਣਕਾਰੀ ਮਿਲੀ ਹੈ, ਤਾਂ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਪੰਜਾਬ ਪੁਲਿਸ ਨੂੰ ਦੱਸਦੇ ਕਿ ਇੱਥੇ ਬੰਬ ਹਨ। ਕੀ ਉਹ ਬੰਬਾਂ ਦੇ ਫਟਣ ਅਤੇ ਲੋਕਾਂ ਦੇ ਮਰਨ ਦੀ ਉਡੀਕ ਕਰ ਰਹੇ ਸਨ ਤਾਂ ਜੋ ਉਨ੍ਹਾਂ ਦੀ ਰਾਜਨੀਤੀ ਜਾਰੀ ਰਹਿ ਸਕੇ? ਅਤੇ ਜੇਕਰ ਇਹ ਝੂਠ ਹੈ, ਤਾਂ ਕੀ ਉਹ ਅਜਿਹੀਆਂ ਗੱਲਾਂ ਕਹਿ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ?”

ਬਾਜਵਾ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਸ ਨੂੰ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ। ਮੁੱਖ-ਮੰਤਰੀ ਦੇ ਹੁਕਮਾਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪੁਲਸ ਜਾਂਚ ਲਈ ਪਹੁੰਚ ਗਈ। ਪੰਜਾਬ ਪੁਲਸ ਦੀ ਏ. ਆਈ. ਜੀ. ਕਾਊਂਟਰ ਇੰਟੀਲੈਂਸ ਰਵਜੋਤ ਕੌਰ ਗਰੇਵਾਲ ਨੇ ਇਸ ਸਬੰਧੀ ਦੱਸਿਆ ਹੈ ਕਿ, “ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਨੂੰ ਇਸ ਦਾ ਕੋਈ ਸੋਰਸ ਨਹੀਂ ਦੱਸਿਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਬਾਜਵਾ ਵਲੋਂ ਕੋਈ ਕਾਪਰੇਟ ਨਹੀਂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁੱਦੇ ‘ਤੇ ਜਿੰਨੇ ਵੀ ਹੁਣ ਤੱਕ ਕੇਸ ਸਾਹਮਣੇ ਆਏ ਹਨ, ਸਾਰਿਆਂ ਨੂੰ ਸੁਲਝਾਇਆ ਗਿਆ ਹੈ ਅਤੇ ਅੱਗੇ ਵੀ ਇਸ ਦੀ ਜਾਂਚ ਕੀਤੀ ਜਾਵੇਗੀ। ਇਹ ਸਾਰਿਆਂ ਦੀ ਸੁਰੱਖਿਆ ਦਾ ਮੁੱਦਾ ਹੈ ਅਤੇ ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਦਾ ਸੋਰਸ ਪਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹਾਲੇ ਹੋਰ 32 ਗ੍ਰਨੇਡ ਹੋਣ ਬਾਰੇ ਇੰਟੈਲੀਜੈਂਸ ਦੇ ਕੋਲ ਕੋਈ ਅਜਿਹੀ ਸੂਚਨਾ ਨਹੀਂ ਹੈ।”

ਪ੍ਰਤਾਪ ਸਿੰਘ ਬਾਜਵਾ ਨੇ ਪੁੱਛਗਿੱਛ ਮਗਰੋਂ ਕਿਹਾ ਕਿ, “ਪੰਜਾਬ ਸਰਕਾਰ, ਖ਼ੁਫ਼ੀਆ ਏਜੰਸੀਆਂ ਅਤੇ ਕੇਂਦਰ ਸਰਕਾਰ ਵਿਚ ਮੇਰੇ ਸੂਤਰ ਹਨ। ਮੈਂ ਆਪਣੇ ਸੂਤਰਾਂ ਬਾਰੇ ਨਹੀਂ ਦੱਸ ਸਕਦਾ। ਉਨ੍ਹਾਂ ਕਿਹਾ ਕਿ ਮੁੱਖ-ਮੰਤਰੀ ਵੱਲੋਂ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਗਿਆ ਹੈ। ਮੇਰੇ ਸੂਤਰਾਂ ਨੇ ਹੀ 50 ਬੰਬ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ ਕੀਤੀ ਗਈ ਪੁੱਛਗਿੱਛ ਵਿਚ ਮੈਂ ਪੁਲਸ ਨਾਲ ਪੂਰਾ ਸਹਿਯੋਗ ਕੀਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਵਿਸਾਖੀ ਦੇ ਦਿਹਾੜੇ ਮੌਕੇ ਜਿੱਥੇ ਲੋਕ ਗੁਰੂ ਘਰਾਂ ਵਿਚ ਨਤਮਸਤਕ ਹੋ ਰਹੇ ਹਨ, ਉਥੇ ਹੀ ਮੁੱਖ-ਮੰਤਰੀ ਇੰਟੈਲੀਜੈਂਸ ਐਕਸ਼ਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਾਨ ਸਾਬ੍ਹ ਨੇ ਮੇਰੇ ‘ਤੇ ਬਿਨਾਂ ਕਿਸੇ ਮਕਸਦ ‘ਤੋਂ ਕੇਸ ਦਰਜ ਕਰਨਾ ਹੈ ਜਾਂ ਐਕਸ਼ਨ ਲੈਣਾ ਹੈ ਤਾਂ ਕੋਈ ਗੱਲ ਨਹੀਂ। ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ, ਮੈਂ ਪੂਰੀ ਤਰ੍ਹਾਂ ਕਾਪਰੇਟ ਕਰਾਂਗਾ। ਪੰਜਾਬ ਦੇ ਹਾਲਾਤ ਲਈ ਸਿੱਧੇ ਤੌਰ ‘ਤੇ ਸੂਬਾ ਸਰਕਾਰ ਜ਼ਿੰਮੇਵਾਰ ਹੈ।”

ਸੀਐਮ ਮਾਨ ਨੇ ਵੀ ਇਸ ਮਾਮਲੇ ‘ਚ ਕਿਹਾ, “…ਜੇਕਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਮਿਲੀ ਸੀ, ਤਾਂ ਉਨ੍ਹਾਂ ਦਾ ਪਾਕਿਸਤਾਨ ਨਾਲ ਕੀ ਸਬੰਧ ਹੈ ਕਿ ਉੱਥੋਂ ਦੇ ਅੱਤਵਾਦੀ ਉਨ੍ਹਾਂ ਨੂੰ ਸਿੱਧੇ ਫ਼ੋਨ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਕਿੰਨੇ ਬੰਬ ਭੇਜੇ ਗਏ ਹਨ? ਇਹ ਜਾਣਕਾਰੀ ਨਾ ਤਾਂ ਖੁਫੀਆ ਏਜੰਸੀਆਂ ਕੋਲ ਹੈ ਅਤੇ ਨਾ ਹੀ ਕੇਂਦਰ ਸਰਕਾਰ ਤੋਂ ਆਈ ਹੈ। ਜੇਕਰ ਕਿਸੇ ਸੀਨੀਅਰ ਆਗੂ ਕੋਲ ਅਜਿਹੀ ਜਾਣਕਾਰੀ ਹੁੰਦੀ, ਤਾਂ ਇਹ ਉਸਦੀ ਜ਼ਿੰਮੇਵਾਰੀ ਸੀ ਕਿ ਉਹ ਪੰਜਾਬ ਪੁਲਿਸ ਨੂੰ ਬੰਬਾਂ ਦੇ ਟਿਕਾਣਿਆਂ ਬਾਰੇ ਸੂਚਿਤ ਕਰਦਾ। ਕੀ ਉਹ ਬੰਬਾਂ ਦੇ ਫਟਣ, ਲੋਕਾਂ ਦੇ ਮਰਨ ਅਤੇ ਫਿਰ ਆਪਣੀ ਰਾਜਨੀਤੀ ਦੇ ਕੰਮ ਕਰਨ ਦੀ ਉਡੀਕ ਕਰ ਰਿਹਾ ਸੀ? ਅਤੇ ਜੇ ਇਹ ਸਭ ਝੂਠ ਹੈ, ਤਾਂ ਕੀ ਉਹ ਅਜਿਹੀਆਂ ਗੱਲਾਂ ਕਹਿ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ?”

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਕਾਰਨ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ, ਕਾਂਗਰਸੀ ਸੰਸਦ ਮੈਂਬਰ, ਵਿਧਾਇਕ ਅਤੇ ਸੀਨੀਅਰ ਆਗੂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਕਾਂਗਰਸੀ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਆਗੂਆਂ ਨੇ ‘ਆਪ’ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਦਾ ਧਿਆਨ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਈ ਪੈਦਾ ਹੋਏ ਗੰਭੀਰ ਖ਼ਤਰੇ ਤੋਂ ਨਾ ਹਟਾਏ। ਉਨ੍ਹਾਂ ਕਿਹਾ ਕਿ ਬਾਜਵਾ ਨੇ ਜੋ ਖੁਲਾਸਾ ਕੀਤਾ ਹੈ ਉਹ ਪਹਿਲਾਂ ਹੀ ਜਨਤਕ ਖੇਤਰ ਵਿੱਚ ਹੈ ਅਤੇ ਕਈ ਦਿਨਾਂ ਤੋਂ ਵੱਖ-ਵੱਖ ਅਖਬਾਰਾਂ ਵਿੱਚ ਇਸਦੀ ਰਿਪੋਰਟਿੰਗ ਹੋ ਰਹੀ ਹੈ। ਆਗੂਆਂ ਨੇ ਸਰਕਾਰ ਦਾ ਧਿਆਨ ਪੁਲਿਸ ਥਾਣਿਆਂ, ਧਾਰਮਿਕ ਸਥਾਨਾਂ ਅਤੇ ਇੱਕ ਸੀਨੀਅਰ ਭਾਜਪਾ ਨੇਤਾ ਦੇ ਨਿਵਾਸ ਸਥਾਨ ‘ਤੇ ਗ੍ਰਨੇਡ ਹਮਲਿਆਂ ਦੀਆਂ ਵੀਹ ਤੋਂ ਵੱਧ ਘਟਨਾਵਾਂ, ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਦੀ ਬੇਅਦਬੀ ਵੱਲ ਖਿੱਚਿਆ। ਸੀਨੀਅਰ ਕਾਂਗਰਸੀ ਆਗੂਆਂ ਨੇ ਦੁਹਰਾਇਆ ਕਿ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਈ ਖ਼ਤਰਾ ਅਸਲ ਅਤੇ ਗੰਭੀਰ ਹੈ ਜਿਸ ਵੱਲ ਬਾਜਵਾ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ, ਜਦੋਂ ਕਿ ਸਰਕਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਜਵਾ ਦੇ ਸਮਰਥਨ ਦੇ ਵਿੱਚ ਪੀ.ਸੀ.ਸੀ. ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਔਜਲਾ, ਡਾ. ਅਮਰ ਸਿੰਘ, ਸ਼ੇਰ ਸਿੰਘ ਘੁਬਾਇਆ (ਸਾਰੇ ਸੰਸਦ ਮੈਂਬਰ) ਸ੍ਰੀਮਤੀ ਅਰੁਣਾ ਚੌਧਰੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ, ਅਵਤਾਰ ਹੈਨਰੀ ਜੂਨੀਅਰ, ਸੁਖਵਿੰਦਰ ਕੋਟਲੀ, ਬਰਿੰਦਰ ਮੀਤ ਪਾਹੜਾ, ਨਰੇਸ਼ ਪੁਰੀ, ਕੁਲਦੀਪ ਢਿੱਲੋਂ, ਬਲਵਿੰਦਰ ਧਾਲੀਵਾਲ (ਸਾਰੇ ਵਿਧਾਇਕ) ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਮੁਹੰਮਦ ਸਦੀਕ, ਸੀਨੀਅਰ ਆਗੂ ਓ.ਪੀ. ਸੋਨੀ, ਅਵਤਾਰ ਹੈਨਰੀ ਸੀਨੀਅਰ, ਰਾਣਾ ਕੇਪੀ ਸਿੰਘ, ਬਲਬੀਰ ਸਿੰਘ ਸਿੱਧੂ, ਕੈਪਟਨ ਸੰਦੀਪ ਸੰਧੂ, ਗੁਰਕੀਰਤ ਸਿੰਘ ਕੋਟਲੀ, ਡਾ. ਰਾਜਕੁਮਾਰ ਵੇਰਕਾ, ਪਵਨ ਅਧੀਆ, ਸੁਖਮਿੰਦਰ ਡੈਨੀ, ਸੁਖਪਾਲ ਭੁੱਲਰ ਅਤੇ ਹੋਰ ਸ਼ਾਮਲ ਹਨ।

Related posts

ਦਿੱਲੀ ‘ਚ ਸਿਰਫ਼ ਤਿੰਨ ਦਿਨ ਰਹਿਣ ਨਾਲ ਇਨਫੈਕਸ਼ਨ ਹੋ ਸਕਦੀ: ਕੇਂਦਰੀ ਮੰਤਰੀ

admin

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੀ ਕਿਹੜੀ ਦੁੱਖਦੀ ਰਗ ‘ਤੇ ਹੱਥ ਰੱਖਿਆ ?

admin

ਕਈ ਵਾਰ ਕੋਚਾਂ ਨੂੰ ਆਪਣੇ ਹੰਕਾਰ ਨੂੰ ਪਾਸੇ ਰੱਖ ਕੇ ਸੋਚਣਾ ਚਾਹੀਦਾ: ਹਰਭਜਨ ਸਿੰਘ

admin