‘ਨਾਜ਼’ ਮਾਪਿਆਂ ਦੀ ਲਾਡਲੀ ਧੀ, ਪੜ੍ਹੀ ਲਿਖੀ ਤੇ ਸੁਨੱਖੀ ਵੀ। ਵੇਲ਼ਾ ਆਉਣ ‘ਤੇ ਸਭ ਹੀ ਤੋਰਦੇ ਨੇ ਅਤੇ ਉਹ ਵੀ ਵਿਦਾ ਹੋਈ। ਕੁੱਝ ਵਿਛੋੜੇ ਦਾ ਦੁੱਖ ਤੇ ਕੁੱਝ ਨਵੀਂ ਜ਼ਿੰਦਗੀ ਦੇ ਚਾਅ ਅਰਮਾਨ ਲੈ ਕੇ ਸਹੁਰੇ ਘਰ ਆਈ। ਸੋਹਣੇ ਜੇ ਪਰਿਵਾਰ ਵਿੱਚ ਰਹਿ ਕੇ ਖੁਸ਼ੀਆਂ ਮਾਨਣ ਦੀ ਚਾਹ ਸੀ ਉਸਦੇ ਦਿਲ ‘ਚ! ਭਰੇ ਪੂਰੇ ਪਰਿਵਾਰ ‘ਚ ਸਾਰੇ ਉਹਨੂੰ ਚੰਗੇ ਲੱਗੇ ਪਰ ਹੌਲ਼ੀ-ਹੌਲ਼ੀ ਕੁੱਝ ਪਰਤਾਂ ਉੱਘੜਨ ਲੱਗੀਆਂ ।
ਮਾਸੀ ਦੀ ਕੁੜੀ ਦਾ ਵਿਆਹ ਆਇਆ। ਸੱਸ ਬੋਲੀ,”ਜਾਣਾ ਤਾਂ ਕੱਲੀ ਜਾ ਆ।”
“ਇਉਂ ਵੀ ਹੁੰਦਾ ਕਦੇ? ਚੱਲ ਇਹਨਾਂ ਦੇ ਹੁੰਦਾ ਹੋਣਾ!” ਸੋਚ ਕੇ ਉਹ ਮਨ ਮਸੋਸ ਕੇ ਰਹਿ ਗਈ।
ਵਿਆਹ ਵਿੱਚ ਆਪਣੇ ਪਰਿਵਾਰ ਨਾਲ਼ ਆਈਆਂ ਭੈਣਾਂ ਨੂੰ ਦੇਖ ਕੇ ਉਦਾਸੀ ਲੁਕਾਉਂਦੀ ਰਹੀ।
ਸਕੇ ਭਰਾ ਦੇ ਵਿਆਹ ‘ਤੇ ਸੱਸ ਨੇ ਹੋਰ ਬਹਾਨਾ ਬਣਾ ਲਿਆ। ‘ਨਾਜ਼’ ਨੂੰ ਕੱਲੀ ਤੋਰ ਕੇ ਆਪ ਮੌਕੇ ‘ਤੇ ਨਾ ਪਹੁੰਚੇ ।
ਪੇਕੇ ਜਾਣ ਦੀ ਗੱਲ ਕਰਦੀ ਤਾਂ ਸੌ ਗੱਲਾਂ ਬੋਲਦੀ,”ਰੋਜ-ਰੋਜ ਪੇਕੇ ਜਾ ਕੇ ਕੀ ਕਰਨਾ ਹੁੰਦਾ?”
ਕਈ ਮਹੀਨਿਆਂ ਮਗਰੋਂ ਜਾਣਾ ਵੀ ਉਹਨੂੰ ‘ਰੋਜ਼’ ਹੀ ਜਾਪਦਾ।
ਜਦੋਂ ਕੋਈ ਸੋਹਣਾ ਕੱਪੜਾ ਲੱਤਾ ਪਾਉਣਾ ਤਾਂ ਨਾਲ਼ ਦੀ ਨਾਲ਼ ਟੋਕ ਦਿੰਦੀ,”ਨਿੱਤ ਨਵੇਂ ਸੂਟ? ਘਰ ਤਾਂ ਨੀਂ ਪੱਟਣਾ?”
ਤੇ ‘ਨਾਜ਼’ ਦੀ ਮੁਸਕਰਾਹਟ ਗਾਇਬ ਹੋ ਜਾਂਦੀ।
ਨਿਆਣਿਆਂ ਨੂੰ ਲਾਡ ਲਡਾਉਂਦੀ ‘ਨਾਜ਼’ ਵੀ ਉਹਨੂੰ ਚੰਗੀ ਨਾ ਲੱਗਦੀ।
“ਲੈ ਤੇਰੇ ਜੱਗ ਤੋਂ ਨਿਆਰੇ ਨਿਆਣੇ? ਅਸੀਂ ਤਾਂ ਕਦੇ ਨੀੰ ਕੀਤੇ ਏਹੋ ਜੇ ਨਖਰੇ..।”
ਨਾ ਅਪਣੀ ਮਰਜੀ ਨਾਲ਼ ਕੁੱਝ ਬਣਾ ਸਕਦੀ ਤੇ ਨਾ ਖਾ ਸਕਦੀ। ਭੁੱਖ ਹੀ ਮਰ ਜਾਂਦੀ। ਜਦੋਂ ਸੱਸ ਕਹਿੰਦੀ,”ਅਸੀਂ ਤਾਂ ਨੀੰ ਏਹ ਕੁੱਝ ਖਾਂਦੇ!”
ਨਾਜ਼ ਦੇ ਪੇਕਿਆਂ ਤੋਂ ਕੋਈ ਆਉਂਦਾ ਤਾਂ ਸੜ ਬਲ਼ ਜਾਂਦੀ। ਘੱਲ-ਗੱਲ ‘ਤੇ ਹਰਖਣਾ ਤੇ ਬੋਲਣਾ ਤਾਂ ਉਹਦਾ ਸੁਭਾਅ ਹੀ ਸੀ। ਪਰ ‘ਨਾਜ਼’ ਵਿਚਾਰੀ ਚੁੱਪਚਾਪ ਬਰਦਾਸ਼ਤ ਕਰਦੀ, ਕੰਮ ਕਰਦੀ ਰਹਿੰਦੀ। ਬੁਰਾ ਤਾਂ ਲੱਗਦਾ ਪਰ ਅੰਦਰੋ-ਅੰਦਰੀ ਧੁਖਦੀ ਰਹਿੰਦੀ।
ਘਰ ਵਿੱਚ ਹਰ ਤਰ੍ਹਾਂ ਦਾ ਸੁੱਖ ਅਰਾਮ ਹੋਣ ਦੇ ਬਾਵਜੂਦ ਜ਼ਬਾਨ ਦੇ ਵਾਰ ਸਹਿਣੇ ਉਹਨੂੰ ਔਖੇ ਲੱਗਦੇ।
ਉਹਦਾ ਪਤੀ ਲਖਵੀਰ ਸਮਝਦਾ ਤਾਂ ਸਭ ਕੁੱਝ ਸੀ ਪਰ ਮਾਂ ਸਾਹਮਣੇ ਬੇਵੱਸ ਹੀ ਸੀ।
ਵਕਤ ਬੀਤਿਆ ਤੇ ਬੱਚੇ ਜਵਾਨ ਹੋ ਗਏ। ਸੱਸ ਜ਼ਬਾਨ ਦੇ ਵਾਰ ਹਾਲੇ ਵੀ ਉਵੇਂ ਹੀ ਕਰਦੀ ਸੀ। ਉਹਦੇ ਲਈ ਇਹ ਬੜੀ ਆਮ ਜਿਹੀ ਗੱਲ ਹੀ ਸੀ। ਪਰ ‘ਨਾਜ਼’ ਨੇ ਸਮਝੌਤਾ ਕਰ ਲਿਆ। ਕਿਸੇ ਨੂੰ ਕਦੇ ਅਹਿਸਾਸ ਨਾ ਹੋਣ ਦਿੱਤਾ ਕਿ ਇਹ ਗੱਲਾਂ ਨਾਲ਼ ਉਹ ਦੁਖੀ ਹੁੰਦੀ ਹੈ।
ਹੁਣ ਉਸਦੀ ਸੱਸ ਵੀ ਬਿਰਧ ਹੋ ਗਈ। ਪਹਿਲਾਂ ਵਾਲ਼ੀ ਗੱਲ ਨਾ ਰਹੀ ਜਾਂ ਸ਼ਾਇਦ ਵਕਤ ਦਾ ਤਕਾਜ਼ਾ ਸੀ। ਪਤਾ ਨਹੀਂ ਤਾਂ ਗਲਤੀ ਦਾ ਅਹਿਸਾਸ ਹੋ ਗਿਆ ਜਾਂ ਵਕਤ ਨਾਲ਼ ‘ਨਾਜ਼’ ਦਾ ਮੋਹ ਆਉਣ ਲੱਗਾ..ਰੱਬ ਜਾਣੇ!
‘ਨਾਜ਼’ ਵੀ ਆਪਣੀ ਸੱਸ ਦੀ ਖੂਬ ਸੇਵਾ ਕਰਦੀ ਪਰ ਉਹਦੇ ਕੋਲ਼ ਆਪਣਿਆਂ ਵਾਂਗ ਕਦੇ ਨਾ ਬੈਠੀ।
“ਕੁੜੇ ਨਾਜ਼…”ਓਹਦੀ ਸੱਸ ਨੇ ‘ਵਾਜ ਮਾਰੀ।
“ਹਾਂ ਬੀਜੀ? ਚਾਹੀਦਾ ਸੀ ਕੱੁਝ?”
“ਨਾ..ਕੁੱਝ ਨੀਂ ਚਾਹੀਦਾ ਪੁੱਤ! ਆ ਬੈਠ ਜਾ..ਦੋ ਘੜੀਆਂ…ਗੱਲਾਂ ਕਰੀਏ..।”
“ਬੀਜੀ ਕੰਮ ਬਹੁਤ ਪਿਆ…”ਕਹਿ ਕੇ ‘ਨਾਜ਼’ ਰਸੋਈ ‘ਚ ਚਲੀ ਗਈ।
“ਬੈਠ ਜਾਂਦੀ ਮਾਂ ਕੋਲ਼..ਐਨਾ ਕਿਹੜਾ ਜ਼ਰੂਰੀ ਕੰਮ ਸੀ ਤੇਰਾ?” ਉਸਦੇ ਪਤੀ ‘ਲਖਵੀਰ ‘ ਨੇ ਕਿਹਾ।
“ਬੀਜੀ ਜਿਹੜੀ ‘ਨਾਜ਼’ ਨੂੰ ਭਾਲ਼ਦੀ ਉਹ ਤਾਂ ਕਦੋਂ ਦੀ ਮਰ ਮੁੱਕ ‘ਗੀ। ਹੁਣ ਤਾਂ ਇਹ ਬੁੱਤ ਆ..ਬਿਨ੍ਹਾਂ ਭਾਵਨਾਵਾਂ ਤੋਂ..ਮੇਰੇ ਸ਼ੌਕ ਵੀ ਮਰ ਮੁੱਕ ‘ਗੇ ਤੇ ਮੈਂ ਵੀ…।”
“ਜ਼ਰੂਰੀ ਨਹੀਂ ਕਿ ਕਤਲ ਤਲਵਾਰਾਂ, ਬੰਦੂਕਾਂ ਨਾਲ਼ ਹੀ ਕਰੀਦੇ, ਜ਼ਬਾਨ ਨਾਲ਼ ਵੀ ਹੋ ਜਾਂਦੇ ਨੇ! ਹੁਣ ‘ਨਾਜ਼’ ਕਿੱਥੋਂ ਭਾਲ਼ਦੀ ਮਾਂ?”
ਤੇ ਨਾਜ਼ ਦੇ ਹੰਝੂ ਪਲਕਾਂ ‘ਤੇ ਹੀ ਰੁਕ ਗਏ।