
ਮਾਸਿਕ ਮੈਗਜ਼ੀਨ ‘ਕੰਪੀਟੀਸ਼ਨ ਦਰਪਣ’ ਦਾ ਨਵੀਨਤਮ ਅੰਕ ਪੜ੍ਹਦੇ ਸਮੇਂ, ਅਠਾਈ ਸਾਲਾ ਨੀਰਜ ਮਿਸ਼ਰਾ ਦੀਆਂ ਅੱਖਾਂ ਅਤੇ ਧਿਆਨ ਚੱਲਦੀ ਟ੍ਰੇਨ ਦੇ ਰੁਕਣ ਨਾਲ ਭਟਕ ਗਿਆ। ਉਸਨੇ ਮੈਗਜ਼ੀਨ ਬੰਦ ਕੀਤਾ ਅਤੇ ਟ੍ਰੇਨ ਦੀ ਖਿੜਕੀ ਵੱਲ ਵੇਖਿਆ। ਉਹ ਭੀੜ-ਭੜੱਕੇ ਵਾਲਾ ਸਟੇਸ਼ਨ ਉੱਤਰ ਪ੍ਰਦੇਸ਼ ਦਾ ਮਸ਼ਹੂਰ ਗੋਰਖਪੁਰ ਜੰਕਸ਼ਨ ਸੀ। ਕੁਝ ਯਾਤਰੀਆਂ ਦੀ ਯਾਤਰਾ ਉਸ ਜੰਕਸ਼ਨ ‘ਤੇ ਖਤਮ ਹੋ ਰਹੀ ਸੀ, ਜਦੋਂ ਕਿ ਕੁਝ ਆਪਣੀ ਯਾਤਰਾ ਸ਼ੁਰੂ ਕਰਨ ਲਈ ਟ੍ਰੇਨ ਵਿੱਚ ਦਾਖਲ ਹੋ ਰਹੇ ਸਨ। ਨੀਰਜ ਦਾ ਸਫ਼ਰ ਅਜੇ ਵੀ ਲੰਮਾ ਸੀ, ਸ਼ਾਮ ਦਾ ਸਮਾਂ ਸੀ ਅਤੇ ਉਸਨੇ ਇਸ ਟ੍ਰੇਨ ਵਿੱਚ ਪੂਰੀ ਰਾਤ ਬਿਤਾਉਣੀ ਸੀ। ਉਹਨੇ ਦਿੱਲੀ ਜਾਣਾ ਸੀ, ਚਾਰਟਰਡ ਅਕਾਊਂਟੈਂਟ ਬਣਨ ਦੀ ਪੜ੍ਹਾਈ ਦੇ ਨਾਲ-ਨਾਲ, ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਿਹਾ ਸੀ। ਦਰਅਸਲ, ਉਸਨੂੰ ਫ਼ਸਟ ਏਸੀ ਪਸੰਦ ਨਹੀਂ ਸੀ, ਕਿਉਂਕਿ ਉਸਨੂੰ ਗੱਲਾਂ ਕਰਨ ਦੀ ਆਦਤ ਸੀ ਅਤੇ ਇੱਥੇ ਇੱਕ ਬੋਗੀ ਵਿੱਚ ਸਿਰਫ ਦੋ ਸੀਟਾਂ ਹੀ ਹੁੰਦੀਆਂ ਹਨ, ਨਾਲੇ ਫਿਰ ਕੀ ਪਤਾ ਹੈ ਕਿ ਸਹਿ-ਯਾਤਰੀ ਦਾ ਸੁਭਾਅ ਕਿਹੋ ਜਿਹਾ ਹੋਵੇਗਾ? ਪਰ ਇਹ ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਸੀ, ਇਸ ਲਈ ਟਿਕਟਾਂ ਦੀ ਘਾਟ ਕਾਰਨ, ਉਸਨੂੰ ਏਸੀ ਕੋਚ ਦੇ ਪਹਿਲੇ ਦਰਜੇ ਦੀ ਟਿਕਟ ਹੀ ਮਿਲ ਸਕੀ। ਉਸਨੇ ਆਪਣੇ ਸਾਹਮਣੇ ਵਾਲੀ ਸੀਟ ਵੱਲ ਦੇਖਿਆ ਜੋ ਅਜੇ ਵੀ ਖਾਲੀ ਸੀ। ਉਸਨੇ ਇੱਕ ਡੂੰਘਾ ਸਾਹ ਲਿਆ ਅਤੇ ਆਪਣੇ ਆਪ ਨੂੰ ਕਿਹਾ, “ਚਲੋ ਚੰਗਾ ਹੈ, ਇਕੱਲੇ ਯਾਤਰਾ ਕਰਨ ਦਾ ਇਹ ਅਨੁਭਵ ਵੀ ਕੁਝ ਨਾ ਕੁਝ ਸਿਖਾ ਕੇ ਹੀ ਜਾਵੇਗਾ।”