
“ਕੀਤਾ ਸਵਾਲ ਮੀਆਂ ਮਜਨੂੰ ਨੂੰ,
ਤੇਰੀ ਲੈਲਾ ਰੰਗ ਦੀ ਕਾਲੀ ਏ,
ਦਿੱਤਾ ਜੁਆਬ ਮੀਆਂ ਮਜਨੂੰ ਨੇ,
ਤੇਰੀ ਅੱਖ ਨਾਂ ਦੇਖਣ ਵਾਲੀ ਏ।
ਕੁਰਾਨ ਪਾਕ ਦੇ ਵਰਕ ਚਿੱਟੇ,
ਉੱਤੇ ਲਿਖੀ ਸਿਆਹੀ ਕਾਲੀ ਏ
ਛੱਡ ਵੇ ਬੁੱਲਿਆ ਦਿਲ ਦੇ ਛੱਡਿਆ
ਕੀ ਗੋਰੀ, ਤੇ ਕੀ ਕਾਲੀ ਏ…!”
ਕਹਿੰਦੇ ਹਨ ਜੇਕਰ ਕੋਈ ਕਿਸੇ ਦਾ ਮੁਰੀਦ ਹੋ ਜਾਵੇ ਤਾਂ ਓਸ ਦੀ ਹਰ ਗੱਲ ਵਿੱਚ ਆਬ-ਏ-ਹਯਾਤ ਜਹੀ ਕਸ਼ਿਸ਼ ਨਜ਼ਰ ਆਉਂਦੀ ਹੈ। ਅਜਿਹੀ ਇੱਕ ਉਦਾਹਰਣ ਫੁੱਟਬਾਲ ਜਗਤ ਵਿੱਚ ਦੇਖਣ ਨੂੰ ਮਿਲੀ।
ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਫੁੱਟਬਾਲ ਕਲੱਬ ਬਾਰਸੀਲੋਨਾ ਨੂੰ ਅਲਵਿਦਾ ਕਹਿ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਆਪਣੀ ਵਿਦਾਇਗੀ ਮੌਕੇ ਰੱਖੀ ਗਈ ਇਸ ਪ੍ਰੈਸ ਕਾਨਫਰੰਸ ਦੌਰਾਨ ਮੈਸੀ ਥੋੜਾ ਭਾਵੁਕ ਹੋ ਗਿਆ। ਇਹ ਭਾਵਨਾਤਮਕ ਪਲ ਕੈਮਰੇ ਦੀਆਂ ਨਜ਼ਰਾਂ ਵਿੱਚ ਸਦਾ ਲਈ ਕੈਦ ਹੋ ਪੂਰੀ ਦੁਨੀਆਂ ਵਿੱਚ ਅੱਗ ਵਾਂਗੂ ਫੈਲ ਗਏ।
ਹੋਇਆ ਇਹ ਕਿ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ, ਮੈਸੀ ਨੇ ਬਾਰਸੀਲੋਨਾ ਫੁੱਟਬਾਲ ਕੱਲਬ ਵਿੱਚ ਬਿਤਾਏ 2004 ਤੋਂ 2021 ਦੇ ਹਸੀਨ ਪਲਾਂ ਨੂੰ ਯਾਦ ਕੀਤਾ, ਇਹਨਾਂ ਯਾਦਾਂ ਨੂੰ ਸਾਂਝੀਆਂ ਕਰਦਿਆਂ ਉਸ ਦੇ ਅੰਦਰ ਦਾ ਲਾਵਾ ਹੰਝੂਆਂ ਦੇ ਰੂਪ ਵਿੱਚ ਫੁੱਟ ਪਿਆ। ਉਸਨੇ ਹੰਝੂ ਪੂੰਝਣ ਲਈ ਇੱਕ ਟਿਸ਼ੂ ਦੀ ਵਰਤੋਂ ਕੀਤੀ ਜੋ ਉਸਦੀ ਸ਼ਰੀਕ-ਏ-ਹਯਾਤ ਐਂਟੋਨੇਲਾ ਰੋਕੂਜ਼ੋ ਨੇ ਉਸਨੂੰ ਸੌਂਪਿਆ ਸੀ।
ਓਸ ਟਿਸ਼ੂ ਨੂੰ ਮੈਸੀ ਦੁਆਰਾ ਇੱਕ ਕੂੜੇਦਾਨ ਵਿੱਚ ਸੁੱਟਿਆ ਗਿਆ ਸੀ, ਜੋਕਿ ਉਸਦੇ ਹੀ ਇੱਕ ਮਰਜੀਵੜੇ ਮੁਰੀਦ ਨੇ ਚੁੱਕ ਲਿਆ। ਮੈਸੀ ਦੇ ਉਸ ਦੀਵਾਨੇ ਨੇ ਮੈਸੀ ਦੁਆਰਾ ਵਰਤੇ ਗਏ ਟਿਸ਼ੂ ਦੀ ਫ਼ੋਟੋ ਖਿੱਚ ‘ਮੀਕੇਡੂਓ’ ਨਾਮ ਦੀ ਨਿਲਾਮੀ ਵਾਲੀ ਵੈਬਸਾਈਟ ‘ਤੇ ਵੇਚਣ ਲਈ ਇੱਕ ਮਿਲੀਅਨ ਡਾਲਰ ਦੀ ਕੀਮਤ ਰੱਖ ਅੱਪਲੋਡ ਕਰ ਦਿੱਤਾ। ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਪੂਰੇ ਵਿਸ਼ਵ ਭਰ ਵਿੱਚ ਮੈਸੀ ਦੇ ਕਈ ਪ੍ਰਸ਼ੰਸਕਾਂ ਨੇ ਇਸ ਨੂੰ ਖਰੀਦਣ ਲਈ ਭਾਰੀ ਬੋਲੀ ਵੀ ਲਾ ਛੱਡੀ।
ਵੈਬਸਾਈਟ ਦੇ ਸਿਰਲੇਖ ਵਿੱਚ ਇਹ ਕਿਹਾ ਗਿਆ ਹੈ ਕਿ “ਇਸ ਟਿਸ਼ੂ ਵਿੱਚ ‘ਮੈਸੀ ਦੀ ਜੈਨੇਟਿਕ ਸਮਗਰੀ ਸ਼ਾਮਲ ਹੈ ਅਤੇ ਕੋਈ ਵੀ ਇਸਨੂੰ ਮੈਸੀ ਜਿਹੇ ਸਟਾਰ ਫੁੱਟਬਾਲਰ ਵਰਗੇ ਕਿਸੇ ਹੋਰ ਫੁੱਟਬਾਲਰ ਨੂੰ ‘ਕਲੋਨ’ ਕਰਨ ਲਈ ਵਰਤ ਸਕਦਾ ਹੈ।”
ਬਰਸੀਲੋਨਾ ਨੂੰ ਅਲਵਿਦਾ ਕਹਿਣ ਉਪਰੰਤ ਮੈਸੀ ਨੇ ਫਿਲਹਾਲ ਇੱਕ ਵਕਾਰੀ ਫ੍ਰੈਂਚ ਫੁੱਟਬਾਲ ਕਲੱਬ, ‘ਪੈਰਿਸ ਸੇਂਟ-ਜਰਮੇਨ’ ਨਾਲ ਦੋ ਸਾਲਾਂ ਦਾ ਕਰਾਰ ਕੀਤਾ ਹੈ।
ਹੁਣ ਤਾਂ ਹਰ ਇੱਕ ਬਾਰਸੀਲੋਨਾ ਫੁੱਟਬਾਲ ਕੱਲਬ ਦੇ ਪ੍ਰਸ਼ੰਸ਼ਕ ਦੇ ਬੁਲ੍ਹਾਂ ਉੱਤੇ ਬੀਬਾ ਗੁਲਸ਼ਨ ਕੋਮਲ ਦੇ ਗਾਏ ਅਤੇ ਮੇਰੇ ਵੱਲੋਂ ਥੋੜੇ ਜਿਹੇ ਸੋਧੇ ਗਏ ਗੀਤ ਦੇ ਇਹੋ ਹੀ ਅਲਫਾਜ਼ ਹਨ:
”ਕਾਗਜ਼ੀ ਰੁਮਾਲ ਦੇ ਗਿਓਂ ਵੇ ਆਪ ਬਹਿ ਗਿਓਂ ਫਰਾਂਸ ਵਿੱਚ ਜਾਕੇ…!
ਦਸਵੀਦਾਨੀਆ ਲਿਓਨਲ ਮੈਸੀ…
ਵੱਲੋਂ ਡਾਈ ਹਾਰਡ ਬਾਰਕਾ ਫੈਨਜ਼ !