ਆਪਣੀ ਹੁਣਵੀ ਪੰਜਾਬ ਫੇਰੀ ਦੌਰਾਨ ਫਰੀਦਕੋਟ ਤੋ ਫਗਵਾੜਾ ਜਾਣ ਵਾਸਤੇ ਟੈਕਸੀ ਕੀਤੀ । ਟੈਕਸੀ ਡਰਾਇਵਰ ਜਿਸ ਨੇ ਕਰੜ ਬਰੜੀ ਖਸਖਸੀ ਦਾੜ੍ਹੀ ਰੱਖੀ ਹੋਈ ਸੀ, ਦੇਖਣ ਪਾਖਣ ਨੂੰ ਬਿਲਕੁਲ ਬਿਜਲੀ ਮਹਿਕਮੇ ਦਾ ਕੋਈ ਕਰਮਚਾਰੀ ਲਗਦਾ ਸੀ । ਕਾਰ ਦੀ ਸਵਾਰੀ ਕਰਨ ਵੇਲੇ ਮੈਨੂੰ ਉਸ ਨੇ ਇਹ ਕਹਿਕੇ ਪਿਛਲੀ ਸੀਟ ‘ਤੇ ਬੈਠਣ ਵਾਸਤੇ ਕਿਹਾ ਕਿ ਉੱਥੇ ਬਿਨਾ ਸੀਟ ਬੈਲਟ ਪਹਿਨਿਆ ਅਰਾਮ ਨਾਲ ਬੈਠਿਆ ਜਾ ਸਕੇਗਾ, ਪਰ ਮੈਂ ਉਸ ਨੂੰ ਕਿਹਾ ਕਿ ਸੀਟ ਬੈਲਟ ਤਾਂ ਆਪਣੀ ਸੇਫਟੀ ਵਾਸਤੇ ਲਾਉਣੀ ਹੁੰਦੀ ਹੈ ਤੇ ਮੈਂ ਅਗਲੀ ਸੀਟ ‘ਤੇ ਬੈਠਣਾ ਪਸੰਦ ਕਰਦਾਂ ਤਾਂ ਕਿ ਸਫਰ ਦੌਰਾਨ ਤੁਹਾਡੇ ਨਾਲ ਗੱਲ-ਬਾਤ ਕਰਕੇ ਲੰਮੇ ਸਫਰ ਦੌਰਾਨ ਸਫਰ ਦੀ ਬੋਝਲਤਾ ਤੋ ਬਚ ਸਕਾਂ । ਸਾਰਾ ਰਸਤਾ ਪੰਜਾਬ ਵਿੱਚ ਅਗਲੇ ਮਹੀਨੇ ਆ ਰਹੀਆਂ ਚੋਣਾਂ ਬਾਰੇ ਤੇ ਪੰਜਾਬ ਦੇ ਤਾਜ਼ੇ ਹਾਲਾਤਾਂ ਬਾਰੇ ਗੱਲ-ਬਾਤ ਚਲਦੀ ਰਹੀ । ਡਰਾਇਵਰ ਗੱਲ-ਬਾਤ ਕਰਦਾ ਰਿਹਾ ਤੇ ਮੈਂ ਇਕ ਵਧੀਆ ਸਰੋਤਾ ਬਣਕੇ ਸੁਣਦਾ ਰਿਹਾ । ਪਤ ਨਹੀਂ ਕਿਓਂ, ਡਰਾਇਵਰ ਨੂੰ ਇੰਜ ਲੱਗ ਰਿਹਾ ਸੀ ਕਿ ਮੈ ਕਿਸੇ ਸਰਕਾਰੀ ਵਿਭਾਗ ਦਾ ਕੋਈ ਵੱਡਾ ਅਫਸਰ ਹਾਂ, ਜਿਸ ਕਰਕੇ ਉਹ ਪੰਜਾਬ ਬਾਰੇ ਗੱਲ-ਬਾਤ ਕਰਦਾ ਕਦੇ ਕਦਾ ਮੈਨੂੰ ਇਹ ਵੀ ਪੁੱਛ ਲੈਂਦਾ ਕਿ “ਬਾਬੂ ਜੀ, ਤੁਸੀਂ ਕੀ ਕੰਮ ਕਰਦੇ ਹੋ ? ਤੇ ਮੈ ਆਨੇ ਬਹਾਨੇ ਕਰਕੇ ਉਸ ਨੂੰ ਟਾਲ ਜਾਂਦਾ ਤੇ ਇਸ ਦੇ ਨਾਲ ਹੀ ਇਹ ਵੀ ਖਿਆਲ ਰੱਖਦਾ ਕਿ ਅੰਗਰੇਜ਼ੀ ਦਾ ਕੋਈ ਲਫ਼ਜ਼ ਨਾ ਬੋਲਾਂ ਤਾਂ ਕਿ ਉਸ ਨੂੰ ਮੇਰੇ ਐਨ ਆਰ ਆਈ ਹੋਣ ਦਾ ਕਿਧਰੇ ਸ਼ੱਕ ਨਾ ਪੈ ਜਾਵੇ । ਕਾਰ ਸਰਪਟ ਜੋੜਦੀ ਰਹੀ, ਡਰਾਇਵਰ ਦੀ ਵਾਰਤਾਲਾਪ ਚਲਦੀ ਰਹੀ, ਪਹਿਲਾ ਟੋਲ ਨਾਕਾ ਆਉਣ ‘ਤੇ ਕਾਰ ਬੋਲੀ ਹੋਈ, ਨਾਕੇ ‘ਤੇ ਖੜ੍ਹੇ ਮੁਲਾਜ਼ਮ ਨੇ ਬੈਰੀਕੇਡ ਖਿੱਚਿਆ, ਕਾਰ ਰੁਕ ਗਈ , ਜਦ ਉਸ ਨੇ ਟੋਲ ਅਦਾ ਕਰਨ ਦੀ ਮੰਡ ਕੀਤੀ ਤਾਂ ਡਰਾਇਵਰ ਨੇ ਉਸ ਨੂੰ ਦੱਸਿਆ ਕਿ ਉਸ ਦੇ ਨਾਲ ਐਕਸੀਅਨ ਸਾਹਿਬ ਬੈਠੇ ਹਨ, ਡਰਾਇਵਰ ਦਾ ਇਹ ਉੱਤਰ ਸੁਣਕੇ ਟੋਲ ਮੁਲਾਜ਼ਮ ਨੇ ਫਟਾਫਟ ਨਾਕੇ ਵਾਲਾ ਬੈਰੀਕੇਡ ਖੋਲ੍ਹ ਦਿੱਤਾ ਤੇ ਕਾਰ ਦੁਬਾਰਾ ਰਫ਼ਤਾਰ ਫੜਕੇ ਹਵਾ ਨਾਲ ਗੱਲਾਂ ਕਰਨ ਲੱਗੀ । ਇਸ ਦੇ ਨਾਲ ਹੀ ਡਰਾਇਵਰ ਨੇ ਪੰਜਾਬ ਮਸਲੇ ‘ਤੇ ਆਪਣੀ ਗੱਲ-ਬਾਤ ਦੁਬਾਰਾ ਸ਼ੁਰੂ ਕਰ ਦਿੱਤੀ । ਫਗਵਾੜੇ ਤੱਕ ਪਹੁੰਚਦਿਆਂ ਉਸ ਨੇ ਪੰਜ ਦੇ ਲਗਭਗ ਟੋਲ ਨਾਕੇ ਪਾਸ ਕੀਤੇ ਤੇ ਹਰ ਨਾਕੇ ਟੋਲ ਟੈਕਸ ਅਦਾ ਕਰਨ ਦੀ ਬਜਾਏ ਨਾਕੇ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਇਕ ਹੀ ਉਤਰ ਦਿੱਤਾ ਕਿ ਕਾਰ ਵਿੱਚ “ਐਕਸੀਅਨ ਸਾਹਿਬ ਬੈਠੇ ਹਨ” । ਇਕ ਟੋਲ ਨਾਕੇ ‘ਤੇ ਤਾਇਨਾਤ ਮੁਲਾਜ਼ਮ ਨੇ ਜਦ ਟੈਕਸੀ ਡਰਾਇਵਰ ਤੋਂ ਇਹ ਪੁੱਛਿਆ ਕਿ ਕਿਹੜੇ ਮਹਿਕਮੇ ਦੇ ਐਕਸੀਅਨ ਸਾਹਿਬ ਕਾਰ ਚ ਬੈਠੇ ਹਨ ਤਾਂ ਉਸ ਨੇ ਘਬਰਾਏ ਹੋਏ ਨੇ ਪੀ ਡਬਲਿਊ ਡੀ (ਪਬਲਿਕ ਵੈਲਫੇਅਰ ਡਿਪਾਰਟਮੈਂਟ) ਕਹਿਣ ਜੀ ਬਜਾਏ ਪੀ ਡੀ ਡਬਲਿਊ ਡਿਪਾਰਟਮੈਂਟ ਕਹਿ ਦਿੱਤਾ ਤੇ ਅੱਗੇ ਟੋਲ ਨਾਕੇ ਵਾਲਾ ਮੁਲਾਜ਼ਮ ਪੂਰਬੀਆਂ ਹੋਣ ਕਰਕੇ ਉਸ ਦੀ ਪੰਜਾਬੀ ਤੋਂ ਅਣਜਾਣ ਹੋਣ ਕਰਕੇ ਫਟਾਫਟ ਇਕ ਨਜ਼ਰ ਮੇਰੇ ਵੱਲ ਦੇਖਕੇ ਬੈਰੀਕੇਡ ਉੱਪਰ ਚੁੱਕਕੇ ਕੇ ਲੰਘ ਜਾਣ ਦਾ ਇਸ਼ਾਰਾ ਕਰ ਗਿਆ । ਇਕ ਹੋਰ ਨਾਕੇ ‘ਤੇ ਤਾਇਨਾਤ ਮੁਲਾਜ਼ਮ ਨੇ ਮੇਰੀ ਟੈਕਸੀ ਦੇ ਡਰਾਇਵਰ ਨੂੰ ਜਦ ਇਹ ਕਿਹਾ ਕਿ ਐਕਸੀਅਨ ਸਾਹਿਬ ਆਪਣਾ ਆਈ ਡੀ ਕਾਰਡ ਦਿਖਾਉਣ ਤਾਂ ਡਰਾਇਵਰ ਨੇ ਉਸ ਨੂੰ ਝਿੜਕ ਦਿੱਤਾ ਕਿ ਅਫਸਰ ਤੋਂ ਨਾ ਹੀ ਆਈ ਡੀ ਮੰਗੀ ਦੀ ਹੈ ਤੇ ਨਾ ਹੀ ਉਹ ਦਿਖਾਉਂਦੇ ਹਨ । ਰਸਤੇ ਚ ਮੈ ਡਰਾਇਵਰ ਨੂੰ ਆਪਣੇ ਮਨ ਦੀ ਤਸੱਲੀ ਵਾਸਤੇ ਜਦ ਇਹ ਪੁੱਛਿਆ ਕਿ ਪੀ ਡਬਲਿਊ ਡੀ ਦਾ ਕੀ ਭਾਵ ਹੁੰਦਾ ਹੈ ਤਾਂ ਉਸ ਨੇ ਫਾਟਕ ਦੇ ਕੇ ਜਵਾਬ ਦਿੱਤਾ ਕਿ “ਇਹ ਸੜਕਾਂ ਬਣਾਉਣ ਵਾਲਾ ਮਹਿਕਮਾ ਹੁੰਦਾ ਹੈ ਤੇ ਟੋਲ ਟੈਕਸ ਇਹਨਾ ਦੇ ਘੇਰੇ ਚ ਹੀ ਆਉਂਦਾ ਹੈ ।” ਜਦ ਫਿਰ ਮੈ ਐਕਸੀਅਨ ਦਾ ਅਰਥ ਪੁੱਛਿਆ ਕਾ ਉਸ ਨੇ ਦੱਸਿਆ ਕਿ “ਐਕਸੀਅਨ, ਪੀ ਡਬਲਿਊ ਡੀ ਮਹਿਕਮੇ ਦਾ ਵੱਡਾ ਅਫਸਰ ਹੁੰਦਾ ਹੈ ।” ਮੰਜਿਲ ‘ਤੇ ਪਹੁੰਚਕੇ ਟੈਕਸੀ ਡਰਾਇਵਰ ਨੇ ਮੇਰਾ ਸਮਾਨ ਉਤਾਰਦਿਆਂ ਹੋਇਆ ਮੇਰਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ , “ਸਾਹਿਬ ਜੀ ਤੁਹਾਂ ਬਹੁਤ ਬਹੁਤ ਧੰਨਵਾਦ, ਤੁਹਾਡੀ ਵਜ੍ਹਾ ਨਾਲ਼ ਅੱਜ ਮੇਰਾ ਲਗਭਗ ਪੂਰਾ ਇਕ ਹਜ਼ਾਰ ਰੁਪਇਆ ਬਚ ਗਿਆ ।” ਉਸ ਦੇ ਇਹ ਬੋਲ ਸੁਣਕੇ ਮੈ ਉਸ ਨੂੰ ਕਿਹਾ ਕਿ ਤੁਹਾਡੇ ਪੈਸੇ ਬਚਾਉਣ ਚ ਮੇਰਾ ਤਾਂ ਕੋਈ ਯੋਗਦਾਨ ਹੀ ਨਹੀਂ ਤਾਂ ਉਸ ਨੇ ਉੱਤਰ ਦਿੱਤਾ ਕਿ ਦਿੱਖ ਤੇ ਡੀਲ ਡੌਲ ਤੋਂ ਤੁਸੀਂ ਕੋਈ ਵੱਡੇ ਅਫਸਰ ਲੱਗਦੇ ਹੋ ।” ਮੈ ਉਸ ਦੇ ਇਸ ਜਵਾਬ ਦਾ ਸਿਰ ਹਿਲਾ ਕੇ ਜਵਾਬ ਦੇ ਕੇ ਆਪਣੇ ਮੇਜ਼ਬਾਨ ਦੇ ਘਰ ਅੰਦਰ ਪਰਵੇਸ਼ ਕਰ ਗਿਆ ਤੇ ਨਾਲ ਹੀ ਇਹ ਸੋਚ ਰਿਹਾ ਸੀ ਕਿ ਜੇਕਰ ਮੈ ਆਪਣੇ ਟੈਕਸੀ ਡਰਾਇਵਰ ਦਾ ਕਿਹਾ ਮੰਨਕੇ ਸੱਚਮੁੱਚ ਹੀ ਕਾਰ ਦੀ ਪਿਛਲੀ ਸੀਟ ‘ਤੇ ਬੈਠਾ ਹੁੰਦਾ ਤਾਂ ਉਸ ਨੂੰ ਸ਼ਾਇਦ ਟੋਲ ਨਾਕਿਆਂ ਤੋਂ ਬਿਨਾ ਟੈਕਸ ਅਦਾ ਕੀਤਿਆ ਲੰਘਣ ਚ ਹੋਰ ਵੀ ਅਸਾਨੀ ਹੁੰਦੀ । ਉੰਜ ਕੁੱਜ ਵੀ ਹੈ, ਹੁਣ ਜਦ ਵੀ ਮੈਂ ਉਸ ਡਰਾਇਵਰ ਬਾਰੇ ਸੋਚਦਾ ਹਾਂ ਤਾਂ “ਐਕਸੀਅਨ ਸਾਹਿਬ” ਵਾਲੀ ਫੀਲਿੰਗ ਲੈ ਕੇ ਮੈਨੂੰ ਇਕ ਬੜਾ ਅਜੀਬ ਜਿਹਾ ਅਹਿਸਾਸ ਤੇ ਆਨੰਦ ਆਉਂਦਾ ਹੈ ਤੇ ਇਸ ਦੇ ਨਾਲ ਹੀ ਮੇਰੀ ਵਂਜ੍ਹਾ ਨਾਲ ਇਕ ਮਿਹਨਤਕਸ਼ ਦੇ ਬੱਚਤ ਹੋਏ ਇਕ ਹਜ਼ਾਰ ਰੁਪਏ ‘ਤੇ ਤਸੱਲੀ ਤੇ ਨਾਲ ਟੋਲ ਟੈਕਸ ਮਹਿਕਮੇ ਨਾਲ ਮੇਰੇ ਕਾਰਨ ਹੋਈ ਠੱਗੀ ‘ਤੇ ਸ਼ਰਮਿੰਦਗੀ ਦਾ ਅਹਿਸਾਸ ਵੀ ਹੁੰਦਾ ਹੈ । ਇਸ ਦੇ ਨਾਲ ਹੀ ਡਰਾਇਵਰ ਦੁਆਰੇ ਬੇਬਾਕੀ ਨਾਲ ਕੀਤੀ ਗਈ ਹੇਰਾ ਫੇਰੀ ਬਾਰੇ ਜਦ ਮੈਂ ਸੋਚਦਾ ਹਾਂ ਤਾਂ ਉਸ ਦੁਆਰਾ ਝੂਠ ਬੋਲਣ ਸਮੇਂ ਦਿਖਾਈ ਗਈ ਬੇਬਾਕੀ ਤੇ ਆਤਮ ਵਿਸ਼ਵਾਸ ਦੀ ਦਾਦ ਦੇਣ ਨੂੰ ਵੀ ਮਨ ਕਰਦਾ ਹੈ । ਦਰਅਸਲ ਇਹ ਇਕ ਘਟਨਾ ਜਿੱਥੇ ਮੇਰੇ ਮਨ ਮਸਤਕ ਅੰਦਰਲੀਆਂ ਕਈ ਤਾਰਾਂ ਛੇੜ ਗਈ, ਉੱਥੇ ਇਸ ਦੇ ਨਾਲ ਹੀ ਪੰਜਾਬ ਤੇ ਭਾਰਤ ਅੰਦਰਲੀ ਗਰੀਬ ਆਰਥਿਕਤਾ ਵਾਲੀ ਲੋਕ ਮਾਨਸਿਕਤਾ ਬਾਰੇ ਵੀ ਤੇ ਇਸ ਦੇ ਨਾਲ ਹੀ ਸਰਕਾਰੀਤੰਤਰ ਦੁਆਰਾ ਟੋਲ ਟੈਕਸ ਦੇ ਨਾਮ ਹੇਠ ਲਗਾਏ ਗਏ ਲੁੱਟ ਨਾਕਿਆਂ ਬਾਰੇ ਸੋਚਣ ਵਾਸਤੇ ਵੀ ਮਜਬੂਰ ਕਰ ਗਈ, ਪਰ ਜੋ ਵੀ ਹੈ, ਉਕਤ ਘਟਨਾ ਨੂੰ ਯਾਦ ਕਰਕੇ ਮੇਰੇ ਅੰਦਰ ਪੈਦਾ ਹੋਈ “ਐਕਸੀਅਨ ਸਾਹਿਬ” ਵਾਲੀ ਫੀਲਿੰਗ ਹੁਣ ਵਾਰ ਵਾਰ ਪੈਦਾ ਹੋ ਰਹੀ ਹੈ, ਜਿਸ ਨਾਲ ਮਨ ਚ ਇਕ ਅਨੋਖਾ ਅਹਿਸਾਸ ਪੈਦਾ ਹੋ ਰਿਹਾ ਹੈ ।