Articles Punjab

ਕਿਉਂ ਕੀਤੀਆਂ ਗਈਆਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ?

ਗਿਆਨੀ ਹਰਪ੍ਰੀਤ ਸਿੰਘ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਨਾਲ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ। ਉਨ੍ਹਾਂ ਦੀ ਥਾਂ ’ਤੇ ਤਖ਼ਤ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਜਥੇਦਾਰ ਦੇ ਅਧਿਕਾਰ ਖੇਤਰ ਵਾਲੀਆਂ ਸੇਵਾਵਾਂ ਕਾਰਜਕਾਰੀ ਤੌਰ ’ਤੇ ਨਿਭਾਉਣ ਲਈ ਸੌਂਪ ਦਿੱਤੀਆਂ ਗਈਆਂ ਹਨ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਈ, ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਬਿਆਨ ਜਾਰੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦੀ ਜਾਣਕਾਰੀ ਦਿੱਤੀ ਜਦਕਿ ਪ੍ਰਧਾਨ ਧਾਮੀ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਵਿਰੋਧੀ ਧਿਰ ਨਾਲ ਸਬੰਧਤ ਤਿੰਨ ਮੈਂਬਰਾਂ ਜਸਵੰਤ ਸਿੰਘ ਪੁੜੈਨ, ਅਮਰੀਕ ਸਿੰਘ ਸ਼ਾਹਪੁਰ ਅਤੇ ਪਰਮਜੀਤ ਸਿੰਘ ਰਾਏਪੁਰ ਨੇ ਫ਼ੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਫ਼ੈਸਲੇ ’ਤੇ ਇਤਰਾਜ਼ ਸਬੰਧੀ ਆਪਣਾ ਲਿਖਤੀ ਨੋਟ ਵੀ ਦਰਜ ਕਰਾਇਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਜਥੇਦਾਰ ਨੂੰ ਹਟਾਉਣ ਦਾ ਫ਼ੈਸਲਾ ਬਹੁਮਤ ਦੇ ਆਧਾਰ ’ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤੀ ਸੀ, ਜਿਸ ’ਤੇ ਵਿਚਾਰ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ। ਪ੍ਰਤਾਪ ਸਿੰਘ ਨੇ ਕਿਹਾ ਕਿ ਜਾਂਚ ਰਿਪੋਰਟ ਵਿੱਚ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲੱਗੇ ਦੋਸ਼ ਸਾਬਤ ਹੋਏ ਹਨ ਅਤੇ ਅਤੇ ਤਖ਼ਤ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਕਾਰਨ ਅੰਤ੍ਰਿੰਗ ਕਮੇਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੀਟਿੰਗ ਦੌਰਾਨ ਲਏ ਹੋਰ ਫ਼ੈਸਲਿਆਂ ਬਾਰੇ ਸਕੱਤਰ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕਰਦਿਆਂ ਡਿੱਗਣ ਕਾਰਨ ਅਕਾਲ ਚਲਾਣਾ ਕਰ ਗਏ ਸਤਨਾਮ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨ ਵਿੱਦਿਅਕ ਅਦਾਰੇ ਟਰਸਟ ਵਿਭਾਗ, ਸ਼੍ਰੋਮਣੀ ਕਮੇਟੀ ਨਾਲ ਸਬੰਧਤ ਹੋਰ ਕਾਰਜਾਂ ਦੇ ਮਾਮਲੇ ਵਿਚਾਰੇ ਗਏ ਅਤੇ ਉਨ੍ਹਾਂ ਦਾ ਸਰਲੀਕਰਨ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਆਖਿਰਕਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਦੋਸ਼ਾਂ ਨੂੰ ਸਹੀ ਮੰਨਦਿਆ ਡੇਢ ਘੰਟੇ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ’ਤੇ ਚੱਲੀ ਬਹਿਸ ਮਗਰੋਂ ਫੈਸਲਾ ਲੈਂਦਿਆਂ ਸੇਵਾਵਾਂ ਖਤਮ ਕਰ ਕੇ ਨੌਕਰੀ ਤੋਂ ਫਾਰਗ ਕਰਨ ਦਾ ਜੋ ਫ਼ੈਸਲਾ ਕੀਤਾ ਹੈ, ਗਿਆਨੀ ਹਰਪ੍ਰੀਤ ਸਿੰਘ ਨੂੰ ਇਸੇ ਫ਼ੈਸਲੇ ਦੀ ਉਮੀਦ ਅਤੇ ਉਡੀਕ ਸੀ। 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂਆਂ ਪ੍ਰਤੀ ਲਏ ਗਏ ਸਖਤ ਫ਼ੈਸਲਿਆਂ ਨੂੰ ਲਾਗੂ ਕਰਵਾਉਂਣ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਅੜੀ ਰੱਖੀ ਸੀ। ਗਿਆਨੀ ਹਰਪ੍ਰੀਤ ਸਿੰਘ ਵੱਲੋਂ 2 ਦਸੰਬਰ ਤੋਂ ਬਾਅਦ ਵੱਖ-ਵੱਖ ਬਿਆਨ ਅਤੇ ਗਤੀਵਿਧੀਆਂ ਵੀ ਉਪਰੋਕਤ ਫ਼ੈਸਲੇ ਵਿਚ ਅਹਿਮ ਰਹੀਆਂ। ਇਸੇ ਦਰਮਿਆਨ ਕਈ ਵਾਰ ਅਕਾਲੀ ਆਗੂਆਂ ਸਮੇਤ ਤਿੰਨ ਮੈਂਬਰੀ ਕਮੇਟੀ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਤਲਖੀ ਭਰੇ ਲਹਿਜ਼ੇ ਵਿਚ ਹੀ ਸੰਬੋਧਨ ਕੀਤਾ ਸੀ।

ਪਿਛਲੇ ਦਿਨੀਂ ਦਿੱਤੇ ਬਿਆਨਾਂ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫ਼ੈਸਲੇ ਦੀ ਉਡੀਕ ਹੈ ਜਿਸ ਵਿਚ ਉਨ੍ਹਾਂ ਉਪਰ ਦੋਸ਼ ਲਗਾ ਕੇ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਸੀ ਕਿ ਜਿਹੜਾ ਫੈਸਲਾ ਹੋਣਾ ਹੈ, ਉਹ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਾ ਹੈ। ਜਾਂਚ ਦੇ ਨਾਂ ’ਤੇ ਸਮਾਂ ਖਰਾਬ ਕੀਤਾ ਜਾ ਰਿਹਾ ਹੈ, ਫੈਸਲਾ ਲਿਖਿਆ ਜਾ ਚੁੱਕਾ ਹੈ, ਉਸ ਉਪਰ ਮੋਹਰ ਲੱਗਣੀ ਬਾਕੀ ਹੈ। ਉਨ੍ਹਾਂ ਕਿਹਾ ਸੀ ਕਿ ਜਲਦ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰੋ ਤਾਂ ਜੋ ਉਹ ਪੰਥ ਨਾਲ ਮਿਲ ਕੇ ਉਨ੍ਹਾਂ ਪ੍ਰਤੀ ਸਾਜ਼ਿਸ਼ ਕਰਨ ਵਾਲਿਆਂ ਖਿਲਾਫ ਜਵਾਬ ਦੇ ਸਕਣ ਅਤੇ ਸਿੱਖੀ ਦਾ ਪ੍ਰਚਾਰ ਪਸਾਰ ਕਰ ਸਕਣ। ਹੁਣ ਗਿਆਨੀ ਹਰਪ੍ਰੀਤ ਸਿੰਘ ਹਰ ਤਰ੍ਹਾਂ ਦਾ ਫ਼ੈਸਲਾ ਲੈਣ ਲਈ ਆਜ਼ਾਦ ਹੋ ਚੁੱਕੇ ਹਨ। ਜਲਦ ਹੀ ਗਿਆਨੀ ਹਰਪ੍ਰੀਤ ਸਿੰਘ ਆਪਣੀ ਰਣਨਿਤੀ ਦਾ ਐਲਾਨ ਕਰ ਸਕਦੇ ਹਨ।

16 ਦਸੰਬਰ 2024 ਨੂੰ ਮੁਕਤਸਰ ਨਿਵਾਸੀ ਗੁਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿਚ ਗੁਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਸ ਦਾ ਵਿਆਹ ਜਥੇਦਾਰ ਦੀ ਸਾਲੀ ਨਾਲ ਹੋਇਆ ਸੀ। ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਦੀ ਵਿਆਹੁਤਾ ਜ਼ਿੰਦਗੀ ਵਿਚ ਦਖਲ ਦਿੱਤਾ ਅਤੇ ਉਸ ਦੀ ਪਤਨੀ ਨੂੰ ਵਰਗਲਾਇਆ ਜਿਸ ਦੇ ਨਤੀਜੇ ਵੱਜੋਂ ਉਸ ਦਾ ਪਤਨੀ ਨਾਲ ਤਲਾਕ ਹੋ ਗਿਆ। ਉਸ ਦੀਆਂ ਧੀਆਂ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਕੋਲ ਰੱਖਿਆ। ਇਸ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੇ ਦੋਸ਼ ਲਗਾਏ ਗਏ ਸਨ।

ਅਪ੍ਰੈਲ 2017 ਵਿਚ ਗਿਆਨੀ ਗੁਰਮੁੱਖ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਹਟਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਗਾਇਆ ਸੀ ਜਿਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਅਸਤੀਫਾ ਦੇਣ ’ਤੇ ਅਕਤੂਬਰ 2018 ਵਿਚ ਗਿਆਨੀ ਗਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ। 16 ਜੂਨ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਚਾਰਜ ਵਾਪਸ ਲੈ ਕੇ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ।

Related posts

ਆਯੁਰਵੇਦ ਦਾ ਗਿਆਨ: ਚੱਕਰ ਸੰਤੁਲਨ ਪ੍ਰਾਣਾਯਾਮ !

admin

ਅਧਿਆਪਕ ਦਿਵਸ ‘ਤੇ ਵਿਸ਼ੇਸ਼: ਸਮਾਜ ਨੂੰ ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਨਾਲ ਬਦਲਣਾ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin