
ਕਦੇ ਸੁਣੀਂਦਾ ਸੀ ਕਿ “ਚਿੱਟਾ ਹੋ ਗਿਆ ਲਹੂ” ਪਰ ਹੁਣ ਹਲਾਤ ਵੇਖ ਕੇ ਕਈ ਵਾਰ ਲੱਗਦਾ ਹੈ ਕਿ ਲਹੂ ਚਿੱਟਾ ਨਹੀਂ ਬਲਕਿ ਜ਼ਹਿਰੀਲਾ ਹੋ ਚੁੱਕਾ ਹੈ। ਸ਼ਾਇਦ ਇਸੇ ਕਰਕੇ ਲਹੂ ਦੇ ਰਿਸ਼ਤੇ ਤਿੜਕ ਹੀ ਨਹੀਂ ਰਹੇ ਬਲਕਿ ਜ਼ਹਿਰੀਲੇ ਹੇ ਚੁੱਕੇ ਹਨ। ਮੈਂ ਕਈ ਵਾਰ ਬਹੁਤ ਹੈਰਾਨ ਹੁੰਦੀ ਹਾਂ ਜਦੋਂ ਮੇਰੇ ਬਜ਼ੁਰਗ ਪਾਠਕਾਂ ਵਿਚੋਂ ਕਈਆਂ ਦੀ ਕਹਾਣੀ ਸੁਣਨ ਨੂੰ ਮਿਲਦੀ ਹੈ ਕਿ ਉਹਨਾਂ ਦੇ ਬੱਚਿਆਂ ਦੁਆਰਾ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ। ਫਿਰ ਅਜਿਹੀਆਂ ਕਹਾਣੀਆਂ ਹੀ ਅਜਿਹੇ ਵਿਸ਼ੇ ਲਿਖਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਅੱਜ ਦੇਖਿਆ ਜਾਵੇ ਤਾਂ ਬਹੁਤਾਂਤ ਲੋਕਾਂ ਦਾ ਪਿਆਰ ਸ਼ੋਸਲ ਮੀਡੀਆ ਉੱਪਰ ਦਿਖਾਵਾ ਕਰਨ ਤੱਕ ਸੀਮਤ ਰਹਿ ਚੁੱਕਾ ਹੈ। ਮਾਂ – ਪੁੱਤ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਪਵਿੱਤਰ ਅਤੇ ਭਾਵਨਾਤਮਕ ਰਿਸ਼ਤਾ ਮੰਨਿਆ ਜਾਂਦਾ ਹੈ। ਮਾਂ ਸ਼ਬਦ ਦੀ ਵਿਆਖਿਆ ਕਰਦਿਆਂ ਵਿਦਵਾਨ ਤੋਂ ਵਿਦਵਾਨ ਕਲਮਾਂ ਵੀ ਸੰਤੁਸ਼ਟ ਨਹੀਂ ਹੋ ਸਕੀਆਂ। ਉਨ੍ਹਾਂ ਨੂੰ ਵੀ ਲੱਗਦਾ ਰਿਹਾ ਹੈ ਕਿ ਮਾਂ ਦੀ ਸਿਫਤ ਪੂਰੀ ਨਹੀਂ ਹੋ ਸਕੀ। ਮਾਂ ਦੇ ਕਰਜ਼ੇ ਦਾ ਮੁੱਲ ਸ਼ਾਇਦ ਪਰਮਾਤਮਾ ਵੀ ਮੋੜਨ ਦੇ ਸਮਰੱਥ ਨਹੀਂ। ਇਸੇ ਕਾਰਨ ਮਾਂ ਸ਼ਬਦ ਨਾਲ ਹੀ ਪਰਮਾਤਮਾ ਦੀ ਸੰਪੂਰਨਤਾ ਹੁੰਦੀ ਹੈ। ਜਦੋਂ ਮਾਂ ਆਪਣੀ ਕੁੱਖ ਤੋਂ ਜੰਮੇ ਪੁੱਤਰਾਂ ਹੱਥੋਂ ਵਹਿਸ਼ੀਆਣਾ ਢੰਗ ਨਾਲ ਕਤਲ ਹੋਵੇ, ਨਸ਼ਿਆ ਖਾਤਰ ਮਾਂ ਪਿਓ ਦੀ ਕੁੱਟ ਮਾਰ ਕਰਨੀ, ਵਰਗੀਆਂ ਘਟਨਾਵਾਂ ਸਾਹਮਣੇ ਆਉਣ ਤਾਂ ਲਹੂ ਦੇ ਚਿੱਟੇ ਹੋਣ ਦੇ ਅਰਥ ਵੀ ਬੌਣੇ ਹੋ ਜਾਂਦੇ ਹਨ। ਫਿਰ ਲਹੂ ਨੂੰ ਸਿਰਫ਼ ਜ਼ਹਿਰੀਲਾ ਹੀ ਮੰਨਿਆ ਜਾ ਸਕਦਾ ਹੈ। ਇਹ ਘਟਨਾਵਾਂ ਆਮ ਹੀ ਹਨ, ਖਾਸ ਕਰ ਪਿੰਡਾਂ ਦੇ ਘਰਾਂ ਵਿੱਚ ਪਰ ਅਫਸੋਸ ਇਹ ਖਬਰਾਂ ਨਾ ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਅਤੇ ਨਾ ਹੀ ਮੀਡੀਆ ਦੁਆਰਾ ਉਛਾਲੀਂਆ ਜਾਂਦੀਆਂ ਹਨ, ਪਤਾ ਨਹੀਂ ਕਿੰਨੇ ਕੁ ਮਾਪੇ ਆਪਣੇ ਬੱਚਿਆਂ ਹੱਥੋਂ ਜ਼ਲੀਲ ਹੋ ਮਾਨਸਿਕ ਰੋਗੀ ਬਣ ਗਏ ਹਨ। ਜਦੋਂ ਔਲਾਦ, ਆਪਣੇ ਮਾਂ ਬਾਪ ਦਾ ਕਤਲ ਕਰਨ ਲੱਗ ਜਾਵੇ, ਬੁਢਾਪੇ ਦੀ ਡੰਗੋਰੀ ਬਣਨ ਦੀ ਥਾਂ ਬਿਰਧ ਆਸ਼ਰਮ ਵਿੱਚ ਛੱਡ ਆਉਣ , ਮਾਂ ਬਾਪ ਦੀ ਸੰਘੀ ਘੁੱਟ ਕੇ ਆਪਣੀ ਐਸ਼ੋ ਇਸ਼ਰਤ ਪੂਰੀ ਕਰਨ ਤੇ ਉਤਾਰੂ ਹੋ ਜਾਵੇ, ਉਦੋਂ ਬਾਕੀ ਹੋਰ ਰਿਸ਼ਤਿਆਂ ਦੀ ਅਹਿਮੀਅਤ ਤਾਂ ਬਹੁਤ ਪਿੱਛੇ ਰਹਿ ਜਾਂਦੀ ਹੈ। ਅਖੀਰ ਗੁਰੂਆਂ ਦੀ ਇਸ ਧਰਤੀ ਤੇ ਦੁੱਧ ਤੇ ਪੁੱਤ ਫਿੱਟਣ ਕਿਉਂ ਲੱਗ ਪਏ ਹਨ। ਇਹ ਬਹੁਤ ਵੱਡੇ ਤੇ ਗੰਭੀਰ ਸਵਾਲ ਹਨ ਅਤੇ ਸਮਾਜਿਕ ਤਾਣਾ ਬਾਣਾ ਆਖਰ ਕਿਉਂ ਖਿਲਰ ਗਿਆ? ਇਹਨਾਂ ਸਾਰਿਆਂ ਦਾ ਇਕੋ ਇੱਕ ਜਵਾਬ ਹੈ ਕਿ ਅਸੀਂ ਆਪਣੇ ਮੂਲ ਨਾਲੋਂ ਟੁੱਟ ਗਏ ਹਾਂ। ਮੂਲ ਨਾਲੋਂ ਟੁੱਟੇ ਪੱਤੇ ਦੀ ਜਿਵੇਂ ਕੋਈ ਦਿਸ਼ਾ ਨਹੀਂ ਹੁੰਦੀ, ਉਸੇ ਤਰ੍ਹਾਂ ਦਿਸ਼ਾਹੀਣ ਹੋਣ ਕਾਰਣ ਸਾਡੀ ਦਸ਼ਾ ਵੀ ਵਿਗੜ ਗਈ ਹੈ । ਮੋਹ ਮਮਤਾ ਦੀਆਂ ਤੰਦਾਂ ਤੇ ਸੁਆਰਥ ਅਤੇ ਪਦਾਰਥ ਦੀ ਅੰਨੀ ਭੁੱਖ ਭਾਰੂ ਹੋ ਗਈ ਹੈ। ਤੇਜ਼ੀ ਨਾਲ ਬਦਲੇ ਜ਼ਮਾਨੇ ਅਨੁਸਾਰ ਸਾਡੀ ਸੋਚ ਤਾਂ ਨਹੀਂ ਬਦਲ ਸਕੀ, ਪਰ ਅਸੀਂ ਵਿਖਾਵੇ ਦਾ ਭਰਮ ਭੁਲੇਖਾ ਜਰੂਰ ਪਾਲ ਬੈਠੇ ਹਾਂ। ਤਿੜਕੇ ਰਿਸ਼ਤਿਆਂ ਦੀ ਦਾਸਤਾਨ ਨੂੰ ਅਸੀਂ ਸੰਭਾਲਣ ਦੇ ਯਤਨ ਹੀ ਨਹੀਂ ਕੀਤੇ, ਜਿਸ ਕਾਰਣ ਤਿੜਕੇ ਰਿਸ਼ਤੇ ਹੁਣ ਕਾਤਲ ਰਿਸ਼ਤਿਆਂ ਵਿੱਚ ਬਦਲਣ ਲੱਗ ਪਏ ਹਨ। ਨਸ਼ਾ, ਵਿਹਲੜਪੁਣਾ, ਐਸ਼ੋ ਆਰਾਮ ਦੀ ਚਾਹਤ ਨੇ ਮਨੁੱਖ ਨੂੰ ਹੈਵਾਨ ਵਿੱਚ ਬਦਲ ਦਿੱਤਾ ਹੈਂ ਕਿੱਥੇ ਗੁਰਬਾਣੀ ਨੇ ਸਾਨੂੰ ਮਨੁੱਖ ਤੋਂ ਪਰਮ ਮਨੁੱਖ ਬਣਾਉਣਾ ਹੁੰਦਾ ਹੈ, ਕਿੱਥੇ ਅਸੀਂ ਆਪਣੇ ਇਸ ਮੂਲ ਤੋਂ ਟੁੱਟ ਕੇ ਮਨੁੱਖ ਦੀ ਥਾਂ ਹੈਵਾਨ ਬਣਨ ਵੱਲ ਵਧ ਰਹੇ ਹਾਂ।