Articles

ਕਿਰਤੀ ਕਿਸਾਨ ਅੰਦੋਲਨ – ਅਵਾਜ ਏ ਖਲਕ, ਨਗਾਰਾ ਏ ਖੁਦਾ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ, ਬਿਜਲੀ ਤੇ ਪਰਾਲ਼ੀ ਸਾੜਨ ਸੰਬੰਧੀ ਪਾਸ ਕੀਤੇ ਗਏ ਦੋ ਹੋਰ ਲੋਕ ਮਾਰੂ ਬਿੱਲਾਂ ਸਮੇਤ ਕੁੱਲ ਪੰਜ ਬਿੱਲਾਂ ਦੇ ਵਿਰੋਧ ਚ ਪਿਛਲੇ ਦੋ ਮਹੀਨਿਆਂ ਦੇ ਵੱਧ ਸਮੇਂ ਤੋਂ ਚੱਲ ਰਿਹਾ ਕਿਸਾਨ/ ਮਜ਼ਦੂਰ ਸੰਘਰਸ਼, ਰੇਲ/ ਰਸਤਾ ਰੋਕੋ, ਡੀ ਸੀ ਦਫ਼ਤਰਾਂ ਤੇ ਭਾਜਪਾ ਨੇਤਾਵਾਂ ਦਾ ਘਿਰਾਓ ਕਰਨ ਤੋਂ ਬਾਅਦ ਹੁਣ ਦਿੱਲੀ ਕੂਚ ਕਰਨ ਦੇ ਤੀਜੇ ਤੇ ਫੈਸਲਾਕੁਨ ਫੇਜ ਵਿੱਚ ਜਾ ਪਹੁੰਚਾ ਹੈ । ਪੰਜਾਬ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਹਰਿਆਣੇ ਚ ਫੈਲਣ ਤੋਂ ਬਾਅਦ ਹੁਣ ਪੂਰੇ ਭਾਰਤ ਵਿੱਚ ਫੈਲਦਾ ਨਜ਼ਰ ਆ ਰਿਹਾ ਹੈ । ਜਿਸ ਸੰਘਰਸ਼ ਦੀ ਰਾਹਨੁਮਾਈ ਪਹਿਲਾ ਸਿਰਫ 30 ਕਿਰਤੀ ਕਿਸਾਨ ਜਥੇਬੰਦੀਆ ਕਰ ਰਹੀਆ ਸਨ, ਉਸ ਸੰਘਰਸ਼ ਦੀ ਅਗਵਾਈ ਹੁਣ ਪੂਰੇ ਭਾਰਤ ਚੋਂ ਸਵਾ ਕੁ ਪੰਜ ਸੌ ਜਥੇਬੰਦੀ ਕਰ ਰਹੀ ਹੈ ।
ਆਰ ਪਾਰ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ । ਭਾਰਤ ਸਰਕਾਰ ਪਿਛਲੇ ਦੋ ਮਹੀਨਿਆਂ ਚ ਚੱਲ ਰਹੇ ਸੰਘਰਸ਼ ਨੂੰ ਅਣਗੌਲਿਆ ਕਰਕੇ ਟਸ ਤੋਂ ਮਸ ਨਹੀਂ । ਤਿੰਨ ਬੇਸਿੱਟਾ ਮੀਟਿੰਗਾਂ ਕਰਕੇ ਸਰਕਾਰ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਹੀ ਨਹੀਂ ਕੀਤਾ ਬਲਕਿ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਕਿਰਤੀਆਂ ਕਿਸਾਨਾਂ ਵਿਚਕਾਰ ਰੋਹ ਹੋਰ ਵੱਧ ਗਿਆ ।
ਲੋਕ-ਤੰਤਰ ਵਿੱਚ ਸਰਕਾਰ ਲੋਕਾਂ ਦੀ , ਲੋਕਾਂ ਵਾਸਤੇ ਤੇ ਲੋਕਾਂ ਰਾਹੀਂ ਚੁਣੀ ਜਾਂਦੀ ਹੈ ਤੇ ਇਸ ਤਰਾਂ ਚੁਣੀ ਹੋਈ ਸਰਕਾਰ ਦਾ ਪਹਿਲਾ ਫਰਜ ਆਪਣੇ ਸ਼ਹਿਰੀਆ ਦੇ ਹੱਕਾਂ ਹਿਤਾਂ ਦੀ ਰਾਖੀ ਕਰਨਾ ਹੁੰਦਾ ਹੈ, ਪਰ ਇੱਥੇ ਤਾਂ ਭਾਣਾ ਹੀ ਉਲਟ ਵਰਤ ਰਿਹਾ ਹੈ । ਵਾੜ ਖੇਤ ਨੂੰ ਖਾ ਰਹੀ ਹੈ, ਛੋਲਿਆਂ ਦੇ ਬੋਹਲ਼ ਦੀ ਰਾਖੀ ਬੱਕਰਾ ਤੇ ਦੁੱਧ ਦੀ ਰਾਖੀ ਬਿੱਲਾ ਬੈਠਾ ਨਜਰ ਆ ਰਿਹਾ ਹੈ । ਆਪਣੇ ਆਪ ਨੂੰ ਲੋਕ-ਤੰਤਰ ਕਹਾਉਣ ਵਾਲੇ ਮੁਲਕ ਦੀ ਸਰਕਾਰ ਤਾਨਾਸ਼ਾਹ ਬਣੀ ਹੋਈ ਹੈ । ਮੁਲਕ ਦੇ ਅੰਨਦਾਤੇ ਕਿਸਾਨ ਭਰ ਸਰਦੀ ਚ ਸੜਕਾਂ ‘ਤੇ ਹਨ । ਸਥਿਤੀ ਇਹ ਬਣੀ ਹੋਈ ਹੈ ਕਿ ਸ਼ਾਹ ਮੁਹੰਮਦ ਦੇ ਕਹਿਣ ਵਾਕੁਰ “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਹੀ ਪਾਸੀਂ ਵੱਡੀਆਂ ਭਾਰੀਆਂ ਨੇ ।” ਕਿਰਤੀਆ ਤੇ ਕਿਸਾਨਾਂ ਚ ਲੋਹੜੇ ਦਾ ਰੋਹ, ਰੋਸ ਤੇ ਜੋਸ ਪਾਇਆ ਜਾ ਰਿਹਾ ਹੈ, ਉੱਤੋਂ ਨੌਜਵਾਨਾਂ, ਗਾਇਕਾਂ ਤੇ ਹੋਰ ਹਰ ਵਰਗ ਦਾ ਸਾਥ ਇਸ ਸੰਘਰਸ਼ ਨੂੰ ਦਿਨੋ ਦਿਨ ਪਰਚੰਡ ਕਰ ਰਿਹਾ ਹੈ ਤੇ ਹਾਲਾਤ ਕੁੰਡੀਆ ਦੇ ਸਿੰਗ ਫਸ ਗਏ, ਕੋਈ ਨਿਤਰੂ ਵੜੇਵੇਂ ਖਾਣੀ, ਵਾਲੇ ਬਣ ਚੁਕੇ ਹਨ ।
ਬੇਸ਼ੱਕ ਪਹਿਲਾਂ ਪਹਿਲ ਇਹ ਨਿਰਾ-ਪੁਰਾ ਪੰਜਾਬ ਦੇ ਕਿਸਾਨਾਂ ਦਾ ਹੀ ਅੰਦੋਲਨ ਲਗਦਾ ਸੀ ਪਰ ਇਸ ਵੇਲੇ ਇਹ ਅੰਦੋਲਨ ਹਰ ਵਰਗ ਦਾ ਬਣ ਗਿਆ ਹੈ । ਇਸ ਵਿੱਚ ਕਿਰਤੀ, ਕਾਮੇ, ਆੜਤੀਏ, ਮੁਲਾਜ਼ਮ ਤੇ ਕਰਮਚਾਰੀ ਹਰ ਵਰਗ ਦੀ ਸ਼ਮੂਲੀਅਤ ਹੋ ਚੁੱਕੀ ਹੈ ।
ਕਿਸਾਨ ਆਗੂਆਂ ਨੇ ਇਸ ਅੰਦੋਲਨ ਨੂੰ ਹੁਣ ਤੱਕ ਬਹੁਤ ਹੀ ਸੁਲ਼ਝੀ ਹੋਈ ਕੂਟਨੀਤੀ ਨਾਲ ਤੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਚਲਾਇਆ ਹੈ ਤੇ ਜੇਕਰ ਅੱਗੇ ਵੀ ਇਹ ਕੂਟਨੀਤੀ ਜਾਰੀ ਰਹੇਗੀ ਤਾਂ ਇਹ ਪੱਕਾ ਹੈ ਕਿ ਸੰਘਰਸ਼ ਸਫਲ ਹੋ ਕੇ ਰਹੇਗਾ ਕਿਉਕਿ ਜੋਸ਼ ਦੇ ਨਾਲ ਹੋਸ਼ ਤੇ ਹੁਸ਼ਿਆਰੀ ਵਰਤਕੇ ਜਿੱਤ ਯਕੀਨੀ ਤੌਰ ਪ੍ਰਾਪਤ ਕੀਤੀ ਜਾ ਸਕਦੀ ਹੈ । ਕੱਲ ਦੇ ਤੁਰੇ ਹੋਏ ਕਿਸਾਨ ਅੱਜ ਦਿੱਲੀ ਦੇ ਨੇੜੇ ਜ਼ਰੂਰ ਪਹੁੰਚ ਗਏ ਹਨ ਪਰ ਦਿੱਲੀ ਪਹੁੰਚਣ ਵਾਸਤੇ ਅਜੇ ਕਾਫ਼ੀ ਜੱਦੋ-ਜਹਿਦ ਕਰਨਾ ਪਵੇਗਾ ਤੇ ਅੱਗੇ ਦਿੱਲੀ ਵਿੱਚ ਵੀ ਸਰਕਾਰੀ ਪਾਬੰਦੀਆਂ ਨੂੰ ਪਾਰ ਕਰਨਾ ਬੜਾ ਮੁਸ਼ਕਲ ਤਾਂ ਜ਼ਰੂਰ ਹੋਏਗਾ, ਪਰ ਬੁਲੰਦ ਹੌਸਲੇ ਅੱਗੇ ਮੁਸ਼ਕਲਾਂ ਦੇ ਪਹਾੜ ਆਪਣੇ ਆਪ ਢਹਿ ਢੇਰੀ ਹੁੰਦੇ ਜਾਣਗੇ, ਵਗਦੇ ਦਰਿਆਵਾਂ ਨੂੰ ਕਦੇ ਵੀ ਨੱਕੇ ਨਹੀ ਲਗਾਏ ਜਾ ਸਕਦੇ ।
ਜਿੰਨਾ ਜਜ਼ਬਾ ਤੇ ਜਨੂੰਨ ਇਸ ਵਾਰ ਹੈ, ਜੇਕਰ ਗਲਤ ਅਨਸਰਾਂ ਤੇ ਸਿਆਸੀ ਰੋਟੀਆਂ ਸੇਕੂ ਟੋਲੇ ਤੋਂ ਬਚਿਆ ਜਾਂ ਬਚਾਇਆ ਜਾਂਦਾ ਰਿਹਾ ਤਾਂ ਇਹ ਸੰਘਰਸ਼ ਜਿੱਥੇ ਆਪਣੇ ਆਪ ਵਿੱਚ ਇਤਿਹਾਸਕ ਹੋਵੇਗਾ ਉੱਥੇ ਇਸ ਦੇ ਨਾਲ ਹੀ ਸਫਲ ਵੀ ਹੋਵੇਗਾ, ਅਜਿਹਾ ਮੇਰਾ ਵਿਸ਼ਵਾਸ ਹੈ ।
ਭਾਰਤ ਸਰਕਾਰ ਦੇ ਇਸ ਸੰਘਰਸ਼ ਪ੍ਰਤੀ ਨਾਹਵਾਚਕ ਰਵੱਈਏ ਨੂੰ ਜਿੱਨੀਆ ਲਾਹਨਤਾਂ ਪਾਈਆਂ ਜਾਣ, ਥੋੜ੍ਹੀਆਂ ਹਨ । ਭਾਰਤ ਦੀ ਹਾਲਤ ਇਸ ਵੇਲੇ ਬਾਂਦਰ ਹੱਥ ਡਾਇਨਾਮਾਈਟ ਦੇ ਰਿਮੋਟ ਕੰਟਰੋਲ ਵਾਲੀ ਬਣ ਚੁੱਕੀ ਹੈ ਕਿਉਂਕਿ ਭਾਰਤ ਦਾ ਪ੍ਰਧਾਨ ਮੰਤਰੀ ਜਿਸ ਦਿਸ਼ਾ ਵੱਲ ਚੱਲ ਰਿਹਾ ਉਸ ਦਿਸ਼ਾ ਦਾ ਅਗੇ ਕੋਈ ਰਸਤਾ ਨਹੀ ਤੇ ਉਹ ਦਿਸ਼ਾ ਇਕ ਅੰਨੀ ਗਲੀ ਚ ਜਾ ਕੇ ਖਤਮ ਗੁੰਦੀ ਹੈ । ਨਰਿੰਦਰ ਮੋਦੀ ਇਸ ਵਕਤ, “ਰੋਮ ਜਲ ਰਿਹਾ ਸੀ ਤੇ ਨੀਰੂ ਬੰਸਰੀ ਵਜਾ ਰਿਹਾ ਸੀ” ਵਾਲੀ ਨੀਤੀ ‘ਤੇ ਚਲ ਰਿਹਾ ਹੈ ਜਿਸ ਦਾ ਸਿੱਧਾ ਅਰਥ ਇਹ ਹੈ ਕਿ ਅਜਿਹਾ ਕਰਕੇ ਉਹ ਆਪ ਵੀ ਮਰੇਗਾ ਤੇ ਮੁਲਕ ਨੂੰ ਵੀ ਡੋਬੇਗਾ ।
ਇਸ ਸੰਘਰਸ਼ ਦੀਆਂ ਚਾਰ ਪੰਜ ਮੁੱਖ ਗੱਲਾਂ ਖ਼ਾਸ ਤੌਰ ‘ਤੇ ਨੋਟ ਕਰਨ ਵਾਲ਼ੀਆਂ ਹਨ ਪਹਿਲੀ ਇਹ ਕਿ ਕਿਰਤੀ ਤੇ ਕਿਸਾਨ ਦਾ ਏਡਾ ਮਜ਼ਬੂਤ ਏਕਾ ਪਹਿਲਾਂ ਕਦੇ ਨਹੀਂ ਹੋਇਆ ਤੇ ਦੂਜੀ ਇਹ ਕਿ ਸੰਘਰਸ਼ ਵਿਚ ਇਸ ਵਾਰ ਕਿਰਤੀ ਤੇ ਕਿਸਾਨ ਦੇ ਨਾਲ ਬੀਬੀਆਂ ਸਮੇਤ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਬਰਾਬਰ ਸ਼ਾਮਿਲ ਹਨ । ਤੀਜਾ ਪਹਿਲੂ ਇਹ ਵੀ ਨਜ਼ਰ ਆ ਰਿਹਾ ਹੈ ਕਿ ਆਪਣੇ ਆਪ ਨੂੰ ਲੋਕ-ਤੰਤਰ ਕਹਾਉਣ ਵਾਲੇ ਦੇਸ਼ ਵਿੱਚ ਲੋਕ-ਤੰਤਰ ਦੇ ਨਾਮ ‘ਤੇ ਕੀਤੇ ਜਾ ਰਹੇ ਲੱਠ ਤੰਤਰ ਦਾ ਚੇਹਰਾ ਨੰਗਾ ਹੋ ਗਿਆ ਹੈ । ਚੌਥੀ ਗੱਲ ਇਹ ਕਿ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਭਾਰਤ ਚ ਇਸ ਵੇਲੇ ਮੂਰਖ ਲੋਕਾਂ ਦੀ ਸਰਕਾਰ ਹੈ ।
ਪੰਜਵਾਂ ਨੁਕਤਾ ਇਹ ਹੈ ਕਿ ਇਸ ਸੰਘਰਸ਼ ਨੇ ਜਿਥੇ ਇਹ ਦੱਸ ਦਿੱਤਾ ਹੈ ਕਿ ਲੋਕਾਂ ਦੇ ਏਕੇ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਜਿਸ ਦੇ ਸੈਲਾਬ ਦੇ ਅੱਗੇ ਕਦੇ ਵੀ ਬੰਨ੍ਹ ਨਹੀ ਮਾਰੇ ਜਾ ਸਕਦੇ ਉਥੇ ਭਾਰਤ ਸਰਕਾਰ ਦਾ ਢੀਠ ਪ੍ਰਧਾਨਮੰਤਰੀ ਪੂਰੇ ਵਿਸ਼ਵ ਵਿਚ ਦੁਨੀਆ ਦਾ ਇਕੋ ਇਕ ਮਹਾਮੂਰਖ ਪ੍ਰਧਾਨਮੰਤਰੀ ਵੀ ਸਾਬਤ ਹੋ ਗਿਆ ਹੈ ।
ਜੋ ਨਜਾਰਾ ਸੜਕਾਂ ‘ਤੇ ਪਿਛਲੇ ਦੋ ਦਿਨਾਂ ਤੋ ਦੇਖਣ ਨੂੰ ਮਿਲ ਰਿਹਾ ਹੈ ਉਸ ਮੁਤਾਬਿਕ ਇਸ ਵੇਲੇ ਭਾਰਤ ਸਰਕਾਰ ਨੂੰ ਕਿਰਤੀ ਕਿਸਾਨਾ ਦੇ ਸੰਘਰਸ਼ ਅੱਗੇ ਝੁਕਣ ਤੋ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀ ਰਹਿ ਗਿਆ । ਅਗਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀ ਲੈਂਦੀ ਤਾਂ ਮੁਲਕ ਦੇ ਹਾਲਾਤ ਘਰੈਲੂ ਜੰਗ ਵਾਲੇ ਹੋ ਜਾਣਗੇ ਜਿਹਨਾ ਨੂੰ ਕਾਬੂ ਕਰ ਸਕਣਾ ਫਿਰ ਮੋਦੀ ਵਰਗੇ ਮੂਰਖ ਪਰਧਾਨ ਮੰੜਰੀ ਤੇ ਉਸ ਦੀ ਸਰਕਾਰ ਦੇ ਵਸ ਦੀ ਗੱਲ ਨਹੀ ਹੋਵੇਗੀ ।
ਹਰਿਆਣਾ ਤੇ ਦਿਲੀ ਰਾਜਾਂ ਦੀਆ ਸਰਕਾਰਾ ਦੁਆਰਾ ਨੈਸ਼ਨਲ ਹਾਈ ਵੇ ਰੋਕਣਾ ਸਿੇਧੇ ਤੌਰ ‘ਤੇ ਗੈਰ ਕਾਨੂੰਨੀ ਹੈ ਕਿਉਕਿ ਨੈਸ਼ਨਲ ਹਾਈਵੇ ਰਾਜ ਸਰਕਾਰਾ ਦੀ ਪਰਾਪਰਟੀ ਨਹੀ ਹੁੰਗੀ ਤੇ ਉਹਨਾ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ, ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ ਤੇ ਕੇਂਦਰ ਸਰਕਾਰ, ਆਪਣੇ ਸ਼ਹਿਰੀਆ ਨੂੰ ਨੈਸ਼ਨਲ ਹਾਈਵੇ ‘ਤੇ ਚੱਲਣ ਤੋ ਰੋਕਣ ਦਾ ਕੋਈ ਆਦੇਸ਼ ਦੇ ਹੀ ਨਹੀ ਸਕਦੀ ਕਿਉਕਿ ਇਸ ਉਤੇ ਪੈਸਾ ਮੰਤਰੀਆ ਦੀ ਜੇਬ ਵਿਚੋ ਨਹੀ ਬਲਕਿ ਦੇਸ਼ ਦੇ ਲੋਕਾਂ ਦੁਆਰਾ ਦਿੱਤੇ ਜਾਂਦੇ ਟੈਕਸਾਂ ਦਾ ਲੱਗਾ ਹੋਇਆ ਹੈ । ਸੋ ਰਾਜ ਸਰਕਾਰਾ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ।
ਮੁਕਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਪਿਛਲੇ ਮਹੀਨਿਆ ਚ ਪਾਸ ਕੀਤੇ ਪੰਜ ਗੇ ਪੰਜ ਕਾਨੂਨ ਰੱਦ ਕਰੇ ਤੇ ਅਗੋ ਤੋ ਕੋਈ ਵੀ ਕਾਨੂਨ ਪਾਸ ਕਰਨ ਤੋ ਪਹਿਲਾ ਰਾਇਸ਼ੁਮਾਰੀ ਕਰਵਾਏ, ਲੋਕ ਜਾਗ ਚੁੱਕੇ ਹਨ, ਉਹਨਾ ਨੂੰ ਹੋਰ ਬੁੱਧੂ ਨਹੀ ਬਣਾਇਆ ਜਾ ਸਕਦਾ, ਇਸ ਦੇ ਨਾਲ ਹੀ ਸਰਕਾਰ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਉਹ ਲੋਕਾ ਦੀ ਸੇਵਾਦਾਰ ਹੁੰਦੀ ਹੈ ਨਾ ਕਿ ਲੱਠਮਾਰ ਤੇ ਮੰਤਰੀਆਂ ਦੀ ਔਰਾਤ ਲੋਕਾਂ ਦੇ ਨੌਕਰ ਹੋਣ ਤੋਂ ਵੱਧ ਹੋਰ ਕੁਜ ਵੀ ਨਹੀ ਹੁੰਦੀ । ਅਵਾਜ ਏ ਖਲਕ ਨਗਾਰਾ ਏ ਖੁਦਾ ਹੁੰਦਾ ਹੈ । ਇਸ ਕੰਧ ‘ਤੇ ਲਿਖੇ ਸਦੀਵੀ ਸੱਚ ਨੂੰ ਪੜ੍ਹਦਿਆ ਨਰਿੰਦਰ ਮੋਦੀ ਤੇ ਉਸ ਦੀ ਸਰਕਾਰ ਨੂੰ ਇਸ ਦੇ ਅਰਥ ਤੇ ਆਪਣੀ ਔਕਾਤ ਜਿੰਨੀ ਜਲਦੀ ਸਮਝ ਆ ਜਾਣ ਚੰਗਾ ਹੈ, ਨਹੀਂ ਕਾ ਮੁਲਕ ਦੇ ਹਾਲਾਤ ਬੇਲਗਾਮ ਹੋ ਜਾਣਗੇ ਜਿਹਨਾ ਵਾਸਤੇ ਉਹ ਖੁਦ ਸਿੱਧੇ ਕੌਰ ‘ਤੇ ਜਿੰਮੇਵਾਰ ਹੋਵੇਗਾ ਤੇ ਤਾਰੀਖ ਉਸ ਨੂੰ ਕਦੇ ਵੀ ਮੁਆਫ ਨਹੀ ਕਰੇਗੀ ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin