Articles

ਕਿਰਤੀ ਕਿਸਾਨ ਅੰਦੋਲਨ ਨੇ ਇਕੋ ਸਮੇਂ ਸਿਰਜੇ ਕਈ ਇਤਿਹਾਸ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਕਿਰਤੀਆਂ ਤੇ ਕਿਸਾਨਾਂ ਦੇ ਗ਼ੈਰ ਸਿਆਸੀ ਅੰਦੋਲਨ ਨੇ ਕਈ ਨਵੇਂ ਇਤਿਹਾਸ ਸਿਰਜ ਦਿੱਤੇ ਹਨ ਜਿਹਨਾਂ ਬਾਰੇ ਚਰਚਾ ਕਰਨੀ ਬੜੀ ਜ਼ਰੂਰੀ ਬਣ ਜਾਂਦੀ ਹੈ ।
ਸਭ ਤੋ ਪਹਿਲਾ ਇਤਿਹਾਸ ਇਹ ਸਿਰਜਿਆ ਕਿ ਵਿਸ਼ਵ ਵਿੱਚ ਸਿਆਸੀ ਪਾਰਟੀਆਂ ਦੀ ਹਿਮਾਇਤ ਤੋ ਬਿਨਾ ਏਡਾ ਵੱਡਾ ਅੰਦੋਲਨ ਅੱਜ ਤੱਕ ਕਦੇ ਵੀ ਨਹੀਂ ਹੋਇਆ ।
ਇਸ ਅੰਦੋਲਨ ਨੇ ਪੰਜਾਬ ਤੇ ਹਰਿਆਣੇ ਦੇ ਹੀ ਨਹੀਂ ਬਲਕਿ ਪੂਰੇ ਭਾਰਤ ਦੀਆਂ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਨੇਤਾਵਾਂ ਦੀ ਮੰਜੀ ਘੁਮਾ ਕੇ ਰੱਖ ਦਿੱਤੀ ਹੈ । ਉਹਨਾ ਦੀ ਏਨੀ ਕੁ ਹਵਾ ਟਾਇਟ ਕਰ ਦਿੱਤੀ ਹੈ ਕਿ ਉਹਨਾਂ ਨੂੰ ਹੁਣ ਇਹ ਵੀ ਨਹੀਂ ਸੁਝ ਰਿਹਾ ਕਿ ਉਹ ਆਪਣੀ ਸਾਖ ਕਿਵੇਂ ਬਚਾਉਣ । ਆਪਣੀ ਸਾਖ ਬਚਾਉਣ ਵਾਸਤੇ ਤਾਲੋਂ ਖੁਂਝੀ ਡੂਮਣੀ ਵਾਂਗ ਆਲ ਪਤਾਲ ਗਾ ਰਹੇ ਹਨ, ਬੁਖਲਾਹਟ ਵਿੱਚ ਹਨ, ਡੁੱਬਣ ਤੋ ਬਚਣ ਵਾਸਤੇ ਹੱਥ ਪੈਰ ਮਾਰ ਰਹੇ ਹਨ ।
ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇਕ ਗੱਲ ਚੰਗੀ ਤਰਾਂ ਸਮਝਾ ਦਿੱਤੀ ਹੈ ਕਿ ਸਿਆਸੀ ਪਾਰਟੀਆਂ ਹਮੇਸ਼ਾ ਹੀ ਉਹਨਾਂ ਦੇ ਹਿੱਸਾ ਨਾਲ ਖਿਲਵਾੜ ਕਰਦੀਆਂ ਰਹੀਆ ਹਨ ਤੇ ਅੱਗੋਂ ਵੀ ਏਹੀ ਕੁੱਜ ਕਰਦੀਆਂ ਰਹਿਣਗੀ ਜਿਸ ਕਰਕੇ ਇਹਨਾਂ ਗਿਰਗਟਾਂ ਉੱਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਇਹਨਾਂ ਨੂੰ ਪਾਸੇ ਕਰਕੇ ਹੀ ਹੱਕੀ ਅੰਦੋਲਨ ਦੀ ਨੀਤੀ ਤੇ ਦਿਸ਼ਾ ਤਹਿ ਕੀਤੀ ਜਾ ਸਕਦੀ ਹੈ ।
ਇਸ ਅੰਦੋਲਨ ਨੇ ਨੌਜਵਾਨ, ਬਜ਼ੁਰਗਾਂ ਤੇ ਮਾਈਆ ਭੈਣਾਂ ਨੂੰ ਇਹ ਗੱਲ ਵੀ ਸਮਝਾਈ ਹੈ ਕਿ ਏਕੇ ਚ ਬਰਕਤ ਹੁੰਦੀ ਹੈ, ਹੱਕ ਕਦੇ ਵੀ ਕੋਈ ਥਾਲੀ ਚ ਪਰੋਸ ਕੇ ਨਹੀਂ ਦਿੰਦਾ ਸਗੋਂ ਖੋਹ ਕੇ ਲੈਣੇ ਪੈਂਦੇ ਹਨ ।
ਕਿਸਾਨ ਅੰਦੋਲਨ ਰਾਹੀਂ ਜਿੱਥੇ ਲੋਕਾਂ ਵਿੱਚੋਂ ਮਜ਼੍ਹਬੀ ਤੇ ਜਾਤ ਪਾਤੀ ਭਿੰਨ ਭੇਦ ਘਟਿਆ ਹੈ, ਪਿਆਰ ਤੇ ਮੁਹੱਬਤ ਦੀ ਸਾਂਝ ਵਧੀ ਹੈ, ਰਿਸ਼ਤਿਆਂ ਵਿਚਲੀ ਭਾਵੁਕਤਾ ਦੀ ਝਲਕ ਇਕ ਵਾਰ ਫਿਰ ਤੋ ਨਜ਼ਰ ਆ ਰਹੀ ਹੈ, ਉੱਥੇ ਪੀੜ੍ਹੀ ਪਾੜੇ ਨੂੰ ਵੀ ਵਿਸ਼ਰਾਮ ਲੱਗਾ ਗੈ ਤੇ ਇਸ ਦੇ ਨਾਲ ਹੀ ਕੁੱਜ ਕਰ ਗੁਜ਼ਰਨ ਦੇ ਅਥਾਹ ਜਜ਼ਬੇ ਦਾ ਠਾਠਾਂ ਮਾਰਦਾ ਸੰਮੁਦਰ ਵੀ ਬਹੁਤ ਗੱਜਦਾ ਸੁਣਾਈ ਦੇ ਰਿਹਾ ਹੈ ।
ਕਿਸਾਨ ਅੰਦੋਲਨ, ਵਿਸ਼ਵ ਦਾ ਸਭ ਤੋ ਵੱਡਾ ਰੋਹ ਮੁਜ਼ਾਹਰਾ ਹੈ ਜੋ 350 ਕਿੱਲੋਮੀਟਰ ਲੰਮਾ ਪੈਂਡਾ ਤਹਿ ਕਰਕੇ ਦਿੱਲੀ ਦੀਆ ਸਰਹੱਦਾਂ ‘ਤੇ ਜਾ ਕੇ ਧਰਨੇ ਵਿਚ ਬਦਲਿਆ ਹੈ ਤੇ ਇਹ ਦੁਨੀਆ ਦਾ ਪਹਿਲਾ ਅਜਿਹਾ ਧਰਨਾ ਹੈ ਜਿਸ ਵਿੱਚ ਲੰਗਰ ਦੀ ਬਹੁਤ ਹੀ ਵਿਧੀਵਤ ਵਿਵਸਥਾ ਹੈ ।
ਕਿਸਾਨ ਅੰਦੋਲਨ ਨੇ ਦੁਨੀਆ ਵਿੱਚ ਪੈਦਾ ਹੋਈਆ ਕਰਾਂਤੀਆਂ ਤੋ ਹਟਕੇ ਇਕ ਨਵੀ ਮਿਸਾਲ ਪੇਸ਼ ਕੀਤੀ ਹੈ । ਆਮ ਤੌਰ ‘ਤੇ ਅੰਦੋਲਨ ਦੇਰ ਸਵੇਰ ਹਿੰਸਕ ਰੂਪ ਧਾਰ ਜਾਂਦੇ ਹਨ, ਪਰ ਇਹ ਪਹਿਲਾ ਅੰਦੋਲਨ ਹੈ ਜੋ ਪਿਛਲੇ ਲਗਭਗ ਢਾਈ ਮਹੀਨਿਆਂ ਤੋ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ।
ਇਸ ਅੰਦੋਲਨ ਨੇ ਪੂਰੇ ਵਿਸ਼ਵ ਦੇ ਸਾਹਮਣੇ ਲੋਕ-ਤੰਤਰ ਦੇ ਨਾਮ ‘ਤੇ ਹੋ ਰਹੀ ਤਾਨਾਸ਼ਾਹੀ ਤੇ ਲੱਠਤੰਤਰ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿ ਸੱਤਾ ‘ਤੇ ਕਾਬਜ਼ ਲੋਕ ਆਪਣੀਆ ਕੁਰਸੀਆਂ ਦੀਆ ਪੁਸ਼ਤਾਂ ਪੱਕੀਆ ਕਰਨ ਵਾਸਤੇ ਕਿੱਥੋਂ ਤੱਕ ਗਿਰ ਸਕਦੇ ਹਨ ਕਿ ਲੋਕਾਂ ਦੀ ਅਵਾਜ ਸੁਣਨ ਦੀ ਬਜਾਏ ਕੁੱਜ ਕੁ ਧਨਕੁਬੇਰਾਂ ਦੇ ਤਲਵੇ ਚੱਟਣ ਨੂੰ ਹੀ ਪਹਿਲ ਦੇ ਰਹੇ ਹਨ ।
ਕਿਸਾਨਾਂ ਦੇ ਇਸ ਏਕੇ ਨੂੰ ਕੋਈ ਕੁੱਜ ਵੀ ਕਹੇ ਪਰ ਇਸ ਏਕੇ ਨੇ ਪੂਰੇ ਵਿਸ਼ਵ ਨੂੰ ਦੱਸ ਦਿੱਤਾ ਹੈ ਕਿ ਭਾਈਚਾਰਕ ਏਕਾ ਤੇ ਸਾਂਝੀਵਾਲਤਾ ਵਿਹਾਰਕ ਰੂਪ ਵਿੱਚ ਕੀ ਹੁੰਦੇ ਹਨ, ਮਾਨਵਤਾ ਦਾ ਦਰਦ ਕੀ ਹੁੰਦਾਹੈ ? ਏਕੇ ਤੀ ਬਰਕਤ ਕੀ ਹੁੰਦੀ ਹੈ ?
ਇਸ ਅੰਦੋਲਨ ਨੇ ਜਿਥੇ ਪੰਜਾਬ ਦੀਆ ਸਿਆਸੀ ਪਾਰਟੀਆਂ ਦੀ ਹੋਂਦ ਨੂੰ ਚਨੌਤੀ ਦਿੱਤੀ ਹੈ ਉਥੇ ਭਾਰਤ ਦੇ ਸਿਆਸੀ ਗਲਿਆਰਿਆਂ ਵਿਚ ਵੀ ਭੂਚਾਲ ਲਿਆਂਦਾ ਹੈ । ਸਭ ਸਿਆਸੀ ਪਾਰਟੀਆ ਕਿਸਾਨਾਂ ਅੰਦੋਲਨ ਨਾਲ ਜੁੜਕੇ ਆਪਣੀ ਛਵੀ ਬਚਾਉਣ ਵਾਸਤੇ ਮਗਰ ਮੱਛ ਦੇ ਹੰਝੂ ਵਹਾ ਰਹੀਆ ਹਨ , ਪਰ ਕਿਸਾਨ ਉਹਨਾ ਨੂੰ ਮੂੰਹ ਲਾਉਣ ਵਾਸਤੇ ਤਿਆਰ ਨਹੀ ।
ਮਰਹੂਮ ਸਾਬਕਾ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ “ਜੈ ਜਵਾਨ, ਜੈ ਕਿਸਾਨ ਦਾ ਨਾਹਰਾ ਦਿੱਤਾ ਸੀ ਜਿਸ ਨਾਲ ਸਾਬਕਾ ਪ੍ਰਧਾਨ ਮੰਤਰੀ ਮਰਾਰਜੀ ਡਿਸਾਈ ਨੇ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ , ਸਿੱਟੇ ਵਜੋਂ ਉਸ ਸਿਆਸੀ ਕੈਰੀਅਰ ਹੀ ਖਤਮ ਹੋ ਗਿਆ ਸੀ, ਹੁਣ ਮੋਦੀ ਨੇ ਤਾਂ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕਰਕੇ ਜੱਗੋ ਤੇਰਵੀ ਹੀ ਕਰ ਦਿੱਤੀ, ਉਕਤ ਨਾਹਰੇ ਦੇ ਅਰਥ ਹੀ ਬਦਲਕੇ “ਮਰ ਜਵਾਨ ਤੇ ਮਰ ਕਿਸਾਨ” ਕਰ ਦਿੱਤੇ ਹਨ । ਭਾਰਤ ਦੇ ਆਸ ਪਾਸ ਲੱਗਦੇ ਕਿਸੇ ਵੀ ਦੇਸ਼ ਨਾਲ ਇਸ ਸਰਕਾਰ ਦੇ ਸੰਬੰਧ ਸੁਖਾਵੇ ਨਹੀ ਹਨ ਜਿਸ ਕਰਕੇ ਸਰਹੱਦਾਂ ‘ਤੇ ਜਵਾਨਾ ਦੀਆਂ ਨਿੱਤ ਮੌਤਾ ਹੋ ਰਹੀਆ ਹਨ ਤੇ ਦੂਸਰੇ ਪਾਸੇ ਕਿਸਾਨਾ ਵਾਸਤੇ ਅਜਿਹੇ ਕਾਨੂੰਨੀ ਪਰਬੰਧ ਕੀਤੇ ਜਾ ਰਹੇ ਹਨ ਕਿ ਉਹ ਆਤਮ ਹੱਤਿਆਵਾਂ ਕਰਨ ਵਾਸਤੇ ਮਜਬੂਰ ਹੋਣ।
ਆਖਿਰ ਵਿੱਚ ਏਹੀ ਕਹਾਂਗਾ ਕਿ ਬੇਸ਼ੱਕ ਕਿਰਤੀ ਕਿਸਾਨ ਅੰਦੋਲਨ ਦਿਨੋ ਦਿਨ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ ਤੇ ਦੇਰ ਸਵੇਰ ਇਹ ਅੰਦੋਲਨ ਮੋਦੀ ਸਰਕਾਰ ਨੂੰ ਖੇਤੀ ਬਿੱਲਾਂ ਨੂੰ ਰੱਦ ਕਰਨ ਵਾਸਤੇ ਮਜਬੂਰ ਕਰ ਦੇਵੇਗਾ । ਇਸ ਦੇ ਨਾਲ ਹੀ ਭਾਰਤ ਦੀ ਭਾਜਪਾ ਸਰਕਾਰ ਨੂੰ ਵੀ ਸੁਝਾਅ ਦੇਵਾਂਗਾ ਕਿ ਕਿਰਤੀਆਂ ਤੇ ਕਿਸਾਨਾਂ ਦੇ ਸਬਰ ਦੀ ਹੋਰ ਪਰਖ ਕਰਨੀ ਬੰਦ ਕਰਕੇ ਜਲਦੀ ਤੋ ਜਲਦੀ ਖੇਤੀ ਬਿੱਲਾਂ ਨੂੰ ਰੱਦ ਕਰੇ ਨਹੀਂ ਤਾਂ ਇਹਨਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਕਿਰਤੀ ਕਿਸਾਨ ਅੰਦੋਲਨ ਮੋਦੀ ਸਰਕਾਰ ਦੇ ਕੱਫਨ ਚ ਆਖਰੀ ਕਿੱਲ ਸਾਬਤ ਹੋਏਗਾ ਤੇ ਅਗਾਮੀ ਚੋਣਾਂ ਚ ਭਾਜਪਾ ਦਾ ਮੁਲਕ ਚੋ ਸਫਾਇਆ ਹੋ ਜਾਵੇਗਾ । ਸੋ ਸਰਕਾਰ ਨੂੰ ਇਹ ਗੱਲ ਸਮਝ ਲੈਣ ਚ ਹੀ ਭਲਾਈ ਹੈ ਕਿ ਲੋਕ-ਤੰਤਰ ਚ ਰਾਜ ਲੋਕਾਂ ਦਾ ਹੁੰਦਾ ਹੈ, ਉਹਨਾ ‘ਤੇ ਕਾਲੇ ਕਾਨੂੰਨ ਬਣਾ ਕੇ ਤੇ ਫਿਰ ਉਹਨਾਂ ਨੂੰ ਜ਼ੋਰ ਜ਼ਬਰਦਸਤੀ ਲਾਗੂ ਕਰਨਾ ਜਾਂ ਫਿਰ ਦੇਸ਼ ਦੀ ਜਨਤਾ ਨਾਲ ਆਢਾ ਲਾਉਣਾ ਕਿਸੇ ਵੀ ਤਰਾਂ ਖ਼ੁਦਕੁਸ਼ੀ ਕਰਨ ਤੋ ਘੱਟ ਨਹੀਂ ਹੁੰਦਾ । ਸਿਆਣਿਆਂ ਦੀ ਕਹੀ ਇਹ ਗੱਲ ਮੋਦੀ ਮੰਡਲੀ ਉੱਤੇ ਬਹੁਤ ਢੁਕਦੀ ਹੈ ਕਿ “ਰੱਬ ਨਾ ਥੱਪੜ, ਘਸੁੰਨ, ਠੁੱਡਾ ਤੇ ਲੱਤ ਮਾਰਦਾ ਜਦ ਵੀ ਮਾਰਦਾ ਬੰਦੇ ਦੀ ਮੱਤ ਮਾਰਦਾ” ਇਸੇ ਗੱਲ ਨੂੰ ਸੰਸਕਿ੍ਰਤ ਚ ਕਿਹਾ ਜਾਂਦਾ ਹੈ ਕਿ “ ਵਿਨਾਸ਼ ਕਾਲ ਵਿਪਰੀਤ ਬੁੱਧੀ” ਭਾਵ ਜਦੋਂ ਕਿਸੇ ਬਹੁਤੀ ਖੁਦੀ ਕਰਨ ਵਾਲੇ ਦਾ ਅੰਤਿਮ ਸਮਾਂ ਆਉਂਦਾ ਤਾਂ ਉਸ ਦੀ ਬੁੱਧ ਭਿ੍ਰਸਟ ਜਾਂਦੀ ਹੈ । ਸ਼ਾਇਦ ਮੋਦੀ ਇਸ ਵੇਲੇ ਉਸੇ ਦੌਰ ਚੋ ਲੰਘ ਰਿਹਾ ਹੈ ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin