Articles

ਕਿਰਤੀ ਲੋਕਾਂ ਦੀ ਸਾਰ ਲਵੇ ਸਰਕਾਰ

      ਲੇਖਕ: ਨਵਨੀਤ ਢਿੱਲੋਂ

ਕਰੋਨਾ ਵਾਇਰਸ ਨੇ ਜਿੱਥੇ ਸੰਸਾਰ ਦੇ ਬਹੁਤੇ ਦੇਸ਼ਾਂ ਵਿਚ ਪੈਰ ਪਸਾਰ ਲਏ ਹਨ ਉੱਥੇ ਭਾਰਤ ਵਿਚ ਵੀ 28 ਅਪ੍ਰੈਲ 2020 ਤੱਕ 30000 ਦੇ ਲਗਭਗ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ । ਇਸ ਵਾਇਰਸ ਕਾਰਨ ਜਿੱਥੇ ਲੱਖਾਂ ਦੀ ਗਿਣਤੀ ਵਿਚ ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ ਉੱਥੇ ਕਰੋੜਾਂ ਦੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਗਏ ਹਨ । ਜਿਨ੍ਹਾਂ ਵਿਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ । ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਨੂੰ ਤਾਂ ਤਨਖਾਹ ਮਿਲਣਾ ਦੂਰ ਦੀ ਗੱਲ ਉਹ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ । ਦੂਜੇ ਪਾਸੇ ਸਰਕਾਰਾਂ ਵੀ ਆਪਣੇ ਮੁਲਾਜ਼ਮਾਂ ਦੇ ਭੱਤੇ ਰੋਕ ਰਹੀਆਂ ਹਨ ਤੇ ਤਨਖਾਹ ਵਿਚ ਕਟੌਤੀ ਵੀ ਕਰ ਰਹੀਆਂ ਹਨ । ਜਦਕਿ ਬਹੁਤ ਸਾਰੇ ਮੁਲਾਜ਼ਮਾਂ ਦੇ ਘਰ ਦਾ ਗੁਜ਼ਾਰਾ ਤਨਖਾਹ ‘ਤੇ ਹੀ ਚੱਲਦਾ ਹੈ । ਬਹੁਤ ਸਾਰੇ ਲੋਕਾਂ ਨੇ ਬੈਕਾਂ ਤੋਂ ਘਰ, ਕਾਰ ਅਤੇ ਹੋਰ ਜ਼ਰੂਰਤਾਂ ਲਈ ਲੋਨ ਲਿਆ ਹੋਇਆ ਹੈ ਤੇ ਬੈਂਕ ਕਹਿ ਰਹੇ ਹਨ ਕਿ ਤੁਹਾਡੀ ਕਿਸ਼ਤ ਤਾਂ ਮੁਲਤਵੀ ਕਰ ਦਿੰਦੇ ਹਾਂ ਪਰ ਵਿਆਜ ਤਾਂ ਇਸ ਮਹੀਨੇ ਦਾ ਵੀ ਦੇਣਾ ਪਵੇਗਾ । ਇਸ ਗੱਲ ਨੇ ਲੋਕਾਂ ਦੀ ਹਾਲਤ ਹੋਰ ਪਤਲੀ ਕਰ ਦਿੱਤੀ ਹੈ । ਡੇਢ ਮਹੀਨੇ ਤੋਂ ਚੱਲ ਰਹੇ ਲਾਕਡਾਊਨ ਕਾਰਨ ਕਿਸੇ ਵੀ ਕਿਸਮ ਦੀ ਨੌਕਰੀ ਕਰ ਰਹੇ ਲਗਭਗ 12 ਕਰੋੜ ਲੋਕ ਇਕੱਲੇ ਭਾਰਤ ਵਿਚ ਬੇਰੁਜ਼ਗਾਰ ਹੋ ਗਏ ਹਨ । ਪਰ ਸਰਕਾਰ ਕੋਲ ਇਨ੍ਹਾਂ ਲਈ ਕੋਈ ਸਪਸ਼ਟ ਨੀਤੀ ਨਹੀਂ ਹੈ । ਹੁਣ ਜੇਕਰ ਦਿਹਾੜੀਦਾਰ ਮਜ਼ਦੂਰ ਦੀ ਗੱਲ ਕਰੀਏ ਤਾਂ ਆਪਾਂ ਕਿੰਨੀਆਂ ਹੀ ਖਬਰਾਂ ਪੜ੍ਹ ਚੁੱਕੇ ਹਾਂ ਕਿ ਪਰਵਾਸੀ ਮਜ਼ਦੂਰ ਪੈਦਲ ਹੀ ਸੈਂਕੜੇ ਕਿਲੋਮੀਟਰ ਦੂਰ ਆਪਣੇ ਪਿੱਤਰੀ ਘਰਾਂ ਵੱਲ ਨੂੰ ਚੱਲ ਪਏ । ਅੱਕ ਕੇ ਕਈ ਰਸਤੇ ‘ਚ ਹੀ ਫਾਹਾ ਲੈ ਗਏ ਤੇ ਕਿੰਨੇ ਹੀ ਬੱਚਿਆਂ ਨੇ ਭੁੱਖ ਕਾਰਨ ਦਮ ਤੋੜਿਆ । ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਸ਼ਰਮਨਾਕ ਗੱਲ ਸੀ ਕਿ ਸਰਕਾਰਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਨਾ ਕਰ ਸਕੀ । ਭਾਵੇਂ ਮੀਡੀਆ ‘ਚ ਕਿੰਨਾ ਹੀ ਪ੍ਰਬੰਧ ਕਰਨ ਦੀਆਂ ਖਬਰਾਂ ਲੱਗੀਆਂ ਹੋਣ ਪਰ ਅਸਲ ਹਕੀਕਤ ਸਾਡਾ ਮੂੰਹ ਚਿੜ੍ਹਾ ਰਹੀ ਹੈ । ਜੇਕਰ ਕਿਸਾਨੀ ਦੀ ਗੱਲ ਕਰੀਏ ਤਾਂ ਭਾਰਤ ‘ਚ ਕਿਸਾਨਾਂ ਦੁਆਰਾ ਪਿਛਲੇ ਸਾਲਾਂ ‘ਚ ਫਸਲਾਂ ਦੇ ਮੁੱਲ ਨਾ ਮੁੜਨ ਕਰਕੇ ਜਾਂ ਫਸਲਾਂ ਖਰਾਬ ਹੋਣ ਕਰਕੇ ਬਹੁਤ ਵੱਡੀ ਗਿਣਤੀ ‘ਚ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ । ਇਹ ਸਾਡੇ ਖੇਤੀ ਪ੍ਰਧਾਨ ਦੇਸ਼ ਦੀਆਂ ਕਿਸਾਨਾਂ ਪ੍ਰਤੀ ਆਪਣੀ ਜੁਆਬਦੇਹੀ ‘ਤੇ ਪ੍ਰਸ਼ਨ ਚਿੰਨ ਖੜ੍ਹਾ ਕਰਦੀਆਂ ਹਨ । ਕਰੋਨਾ ਵਾਇਰਸ, ਲਾਕਡਾਊਨ ਅਤੇ ਬੇਮੌਸਮੀ ਬਾਰਿਸ਼ਾਂ ਅਤੇ ਗੜ੍ਹੇਮਾਰੀ ਨੇ ਇਸ ਸਾਲ ਵੀ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ । ਸਮੇਂ ਦੀਆਂ ਸਰਕਾਰਾਂ ਵਲੋਂ ਹਮੇਸ਼ਾਂ ਹੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਤੇ ਇਸ ਲਾਕਡਾਊਨ ਵਿਚ ਕਣਕ ਦੀ ਫਸਲ ਦੀ ਖਰੀਦ ਵਿਚ ਦਰਪੇਸ਼ ਸਮੱਸਿਆਵਾਂ ਦਾ ਵੀ ਲੋੜੀਂਦਾ ਹੱਲ ਨਹੀਂ ਕੱਢਿਆ । ਜਿਸਦੀਆਂ ਆਪਾਂ ਰੋਜ਼ਾਨਾ ਨਿਊਜ਼ ਚੈਨਲਾਂ ਵਿਚ ਦੇਖ ਰਹੇ ਹਾਂ ਕਿ ਕਿਸਾਨ ਫੇਰ ਮੰਡੀਆਂ ਵਿਚ ਰੁਲ ਰਿਹਾ ਹੈ । ਮੁਲਾਜ਼ਮ, ਦਿਹਾੜੀਦਾਰ ਤੇ ਕਿਸਾਨ ਤਿੰਨੇ ਹੀ ਕਿਰਤੀ ਵਰਗ ਹਨ ਜਿਨ੍ਹਾਂ ਨੇ ਪਹਿਲਾਂ ਕੰਮ ਕਰਨਾ ਹੈ ਤੇ ਫੇਰ ਉਨ੍ਹਾਂ ਦੀ ਮਿਹਨਤ ਦਾ ਭੁਗਤਾਨ ਹੋਣਾ ਹੈ । ਪਰ ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਅਤੇ ਕਰਫਿਊ ਕਾਰਨ ਤਿੰਨਾਂ ਦੀ ਹਾਲਤ ਤਰਸਯੋਗ ਹੋ ਗਈ ਹੈ ਤੇ ਇਹ ਕਹਿ ਵੀ ਰਹੇ ਹਨ ਕਿ ਸਰਕਾਰੇ ਕੁਝ ਪੁਖਤਾ ਹੱਲ ਕਰ ! ਕਿਤੇ ਕਰੋਨਾ ਵਾਇਰਸ ਨਾਲੋਂ ਵੱਧ ਜਾਨਾਂ ਭੁੱਖਮਰੀ ਨਾਲ ਨਾ ਹੋ ਜਾਣ ! ਸੋ ਮੈਂ ਅੰਤ ਵਿਚ ਕਹਿਣਾ ਚਾਹੁੰਦਾ ਹਾਂ ਕਿ ਕਿਰਤੀ, ਕਿਸਾਨ ਤੇ ਮਜ਼ਦੂਰ ਭਾਰਤੀ ਅਰਥਚਾਰੇ ਦੇ ਅਹਿਮ ਥੰਮ ਹਨ ਜੇ ਇਹ ਨਾ ਬਚੇ ਤਾਂ ਅਰਥਚਾਰਾ ਬਚਾਉਣਾ ਔਖਾ ਹੋ ਜਾਵੇਗਾ ।

Related posts

ਕੀ ਦੇਸ਼ ਵਿੱਚ ਧਾਰਮਿਕ ਯੁੱਧ ਭੜਕਾਉਣ ਲਈ ਸੁਪਰੀਮ ਕੋਰਟ ਜ਼ਿੰਮੇਵਾਰ ਹੈ ?

admin

ਆਯੁਰਵੇਦ ਦਾ ਗਿਆਨ !

admin

ਮੈਂ ਰਾਜੇਸ਼ ਖੰਨਾ ਨੂੰ ਬਿਲਕੁਲ ਵੀ ਜਾਣਦੀ ਨਹੀਂ ਸੀ: ਅਦਾਕਾਰਾ ਪੂਨਮ ਢਿੱਲੋਂ !

admin