
ਖੇਤੀ-ਬਾੜੀ ਸੰਬੰਧੀ ਕੇਂਦਰ ਸਰਕਾਰ ਵੱਲੋਂ ਬਦਮਾਸ਼ੀ ਨਾਲ ਪਾਸ ਕੀਤੇ ਗਏ ਬਿੱਲਾਂ ਨੂੰ ਰੱਦ ਕਰਾਉਣ ਵਾਸਤੇ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ, ਹਰਿਆਣੇ ਵਿੱਚੋਂ ਹੁੰਦਾ ਹੋਇਆ ਢਾਈ ਕੁ ਮਹੀਨੇ ਦੇ ਅਰਸੇ ਵਿੱਚ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਫੈਲ ਚੁੱਕਾ ਹੈ । ਬਹੁਤ ਸਾਰੇ ਮੁਲਕਾਂ ਦੀਆ ਪਾਰਲੀਮੈਂਟਾਂ ਚ ਜਿੱਥੇ ਇਹਨਾ ਬਿੱਲਾਂ ਦੀ ਤਿੱਖੀ ਅਲੋਚਨਾ ਹੋ ਰਹੀ ਹੈ ਉੱਥੇ ਭਾਰਤ ਸਰਕਾਰ ਦੁਆਰਾਂ ਕਿਸਾਨਾਂ ‘ਤੇ ਛੱਡੇ ਗਏ ਅੱਥਰੂ ਗੈਸ ਦੇ ਗੋਲਿਆਂ, ਚਲਾਈਆਂ ਗਈਆ ਡਾਂਗਾਂ ਤੇ ਮਾਰੀਆਂ ਗਈਆ ਠੰਢੇ ਪਾਣੀ ਦੀਆ ਬੁਛਾੜਾਂ ਰਾਹੀਂ ਕੀਤੇ ਗਏ ਗ਼ੈਰ ਮਨੁੱਖੀ ਵਤੀਰੇ ਦੀ ਵੀ ਹਰ ਪਾਸਿਓਂ ਘੋਰ ਨਿੰਦਿਆ ਹੋ ਰਹੀ ਹੈ ।
ਕਿਸਾਨ ਅੰਦੋਲਨ, ਜਿਸ ਨੂੰ ਪਹਿਲਾਂ ਪਹਿਲ ਅਨਪੜ੍ਹ, ਗਵਾਰਾਂ, ਅੱਤਵਾਦੀਆ ਤੇ ਖਾਲਿਸਤਾਨੀਆ ਦਾ ਅੰਦੋਲਨ ਕਹਿਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਹੀ ਵਿਰੋਧੀ ਸਿਆਸੀ ਪਾਰਟੀਆਂ ਦਾ ਫ਼ਜ਼ੂਲ ਰੌਲਾ ਰੱਪਾ ਵੀ ਦੱਸਿਆ ਗਿਆ, ਨੇ ਅੱਜ ਤੱਕ ਪਹੁੰਚਦਿਆ, ਉਹਨਾਂ ਖੇਤੀ ਬਿੱਲਾਂ ਦੀਆਂ ਬਹੁਤ ਸਾਰੀਆ ਵਖੀਏ ਉਧੇੜ ਪਰਤਾਂ ਖੋਹਲ ਦਿੱਤੀਆਂ ਹਨ ਜਿਹਨਾ ਤੋਂ ਇਹ ਗੱਲ ਤਾਂ ਹੁਣ ਬਹੁਤ ਹੀ ਸ਼ਪੱਸ਼ਟ ਹੋ ਗਈ ਹੈ ਕਿ ਭਾਜਪਾ ਅਤੇ ਇਸ ਦੇ ਨਾਲ ਸੰਬੰਧਿਤ ਲੋਕਾਂ ਉੱਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ।
ਜਿਹਨਾ ਖੇਤੀ ਬਿੱਲਾਂ ਨੂੰ ਕਿਸਾਨਾਂ ਦੇ ਹਿਤਾਂ ਚ ਪਾਸ ਕੀਤੇ ਗਏ ਕਹਿ ਕੇ ਪ੍ਰਚਾਰ ਰੀਤਾਂ ਜਾਂਦਾ ਸੀ, ਉਹਨਾਂ ਬਿੱਲਾ ਸੰਬੰਧੀ ਚੱਲ ਰਹੇ ਅੰਦੋਲਨ ਕਾਰਨ ਦਬਾਅ ਵਿੱਚ ਆ ਕੇ ਸਰਕਾਰ ਨੇ ਜੋ ਛੇ ਮੀਟਿੰਗਾਂ ਕੀਤੀਆੰ, ਉਹਨਾਂ ਚ ਬੜੇ ਸੌਖਿਆ ਹੀ ਇਹ ਕਬੂਲ ਕਰ ਲਿਆਈ ਕਿ ਤਿੰਨੇ ਖੇਤੀ ਬਿੱਲ ਜਿੱਥੇ ਵਪਾਰੀ ਵਰਗ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਪਾਸ ਕੀਤੇ ਗਏ ਉਥੇ ਕਿਸਾਨ ਆਗੂਆਂ ਅੱਗੇ ਰੱਖੇ ਗਏ ਪ੍ਰਸਤਾਵ ਰਾਹੀਂ ਲਿਖਤੀ ਤੌਰ ‘ਤੇ ਬਿੱਲਾਂ ਵਿਚਲੀਆਂ ਬਹੁਤ ਸਾਰੀਆਂ ਗਲਤੀਆਂ ਨੂੰ ਮੰਨਕੇ ਉਹਨਾਂ ਚ ਸੋਧ ਕਰਨਾ ਤਸਲੀਮ ਕਰਕੇ ਇਹ ਵੀ ਮੰਨ ਲਿਆ ਹੈ ਕਿ ਉਹਨਾਂ ਬਿੱਲਾਂ ਚ ਬਹੁਤ ਕੁਜ ਅਜਿਹਾ ਹੈ ਜਿਸ ਤੋ ਸਾਫ ਹੋ ਜਾਂਦਾ ਹੈ ਕਿ ਬਿਲਾਂ ਚ ਕਿਰਤੀਆਂ ਅਤੇ ਕਿਸਾਨਾ ਦੇ ਹਿੱਤਾਂ ਨੂੰ ਪੂਰੀ ਤਰਾ ਨਜਰ ਅੰਦਾਜ ਹੀ ਨਹੀ ਕੀਤਾ ਗਿਆ ਬਲਕਿ ਵੇਚ ਦਿੱਤਾ ਗਿਆ ।
ਕਿਸਾਨ ਅੰਦੋਲਨ ਦੇ ਦਬਾਅ ਦੇ ਕਾਰਨ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਖੇਤੀ ਬਿੱਲਾਂ ਨੂੰ ਪਾਸ ਕਰਨ ਪਿਛੇ ਵੋਟਾਂ ਵੇਲੇ ਵਪਾਰੀ ਵਰਗ ਤੋ ਵਸੂਲੇ ਗਏ ਫੰਡਾਂ ਬਦਲੇ ਕੀਤਾ ਗਿਆ ਵਾਅਦਾ ਸੀ ਤੇ ਇਹਨਾਂ ਨੂੰ ਪਾਸ ਕਰਨ ਨਾਲ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਅਗਾਮੀ ਚੋਣਾ ਵਾਸਤੇ ਆਪਣੇ ਪੈਰ ਪੱਕੇ ਕਰਨ ਵਾਸਤੇ ਦੇਸ਼ ਦੇ ਧਨਕੁਬੇਰਾਂ ਨੂੰ ਪੱਕੀ ਤਰਾਂ ਆਪਣੇ ਨਾਲ ਜੋੜਨ ਦੀ ਵਿਓੁਤਬੰਦੀ ਕਰ ਰਹੀ ਸੀ ।
ਪਿਛਲੀ ਚਰਚਾ ਵਿੱਚ ਮੈ ਜਿਕਰ ਕੀਤਾ ਸੀ ਕਿ ਕਿਰਤੀ ਕਿਸਾਨ ਅੰਦੋਲਨ ਕਾਰਨ ਸਰਕਾਰ ਦੀ ਹਾਲਤ ਸੱਪ ਦੇ ਮੂੰਹ ਚ ਫਸੀ ਕਿਰਲੀ ਵਾਲੀ ਹੋ ਚੁੱਕੀ ਹੈ । ਸਰਕਾਰ ਵਲੋਂ ਵਪਾਰੀ ਵਰਗ ਨਾਲ ਵਾਅਦਾ ਕਰਕੇ ਪਾਸ ਕੀਤੇ ਗਏ ਬਿੱਲ ਪੰਜਾਬ ਦੀਆਂ ਕਿਸਾਨ ਜਥੇਬੰਦੀਆ ਵਲੋ ਵਿਸਲ ਬਲੌਅਰ ਦੀ ਭੂਮਿਕਾ ਨਿਭਾਉਣ ਕਰਕੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਏ ਹਨ, ਜਿਸ ਕਾਰਨ ਸਰਕਾਰ ਨੂੰ ਹੁਣ ਇਹ ਸਮਝ ਨਹੀ ਆ ਰਹੀ ਕਿ ਇਹਨਾ ਬਿੱਲਾ ਨੂੰ ਲਾਗੂ ਕਿਵੇ ਰੱਖਿਆ ਜਾਵੇ ਤੇ ਕਿਰਤੀ ਕਿਸਾਨਾਂ ਦੇ ਸੰਘਰਸ਼ ਤੋ ਪਿੱਛਾ ਕਿਵੇ ਛੁਡਾਇਆ ਜਾਵੇ !
ਇਸ ਅੰਦੋਲਨ ਤੋ ਇਹ ਗੱਲ ਵੀ ਖੁਲ੍ਹਕੇ ਸਾਹਮਣੇ ਆ ਗਈ ਹੈ ਕਿ ਭਾਰਤ ਵਿਚਲੇ ਬਿਜਲੀ ਤੇ ਪਰੈਸ ਮੀਡੀਏ ਦੇ ਵੱਡੇ ਹਿੱਸੇ ਉਤੇ ਇਸ ਵੇਲੇ ਦੇਸ਼ ਦੇ ਧਨਕੁਬੇਰਾਂ ਦੀ ਸਰਕਾਰੀ ਮਿਲੀਭੁਗਤ ਨਾਲ ਕਬਜਾ ਤੇ ਬਹੁਤ ਦਬਦਬਾ ਹੈ, ਜਿਸ ਕਾਰਨ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣਾ ਉਹਨਾ ਵਾਸਤੇ ਇਕ ਚੁੱਟਕੀ ਮਾਰਨ ਵਾਲਾ ਖੇਲ ਹੈ । ਮੀਡੀਏ ਦੇ ਜੋਰ ਨਾਲ ਉਹ ਕਿਸੇ ਵੀ ਸੰਘਰਸ਼ ਨੂੰ ਫੇਹਲ ਕਰ ਸਕਦੇ ਹਨ ਜਾਂ ਫਿਰ ਸੰਘਰਸ ਨੂੰ ਪੱਟੜੀਓ ਲਾਹ ਸਕਦੇ ਹਨ, ਚੱਲ ਰਹੇ ਕਿਸਾਨ ਸੰਘਰਸ਼ ਬਾਰੇ ਗਲਤ ਪਰਚਾਰ ਕਰਕੇ ਅਜਿਹਾ ਕੁਜ ਕਰਨ ਦੀਆ ਬੇਸ਼ੱਕ ਅੱਜ ਤੱਕ ਕੋਸ਼ਿਸ਼ਾ ਬਹੁਤ ਕੀਤੀਆ ਗਈਆ, ਇਹ ਵੱਖਰੀ ਗੱਲ ਹੈ ਕਿ ਸੂਝਵਾਨ ਕਿਸਾਨ ਆਗੂਆ ਦੀ ਅਗਵਾਈ ਕਾਰਨ ਇਸ ਵਾਰ ਸਰਕਾਰੀ ਪਿੱਠੂ ਮੀਡੀਆ ਅਜੇ ਤੱਕ ਸਫਲ ਨਹੀ ਹੋ ਸਕਿਆ, ਜਿਸ ਵਾਸਤੇ ਕਿਰਤੀ ਤੇ ਕਿਸਾਨ ਆਗੂਆਂ ਨੂੰ ਅੱਗੋ ਤੋ ਵੀ ਪੂਰੀ ਤਰਾਂ ਚੌਕੰਨੇ ਰਹਿਣ ਦੀ ਲੋੜ ਹੈ ਕਿਉਕਿ ਭਾਰਤ ਸਰਕਾਰ ਕਿਸਾਨ ਆਗੂਆ ਨਾਲ ਮੀਟਿੰਗਾ ਦਰਅਸਲ ਮਸਲੇ ਦਾ ਹੱਲ ਕੱਢਣ ਵਾਸਤੇ ਨਹੀ ਕਰ ਰਹੀ ਬਲਕਿ ਕਿਸਾਨ ਸੰਘਰਸ਼ ਨੂੰ ਫੇਹਲ ਕਰਨ ਦੀ ਇਕ ਵਿਓਂਤਬੰਦੀ ਵਜੋ ਕਰ ਰਹੀ ਹੈ । ਸੋ ਖੇਤੀ ਬਿੱਲਾਂ ਵਿਰੁੱਧ ਸੰਘਰਸ ਕਰਨ ਵਾਲਿਆ ਨੂੰ ਇਸ ਵੇਲੇ ਬਹੁਤ ਹੁਸ਼ਿਆਰ ਰਹਿਣ ਦੀ ਲੋੜ ਹੈ, ਫਜੂਲ ਦੀ ਬਿਆਨਬਾਜੀ ਤੋਂ ਬਚਣ ਦੀ ਲੋੜ ਹੈ । ਇਸ ਸਮੇ ਇਹ ਜਰੂਰੀ ਬਣ ਜਾਂਦਾ ਹੈ ਕਿ ਮੀਡੀਏ ਚ ਕੁਜ ਜਿੰਮੇਵਾਰ ਆਗੂ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਤੇ ਬਿਆਨ ਵਗੈਰਾ ਦੇਣ ਨਾ ਕਿ ਹਰ ਜਣਾ ਖਣਾਂ ਭਾਵੁਕਤਾ ਵੱਸ ਜੋ ਮੂੰਹ ਆਇਆ ਬੋਲੀ ਜਾਵੇ ।
ਭਾਰਤ ਸਰਕਾਰ ਦਾ ਰਵੱਈਆ ਕਿਸਾਨ ਅੰਦੋਲਨ ਤੋਂ ਪਹਿਲਾ ਤਾਨਾਸ਼ਾਹੀ ਹੀ ਰਿਹਾ ਹੈ । ਸਰਕਾਰ ਲੁੱਟ ਤੇ ਕੁੱਟ ਦੀ ਨੀਤੀ ‘ਤੇ ਚਲਦੀ ਰਹੀ ਹੈ । ਸੱਤੀ ਬੀਹੀਂ ਸੋ ਵੀ ਗਿਣਦੀ ਰਹੀ ਹੈ ਤੇ ਚੋਰਾਂ ਦੀਆ ਲਾਠੀਆ ਦੇ ਗਜ ਵੀ ਬਣਦੇ ਰਹੇ ਹਨ । ਏਹੀ ਕਾਰਨ ਹੈ ਜੰਮੂ ਕਸ਼ਮੀਰ ਚ ਧਾਰਾ 370, ਨੋਟਬੰਦੀ ਤੇ ਜੀ ਐਸ ਟੀ ਲਾਗੂ ਕਰਨ ਸਮੇਂ ਬੇਰੋਕ ਗੁੰਡਾਗਰਦੀ ਵਾਲੀ ਤਾਨਾਸ਼ਾਹੀ ਕੀਤੀ ਜਾਂਦੀ ਰਹੀ, ਪਰ ਇਸ ਵੇਲੇ ਸਰਕਾਰ ਨੂੰ ਇਸ ਗੱਲ ਦਾ ਪੂਰੀ ਤਰਾਂ ਪਤਾ ਲੱਗ ਗਿਆ ਹੈ ਕਿ ਜੇਕਰ ਲੋਕ ਨੀਂਦਰ ਤੋਂ ਜਾਗ ਪੈਣ ਤਾਂ ਤਖ਼ਤੇ ਪਲਟਦਿਆਂ ਦੇਰ ਨਹੀਂ ਲਗਦੀ । ਮੋਦੀ ਸਰਕਾਰ ਦੇ ਅੰਦਰ ਉਕਤ ਸੱਚ ਦਾ ਡਰ ਦਿਨੋ ਦਿਨ ਵਧਦਾ ਜਾ ਰਿਹਾ ਹੈ ।
ਮੁੱਕਦੀ ਗੱਲ ਇਹ ਹੈ ਕਿ ਕਿਰਤੀਆਂ ਤੇ ਕਿਸਾਨਾਂ ਦਾ ਸਾਂਝਾ ਸੰਘਰਸ਼ ਇਸ ਵੇਲੇ ਬੜੇ ਨਾਜੁਕ ਮੋੜ ‘ਤੇ ਹੈ । ਸੰਘਰਸ਼ਕਾਰੀਆਂ ਨੂੰ ਬਹੁਤ ਹੀ ਸਮਝਦਾਰੀ ਨਾਲ ਵਿਚਰਨਾ ਪਵੇਗਾ । ਸਰਕਾਰ ਦੀ ਨੀਂਦ ਇਸ ਵੇਲੇ ਪੂਰੀ ਤਰਾਂ ਹਰਾਮ ਹੈ ਜਿਸ ਕਰਕੇ ਸਰਕਾਰ ਕੋਈ ਵੀ ਅਜਿਹੀ ਚਾਲ ਚੱਲ ਸਕਦੀ ਹੈ ਜੋ ਸੰਘਰਸ਼ ਨੂੰ ਨੁਕਸਾਨ ਪਹੁੰਚਾਵੇ । ਸਰਕਾਰ ਦੇ ਢੋਲ ਦਾ ਪੋਲ ਖੁੱਲ੍ਹ ਚੁੱਕਾ ਹੈ, ਸਰਕਾਰੀ ਵਾਇਦਿਆਂ ਤੇ ਬਿਆਨਾਂ ਦਾ ਕੱਚ ਤੇ ਸੱਚ ਦੋਵੇਂ ਸਾਹਮਣੇ ਜ਼ਰੂਰ ਆ ਚੁੱਕੇ ਹਨ, ਪਰ ਸਮੂਹ ਕਿਸਾਨਾਂ ਨੂੰ ਸੰਘਰਸ਼ ਵਿੱਚ ਡਟੇ ਰਹਿਣ ਦੇ ਨਾਲ ਨਾਲ ਇਸ ਵੇਲੇ ਸੰਘਰਸ਼ ਨੂੰ ਦਿਸ਼ਾਹੀਣ ਹੋਣ ਤੋਂ ਬਚਾਉਣ ਦੀ ਵੱਡੀ ਜ਼ੁੰਮੇਵਾਰੀ ਵੀ ਨਿਭਾਉਣੀ ਪਵੇਗੀ ਜਿਸ ਵਾਸਤੇ ਪਹਿਲਾ ਕਦਮ ਇਹ ਤੁਕਿਆ ਜਾਵੇ ਕਿ ਇਸ ਅੰਦੋਲਨ ਵਿੱਚ ਕਿਸੇ ਵੀ ਤਰਾਂ ਦੇ ਮਜਬੀ ਨਾਹਰਿਆਂ ਤੇ ਭਾਸ਼ਣਾਂ ਦੀ ਪਾਬੰਦੀ ਲਾਈ ਜਾਵੇ । ਇਸ ਦੇ ਨਾਲ ਹੀ ਇਸ ਸੰਘਰਸ਼ ਨੂੰ ਕਿਸੇ ਸਿਆਸੀ ਤੇ ਹੋਰ ਵਿਚਾਧਾਰਕ ਏਜੰਡੇ ਵਾਲਿਆ ਦਾ ਹਾਈਜੈਕ ਹੋਣ ਕੋ ਬਚਾਅ ਕੇ ਨਿਰਾ ਕਿਰਤੀ ਤੇ ਕਿਸਾਨਾਂ ਦਾ ਸੰਘਰਸ਼ ਹੀ ਰੱਖਿਆ ਜਾਵੇ ਤਾਂ ਨਤੀਜਾ ਚੰਗਾ ਮਿਲ ਸਕਦਾ ਹੈ ।