ਪਿਛਲੇ ਦਿਨਾਂ ਵਿੱਚ” ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ ” ਸਿਰਲੇਖ ਹੇਠ ਛਪੇ ਲੇਖ ਨੂੰ ਪੜ੍ਹਣ ਉਪਰੰਤ ਪਾਠਕਾਂ ਦੇ ਬਹੁਤ ਸਾਰੇ ਸੁਨੇਹੇ ਵੱਖਰੇ ਵੱਖਰੇ ਵਿਚਾਰ ਸੁਣਨ ਨੂੰ ਮਿਲੇ। ਜਿਸ ਵਿੱਚ ਵੱਧ ਵਿਚਾਰ ਅਤੇ ਸਵਾਲ ਇਹ ਸੀ ਕਿ ਅੱਜ ਦੇ ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਸਨੇਹ ਪੈਦਾ ਕਿਵੇਂ ਕੀਤਾ ਜਾਵੇ?
ਅੱਜ ਦਾ ਯੁੱਗ ਬਹੁਤ ਅਗਾਂਹ ਵਧੂ ਯੁੱਗ ਹੈ। ਹਰ ਖੇਤਰ ਵਿੱਚ ਤਰੱਕੀ ਹੋ ਰਹੀ ਹੈ ਪ੍ਰੰਤੂ ਅਫ਼ਸੋਸ ਇਹ ਹੈ ਕਿ ਅਸੀਂ ਅਗਾਂਹ ਵਧੂ ਸੋਚ ਦੇ ਗਲਤ ਅਰਥ ਸਮਝ ਬੈਠੇ ਹਾਂ। ਅੱਜ ਸਾਡੇ ਲਈ ਅਗਾਂਹ ਵਧੂ ਸੋਚ ਦੀ ਨਿਸ਼ਾਨੀ ਪਹਿਰਾਵੇ ਵਿੱਚ ਪੱਛਮੀ ਸੱਭਿਅਤਾ ਝਲਕਦੀ ਹੋਵੇ, ਵਾਧੂ ਦੀਆਂ ਕਾਸਮੈਟਿਕ ਵਸਤੂਆਂ ਨਾਲ ਸ਼ਿੰਗਾਰਿਆ ਮੁੱਖ, ਅੰਗਰੇਜ਼ੀ ਭਾਸ਼ਾ ਦੀ ਵਧੇਰੇ ਵਰਤੋ, ਟਿਕਟਾਕ ਤੇ ਹੋਰ ਸ਼ੋਸ਼ਲ ਮੀਡੀਆ ਐਪਸ ਦੇ ਜ਼ਰੀਏ ਬੇਤੁਕੀਆਂ ਗੱਲਾਂ ਉੱਤੇ ਹੱਸਣਾ ਅਤੇ ਵੀਡੀਓ ਬਣਾਉਣਾ ਆਦਿ ਹਨ। ਇਸੇ ਸੋਚ ਦੇ ਚੱਲਦਿਆਂ ਅਸੀਂ ਅਧਿਆਤਮਕ ਪੱਖ ਤੋਂ ਬੁਰੀ ਤਰ੍ਹਾਂ ਖੋਖਲੇ ਹੁੰਦੇ ਜਾ ਰਹੇ ਹਾਂ। ਆਪਣੇ ਇਤਹਾਸ ਤੋਂ ਕੋਹਾਂ ਦੂਰ ਆਈ ਜਾ ਰਹੇ ਹਾਂ ਅਤੇ ਗੁਰਬਾਣੀ ਦੇ ਉਪਦੇਸ਼ ਤੋਂ ਪਾਸਾ ਵੱਟ ਰਹੇ ਹਾਂ। ਜੇਕਰ ਮੈਂ ਗਲਤ ਨਾ ਹੋਵਾਂ ਤਾਂ 100 ਬੱਚੇ ਪਿੱਛੇ ਜੇਕਰ ਅਸੀਂ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੁੜੇ ਬੱਚਿਆਂ ਦੀ ਪਛਾਣ ਕਰਨੀ ਹੋਵੇ ਤਾਂ ਬਹੁਤ ਜੱਦੋ ਜਹਿਦ ਪਿਛੋਂ ਕੇਵਲ 10 ਤੋਂ 15 ਬੱਚੇ ਮਿਲਣਗੇ।