
ਜੰਗਾਂ ਵਿਚ ਪਾਣੀਆਂ ਵਾਂਗ ਖੂੁਨ ਵਹਿੰਦੈ। ਪਰ ਕੀ ਅਗਲੀ ਭਾਰਤ-ਪਾਕਿ ਜੰਗ ਪਾਣੀਆਂ ਲਈ ਹੋਵੇਗੀ? ਜਾਂ ਹੁਣ ਪਾਣੀਆਂ ਲਈ ਖੂਨ ਵਹੇਗਾ?
ਅੱਜ ਕੱਲ਼੍ਹ ਇਹ ਪ੍ਰਸ਼ਨ ਅਤੇ ਇਸ ਦਾ ਸੰਭਾਵੀ ਖਤਰਨਾਕ ਉੱਤਰ ਸਾਨੂੰ ਬਹੁਤ ਸਤਾ ਰਹੇ ਹਨ।
ਸਤੇ ਤਾਂ ਅਸੀਂ 22 ਅਪ੍ਰੈਲ ਤੋਂ ਹੀ ਹਾਂ। ਮਨ ਅਸ਼ਾਂਤ ਹੈ, ਦਿਲ ਬੇਚੈਨ ਅਤੇ ਰੂਹ ਰੰੁਧੀ ਹੋਈ! 26 ਮਾਸੂਮ ਤੇ ਨਿਹੱਥੇ ਭਾਰਤੀ ਨਾਗਰਿਕਾਂ, ਜਿਹਨਾਂ ਵਿਚ ਇਕ ਨਵ-ਵਿਹਾਇਆ ਹਨੀਮੂਨ ਜੋੜਾ ਵੀ ਸੀ, ਨੂੰ ਸਿਰ ਫਿਰੇ ਆਤੰਕਵਾਦੀਆਂ ਨੇ ਪਹਿਲਗਾਮ ਦੇ ਇਕ ਹਰਿਆਵਲੇ ਮੈਦਾਨ, ਬੈਸਰਨ ਵਿਚ ਗੋਲੀਆਂ ਨਾਲ ਭੁੰਨ ਸੁਟਿਆ। ਧਰਮ ਪੁੱਛ ਕੇ ਅਤੇ ਕਲਮਾਂ ਪੜ੍ਹਵਾ ਕੇ, ਪੂਰੀ ਤਰ੍ਹਾਂ ਪਰਖ-ਪੜਤਾਲ ਕਰਨ ਉਪਰੰਤ ਛੁਟੀਆਂ ਮਨਾਉਣ ਗਏ ਪਰਿਵਾਰਾਂ ‘ਚੋਂ ਪੁਰਸ਼ ਸੈਲਾਨੀਆਂ ਦਾ ਉਹਨਾਂ ਦੀਆਂ ਪਤਨੀਆਂ, ਧੀਆਂ-ਪੁੱਤਰਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ।
ਸਾਨੂੰ ਤਾਂ ਕੀ, ਪੂਰੇ ਸੰਸਾਰ ਨੂੰ ਇਕ ਤਸਵੀਰ ਬਹੁਤ ਸਮੇਂ ਤਕ ‘ਹਾਂਟ’ ਕਰਦੀ ਰਹੇਗੀ। ਇਹ ਤਸਵੀਰ ਆਤੰਕਵਾਦ ਦੇ ਵਿਕਰਾਲ ਰੂਪ, ਸਜਰੇ ਜੀਵਨ ਦੀ ਸਵੇਰ ਸ਼ੁਰੂ ਕਰਨ ਦੇ ਸੁਪਨੇ ਦੀ ਸੰਘੀ ਘੁਟਣ ਅਤੇ ਇਕ ਨਵ-ਵਿਆਹੀ ਦੁਲਹਨ ਦੀ ਬੇਬਸੀ ਦੀ ਦਾਸਤਾਂ ਦੀ ਹਿਰਦੇ-ਵਲੂੰਧਰਵੀਂ ‘ਸਿਗਨੇਚਰ ਸਟੇਟਮੈਂਟ’ ਬਣੀ ਰਹੇਗੀ।
ਆਪਾਂ ਸਭ ਨੇ ਦੇਖੀ ਹੈ ਇਹ ਫੋਟੋ। ਦੇਖੀ ਕੀ, ਇਹ ਤਾਂ ਸਾਡੀ ਰੂਹ ਤੀਕ ਧਸੀ ਹੋਈ ਹੈ ਤੇ ਧਸੀ ਰਹੇਗੀ। ਇਸ ਵਿਚ ਇਕ 26 ਸਾਲ ਦੇ ਨੌਜਵਾਨ ਦੂਲ੍ਹੇ ਜਲ ਸੈਨਾ ਦੇ ਲੈਫਟੀਨੈਂਟ ਵਿਨੇ ਨਰਵਾਲ ਦੀ ਲਾਸ਼, ਇਕ ਬਿਖਰੀ ਹੋਈ ਚੂੜਿਆਂ-ਮੜ੍ਹੀ ਕਲਾਈਆਂ ਵਾਲੀ ਅਧਿਆਪਕਾ ਦੁਲਹਨ ਹਿਮਾਂਸ਼ੀ ਅਤੇ ਇਕ ਉਦਾਸ ਬੈਗ ਦਿਖਾਈ ਦੇ ਰਹੇ ਹਨ। ਇਉਂ ਲਗਦੈ ਜਿਵੇਂ ਇਹ ਤਿੰਨੇ ਜਣੇ ਕੋਈ ਸੁੰਨ ਜਿਹਾ ਨਗ ਬਣੀ ਬੈਠੇ ਹੋਣ!
ਭਾਰਤ ਭੜਕ ਪਿਆ ਇਹ ਸਭ ਕੁਝ ਦੇਖ/ਸੁਣ ਕੇ। ਭੜਕਣਾ ਹੀ ਸੀ। ਭਾਰਤ ਕੀ, ਪੂਰਾ ਵਿਸ਼ਵ ਹੀ ਸਕਤੇ ਵਿਚ ਆ ਗਿਆ। ਸਰਹੱਦ ਪਾਰ ਵੀ ਤਾਂ ਧੀਆਂ-ਪੁੱਤਰਾਂ ਵਾਲੇ ਰਹਿੰਦੇ ਹੀ ਹੋਣਗੇ, ਕੁਝ ਕੁ ਤਾਂ ਦਿਲਾਂ ਵਾਲੇ ਵੀ ਹੋਣਗੇ, ਇਹ ਸਭ ਕੁਝ ਉਹਨਾਂ ਨੂੰ ਵੀ ਦੁਖੀ ਕਰਦਾ ਹੋਊ, ਖਾਸ ਕਰਕੇ ਉਪਰੋਕਤ ਚਰਚਿਤ ਫੋਟੋ। ਜੇ ਨਹੀਂ, ਤਾਂ ਫਿਰ ਇਨਸਾਨੀਅਤ ਦੂਸਰੇ ਪਾਰੋਂ ਕਿਧਰੇ ਹੋਰ ਹਿਜਰਤ ਕਰ ਗਈ ਹੈ!
ਵੈਸੇ, ਅਸੀਂ ਜੰਗਾਂ-ਯੁੱਧਾਂ ਦੇ ਵਿਰੁਧ ਹਾਂ। ਬਿਲਕੁਲ ਸ਼ਾਤੀ-ਪਸੰਦ ਬੰਦੇ। ਬਹੁਤੇ ਲੋਕ ਅਮਨ-ਸ਼ਾਤੀ ਨਾਲ ਹੀ ਰਹਿਣਾ ਚਾਹੁੰਦੇ ਹਨ। ਪਰ ਅਜੋਕੀ ਸਥਿੱਤੀ ਵਿਚ ਅਮਨ ਦੀ ਗਲ ਕਰਨੀ ‘ਆ ਬੈਲ ਮੁਝੇ ਮਾਰ’ ਵਰਗੀ ਗਲ ਐ। ਹਵਾਵਾਂ ਵਿਚ ਬਰੂਦ, ਫਿਜ਼ਾਵਾਂ ਵਿਚ ਪਾਣੀ-ਬੰਬ, ਸਰਹੱਦ ਦੇ ਆਰ-ਪਾਰ ‘ਪ੍ਰਮਾਣੂ-ਬੰਬ’ ਦੀਆਂ ਗੱਲਾਂ ਹੋ ਰਹੀਆਂ ਹਨ। ਚਲੋ, ਇਸ ਵਾਰ ਕੱਟਾ-ਕੱਟੀ ਕੱਢ ਹੀ ਲਉ। ਇਕ ਹੋਰ ਜੰਗ ਕਰ ਕੇ ਦੇਖ ਲਉ। ਦੋਵੇਂ ਪਾਸਿਆਂ ਦੇ ‘ਜੰਗਜੂ’ ਲੋਕਾਂ ਦੀ ਮੰਨ ਲਉ। ਹਰ ਵਾਰ ‘ਹਵਾ’ ਜਿਹੀ ਛਡੀ ਜਾਣ ਦਾ ਕੀ ਫਾਇਦੈ?
ਪਰ ਕੀ ਜੰਗ-ਯੁੱਧ ਕਰਨੇ ਐੇਨੇ ਸੌਖੇ ਹਨ? ਆਪਾਂ ਸਿੰਧੂ ਪਾਣੀਆਂ ਦਾ ਸਮਝੌਤਾ ਮੁਅੱਤਲ ਕਰ ਦਿਤਾ ਹੈ, ਉਹਨਾਂ ਆਪਣਾ ਹਵਾਈ ਸਪੇਸ ਸਾਡੇ ਲਈ ਬੰਦ ਕਰ ਦਿਤਾ ਹੈ। ਬਾਕੀ ਕਦਮ ਵੀ ਵਾਰੋ-ਵਾਰੀ ਬਰਾਬਰ ਦੇ ਚੁਕੇ ਜਾ ਰਹੇ ਹਨ। ਅਟਾਰੀ-ਵਾਘਾਹ ਬਾਰਡਰ ਬੰਦ ਕਰਨਾਂ, ਨਾਗਰਿਕਾਂ ਨੂੰ ਤੁਰੰਤ ਇਕ ਦੂਜੇ ਦੇ ਦੇਸ਼ ਛਡਣ ਲਈ ਕਹਿਣਾ, ਵੀਜ਼ੇ ਰਦ ਕਰਨਾ, ਹਾਈ ਕਮਿਸ਼ਨਾਂ ਦਾ ਦਰਜਾ ਘਟਾਉਣਾ ਆਦਿ।
ਭਾਂਵੇਂ ਦੂਸਰੇ ਬੰਨਿਉਂ ਚੁਕੇ ਗਏ ਕਦਮ ‘ਨਾਲੇ ਚੋਰ ਨਾਲੇ ਚਤਰ’ ਵਰਗੇ ਹਨ, ਪਰ ਇਹਨਾਂ ‘ਚੋਂ ਇਕ ਤਾਂ ਫੌਰੀ ਪ੍ਰਭਾਵ ਪਾਉਣ ਵਾਲਾ ਹੈ, ਭਾਵ ਪਾਕਿਸਤਾਨ ਵਲੋਂ ਸਾਡੀਆਂ ਕੌਮਾਂਤਰੀ ਉਡਾਨਾਂ ਲਈ ਆਪਣਾ ਹਵਾਈ ਸਪੇਸ ਬੰਦ ਕਰਨਾਂ। ਇਸ ਨਾਲ ਪੱਛਮ ਵਾਲੇ ਪਾਸੇ ਨੂੰ ਜਾਣ ਵਾਲੀਆਂ ਉਡਾਨਾਂ, ਸਮੇਤ ਸੰਯੁਕਤ ਅਰਬ ਅਮੀਰਾਤ ਤੇ ਹੋਰ ਦੇਸ਼ਾਂ ਦੇ, ਤੁਰੰਤ ਪ੍ਰਭਾਵਤ ਹੋ ਗਈਆਂ ਹਨ।
ਸਥਿੱਤੀ ਐਨੀ ‘ਫਲੂਇਡ'(ਅਨਿਸਚਿਤ) ਹੈ ਕਿ ਇਹ ਲੇਖ ਛਪਣ ਤਕ ਪਤਾ ਨਹੀਂ ਕੀ ਵਾਪਰ ਜਾਣੈ?
ਦੋਵਾਂ ਪਾਸਿਆਂ ਤੋਂ ਬਿਆਨ ਤੇ ਬਿਆਨ ਦਾਗੇ ਜਾ ਰਹੇ ਹਨ। ਪਾਕਿਸਤਾਨ ਨੂੰ ਇਕ ਬੂੰਦ ਵੀ ਪਾਣੀ ਨਹੀਂ ਦਿਤਾ ਜਾਵੇਗਾ। ਦੁਸ਼ਮਣ ਨੂੰ ਤ੍ਰਿਹਾਇਆ-ਪਿਆਸਾ ਤੜਪਾ-ਤੜਪਾ ਕੇ ਮਾਰਿਆ ਜਾਵੇਗਾ, ਉਸ ਦੀ ਖੇਤੀ, ਆਰਥਿਕਤਾ, ਉਦਯੋਗ, ਜੀਵਨ, ਜਾਣੀ ਹਰ ਪੱਖ ਨੂੰ ਸੇਕ ਲਗੇਗਾ। ਉਹ ਰੇਗਿਸਤਾਨ ਬਣ ਜਾਵੇਗਾ। ਓਧਰੋਂ ਪ੍ਰਮਾਣੂ ਬੰਬ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਪਹਿਲਗਾਮ ਦੇ ਕਾਤਲਾਂ ਨੂੰ ਆਜ਼ਾਦੀ ਘੁਲਾਟੀਏ ਕਹਿ ਕੇ ਵਡਿਆਇਆ ਜਾ ਰਿਹੈ। ਓਧਰ ਵੱਖ-ਵੱਖ ਨੇਤਾ ‘ਤਾਲੋਂ ਘੁੱਥੀ ਡੂਮਣੀ ਬੋਲੇ ਆਲ ਪਾਤਾਲ’ ਵਾਂਗ ਆਪੋ ਆਪਣੀ ਡਫਲੀ ਵਜਾ ਰਹੇ ਹਨ।
ਪਰ ਸਿੰਧੂ ਪਾਣੀਆਂ ਦਾ ਸਮਝੌਤਾ/ਸੰਧੀ ਕੋਈ ਟਿਯੂਬਵੈਲ ਬੰਦ ਕਰਨ ਬਰਾਬਰ ਤਾਂ ਹੈ ਨਈਂ ਕਿ ਬਟਨ ਦਬਾਇਆ ਤਾਂ ਬੰਦ ਹੋ ਗਿਆ, ਫਿਰ ਦਬਾਇਆ ਤਾਂ ਚਲ ਪਿਆ। 1960 ਵਿਚ ਕੀਤਾ ਗਈ ਇਹ ਸੰਧੀ ਅਣਵੰਡੇ ਭਾਰਤ ਦੇ 6 ਦਰਿਆਵਾਂ ਨਾਲ ਸਬੰਧਤ ਹੈ। ਇਹਨਾਂ ਚੋਂ 3 ਪੂਰਬੀ ਦਰਿਆ ਹਨ-ਸਤਲੁਜ, ਰਾਵੀ, ਬਿਆਸ ਅਤੇ 3 ਪੱਛਮੀ ਦਰਿਆ ਹਨ-ਜੇਹਲਮ, ਝਨਾਅ (ਚਨਾਬ) ਅਤੇ ਸਿੰਧ। ਹੈ ਤਾਂ ਇਹ ਉਲਾਰ ਜਿਹਾ, ਕਿਉਂਕਿ ਕਰੀਬ 80% ਪਾਣੀ ਦਾ ਹਿਸਾ ਪਾਕਿਸਤਾਨ ਨੂੰ ਦਿਤਾ ਗਿਐ ਤੇ ਸਾਨੂੰ ਸਿਰਫ 20 ਫੀਸਦੀ।
ਪਰ ਦਰਿਆਵਾਂ ਦੇ ਵਹਿਣ ਤੁਰੰਤ ਤਾਂ ਰੋਕੇ ਨਹੀਂ ਜਾ ਸਕਦੇ। ਅਰਬਾਂ ਕਰੋੜ ਰੁਪਿਆ ਚਾਹੀਦੈ ਵਹਿਣ ਮੋੜਨ ਲਈ, ਪਹਾੜਾਂ ਵਰਗੇ ਬੰਨ੍ਹ ਬੰਨਣ ‘ਤੇ ਪਾਣੀ ਸਾਂਭਣ ਲਈ। ਚਲੋ, ਭਾਰਤ ਦੀ ਅਰਥ-ਵਿਵਸਥਾ ਸਿਹਤਮੰਦ ਹੈ, ਪੈਸਾ ਖਰਚ ਲਿਆ ਜਾਵੇਗਾ, ਵੈਸੇ ਵੀ ਜਿਥੇ ਸਵਾਲ ਸਵੈਮਾਣ, ਸੁਰੱਖਿਆ ਅਤੇ ਪ੍ਰਭੂਸੱਤਾ ਦਾ ਹੋਵੇ, ਓਥੇ ਪੈਸੇ ਨਹੀਂ ਦੇਖੀਦੇ ਪਰ ਬੰਨ੍ਹ ਬੰਨ੍ਹਕੇ ਪਾਣੀ ਸੰਭਾਲਣਾ ਕਿਵੇਂ ਹੈ? ਇਹ ਸਟੋਰ ਕੀਤੇ ਜਾਣ ਵਾਲੀ ਵਸਤ ਤਾਂ ਹੈ ਨਹੀਂ। ਬਰਸਾਤਾਂ ਵਿਚ ਸਾਡੇ ਇਧਰਲੇ ਦਰਿਆਵਾਂ ਵਿਚ ਜਦ ਪਾਣੀ ਚੜ੍ਹਦੈ ਜਾਂ ਹੜ੍ਹ ਆਉਂਦੇ ਹਨ ਤਾਂ ਸਾਨੂੰ ਪੁੱਛ ਕੇ ਤਾਂ ਪਾਣੀ ਸਰਹੱਦੋਂ ਪਾਰ ਨਹੀਂ ਜਾਂਦਾ। ਭਲਾ ਹੜ੍ਹਾਂ ਨੂੰ ਜਾਂ ਪਾਣੀ ਨੂੰ ਕਿਹੜਾ ਕਿਸੇ ਵੀਜ਼ੇ ਦੀ ਲੋੜ ਹੁੰਦੀ ਹੈ? ਜਾਂ ਕਿਸੇ ਸਰਹੱਦ ਦਾ ਸਹਿਮ ਹੁੰਦੈ? ਬਰਸਾਤ ਆਉਣ ਵਾਲੀ ਹੈ, ਕੀ ਅਸੀਂ ਉਦੋਂ ਤੀਕ ਇਹਨਾਂ ਦਰਿਆਵਾਂ ਦੇ ਪਾਣੀਆਂ ਨੂੰ ਬੰਨ੍ਹ ਮਾਰ ਲਵਾਂਗੇ? ਵੈਸੇ ਜੇ ਮੁਹਾਣ ਮੋੜੇ ਜਾ ਸਕਣ ਤਾਂ ਪੰਜਾਬ, ਹਰਿਆਣਾ, ਰਾਜਸਥਾਨ ਦੀ ਚੁਰਾਸੀ ਕਟੀ ਜਾਵੇਗੀ। ਇਹਨਾਂ ਪ੍ਰਾਂਤਾਂ, ਖਾਸ ਕਰਕੇ ਦੂਜੇ ਦੋ ਪ੍ਰਾਂਤਾਂ, ਦਾ ਪਾਣੀ ਦੇ ਸੰਕਟ ਦਾ ਹਲ ਹੋ ਜਾਵੇਗਾ। ਸੋਨੇ ਤੇ ਸੁਹਾਗੇ ਵਾਂਗ, ਪੰਜਾਬ ਨਾਲ ਹਰਿਆਣੇ ਦੀ ਪਾਣੀ ਬਾਰੇ ਸਤਲੁਜ-ਯਮੁਨਾ ਸੰਪਰਕ ਨਹਿਰ ਨਾਲ ਸਬੰਧਤ ਘਿਚ-ਘਿਚ ਵੀ ਮੁਕ ਜਾਵੇਗੀ (ਉਂਝ ਇਹ ਘਿਚ-ਘਿਚ ਸਾਡੇ ਦੇਸ਼ ‘ਚ ਕਾਵੇਰੀ ਨਦੀ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਦੱਖਣ ਦੇ ਰਾਜਾਂ ਕਰਨਾਟਕਾ ਅਤੇ ਤਾਮਿਲਨਾਡੂ ਵਿਚ ਵੀ ਹੁੰਦੀ ਹੀ ਰਹਿੰਦੀ ਹੈ)।
ਓਧਰੋਂ ਪਹਿਲਾਂ ਹੀ ਕਿਹਾ ਜਾ ਚੁਕੈ ਕਿ ਸਿੰਧੂ ਪਾਣੀਆਂ ਦੀ ਸੰਧੀ ਰੱਦ ਕਰਨ ਨੂੰ ਜੰਗ ਸਮਝਿਆ ਜਾਵੇਗਾ। ਜਿਸ ਦਾ ਮਤਲਬ ਸਾਫ ਹੈ ਕਿ ਇਸ ਮੁਅੱਤਲੀ ਨੂੰ ਕੌਮਾਂਤਰੀ ਅਦਾਲਤ ਵਿਚ ਜਾਂ ਇਸ ਸਮਝੌਤੇ ਦੀ ਸਾਲਸ ਵਿਸ਼ਵ ਬੈਂਕ ਵਿਚ ਉਠਾਇਆ ਜਾਵੇਗਾ ਤੇ ਜੇ ਗੱਲ ਨਾ ਬਣੀ ਤਾਂ ਜੰਗ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ।
ਸਵਾਲ ਦੁਹਰਾਉਂਦੇ ਹਾਂ-ਕੀ ਜੰਗ ਕਰਨੀ ਅੇੈਨੀ ਸੌਖੀ ਹੈ? ਚੀਨ ਪ੍ਰਤੱਖ ਤੌਰ ‘ਤੇ ਪਾਕਿਸਤਾਨ ਨਾਲ ਖੜੈ। ਚੀਨ ਦੇ ਰਾਸ਼ਟਰਪਤੀ ਜ਼ੀ. ਜਿੰਨਪਿੰਗ ਨੇ ਤਾਂ ਪਹਿਲਗਾਮ ਦੇ ਕਤਲੇਆਮ ਦੀ ਨਿੰਦਾ ਤੱਕ ਨਹੀਂ ਕੀਤੀ, ਫਿਰ ਉਹ ਆਪਣੇ ਮਿੱਤਰ ਦੇਸ਼ ਦੀ ਸਹਾਇਤਾ ਕਿਉਂ ਨਹੀਂ ਕਰੇਗਾ। ਬ੍ਰਹਮਪੁਤਰ ਅਤੇ ਸਤਲੁਜ ਦਰਿਆਵਾਂ ਸਣੇ ਸਾਡੇ ਵੀ ਕਈ ਦਰਿਆ ਚੀਨ ਵਾਲੇ ਪਾਸਿਉਂ ਆਉਂਦੇ ਹਨ। ਜੇ ਅਸੀਂ ਇਧਰ ਜਲ-ਬੰਬ ਚਲਾਂਵਾਂਗੇ ਤਾਂ ਓਧਰ ਵੀ ਕੁਝ ਹੋ ਸਕਦੈ/ਜਾਂ ਚੀਨ ਕੁਝ ਕਰ ਸਕਦੈ।
ਪਾਣੀ ਦਾ ਹਥਿਆਰ ਪਾਣੀ ਸੰਭਾਲ ਕੇ ਅਤੇ ਫਿਰ ਛਡ ਕੇ ਵੀ ਕੀਤਾ ਜਾ ਸਕਦੈ, ਜਿਸ ਦੇ ਸਿਟੇ ਵਜੋਂ ਸਰਹੱਦ ਦੇ ਪਾਰ ‘ਡੋਬੂ-ਡੋਬੂ’ ਦੀ ਸਥਿਤੀ ਪੈਦਾ ਹੋ ਸਕਦੀ ਹੈ। ਪਰ ਓਹੀ ‘ਢਾਕ ਕੇ ਤੀਨ ਪਾਤ’ ਵਾਂਗ ਅਜਿਹਾ ਹੀ ਪੰਗਾ ਤਾਂ ਚੀਨ ਵਲੋਂ ਪਾਏ ਜਾਣ ਦਾ ਖਦਸ਼ਾ ਹੈ।
ਅਸੀਂ ਆਪਣੇ ਦੇਸ਼ ਦੀ ਫੌਜੀ ਸ਼ਕਤੀ ਘਟ ਨਹੀਂ ਆਂਕ ਰਹੇ। ਸਾਡੀ ਫੌਜ ਪੂਰੀ ਸਮਰੱਥ ਹੈ। ਪਰ ਅਸੀਂ ਧਰਤ-ਹਕੀਕੀ ਦੇਖ ਰਹੇ ਹਾਂ। ਯੁੂਕਰੇਨ-ਰੂਸ ਜੰਗ ਵਿਚ ਛੋਟਾ ਜਿਹਾ ਦੇਸ਼ ਯੁੂਕਰੇਨ ਹੋਰਨਾਂ ਦੇਸ਼ਾਂ, ਸਮੇਤ ਅਮਰੀਕਾ, ਦੀ ਸਹਾਇਤਾ ਨਾਲ ਇਸ ਜੰਗ ਨੂੰ 3 ਸਾਲ ਤੋਂ ਵਧ ਸਮੇਂ ਤੋਂ ਲੜਦਾ ਆ ਰਿਹੈ ਤੇ ਰੂਸ ਵਰਗੀ ਮਹਾਂ-ਸ਼ਕਤੀ ਦਾ ਮੁਕਾਬਲਾ ਕਰਦਾ ਆ ਰਿਹੈ।
ਜੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚ ਯੁੱਧ ਛਿੜਦੈ (ਰੱਬ ਖੈਰ ਕਰੇ!) ਤਾਂ ਚੀਨ ਤਾਂ ਪਾਕਿਸਤਾਨ ਨਾਲ ਖੜ੍ਹੇਗਾ ਹੀ, ਸਾਡੀ ਸਹਾਇਤਾ ਨਾਲ ਬਣਿਆਂ ਬੰਗਲਾਦੇਸ਼ ਵੀ ਹੁਣ ਉਸ ਦੀ ਹਮਾਇਤ ਕਰੇਗਾ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਬੇਸ਼ਕ ਮੋਦੀ ਜੀ ਦਾ ‘ਦੋਸਤ’ ਹੈ ਪਰ ਉਸ ਬਾਰੇ ਪੱਕਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਉਸ ਦਾ ਪੈਂਤੜਾ ਕੀ ਹੋਵੇਗਾ।
ਐੇਸ ਵੇਲੇ ਦੋਵੇਂ ਪਾਸੇ ਪ੍ਰਚੰਡ ‘ਪੋਸਚਰਿੰਗ’(ਪੈਂਤੜੇਬਾਜ਼ੀ) ਚਲ ਰਹੀ ਹੈ। ਭਾਰਤ ਨੂੰ 26 ਸੈਲਾਨੀਆਂ ਦੇ ਬੇਰਹਿਮ ਕਤਲ ਅਤੇ ਲੋਕਾਂ ਵਿਚਲੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੁਝ ਨਾ ਕੁਝ ਤਾਂ ਜ਼ਰੂਰ ਕਰਨਾਂ ਪਵੇਗਾ। ‘ਸਰਜੀਕਲ ਸਟਰਾਈਕ’ ਤੋਂ ਵੀ ਵਧੇਰੇ ਵਧ ਕਦਮ ਚੁਕਣੇ ਪੈਣਗੇ।
ਸਾਨੂੰ ਇਕ ਗੱਲ ਸਮਝ ਨਹੀਂ ਆਈ ਕਿ ਪਾਕਿਸਤਾਨ ਕਸ਼ਮੀਰ ਨੂੰ ਆਪਣੀ ‘ਸ਼ਾਹਰਗ’ ਕਹਿੰਦੈ (ਭਾਂਵੇਂ ਇਹ ਸੌ ਫੀਸਦੀ ਗਲਤ ਹੈ)। ਅਜੇ ਕੁਝ ਦਿਨ ਪਹਿਲਾਂ ਹੀ ਉਥੋਂ ਦਾ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਦੋ-ਕੌਮੀ ਥਿਊਰੀ ਨੂੰ ਮੁੜ ਚੇਤੇ ਕਰਵਾਉਂਦਾ ਹੋਇਆ, ਪਾਕਿਸਤਾਨ ਦੇ ਬਹੁਤ ਹੀ ਬੇਹਤਰ ਦੇਸ਼ ਹੋਣ ਦੇ ਦਾਅਵੇ ਨਾਲ ਸਾਡੇ ਦੇਸ਼ ਵਿਰੁਧ ਜ਼ਹਿਰ ਉਗਲ ਕੇ ਹਟਿਆ ਹੈ। ਵਈ ਜੇ ਮੰਨ ਲਉ ਕਿ ਕਸ਼ਮੀਰ ਤੁਹਾਡੀ ‘ਸ਼ਾਹਰਗ’ ਹੈ ਤਾਂ ਫਿਰ ਕਸ਼ਮੀਰੀਆਂ ਦੀ ਰੋਟੀ ਰੋਜ਼ੀ ਖੋਹ ਕੇ ਇਸ ਸ਼ਾਹਰਗ ਨੂੰ ਕਟਦੇ ਕਿਉਂ ਹੋ? ਉਹਨਾਂ ਦੇ ਪੇਟ ‘ਤੇ ਲੱਤ ਕਿਉਂ ਮਾਰਦੇ ਹੋ? ਕਸ਼ਮੀਰੀ ਲੋਕਾਂ ਦਾ ਜੀਵਨ-ਨਿਰਵਾਹ ਟੂਰਿਜ਼ਮ ਉਪਰ ਟਿਕਿਐ ਪਰ ਕਸ਼ਮੀਰੀਆਂ ਦੀ ਇਸ ‘ਲਾਈਫਲਾਈਨ’ ਨੂੰ ਸੈਲਾਨੀਆਂ ਦੀ ਭਰਪੂਰ ਭੀੜ ਵਾਲੇ ਸੀਜ਼ਨ ਵਿਚ ਖਲਲ ਪਾ ਕੇ ਕਿਸ ਦਾ ਭਲਾ ਕਰ ਰਹੇ ਹੋ? ਸੱਚੀ ਗੱਲ ਤਾਂ ਇਹ ਹੈ ਕਿ ਨਾ ਪਾਕਿਸਤਾਨ, ਨਾ ਆਤੰਕਵਾਦੀ ਕਸ਼ਮੀਰੀਆਂ ਦੇ ਹਮਦਰਦ ਹਨ, ਭਾਰਤ, ਜਿਸ ਦਾ ਕਸ਼ਮੀਰ ਅਨਿੱਖੜਵਾਂ ਅੰਗ ਹੈ, ਹੀ ਆਪਣੇ ਇਸ ਅੰਗ ਦੇ ਦਰਦ ਦਾ ਦਰਦੀ ਹੈ!
ਇਕ ਗੱਲ ਸਾਨੂੰ ਹੋਰ ਨਹੀਂ ਸਮਝ ਆਉਂਦੀ। ਜਦੋਂ ਵੀ ਕੋਈ ਅਮਰੀਕੀ ਆਗੂ ਸਾਡੇ ਦੇਸ਼ ਵਿਚ ਆਉਂਦੈ, ਉਦੋਂ ਹੀ ਆਤੰਕਵਾਦੀ ਕੋਈ ਵਡਾ ਕਾਂਡ ਕਰ ਦਿੰਦੇ ਹਨ। ਚਾਹੇ ਰਾਸ਼ਟਰਪਤੀ ਬਿਲ ਕਲਿੰਟਨ ਦੇ ਦੌਰੇ ਸਮੇਂ ਚਿਟੀ ਛੱਤੀਸਿੰਗਪੁਰਾ ਵਿਚ 20 ਮਾਰਚ, 2000 ਨੂੰ 35 ਸਿੱਖ ਨਾਗਰਿਕਾਂ ਦਾ ਕਤਲੇਆਮ ਹੋਵੇ ਜਾਂ ਹੁਣ ਉੱਪ-ਰਾਸ਼ਟਰਪਤੀ ਜੇ.ਡੀ.ਵੇਂਸ ਦੇ ਦੌਰੇ ਸਮੇਂ 22 ਅਪ੍ਰੈਲ, 2025 ਨੂੰ 26 ਹਿੰਦੂ ਨਾਗਰਿਕਾਂ ਦਾ ਕਤਲੇਆਮ ਹੋਵੇ।
ਸ਼ਾਇਦ ਸਰਹੱਦੋਂ ਪਾਰ ਦੀ ਪੁਸ਼ਤਪਨਾਹੀ ‘ਚ ਪਨਪਦੇ ਆਤੰਕਵਾਦੀ ਜਾਂ ਉਹਨਾਂ ਦੇ ਸਿਆਸੀ/ਫੌਜੀ ਆਕਾ ਅਮਰੀਕਾ ਨੂੰ ਇਹ ਦਰਸਾਉਣਾ ਚਾਹੁੰਦੇ ਹੋਣ ਕਿ ਕਸ਼ਮੀਰ ਵਿਚ ਹਾਲਾਤ ‘ਕਾਬੂ’ ‘ਚ ਨਹੀਂ ਹਨ।
ਇਕ ਗੱਲ ਹੋਰ ਕਰਨੀ ਹੈ। ਉਹ ਹੈ ਦਿਹਾੜੀਦਾਰ ਘੋੜੇਵਾਲੇ ਆਦਿਲ ਹੁਸੈਨ ਸ਼ਾਹ ਦੀ ਬਹਾਦਰੀ ਦੀ। 9 ਜੀਆਂ ਦੇ ਗਰੀਬ ਪਰਿਵਾਰ ਦੇ ਇਕਲੌਤੇ ਕਮਾਉੂ ਪੁੱਤਰ ਆਦਿਲ ਨੇ ਸੈਲਾਨੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿਤੀ।
ਪਹਿਲਗਾਮ ਕਤਲੇਆਮ ਵਿਰੁਧ ਪੂਰਾ ਕਸ਼ਮੀਰ ਖੜਾ ਹੋਇਆ। ਸਾਬਕਾ ਮੁੱਖ-ਮੰਤਰੀ ਮਹਿਬੂਬਾ ਮੁਫਤੀ ਸਮੇਤ ਉਹ ਲੋਕ ਵੀ ਜੰਮੂ ਕਸ਼ਮੀਰ ਦੇ ਬੰਦ ਵਿਚ ਸ਼ਾਮਿਲ ਹੋੲੋ ਜੋ ਪਹਿਲਾਂ ਕਦੀ ਨਹੀਂ ਸਨ ਹੁੰਦੇ। ਅਜਿਹਾ ਸਰਬ-ਵਿਆਪੀ ਬੰਦ ਪਿਛਲੇ 4 ਦਹਾਕਿਆਂ ਵਿਚ ਪਹਿਲੀ ਵਾਰ ਹੋਇਐ। ਇਹ ਵਰਤਾਰਾ ਭਾਰਤ ਦੇ ਦੁਖ-ਦਰਦ ਵੇਲੇ ਬੱਦਲਾਂ ਉਹਲਿਉਂ ਸੂਰਜ ਦੀ ਚਮਕਦੀ ਕਿਰਨ ਵਾਂਗ ਹੈ। ਆਪਾਂ ਪਹਿਲਾਂ ਭਾਰਤੀ ਹਾਂ, ਬਾਅਦ ਵਿਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ, ਪਾਰਸੀ, ਜੈਨੀ, ਅਨੁਸੂਚਿਤ/ਜਨਜਾਤੀਆਂ ਜਾਂ ਹੋਰ ਫਿਰਕਿਆਂ/ਖਿੱਤਿਆਂ ਨਾਲ ਸਬੰਧਤ ਲੋਕ।
ਐੇਸ ਵੇਲੇ ਦੋਵਾਂ ਦੇਸ਼ਾਂ ਉਪਰ ਜੰਗ ਦੇ ਬੱਦਲ ਮੰਡਰਾ ਰਹੇ ਹਨ। ਅੰਤਰ-ਰਾਸ਼ਟਰੀ ਪੱਧਰ ‘ਤੇ ਇਸ ਜੰਗ ਦੀ ਸੰਭਾਵਨਾਂ ਬਣਨ ਤੋਂ ਰੋਕਣ ਦੇ ਉਪਰਾਲੇ ਹੋਣੇ ਚਾਹੀਦੇ ਹਨ। ਇਸਰਾਈਲ-ਹਮਾਸ-ਫਲਸਤੀਨ ਜੰਗ, ਯੁੂਕਰੇਨ-ਰੂਸ ਯੁੱਧ ਪਹਿਲਾਂ ਹੀ ਹੋ ਰਹੇ ਐ ਅਤੇ ਕਈ ਹੋਰ ਦੇਸ਼ਾਂ ਦਰਮਿਆਨ ਵੀ ਬੜੀ ਖਟਾਸ ਹੈ। ਭਾਰਤ-ਪਾਕਿਸਤਾਨ ਦੇ ਰਿਸ਼ਤੇ ਬੜੀ ਦੇਰ ਤੋਂ ਕੁੜੱਤਣ ਭਰੇ ਹਨ, ਪਰ ਅੇੈਸ ਵੇਲੇ ਇਹ ਕੁੜੱਤਣ ਚਰਮਸੀਮਾ ‘ਤੇ ਹੈ।
ਮੌਲਾ ਮਿਹਰ ਕਰੇ!
ਉਰਦੂ ਦੇ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀ ਜੰਗ ਵਿਰੁਧ ਬਹੁਤ ਹੀ ਖੁਬਸੂਰਤ ਰਚਨਾਂ ਹੈ। ਇਸ ਦੇ ਕੁਝ ਅੰਸ਼ ਪੇਸ਼ ਕਰਕੇ ਗੱਲ ਮੁਕਾਉਂਦੇ ਹਾਂ-
“ਖੂੁਨ ਅਪਨਾ ਹੋ ਯਾ ਪਰਾਇਆ ਹੋ
ਨਸਲ-ਏ-ਆਦਮ ਕਾ ਖੁੂਨ ਹੈ ਆਖਿਰ
ਜੰਗ ਮਸ਼ਰਿਕ ਮੇਂ ਹੋ ਕਿ ਮਗਰਿਬ ਮੇਂ
ਅਮਨ-ਏ-ਆਲਮ ਕਾ ਖੂੁਨ ਹੈ ਆਖਿਰ…
ਜੰਗ ਤੋ ਖੁਦ ਹੀ ਏਕ ਮਸਲਾ ਹੈ
ਜੰਗ ਕਯਾ ਮਸਲੋਂ ਕਾ ਹਲ ਦੇਗੀ
ਆਗ ਅੋਰ ਖੂੁਨ ਆਜ ਬਖਸ਼ੇਗੀ
ਭੂੁਕ ਅੋਰ ਇਹਤਿਯਾਜ ਕਲ ਦੇਗੀ
ਇਸ ਲੀਏ ਐ ਸ਼ਰੀਫ ਇਨਸਾਨੋਂ
ਜੰਗ ਟਲਤੀ ਰਹੇ ਤੋ ਬੇਹਤਰ ਹੈ
ਆਪ ਅੋਰ ਹਮ ਸਭੀ ਕੇ ਆਗਨ ਮੇਂ
ਸ਼ਮਾ ਜਲਤੀ ਰਹੇ ਤੋ ਬੇਹਤਰ ਹੈ”।