Articles

ਕੀ ਅਸੀਂ ਇਮਾਨਦਾਰ ਹਾਂ ?

ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਅੱਜਕੱਲ੍ਹ ਹਰ ਪਾਸੇ ਵੱਡਾ ਸ਼ੋਰ ਏ, ਹਰ ਕੋਈ ਕਹਿ ਰਿਹਾ ਏ ਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ, ਹੋਰ ਸਰਕਾਰੀ ਮੁਲਾਜ਼ਮ, ਸਭ ਭ੍ਰਿਸ਼ਟਾਚਾਰੀ ਨੇਂ ਤੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਸਾਡੇ ਵਿੱਚੋਂ ਜਿਆਦਾਤਰ ਲਈ ਠੀਕ ਵੀ ਜਾਪਦੀ ਏ । ਭ੍ਰਿਸ਼ਟਾਚਾਰ ਦਾ ਅਰਥ ਏ, ਕਿਸੇ ਵੀ ਤਰਾਂ ਦਾ ਅਨੈਤਿਕ ਜਾਂ ਅਨੁਚਿਤ ਆਚਰਣ, ਤਾਂ ਫੇਰ ਇਸ ਸਭ ਦੇ ਵਿਚਾਲੇ, ਸਾਡੇ ਸਭ ਲਈ ਵੀ ਇਕ ਬਹੁਤ ਈ ਵੱਡਾ ਸਵਾਲ ਪੈਦਾ ਹੋ ਜਾਂਦਾ ਏ, ਜਿਸਦਾ ਜਵਾਬ ਮਿਲਣਾ ਬੇਹੱਦ ਜਰੂਰੀ ਏ, ਉਹ ਅਹਿਮ ਸਵਾਲ ਏ ਕਿ, ਕੀ ਅਸੀਂ ਸਾਰੇ ਇਮਾਨਦਾਰ ਹਾਂ, ਕੀ ਅਸੀਂ ਭ੍ਰਿਸ਼ਟ ਨਹੀਂ ਹਾਂ ? ਪਿਛਲੇ ਮਹੀਨੇ ਈ ਇੱਕ ਵਿਦਿਆਰਥੀ ਬੱਚੇ ਦਾ ਪਿਤਾ ਉਸ ਨੂੰ ਸਕੂਲ ‘ਚ ਮੇਰੇ ਕੋਲ ਲੈ ਕੇ ਆਇਆ ਤੇ ਮੈਨੂੰ ਕਹਿੰਦਾ “ਮਾਸਟਰ ਜੀ, ਇਹਦੇ ਦੋ ਲਾਓ, ਕੰਨਾਂ ਹੇਠ, ਮੇਰੀ ਤਾਂ ਮੰਨਦਾ ਨਹੀਂ ਜੇ, ਇਹ ਨਹਿਰ ‘ਚ ਨਹਾਉਂਦਾ ਏ”। ਮੈਂ ਸੋਚਾਂ ‘ਚ ਪੈ ਗਿਆ ਤੇ ਫੇਰ ਬੱਚੇ ਨੂੰ ਚੁੱਪਚਾਪ ਕਲਾਸ ਵਿੱਚ ਭੇਜ ਦਿੱਤਾ। “ਮਾਸਟਰ ਜੀ, ਥੋੜਾ ਝਿੜਕ ਤਾਂ ਦਿੰਦੇ” ਬੱਚੇ ਦੇ ਪਿਤਾ ਨੇ ਕਿਹਾ ਤਾਂ ਮੈਂ ਜਵਾਬ ਦਿੱਤਾ, “ਮਾਫ ਕਰਨਾ ਜੀ, ਮੈਂ ਤਾਂ ਆਪ ਵੀ ਹਜੇ ਨਹਿਰ ‘ਚ ਨਹਾਉਂਦਾ ਹਾਂ, ਜਦੋਂ ਮੈਂ ਆਪ ਛੱਡਾਂਗਾ ਤਾਂ ਹੀ ਮੈਂ ਬੱਚੇ ਨੂੰ ਰੋਕ ਸਕਾਂਗਾ”।

ਕੋਈ ਵੀ ਸਿਆਸਤਦਾਨ, ਸਰਕਾਰੀ ਅਧਿਕਾਰੀ ਜਾਂ ਉਦਯੋਗਪਤੀ, ਸਿੱਧਾ ਅਸਮਾਨ ਤੋਂ ਨਹੀਂ ਡਿੱਗਦਾ। ਉਹ ਸਾਡੇ ਆਮ ਘਰਾਂ ਵਿੱਚ ਜਨਮ ਲੈ ਕੇ , ਆਮ ਮਾਹੌਲ ਚ ਈ ਵੱਡੇ ਹੁੰਦੇ ਹਨ। ਉਹ ਵੀ ਇਸੇ ਸਮਾਜ ਦਾ ਹੀ ਹਿੱਸਾ ਹਨ, ਜਿਸ ਸਮਾਜ ਦੀ ਵਿਡੰਬਨਾ ਇਹ ਹੈ ਕਿ ਸਾਨੂੰ ਆਪਣੇ ਘਰਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਹਮੇਸ਼ਾ ਈ, ਇਹੋ ਸਿੱਖਿਆ ਦਿੱਤੀ ਜਾਂਦੀ ਏ ਜਾਂ ਪ੍ਰੇਰਿਤ ਕੀਤਾ ਜਾਂਦਾ ਏ ਕਿ ਸਰਕਾਰੀ ਚੀਜ਼ ਕਿਸੇ ਵੀ ਤਰੀਕੇ ਨਾਲ ਪ੍ਰਾਪਤ ਕਰਨਾ ਜਾਂ ਉਸਨੂੰ ਨਿੱਜੀ ਹਿੱਤ ‘ਚ ਵਰਤਣਾ ਅਨੈਤਿਕ ਨਹੀਂ ਏ, ਸਗੋਂ ਉਹ ਸਾਡੀ ਪ੍ਰਾਪਤੀ ਏ । ਜਦੋਂ ਅਸੀਂ ਅਜਿਹੇ ਸੰਸਕਾਰਾਂ ਦੇ ਵਾਰਸ ਹੁੰਦੇ ਹਾਂ ਤਾਂ ਭ੍ਰਿਸ਼ਟਾਚਾਰ ਦਾ ਮੌਕਾ ਮਿਲਦੇ ਹੀ, ਇਹੀ ਸੋੜੀ ਮਾਨਸਿਕਤਾ, ਸਾਡੇ ਤੇ ਭਾਰੂ ਹੋ ਜਾਂਦੀ ਹੈ। ਛੋਟੇ-ਛੋਟੇ ਬੱਚੇ ਜਦੋਂ, ਨਿੱਤਨੇਮ ਕਰਨ ਵਾਲੇ ਆਪਣੇ ਬਜ਼ੁਰਗ ਦਾਦਾ ਜੀ ਨੂੰ ਜਦੋਂ ਬਿਜਲੀ ਦੀ ਕੁੰਡੀ ਨਿੱਤ ਲਾਉਂਦੇ ਵੇਖਦੇ ਨੇ,  ਉਹੀ ਬੱਚੇ ਨਕਲ ਕਰਵਾਉਣ ਲਈ ਮਾਪਿਆਂ ਨੂੰ ਤੇ ਆਪਣੇ ਹੀ ਆਦਰਸ਼ ਅਧਿਆਪਕਾਂ ਨੂੰ ਸੁਪਰਡੈਂਟ ਦੀਆਂ ਲੇਲੜੀਆਂ ਕੱਢਦੇ ਵੇਖਦੇ ਨੇਂ ਤਾਂ ਵੱਡੇ ਹੋ ਕੇ ਉਹਨਾਂ ਬੱਚਿਆਂ ‘ਚੋਂ ਪਾਕ ਸਾਫ, ਨਿਗੱਰ ਸ਼ਖਸੀਅਤ ਦ ਨਿਰਮਾਣ ਹੋਣਾ ਕਿਵੇਂ ਮੁਮਕਿਨ ਏ।
ਸਾਡੇ ਦੇਸ਼ ਵਿੱਚ ਵੀ ਇਮਾਨਦਾਰ ਲੋਕਾਂ ਦੀ ਕੋਈ ਕਮੀ ਨਹੀਂ ਹੈ, ਪਰ ਅਸਲ ਇਮਾਨਦਾਰ ਤਾਂ ਸਿਰਫ ਉਹ ਹਨ, ਜਿੰਨ੍ਹਾਂ ਨੂੰ ਭ੍ਰਿਸ਼ਟਾਚਾਰ ਦਾ ਮੌਕਾ ਮਿਲਦਾ ਹੈ ਪਰ ਫੇਰ ਵੀ ਉਹ ਨੈਤਿਕਤਾ ‘ਤੇ ਕਾਇਮ ਰਹਿੰਦੇ ਨੇਂ। ਸਾਡੇ ਦੇਸ਼ ਦੇ ਵੱਡੇ ਲੀਡਰ, ਅਫਸਰਸ਼ਾਹ, ਸਰਕਾਰੀ ਅਧਿਕਾਰੀ ਵੱਡੇ ਘੋਟਾਲੇ ਕਰਦੇ ਨੇਂ ਪਰ ਕੀ ਆਪਾਂ ਘੱਟ ਗੁਜਾਰਦੇ ਆਂ ?  ਆਪਣੇ ਵਿਚੋਂ ਇਮਾਨਦਾਰ ਕਹਾਉਣ ਵਾਲੇ ਜਿਆਦਾਤਰ ਸਾਥੀਆਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਆਪਾਂ ਬਿਜਲੀ ਚੋਰੀ ਕਰਦੇ ਹਾਂ, ਘਰ ਭਾਵੇਂ ਸਾਡਾ ਦੋ ਕਨਾਲ ‘ਚ ਹੋਵੇ ਪਰ ਗਲੀ ਵਿੱਚ ਕਬਜਾ ਕਰਨ ਲਈ ਅਸੀਂ ਥੜਾ ਪੂਰਾ ਵਧਾ ਕੇ ਗਲੀ ਦੇ ਵਿੱਚ ਨਜਾਇਜ਼ ਕਬਜ਼ਾ ਕਰਦੇ ਹਾਂ, ਇੱਥੋਂ ਤੱਕ ਕੇ ਦਰਵਾਜ਼ਾ ਵੀ ਗਲੀ ‘ਚ ਖੁੱਲਣ ਵਾਲਾ ਈ ਬਣਵਾਉਂਦੇ ਹਾਂ, ਪਾਣੀ ਦੇ ਕੁਨੈਕਸ਼ਨ ਨੂੰ ਮਿਆਰੀ ਪੈਮਾਨੇ ਤੋਂ ਵੱਡਾ ਰੱਖਦੇ ਹਾਂ ਤੇ ਫੇਰ ਅਮ੍ਰਿਤਰੂਪੀ ਪੀਣ ਵਾਲਾ ਪਾਣੀ ਫਲਸ਼ਾਂ ਚ ਛੱਡਦੇ ਹੋਏ ਪਾਣੀ ਦੀ ਸ਼ਰੇਆਮ ਬਰਬਾਦੀ ਕਰਦੇ ਹਾਂ, ਅਸੀਂ ਗਲੀ ਵਿੱਚ ਛੱਤ ਦੇ ਬਾਹਰ ਬਨੇਰੇ ਕੱਢਦੇ ਆਂ, ਜਨਤਕ ਥਾਵਾਂ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਆਪਾਂ ਖੁੱਲਕੇ ਗੰਦਗੀ ਫੈਲਾਉਂਦੇ ਆਂ, ਚੋਣਾਂ ਵੇਲੇ ਆਪਾਂ ਜਾਤ-ਪਾਤ ਜਾਂ ਕੋਈ ਹੋਰ ਕੌੜਾ-ਮਿੱਠਾ ਲਾਲਚ ਦੇਖ ਕੇ ਵੋਟਾਂ ਪਾਵਾਂਗੇ, ਕੀ-ਕੀ ਲਿਖਾਂਗੇ, ਮੂਲ ਗੱਲ ਤਾਂ ਇਹ ਹੈ ਕਿ  ਸਾਡੇ ‘ਚੋਂ ਜਿਆਦਾਤਰ ਉਦੋਂ ਤੱਕ ਈ ਇਮਾਨਦਾਰ ਹਨ, ਜਦੋੰ ਤੱਕ ਬੇਈਮਾਨੀ ਦਾ ਮੌਕਾ ਨਹੀਂ ਮਿਲਦਾ। ਹਰ ਕੋਈ ਇਸ ਹਮਾਮ ‘ਚ ਨੰਗਾ ਏ, ਕਿਉਂਕਿ ਇਹ ਸਾਡੀ ਮਾਨਸਿਕਤਾ ‘ਚ ਏ ਕਿ ਕਿਸੇ ਵੀ ਤਰੀਕੇ ਨਾਲ, ਭੌਤਿਕ ਸੰਸਾਧਨ, ਵੱਧ ਤੋਂ ਵੱਧ ਜੁਟਾਏ ਜਾਣ। ਗੱਲ ਕੌੜੀ ਏ ਪਰ ਸੱਚੀ ਏ ਕਿ ਆਪਣੇ ਆਮ ਇਨਸਾਨਾਂ ਵਿੱਚੋਂ ਵੀ ਜਿਆਦਾਤਰ ਭ੍ਰਿਸ਼ਟ ਨੇਂ ਕੋਈ ਰੱਤੀ ਵੱਧ ਤੇ ਕੋਈ ਭੋਰਾ ਘੱਟ, ਮੇਰਾ ਆਵਦਾ ਦਾਦਾ, ਮੇਰੇ ਪਿਓ ਤੋਂ ਇਸ ਗੱਲ ਤੇ ਕਈ ਦਿਨ ਨਾਰਾਜ ਰਿਹਾ ਕਿ ਮੇਰੇ ਪਿਓ ਨੇ ਮੇਰੇ ਦਾਦੇ ਨੂੰ ਨਾਜਾਇਜ਼ ਬੁਢਾਪਾ ਪੈਨਸ਼ਨ ਲਗਵਾਉਣ ਤੋਂ ਰੋਕ ਦਿੱਤਾ ਸੀ।

ਅਸਲ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਦੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਦੇਸ਼ ਨੂੰ ਦੀਮਕ ਵਾਂਗ ਲਗਾਤਾਰ ਚੱਟਦਾ ਜਾ ਰਿਹਾ ਏ, ਜੋ ਆਉਣ ਵਾਲੇ ਸਮੇਂ ਲਈ ਬਹੁਤ ਖਤਰਨਾਕ ਰੁਝਾਨ ਏ। ਸਾਨੂੰ ਤੁਰੰਤ, ਨੈਤਿਕ ਸਿੱਖਿਆ ਨੂੰ ਪਾਠਕ੍ਰਮ ਵਿੱਚ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਕੇ, ਪ੍ਰਾਇਮਰੀ ਪੱਧਰ ਤੋਂ ਈ ਪੜ੍ਹਾਇਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸੋਚ, ਵਿਵਹਾਰ ਅਤੇ ਆਪਣੇ ਦਾਇਰੇ ਨੂੰ ਬਦਲਣਾ ਪਵੇਗਾ। ਮੇਰੇ ਇੱਕ ਅਧਿਆਪਕ ਮਿੱਤਰ ਨੇਂ, ਆਪਣੇ ਵੱਡੇ ਭਰਾ ਵੱਲੋਂ ਗਲੀਆਂ ਦੇ ਠੇਕੇਦਾਰ ਦਾ ਚੋਰੀ ਨਾਲ ਨੱਪਿਆ ਪਾਇਪ ਦਾ ਟੁਕੜਾ ਠੇਕੇਦਾਰ ਨੂੰ, ਵਾਪਸ ਮੋੜਤਾ, ਇਸ ਚੋਰੀ ‘ਤੇ ਸ਼ਰਮਿੰਦਾ ਹੋਣ ਦੀ ਬਜਾਏ, ਮਾਸਟਰ ਦੇ ਭਰਾ ਦਾ ਕਹਿਣਾ ਸੀ, “ਤੂੰ ਮੇਰੀ ਬੇਇਜ਼ਤੀ ਕੀਤੀ ਏ, ਤੈਨੂੰ ਚੜੇ ਮਹੀਨੇ 50 ਹਜ਼ਾਰ ਆਉਂਦਾ ਤਾਂ ਇਮਾਨਦਾਰੀ ਜਿਆਦਾ ਆਉਂਦੀ ਏ, ਠੇਕੇਦਾਰ ਨੂੰ ਬੜਾ ਫਰਕ ਪੈਣਾ ਸੀ”। ਇਸ ਗੱਲ ਤੋਂ ਬਾਅਦ ਵੱਡੇ ਭਰਾ ਵੱਲੋਂ, ਮਾਸਟਰ ਨਾਲ ਬੋਲਚਾਲ ਨਾਮਾਤਰ ਦੀ ਈ ਰਹਿ ਗਈ ਏ। ਭ੍ਰਿਸ਼ਟਾਚਾਰ ਨੂੰ ਗਰੀਬੀ ਦੇ ਬਹਾਨੇ ਨਾਲ ਜਾਂ ਕਿਸੇ ਦੂਜੇ ਦੀ ਅਮੀਰੀ ਦੀ ਔਹਲੇ ਨਾਲ, ਕਿਸੇ ਵੀ ਤਰਾਂ ਨਾਲ ਜਾਇਜ ਨ੍ਹੀਂ ਠਹਿਰਾਇਆ ਜਾ ਸਕਦਾ। ਜੇਕਰ ਤੁਸੀਂ ਉੱਪਰਲੇ ਸਿਖਰ ਤੱਕ ਵਿਵਸਥਾ ਨੂੰ ਸਾਫ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠਾਂ ਤੋਂ ਈ ਸਫਾਈ ਸ਼ੁਰੂ ਕਰਨੀ ਪਵੇਗੀ । ਸਾਡੇ ਬੱਚੇ ਹਮੇਸ਼ਾਂ ਸਾਡਾ ਹੀ ਅਨੁਸਰਣ ਕਰਦੇ ਨੇਂ, ਜਿਹਾ ਵੇਖਣਗੇ, ਉਹੀ ਕਰਨਗੇ, ਉਹੀ ਬਣਨਗੇ, ਹੁਣ ਅਸੀਂ ਤੈਅ ਕਰਨਾ ਏ ਕਿ ਭਵਿੱਖ ਚ ਕਿਹੋ ਜਿਹੇ ਸਮਾਜ ਦਾ ਨਿਰਮਾਣ ਕਰਨਾ ਏ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin