Articles

ਕੀ ਅੰਦੋਲਨਕਾਰੀ ਕਿਸਾਨ, ਨਕਸਲੀ, ਮਾਓਵਾਦੀ, ਖਾਲਸਤਾਨੀ, ਕਮਿਊਨਿਸਟ ਜਾਂ ਅੱਤਵਾਦੀ ਹਨ ?

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਇਹ ਰੌਲਾ ਭਾਰਤ ਵਿਚਲੇ ਸਰਕਾਰ ਪੱਖੀ, ਜਿਸ ਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ ਹੈ, ਵੱਲੋਂ ਉਦੋਂ ਤੋਂ ਹੀ ਪਾਇਆ ਜਾ ਰਿਹਾ ਹੈ, ਜਦੋਂ ਤੋਂ ਕੁੱਜ ਕੁ ਮਹੀਨੇ ਪਹਿਲਾਂ ਤਿੰਨ ਕਾਲੇ ਖੇਤੀ ਬਿੱਲਾਂ ਦੇ ਵਿਰੋਧ ਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ । ਭਾਜਪਾ ਤੇ ਉਹਨਾ ਦੇ ਪਿਛਲੱਗੂ ਦੁੰਮ ਛੱਲਿਆ ਦੇ ਬਿਆਨ ਵੀ ਇਸ ਸੰਬੰਧੀ ਆਉਂਦੇ ਰਹੇ । ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਖਤਮ ਕਰਨ ਦਾ ਵੱਡਾ ਹੱਲਾ ਬੋਲ਼ਿਆਂ ਗਿਆ, ਪਰ ਸਾਂਚ ਕੋ ਆਂਚ ਨਹੀਂ ਹੁੰਦੀ ਤੇ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ ਦੀ ਕਹਾਵਤ ਮੁਤਾਬਿਕ ਕਿਰਤੀ ਕਿਸਾਨ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਨਿਰੰਤਰ ਅੱਗੇ ਵਧਦਾ ਗਿਆ ।
ਆਓ ਹੁਣ ਗੱਲ ਕਰਦੇ ਹਾਂ, ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਵਰਤੇ ਗਏ ਉਕਤ ਸ਼ਬਦਾਂ ਦੀ ਵਿਆਖਿਆ ਕਰਨ ਦੀ ਤਾਂ ਕਿ ਇਹ ਨਿਸਤਾਰਾ ਕੀਤਾ ਜਾ ਸਕੇ ਕਿ ਕਿਸਾਨਾਂ ਵਾਸਤੇ ਇਹਨਾਂ ਸ਼ਬਦਾਂ ਦੀ ਵਰਤੋ ਕਰਨਾ ਕਿੰਨਾ ਕੁ ਜਾਇਜ ਹੈ ।
ਪਹਿਲੀ ਗੱਲ ਤਾਂ ਇਹ ਹੈ ਕਿ ਵਿਅਕਤੀ ਤੇ ਵਿਚਾਰਧਾਰਾ ਦੋ ਅਲੱਗ ਅਲੱਗ ਵਿਸ਼ੇ ਹਨ, ਜਿਹਨਾ ਦਾ ਜ਼ਰੂਰੀ ਨਹੀਂ ਕਿ ਕਿਸੇ ਵਿਅਕਤੀ ਦੇ ਕਿੱਤੇ ਨਾਲ ਵੀ ਸੰਬੰਧ ਹੋਵੇ । ਮਿਸਾਲ ਵਜੋਂ ਇਕ ਕਿਸਾਨ ਆਪਣੀ ਮਰਜ਼ੀ ਨਾਲ ਕਿਸੇ ਵੀ ਧਾਰਮਿਕ ਅਕੀਦੇ ਵਿੱਚ ਵਿਸ਼ਵਾਸ ਰੱਖ ਸਕਦਾ ਹੈ । ਉਹ ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ ਤੇ ਪਾਰਸੀ ਹੋ ਸਕਦਾ ਹੈ । ਇਕ ਵਿਅਕਤੀ, ਕਿਸਾਨ ਹੁੰਦਿਆਂ ਹੋਇਆ ਕਿਸੇ ਵੱਖਰੀ ਵਿਚਾਰਧਾਰਾ ਵਾਲਾ ਹੋ ਸਕਦਾ ਹੈ । ਉਹ ਕਮਿਊਨਿਸ਼ਟ, ਖਾਲਿਸਤਾਨੀ, ਮਾਓਵਾਦੀ, ਕਾਂਗਰਸੀ ਜਾਂ ਅਕਾਲੀ ਹੋ ਸਕਦਾ ਹੈ ਤੇ ਅਜਿਹਾ ਹੋਣਾ ਦੁਨੀਆ ਦੇ ਕਿਸੇ ਵੀ ਕਾਨੂੰਨ ਮੁਤਾਬਿਕ ਕੋਈ ਜੁਰਮ ਨਹੀਂ ਹੈ । ਆਪਣੇ ਹਿੱਤਾਂ ਦੀ ਰਖਵਾਲੀ ਵਾਸਤੇ ਵੱਖ ਵੱਖ ਵਿਚਾਰਧਾਰਾਵਾਂ ਰੱਖਣ ਵਾਲੇ ਲੋਕਾਂ ਵੱਲੋਂ ਕਿਸੇ ਇਕ ਬਹੁਤ ਹੀ ਸੰਜੀਦਾ ਮੁੱਦੇ ਉੱਤੇ ਜਦੋ ਆਮ ਸਹਿਮਤੀ ਬਣ ਜਾਵੇ ਤਾਂ ਇਕ ਸਾਂਝੇ ਪਲੇਟਫ਼ਾਰਮ ‘ਤੇ ਇਕੱਠੇ ਹੋ ਕੇ ਉਹਨਾਂ ਵਲੋਂ ਕੋਈ ਘੋਲ ਲੜਨਾ ਇਕ ਜਮਹੀਰੀ ਹੱਕ ਹੁੰਦਾ ਹੈ ਜਿਸ ਨੂੰ ਇਕ ਵੱਡੀ ਪ੍ਰਾਪਤੀ ਨੀ ਮੰਨਿਆ ਜਾ ਸਕਦਾ ਹੈ । ਇਹ ਗੱਲ ਵੀ ਸੋਹਲਾਂ ਦੀ ਬਜਾਏ ਅਠਾਰਾਂ ਆਨੇ ਸਹੀ ਹੈ ਕਿ ਇਸ ਤਰਾ ਦੇ ਸਾਂਝੇ ਤੇ ਜਨਹਿਤ ਅੰਦੋਲਨ ਜੋ ਕਈ ਸਦੀਆ ਬਾਦ ਪੈਦਾ ਹੁੰਦੇ ਹਨ, ਨੂੰ ਆਮ ਤੌਰ ‘ਤੇ ਫਿਰਕੂ ਤਾਕਤਾਂ ਕਦੇ ਵੀ ਪਸੰਦ ਨਹੀਂ ਕਰਦੀਆਂ ਜਿਸ ਕਰਕੇ ਅਜਿਹੀਆਂ ਤਾਕਤਾਂ ਆਪਣੇ ਕੋਝੇ ਹੱਥਕੰਡੇ ਅਪਣਾ ਕੇ ਸਰਵਹਿਤ ਅੰਦੋਲਨਾਂ ਨੂੰ ਅਸਫਲ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਗਿਰ ਜਾਂਦੀਆਂ ਹਨ । ਕਿਸਾਨ ਅੰਦੋਲਨ ਨੂੰ ਭੰਡਣ ਨਿੰਦਣ ਦੀ ਕਵਾਇਦ ਫਿਰਕੂ ਤਾਕਤਾਂ ਵਲੋ ਉਕਤ ਨੀਤੀ ਦਾ ਹੀ ਇਕ ਹਿੱਸਾ ਹੈ, ਜੋ ਸਰਕਾਰ ਤੇ ਸਰਕਾਰ ਪੱਖੀ ਮੀਜੀਏ ਅੰਦਰਲੀ ਬੁਖਲਾਹਟ ਨੂੰ ਜੱਗ ਜਾਹਿਰ ਕਰ ਰਹੀ ਹੈ ।
ਖਾਲਸਾ ਏਡ ਦੁਨੀਆ ਦੀ ਇਕ ਮੰਨੀ ਪਰਮੰਨੀ ਸਮਾਜ ਸੇਵੀ ਸੰਸਥਾ ਹੈ ਜੋ ਦੁਨੀਆ ਦੇ ਹਰ ਕੋਨੇ ਚ ਜਾ ਕੇ ਲੋੜਵੰਦਾ ਦੀ ਮੱਦਦ ਕਰਦੀ ਹੈ ਇਹ ਸੰਸਥਾ ਜਦੋਂ ਹੜ੍ਹ ਪੀੜਤਾਂ, ਭੁਚਾਲ ਪੀੜਤਾ ਜਾਂ ਕਿਸੇ ਵੀ ਹੋਰ ਕੁਦਰਤੀ ਕਰੋਪੀ ਵੇਲੇ ਲੋਕਾਂ ਦੀ ਨਿਸ਼ਕਾਮ ਸੇਵਾ ਤੇ ਸਹਾਇਤਾ ਕਰਦੀ ਹੈ, ਪਰ ਜਦ ਏਹੀ ਸੰਸ਼ਥਾ ਕੜਾਕੇ ਦੀ ਠੰਢ ਚ ਆਪਣੇ ਹੱਕਾਂ ਲਈ ਡਟੇ ਹੋਏ ਕਿਸਾਨਾਂ ਦੀ ਮੱਦਦ ਵਾਸਤੇ ਬਹੁੜਦੀ ਹੈ ਤਾਂ ਭਾਰਤੀ ਗੋਦੀ ਮੀਡੀਏ ਵਲੋਂ ਇਸ ਦੇ ਮੁਖੀ ਰਵੀ ਸਿੰਘ ਨੂੰ ਖਾਲਿਸਤਾਨੀ ਤੇ ਅੱਤਵਾਦੀ ਵਜੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਕੀ ਜਾਂਦੀ ਹੈ !
ਸਵਾਲ ਇਹ ਵੀ ਹੈ ਕਿ ਕੀ ਕਾਮਰੇਡ, ਅਕਾਲੀ, ਕਾਂਗਰਸੀ ਜਾਂ ਕਿਸੇ ਵੀ ਹੋਰ ਸਿਆਸੀ ਜਾਂ ਸਮਾਜੀ ਗਰੁੱਪਾਂ ਨਾਲ ਜੁੜੇ ਹੋਏ ਲੋਕ ਕਿਸਾਨ ਨਹੀਂ ਹੋ ਸਕਦੇ ? ਕੀ ਖਾਂਦੇ ਪੀਂਦੇ ਲੋਕ ਕਿਸਾਨ ਨਹੀਂ ਹੁੰਦੇ ? ਕੀ ਕਿਸਾਨਾਂ ਨੂੰ ਪੀਜੇ ਜਾਂ ਬਰਗਰ ਖਾਣ ਦੀ ਮਨਾਹੀ ਹੈ ? ਕੀ ਕਿਸਾਨਾਂ ਨੂੰ ਆਪਣੀ ਸਖ਼ਤ ਮਿਹਨਤ ਸਦਕਾ ਵਧੀਆ ਟਰੈਕਟਰ ਤੇ ਕਾਰਾਂ ਖਰੀਦਣ ‘ਤੇ ਪਾਬੰਦੀ ਹੈ ? ਕਿੱਡੀ ਬੇਹੂਦਾ ਗੱਲ ਹੈ ਕਿ ਅੰਦਰਲੀ ਬੁਖਲਾਹਟ ਨੂੰ ਲਕੌਣ ਵਾਸਤੇ ਆਲ ਪਤਾਲ ਦੀਆਂ ਮਾਰੀਆਂ ਜਾ ਰਹੀਆ ਹਨ ਤੇ ਆਪਣੀ ਅਕਲ ਦਾ ਆਪ ਹੀ ਜਨਾਜ਼ਾ ਕੱਢਿਆ ਜਾ ਰਿਹਾ ਹੈ ਜਦ ਕਿ ਸਿੱਧੀ ਜਿਹੀ ਗੱਲ ਇਹ ਹੈ ਕਿ ਕਿਸਾਨੀ , ਕਿਸਾਨ ਦਾ ਕਿੱਤਾ ਹੁੰਦਾ ਹੈ ਤੇ ਉਹ ਕਿਸੇ ਵੀ ਵਿਚਾਰਧਾਰਾ ਨਾਲ ਜੁੜਨ ਲਈ ਸੁਤੰਤਰ ਹੁੰਦਾ ਹੈ ।
ਅੱਤਵਾਦ ਇਕ ਅਜਿਹਾ ਲਫ਼ਜ਼ ਹੈ ਜਿਸ ਨੂੰ ਆਮ ਕਰਕੇ ਨਖਿੱਧਵਾਚੀ ਸ਼ਬਦਾਂ ਵਿੱਚ ਵਰਤਿਆਂ ਜਾਂਦਾ ਹੈ , ਪਰ ਇਹ ਉਹ ਸ਼ਬਦ ਹੈ ਜਿਸ ਦੇ ਮਾਅਨੇ ਬੜੇ ਵਿਸ਼ਾਲ ਹਨ । ਦਰਅਸਲ ਇਹ ਇਕ ਹਾਂ ਵਾਚਕ ਸ਼ਬਦ ਵੀ ਹੈ ਤੇ ਨਾਂਹ ਵਾਚਕ ਵੀ । ਪੰਜਾਬ ਦਾ ਕਿਸਾਨ ਜਦ ਮੰਗਤੇ ਬਣੇ ਦੇਸ਼ ਦੇ ਭੰਡਾਰ ਅੰਨ ਨਾਲ ਭਰਨ ਦੀ ਅੱਤ ਕਰਦਾ ਹੈ ਜਾਂ ਚਿੱਟੀ ਕਰਾਂਤੀ ਲਿਆ ਕੇ ਦੁੱਧ ਘਿਓ ਦੀਆ ਨਦੀ ਵਹਾਉਣ ਦੀ ਅੱਤ ਕਰਦਾ ਹੈ ਤਾਂ ਉਹ ਉਸ ਵੇਲੇ ਸੱਚਾ ਅੱਤਵਾਦੀ ਹੁੰਦਾ ਹੈ ।
ਸਰਹੱਦ ‘ਤੇ ਪਈ ਕਿਸੇ ਵੀ ਭੀੜ ਵੇਲੇ ਉਸੇ ਕਿਸਾਨ ਦਾ ਪੁੱਤ ਜਦ ਛਾਤੀ ਡਾਹ ਕੇ ਲੜਦਾ ਹੋਇਆ ਆਪਣੇ ਵਤਨ ਦੀ ਆਨ ਤੇ ਸ਼ਾਨ ਵਾਸਤੇ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਵੇਲੇ ਕਿਸਾਨ ਦੇ ਬੇਟੇ ਦਾ ਇਕ ਸੱਚੇ ਅੱਤਵਾਦੀ ਹੋਣ ਦਾ ਸਬੂਤ ਮਿਲ ਜਾਂਦਾ ਹੈ ।
ਦੂਜੇ ਪਾਸੇ ਘਟੀਆ ਅੱਤਵਾਦ ਦੀ ਗੱਲ ਕਰੀਏ ਤਾਂ ਸਿੱਧੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਜੋ ਸਰਕਾਰਾਂ ਲੋਕ ਹਿਤਾਂ ਦੇ ਉਲਟ ਨਾਦਰੀ ਫ਼ੈਸਲੇ ਕਰਦੀਆਂ ਹਨ ਉਹ ਨਖਿੱਧਵਾਚਕ ਅੱਤਵਾਦ ਪੈਦਾ ਕਰਦੀਆਂ ਹਨ । ਮਿਸਾਲ ਵਜੋਂ, ਖੇਤੀ ਸੰਬੰਧੀ ਪਾਸ ਕੀਤੇ ਗਏ ਤਿੰਨ ਕਾਲੇ ਕਾਨੂਨਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ । ਦਰਅਸਲ ਕਿਸੇ ਕੋਲੋਂ ਉਸ ਦੇ ਹੱਕ ਖੋਹਣਾ ਜਾਂ ਉਸ ਦੇ ਬਣਦੇ ਹੱਕਾਂ ਉੱਤੇ ਛਾਪਾ ਮਾਰਨ ਦਾ ਸਿੱਧਾ ਅਰਥ ਉਸ ਨੂੰ ਵਿਰੋਧ ਤੇ ਵਿਦਰੋਹ ਕਰਨ ਵਾਸਤੇ ਮਜਬੂਰ ਕਰਨਾ ਹੁੰਦਾ ਹੈ । ਏਹੀ ਕਾਰਨ ਹੈ ਕਿ ਕਿਰਤੀ ਕਿਸਾਨ ਅੱਜ ਸਰਕਾਰੀ ਅੱਤਵਾਦ ਜਾਂ ਨਾਦਰਸ਼ਾਹੀ ਤੇ ਤਾਨਾਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਮਜਬੂਰ ਹਨ । ਦੂਜੇ ਸ਼ਬਦਾਂ ਚ ਇਹ ਕਹਿ ਸਕਦੇ ਹਾਂ ਕਿ ਇਸ ਵੇਲੇ ਨਖਿੱਧਵਾਚੀ ਅੱਤ ਸਮੇਂ ਦੀ ਸਰਕਾਰ ਨੇ ਚੁੱਕੀ ਹੋਈ ਹੈ ਤੇ ਕਿਸਾਨ ਉਸ ਅੱਤ ਦਾ ਜਵਾਬ ਆਪਣੇ ਸਬਰ ਤੇ ਠਰੰਮੇ ਦੀ ਅੱਤ ਨਾਲ ਦੇ ਰਹੇ ਹਨ । ਸੋ ਇਹ ਗੱਲ ਸਮਝ ਲੈਣੀ ਜ਼ਰੂਰੀ ਹੈ ਕਿ “ਅੱਤ” ਦੇ ਹਾਂ ਵਾਚਕ ਤੇ ਨਾਂਹ ਵਾਚਕ ਦੋ ਪਹਿਲੂ ਹੁੰਦੇ ਹਨ ਤੇ “ਵਾਦ” ਇਹਨਾ ਦੋ ਪਹਿਲੂਆਂ ਦਾ ਅਗਲਾ ਪਸਾਰ ਹੁੰਦਾ ਹੈ ।
ਆਪਣੇ ਨਿੱਜੀ ਵਿਚਾਰ ਰੱਖਣਾ ਜਾਂ ਕਿਸੇ ਵਿਚਾਰਧਾਰਾ ਨਾਲ ਜੁੜਨਾ ਕੋਈ ਗੁਨਾਹ ਨਹੀਂ ਹੈ । ਖਾਲਿਸਤਾਨ ਦੀ ਮੰਗ ਕਰਨਾ ਨਾ ਹੀ ਕੋਈ ਗੁਨਾਹ ਹੈ ਤੇ ਨਾ ਹੀ ਦੇਸ਼ ਧ੍ਰੋਹ, ਪਰ ਭਾਰਤ ਵਿਚਲੀ ਭਗਵੀ ਲਾਬੀ ਇਸ ਨਾਮ ਤੋ ਬਹੁਤ ਬੁਖਲਾਹਟ ਵਿੱਚ ਆ ਜਾਂਦੀ ਹੈ ਜਾਂ ਕਹਿ ਲਓ ਕਿ ਇਸ ਨਾਮ ਤੋ ਬਹੁਤ ਖੌਫਜਦਾ ਹੈ । ਜਦੋਂ ਉਕਤ ਲਾਬੀ ਕੋਲ ਹੋਰ ਕੁੱਜ ਵੀ ਕਹਿਣ ਨੂੰ ਬਾਕੀ ਨਹੀਂ ਹੁੰਦ ਤਾਂ ਫਿਰ ਲੋਕਾਂ ਦਾ ਅਸਲੀ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਅਜਿਹੇ ਲਫ਼ਜ਼ਾਂ ਦਾ ਇਸਤੇਮਾਲ ਕਰਕੇ ਸਿਆਸੀ ਲਾਹਾ ਲੈਣ ਦਾ ਦਾਅ ਪੇਚ ਖੇਡਿਆ ਜਾਂਦਾ ਹੈ ਜਾਂ ਫਿਰ ਗੁਆਂਢੀ ਮੁਲਕਾਂ ਦੀ ਨਿੰਦਿਆ ਕੀਤੀ ਜਾਂਦੀ ਹੈ, ਜੋ ਕਿਸਾਨ ਅੰਦੋਲਨ ਦੇ ਸੰਬੰਧ ਵਿਚ ਵੀ ਹੋ ਰਿਹਾ ਹੈ ।
ਮੁੱਕਦੀ ਗੱਲ ਇਹ ਹੈ ਕਿ ਨਾਚ ਨ ਜਾਣੇ ਆਂਗਣ ਟੇਢਾ, ਤਾਲੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ, ਖਸਿਆਨੀ ਬਿੱਲੀ ਖੰਬਾ ਨੋਚੇ ਤੇ “ਤੂੰ ਆਟਾ ਗੁੰਨ੍ਹਦੀ ਹੈਂ ਤੇ ਹਿੱਲਦੀ ਬਹੁਤ ਹੈਂ” ਆਦਿ ਬਹੁਤ ਸਾਰੇ ਅਖਾਣ ‘ਤੇ ਮੁਹਾਵਰੇ ਹਨ ਜੋ ਭਾਰਤ ਸਰਕਾਰ ‘ਤੇ ਇਸ ਵੇਲੇ ਇਨਬਿਨ ਸਹੀ ਢੁਕਦੇ ਹਨ । 11 ਮੀਟਿੰਗਾਂ ਤੋ ਬਾਦ ਸਰਕਾਰ ਇਕ ਵੀ ਅਜਿਹੀ ਦਲੀਲ ਨਹੀ ਪੇਸ਼ ਕਰ ਸਕੀ ਕਿ ਤਿੰਨ ਖੇਤੀ ਬਿੱਲ ਕਿੰਜ ਅਤੇ ਕਿਓਂ ਕਿਸਾਨਾ ਦੇ ਹਿੱਤ ਵਿਚ ਹਨ । ਬਸ ਹਰ ਮੀਟਿੰਗ ਵਿਚ ਏਧਰ ਉਧਰਲੀਆ ਮਾਰ ਕੇ ਵਾਰ ਵਾਰ ਸਮਾਂ ਬਰਬਾਦ ਕੀਤਾ ਜਾਂਦਾ ਰਿਹਾ, ਪਰ ਦੇਸ਼ ਦੀ ਜਨਤਾ ਹੁਣ ਸਭ ਕੁੱਜ ਜਾਣ ਚੁੱਕੀ ਹੈ ਤੇ ਸਰਕਾਰ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਰਿੱਝ ਸਕੇਗੀ ।

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin