Articles Punjab

ਕੀ ‘ਆਪ’ ਵਿਧਾਇਕਾਂ ਨੂੰ ਭਗਵੰਤ ਮਾਨ ਦੀ ਅਗਵਾਈ ‘ਚ ਪੂਰਾ ਭਰੋਸਾ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (ਫੋਟੋ: ਏ ਐਨ ਆਈ)

‘ਆਪ’ ਨੂੰ ਦਿੱਲੀ ਚੋਣਾਂ ਵਿਚ ਝਟਕਾ ਲੱਗਣ ਮਗਰੋਂ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਖ਼ਤਰੇ ਵਿਚ ਦੱਸਿਆ ਸੀ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ’ਚ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ’ਚ ਸਿਆਸੀ ਤੌਰ ’ਤੇ ਕਾਫ਼ੀ ਕੁਝ ਸਾਫ਼ ਹੋ ਗਿਆ। ਮੁੱਖ-ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ ਦੇ ਸਾਹਮਣੇ ਕਿਹਾ ਕਿ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਸਨੂੰ ਬਣਨਾ ਚਾਹੀਦਾ ਹੈ, ਉਨ੍ਹਾਂ ਨੂੰ ਅਹੁਦਾ ਛੱਡਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਉਹ ਨਵੇਂ ਮੁੱਖ ਮੰਤਰੀ ਦਾ ਸਵਾਗਤ ਕਰਨਗੇ। ਉਹ ਇਸ ਅਹੁਦੇ ‘ਤੇ ਨਹੀਂ ਰਹਿਣਾ ਚਾਹੁੰਦੇ ਅਤੇ ਪਾਰਟੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਨਾਖੁਸ਼ ਹਨ।

ਮੁੱਖ ਮੰਤਰੀ ਨੇ ਇਹ ਗੱਲ ਉਦੋਂ ਕਹੀ ਜਦੋਂ ਕੈਬਨਿਟ ਮੀਟਿੰਗ ਤੋਂ ਬਾਅਦ ਸਾਰੇ ਮੰਤਰੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਜਿੱਤਣ ਦੀ ਰਣਨੀਤੀ ‘ਤੇ ਚਰਚਾ ਕਰ ਰਹੇ ਸਨ। ਇਸ ਦੌਰਾਨ ਅੰਮ੍ਰਿਤਸਰ ਤੋਂ ਪਾਰਟੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਗਿਆ, ਜਿਸ ਵਿੱਚ ਕੁੰਵਰ ਨੇ ਵੀਰਵਾਰ ਨੂੰ ਹੀ ਜਨਤਕ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਮੰਗ ਕੀਤੀ ਸੀ। ਕੁੰਵਰ ਨੇ ਕਿਹਾ ਕਿ ਮੁੱਖ ਮੰਤਰੀ ਵਿਧਾਇਕਾਂ ਦੇ ਨੇਤਾ ਹਨ ਅਤੇ ਜੇਕਰ ਅਸੀਂ ਵਿਧਾਇਕ ਚਾਹੁੰਦੇ ਹਾਂ, ਤਾਂ ਅਸੀਂ ਜਦੋਂ ਚਾਹੀਏ ਉਨ੍ਹਾਂ ਨੂੰ ਬਦਲ ਸਕਦੇ ਹਾਂ।

ਜਿਵੇਂ ਹੀ ਮੀਟਿੰਗ ਵਿੱਚ ਕੁੰਵਰ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ, ਮੁੱਖ ਮੰਤਰੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਅਹੁਦਾ ਛੱਡਣ ‘ਤੇ ਕੋਈ ਇਤਰਾਜ਼ ਨਹੀਂ ਹੈ, ਜੋ ਵੀ ਚਾਹੇ ਮੁੱਖ ਮੰਤਰੀ ਬਣਨ ਲਈ ਆਜ਼ਾਦ ਹੈ। ਇਸ ‘ਤੇ ਪਾਰਟੀ ਮੁਖੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੁੰਵਰ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਭਗਵੰਤ ਮਾਨ ਦੀ ਅਗਵਾਈ ‘ਤੇ ਪੂਰਾ ਭਰੋਸਾ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਕੋਈ ਵੀ ਵਿਧਾਇਕ ਅਤੇ ਮੰਤਰੀ ਤੁਹਾਨੂੰ ਇਹ ਅਹੁਦਾ ਛੱਡਦੇ ਨਹੀਂ ਦੇਖਣਾ ਚਾਹੁੰਦਾ। ਤੁਸੀਂ ਸਾਡੇ ਮੁੱਖ ਮੰਤਰੀ ਬਣੇ ਰਹੋਗੇ।

ਮੁੱਖ-ਮੰਤਰੀ ਇਸ ਵੇਲੇ ਪੰਜਾਬ ਦੇ ਜਜ਼ਬਾਤ ਨੂੰ ਸਮਝ ਰਹੇ ਹਨ ਅਤੇ ਲੋਕ ਭਾਵਨਾਵਾਂ ਦੇ ਮੱਦੇਨਜ਼ਰ ਸੂਬੇ ’ਚ ਵਿਚਰਨਾ ਚਾਹੁੰਦੇ ਹਨ। ਮੁੱਖ-ਮੰਤਰੀ ਅੱਗੇ ਬਹੁਤ ਚੁਣੌਤੀਆਂ ਹਨ ਕਿਉਂਕਿ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਕਾਫ਼ੀ ਫ਼ੰਡ ਪਹਿਲਾਂ ਹੀ ਰੋਕੇ ਹੋਏ ਹਨ। ਪੰਜਾਬ ਦਾ ਵਿੱਤੀ ਸੰਕਟ ਵੀ ਕਿਸੇ ਤੋਂ ਗੁੱਝਾ ਨਹੀਂ ਹੈ ਜਿਸ ਵਾਸਤੇ ਵਿੱਤੀ ਵਸੀਲੇ ਪੈਦਾ ਕਰਨੇ ਸੌਖੇ ਨਹੀਂ ਹਨ। ਸੂਬੇ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਗਈ ਹੈ। ਮੁੱਖ-ਮੰਤਰੀ ‘ਪੰਜਾਬ ਮਾਡਲ’ ਪੇਸ਼ ਕਰਨ ਵਾਸਤੇ ਸ਼ੁਰੂਆਤ ਕਰ ਰਹੇ ਹਨ। ਇਸ ਲਈ ਉਨ੍ਹਾਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਵਜ਼ੀਰਾਂ ਨੂੰ ਨਸੀਹਤਾਂ ਦਿੱਤੀਆਂ ਕਿ ਫ਼ੀਲਡ ਵਿੱਚ ਉਤਰਨ। ਉਨ੍ਹਾਂ ਵਜ਼ੀਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਮਾਮਲੇ ’ਤੇ ਉਨ੍ਹਾਂ ਨਾਲ ਕਦੇ ਵੀ ਰਾਬਤਾ ਕਾਇਮ ਕਰ ਸਕਦੇ ਹਨ। ਮੀਟਿੰਗ ਵਿਚ ਮੁੱਖ-ਮੰਤਰੀ ਨੇ ਫ਼ੋਨ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਦਕਿ ਪਹਿਲਾਂ ਉਹ ਮੀਟਿੰਗਾਂ ਵਿੱਚ ਫ਼ੋਨ ਵਗ਼ੈਰਾ ਦੀ ਵਰਤੋਂ ਕਰ ਲੈਂਦੇ ਸਨ। ਮੁੱਖ-ਮੰਤਰੀ ਆਉਂਦੇ ਦਿਨਾਂ ਵਿਚ ਪੰਜਾਬ ਦੇ ਦੌਰੇ ਕਰ ਸਕਦੇ ਹਨ ਅਤੇ ਉਨ੍ਹਾਂ ਅੱਗੇ ਸਭ ਤੋਂ ਪਹਿਲੀ ਪ੍ਰੀਖਿਆ ਹੁਣ ਲੁਧਿਆਣਾ ਪੱਛਮੀ ਦੀ ਚੋਣ ਹੋਵੇਗੀ।

Related posts

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

admin

ਭਵਾਨੀਗੜ੍ਹ ਵਿਖੇ ਨਵਾਂ ਬਣਿਆ ਸਬ-ਡਵੀਜ਼ਨਲ ਕੰਪਲੈਕਸ ਲੋਕਾਂ ਨੂੰ ਸਮਰਪਿਤ

admin

ਕੰਪਿਊਟਰ ਅਧਿਆਪਕਾਂ ਵਲੋਂ 2 ਮਾਰਚ ਨੂੰ ‘ਹੱਕ ਬਚਾਓ ਰੈਲੀ’ ਕਰਨ ਦਾ ਐਲਾਨ !

admin