ਤਾਲਿਬਾਨ ਲੜਾਕੂ ਜਿਥੇ ਇੱਕ ਪਾਸੇ ਅਫ਼ਗਾਨਿਸਤਾਨ ਦੇ ਉਪਰ ਪੂਰੀ ਤਰ੍ਹਾਂ ਦੇ ਨਾਲ ਕਬਜ਼ਾ ਕਰਨ ਲਈ ਬਹੁਤ ਤੇਜੀ ਨਾਲ ਅੱਗੇ ਵਧੇ ਹਨ ਉਥੇ ਦੂਜੇ ਪਾਸੇ ਦੋਹਾ ਦੇ ਵਿੱਚ ਤਾਲਿਬਾਨ ਲੀਡਰਾਂ ਦੇ ਵਲੋਂ ਅਗਲੀ ਸਰਕਾਰ ਬਨਾਉੇਣ ਲਈ ਮੰਥਨ ਕੀਤਾ ਜਾ ਰਿਹਾ।ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਦੇ ਅਹੁਦੇ ਲਈ ਤਾਲਿਬਾਨ ਨੇ ਮੁੱਲਾ ਅਬਦੁਲ ਗਨੀ ਬਰਾਦਰ ਦਾ ਨਾਂਅ ਅੱਗੇ ਕੀਤਾ ਹੈ ਉਹ ਵੀ ਦੋਹਾ ‘ਚ ਹੀ ਮੌਜੂਦ ਹੈ। ਤਾਲਿਬਾਨ ਦੇ ਵੱਡੇ ਲੀਡਰ ਅਫਗਾਨਿਸਤਾਨ ‘ਚ ਸਰਕਾਰ ਬਣਾਉਣ ਨੂੰ ਲੈਕੇ ਅੱਜ ਕੋਈ ਐਲਾਨ ਕਰ ਸਕਦੇ ਹਨ।
ਅਮਰੀਕਾ ਦੀ ਅਗਵਾਈ ਹੇਠ ਅਫਗਾਨਿਸਤਾਨ ਦੇ ਵਿੱਚੋਂ ਫੌਜਾਂ ਦੀ ਵਾਪਸੀ ਨੇ ਤਾਲਿਬਾਨ ਦੇ ਹੌਂਸਲੇ ਬੁਲੰਦ ਕਰ ਦਿੱਤੇ ਅਤੇ ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਆਪਣਾ ਰਾਜ ਮੁੜ ਸਥਾਪਿਤ ਕਰਨ ਦੀ ਨਵੀਂ ਆਸ ਨਜ਼ਰ ਆਉਣ ਲੱਗ ਪਈ ਸੀ। ਅਫਗਾਨਿਸਤਾਨ ‘ਚ ਬਦਲਦੀ ਸੱਤਾ ਨੇ ਦੁਨੀਆਂ ਦੇ ਸਮੀਕਰਨ ਵੀ ਕਾਫੀ ਹੱਦ ਤਕ ਬਦਲ ਕੇ ਰੱਖ ਦਿੱਤੇ ਹਨ। ਅਫਗਾਨਿਸਤਾਨ ‘ਚ ਜੋ ਹੋਇਆ ਦੁਨੀਆਂ ਭਰ ‘ਚ ਇਹ ਕਲਪਨਾ ਕਿਸੇ ਨੇ ਨਹੀਂ ਕੀਤੀ ਸੀ। ਦੋ ਸਾਲ ਤਕ ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਦੀਆਂ ਫੌਜਾਂ ਰਹੀਆਂ ਹੋਣ ਉਸ ਕਿਲ੍ਹੇ ਨੂੰ ਤਾਲਿਬਾਨ ਨੇ ਚੁਟਕੀ ‘ਚ ਮਸਲ ਦਿੱਤਾ। ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ, ਕਾਬੁਲ ‘ਚ ਹਫੜਾ ਦਫੜੀ ਦੀਆਂ ਤਸਵੀਰਾਂ ਦੁਨੀਆਂ ਸਾਹਮਣੇ ਹਨ। ਪਰ ਕਾਬੁਲ ਨੂੰ ਲੈਕੇ ਇਕ ਮੰਥਨ ਕਤਰ ਦੇ ਦੋਹਾ ‘ਚ ਵੀ ਚੱਲ ਰਿਹਾ ਹੈ।
ਚੀਨ, ਰੂਸ, ਤੁਰਕੀ ਤੇ ਪਾਕਿਸਤਾਨ ਨਵੀਂ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਗੱਲ ਕਹਿ ਚੁੱਕੇ ਹਨ। ਇਸ ਦੇ ਨਾਲ ਹੀ ਮੌਜੂਦਾ ਹਾਲਾਤ ਲਈ ਸਾਰੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਚੀਨ, ਰੂਸ ਤੇ ਪਾਕਿਸਾਨ ਨੇ ਤਾਂ ਕਾਬੁਲ ‘ਚ ਆਪਣੀ ਏਜੰਸੀ ਵੀ ਨਾ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਅਫਗਾਨਿਸਤਾਨ ‘ਚ ਤਾਲਿਬਾਨ ਦੀ ਜਿੱਤ ਤੇ ਚੀਨ ਨੇ ਤਾਲਿਬਾਨ ਦੇ ਸ਼ਾਸਨ ਦੇ ਸਥਾਈ ਰਹਿਣ ਦੀ ਉਮੀਦ ਜਤਾਈ ਹੈ ਤੇ ਅਮਰੀਕਾ ਦੇ ਵਿਰੋਧੀ ਇਰਾਨ ਨੇ ਕਿਹਾ ਕਿ ਅਮਰੀਕਾ ਦੀ ਹਾਰ ਨਾਲ ਸ਼ਾਂਤੀ ਦੀ ਉਮੀਦ ਜਾਗੀ ਹੈ। ਪਾਕਿਸਤਾਨ ਨੇ ਕਿਹਾ ਕਿ ਅਫਗਾਨਿਸਤਾਨ ਨੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਹਨ।
ਤਾਲਿਬਾਨ ਸਰਕਾਰ ਨੂੰ ਲੈਕੇ ਦੁਨੀਆਂ ਦੇ ਦੇਸ਼ ਆਪਣੀ ਰਾਜਨੀਤੀ ਦੇ ਹਿਸਾਬ ਨਾਲ ਦੋ ਖੇਮਿਆਂ ‘ਚ ਨਜ਼ਰ ਆ ਰਹੇ ਹਨ।ਅਫਗਾਨਿਸਤਾਨ ਦੀ ਬਦਲਦੀ ਸੂਰਤ ‘ਚ ਦੋਹਾ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਅਮਰੀਕਾ ਤੇ ਤਾਲਿਬਾਨ ਦੇ ਵਿਚ ਦੋਹਾ ‘ਚ 2018 ਤੋਂ ਹੀ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸ ਦੌਰਾਨ ਅਮਰੀਕਾ ਨੇ ਤਾਲਿਬਾਨ ਦੇ ਸਾਹਮਣੇ ਕਈ ਸ਼ਰਤਾਂ ਰੱਖੀਆਂ। ਤਾਲਿਬਾਨ ਤੇ ਅਮਰੀਕਾ ਨੂੰ ਲੈਕੇ ਗੱਲਬਾਤ ਦੋਹਾਂ ‘ਚ ਹੀ ਹੁੰਦੀ ਰਹੀ ਹੈ। ਹੁਣ ਨਵੀਂ ਸਰਕਾਰ ਨੂੰ ਸ਼ਕਲ ਦੇਣ ਦਾ ਕੰਮ ਵੀ ਦੋਹਾ ‘ਚ ਚੱਲ ਰਿਹਾ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਵੀ ਤਾਲਿਬਾਨ ਦੀ ਨਵੀਂ ਸਰਕਾਰ ਨੂੰ ਲੈਕੇ ਦੁਨੀਆਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਹੈ। ਜੇਕਰ ਦੋਹਾ ‘ਚ ਸਰਕਾਰ ਦੀ ਰਚਨਾ, ਚਿਹਰੇ ‘ਤੇ ਨਾਂਅ ਨੂੰ ਲੈਕੇ ਕੋਈ ਗੱਲ ਤੈਅ ਹੋ ਜਾਂਦੀ ਹੈ ਤਾਂ ਅੱਜ ਹੀ ਬਰਾਦਰ ਸਮੇਤ ਤਾਲਿਬਾਨ ਦੇ ਵੱਡੇ ਲੀਡਰ ਕਾਬੁਲ ਜਾਕੇ ਇਸ ਦਾ ਐਲਾਨ ਕਰ ਸਕਦੇ ਹਨ। ਤਾਲਿਬਾਨ ਦਾ ਦਾਅਵਾ ਹੈ ਕਿ ਨਵੀਂ ਸਰਕਾਰ ਨੂੰ ਲੈਕੇ ਸੰਗਠਨ ਦੇ ਨਾਲ-ਨਾਲ ਅੰਤਰ-ਰਾਸ਼ਟਰੀ ਲੀਡਰਾਂ ਨਾਲ ਵੀ ਗੱਲਬਾਤ ਜਾਰੀ ਹੈ।
ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਫ਼ਗ਼ਾਨਿਸਤਾਨ ਦੀ ਹਾਲਤ ਲਈ ਉਸ ਦੇ ਨੇਤਾ ਜ਼ਿੰਮੇਵਾਰ ਹਨ, ਜੋ ਦੇਸ਼ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਫਗਾਨ ‘ਚ ਅੱਜ ਜੋ ਹਾਲਾਤ ਬਣੇ ਹਨ ਉਸ ਲਈ ਜ਼ਿੰਮੇਵਾਰ ਅਸ਼ਰਫ ਗਨੀ ਖੁਦ ਹਨ। ਉਨ੍ਹਾਂ ਨੂੰ ਤਾਂ ਆਪਣੇ ਲੋਕਾਂ ਦੀ ਮਦਦ ਲਈ ਉੱਥੇ ਮੌਜੂਦ ਰਹਿਣਾ ਚਾਹੀਦਾ ਸੀ ਪਰ ਉਹ ਖੁਦ ਭੱਜ ਗਏ। ਜਿੱਥੋਂ ਤਕ ਸਾਡੀਆਂ ਫੌਜਾਂ ਹਟਾਏ ਜਾਣ ਦੀ ਗੱਲ ਹੈ ਅਸੀਂ ਆਪਣੇ ਇਸ ਫੈਸਲੇ ‘ਤੇ ਕਾਇਮ ਰਹਾਂਗੇ। ਹਾਲਾਂਕਿ ਅੱਤਵਾਦ ਖ਼ਿਲਾਫ ਸਾਡੀ ਜੰਗ ਜਾਰੀ ਰਹੇਗੀ। ਅਸੀਂ ਅਫਗਾਨਿਸਤਾਨ ‘ਚ ਤਿੰਨ ਲੱਖ ਫੌਜ ਖੜ੍ਹੀ ਕੀਤੀ ਸੀ। ਅਰਬਾਂ ਰੁਪਏ ਖਰਚ ਕੀਤੇ। ਟਰੰਪ ਦੇ ਸਮੇਂ ਅਫਗਾਨਿਸਤਾਨ ‘ਚ 15 ਹਜ਼ਾਰ ਤੋਂ ਜ਼ਿਆਦਾ ਫੌਜੀ ਸੀ, ਸਾਡੇ ਸਮੇਂ ‘ਚ ਸਿਰਫ਼ ਦੋ ਹਜ਼ਾਰ ਫੌਜੀ ਰਹਿ ਗਏ ਸੀ। ਇਸ ਸਮੇਂ ਛੇ ਹਜ਼ਾਰ ਫੌਜੀ ਹਨ ਜੋ ਕਾਬੁਲ ਏਅਰਪੋਰਟ ਦੀ ਸੁਰੱਖਿਆ ਕਰ ਰਹੇ ਹਨ। ਬਾਇਡਨ ਨੇ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਅਫਗਾਨਿਸਤਾਨ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ। ਉਨ੍ਹਾਂ ਨੇ ਮੰਨਿਆ ਹੈ ਕਿ ਹਾਲ ਦੇ ਦਿਨਾਂ ‘ਚ ਸਾਡੇ ਤੋਂ ਕਈ ਗਲਤੀਆਂ ਹੋਈਆਂ ਹਨ। ਮੈਂ ਆਪਣੇ ਫੈਸਲੇ ‘ਤੇ ਕਾਇਮ ਰਹਾਂਗਾ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਬਿਨਾਂ ਲੜਾਈ ਕੀਤੇ ਹੀ ਭੱਜ ਗਏ ਹਨ। ਅਸੀਂ ਆਪਣੇ ਫੌਜ ਨੂੰ ਕੁਝ ਸਮੇਂ ਲਈ ਹੋਰ ਰੱਖ ਸਕਦੇ ਸੀ ਪਰ ਫੌਜ ਨੂੰ ਉੱਥੋਂ ਹਟਾਉਣ ਦਾ ਸਾਡਾ ਫੈਸਲਾ ਸਹੀ ਹੈ। ਅਸੀਂ ਨਾਗਰਿਕਾਂ ਦੀ ਸੁਰੱਖਿਆ ਦੀ ਕੋਸ਼ਿਸ਼ ਕਰਾਂਗੇ ਤੇ ਆਉਣ ਵਾਲੇ ਦਿਨਾਂ ‘ਚ ਸਹਾਇਤਾ ਪ੍ਰਦਾਨ ਕਰਾਂਗੇ। ਅਸੀਂ ਲਗਾਤਾਰ ਲੜਾਈ ਲੜੀ ਅਸੀਂ ਕੋਸ਼ਿਸ਼ ਲਗਾਤਾਰ ਜਾਰੀ ਰੱਖੀ ਹੈ। ਅਸੀਂ ਕਈ ਦੇਸ਼ਾਂ ‘ਚ ਅੱਤਵਾਦੀ ਸਮੂਹਾਂ ਖਿਲਾਫ ਪ੍ਰਭਾਵੀ ਅੱਤਵਾਦ ਵਿਰੋਧੀ ਮੁਹਿੰਮ ਚਲਾਉਂਦੇ ਹਾਂ ਜਿੱਥੇ ਸਾਡੇ ਸਥਾਈ ਫੌਜੀ ਹਾਜ਼ਰ ਨਹੀਂ ਹਨ। ਜ਼ਰੂਰਤ ਪਈ ਤਾਂ ਅਸੀਂ ਅਫਗਾਨਿਸਤਾਨ ‘ਚ ਵੀ ਅਜਿਹਾ ਹੀ ਕਰਾਂਗੇ।
ਕਾਬੁਲ ’ਤੇ ਤਾਲਿਬਾਨੀ ਕਬਜ਼ੇ ਦੇ ਨਾਲ ਹੀ ਬਾਇਡਨ ਆਲਮੀ ਨੁਕਤਾਚੀਨੀ ਦਾ ਸ਼ਿਕਾਰ ਬਣ ਗਏ ਹਨ। ਅਸਲ ਵਿਚ ਇਹ ਉਦੋਂ ਹੀ ਤੈਅ ਹੋ ਗਿਆ ਸੀ ਜਦ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਫ਼ੌਜੀ ਅਫ਼ਸਰਾਂ ਅਤੇ ਖ਼ੁਫ਼ੀਆ ਏਜੰਸੀਆਂ ਦੀ ਰਾਇ ਨੂੰ ਦਰਕਿਨਾਰ ਕਰ ਕੇ ਜ਼ਮੀਨੀ ਹਕੀਕਤ ਦੀ ਪਰਵਾਹ ਕੀਤੇ ਬਿਨਾਂ ਹੀ ਅਫ਼ਗਾਨਿਸਤਾਨ ਤੋਂ ਜਲਦਬਾਜ਼ੀ ਵਿਚ ਆਪਣੀਆਂ ਫ਼ੌਜੀ ਟੁਕੜੀਆਂ ਦੀ ਵਾਪਸੀ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਲਈ ਕੋਈ ਕਾਰਗਰ ਯੋਜਨਾ ਵੀ ਨਹੀਂ ਬਣਾਈ ਗਈ। ਅਜਿਹੇ ਵਿਚ ਵਿਦੇਸ਼ ਨੀਤੀ ਦੇ ਮੁਹਾਜ਼ ’ਤੇ ਅਫ਼ਗਾਨਿਸਤਾਨ ’ਤੇ ਤਾਲਿਬਾਨੀ ਸ਼ਿਕੰਜੇ ਕਾਰਨ ਅਮਰੀਕਾ ਦੀ ਕੌਮਾਂਤਰੀ ਪੱਧਰ ਉਪਰ ਬਹੁਤ ਜਿਆਦਾ ਨੁਕਤਾਚੀਨੀ ਹੋ ਰਹੀ ਹੈ।