Articles International

ਕੀ ਈਰਾਨ-ਇਜ਼ਰਾਈਲ ਯੁੱਧ ਵਿਚਕਾਰ ਅਮਰੀਕਾ ਦੀ ਐਂਟਰੀ ਭਿਆਨਕ ਰੂਪ ਧਾਰ ਲਵੇਗੀ ?

ਅਮਰੀਕਾ ਨੇ ਈਰਾਨ-ਇਜ਼ਰਾਈਲ ਯੁੱਧ ਦੇ ਵਿੱਚ ਐਂਟਰੀ ਕਰ ਲਈ ਹੈ ਅਤੇ ਉਸਨੇ ਈਰਾਨ ਦੇ ਲੋਕਲ ਸਮੇਂ ਦੇ ਅਨੁਸਾਰ 21 ਜੂਨ ਦੀ ਅੱਧੀ ਰਾਤ ਤੋਂ ਬਾਅਦ ਈਰਾਨ ਦੇ ਉਪਰ ਹਮਲਾ ਕਰ ਦਿੱਤਾ।

ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਿਹਾ ਟਕਰਾਅ ਦਿਨੋ-ਦਿਨ ਭਿਆਨਕ ਹੁੰਦਾ ਜਾ ਰਿਹਾ ਹੈ ਅਤੇ ਈਰਾਨ-ਇਜ਼ਰਾਈਲ ਯੁੱਧ ਵਿੱਚ ਅਮਰੀਕਾ ਦੇ ਦਾਖਲ ਹੋਣ ਤੋਂ ਬਾਅਦ ਯੁੱਧ ਹੋਰ ਵੀ ਵਧਦਾ ਜਾ ਰਿਹਾ ਹੈ। ਅਮਰੀਕੀ ਹਮਲੇ ਤੋਂ ਬਾਅਦ ਈਰਾਨ ਨੇ ਰਾਜਧਾਨੀ ਤੇਲ ਅਵੀਵ ਸਮੇਤ ਇਜ਼ਰਾਈਲ ਦੇ 10 ਸ਼ਹਿਰਾਂ ਅਤੇ ਹਾਈਫਾ ਵਰਗੇ ਸ਼ਹਿਰਾਂ ‘ਤੇ ਹਮਲਾ ਕਰਕੇ ਜਵਾਬੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਈਰਾਨ ਵੱਲੋਂ ਤਾਜ਼ਾ ਸ਼ੁਰੂ ਕੀਤੇ ਜਵਾਬੀ ਹਮਲਿਆਂ ਤੋਂ ਬਾਅਦ ਇਜ਼ਰਾਈਲ ਹਵਾਈ ਅੱਡਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।

ਈਰਾਨ ਨੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਅਮਰੀਕੀ ਹਮਲਿਆਂ ਤੋਂ ਬਾਅਦ ਆਪਣੇ ਪਹਿਲੇ ਬਿਆਨ ਵਿੱਚ ਈਰਾਨ ਦਾ ਕਹਿਣਾ ਹੈ ਕਿ ਉਸ ਦੇ ਪ੍ਰਮਾਣੂ ਸਥਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਰੇਡੀਏਸ਼ਨ ਲੀਕ ਹੋਣ ਦੇ ਖ਼ਤਰੇ ਤੋਂ ਵੀ ਇਨਕਾਰ ਕੀਤਾ ਹੈ। ਦੇਸ਼ ਦਾ ਪ੍ਰਮਾਣੂ ਪ੍ਰੋਗਰਾਮ ਜਿਸਨੂੰ ਇਸਨੇ ‘ਰਾਸ਼ਟਰੀ ਉਦਯੋਗ’ ਕਿਹਾ ਹੈ, ਇਨ੍ਹਾਂ ਹਮਲਿਆਂ ਦੇ ਬਾਵਜੂਦ ਨਹੀਂ ਰੁਕੇਗਾ। ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਇਨ੍ਹਾਂ ਹਮਲਿਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਅਤੇ ਕਿਹਾ ਕਿ ਏਜੰਸੀ ਨੇ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਈਰਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਨ ਅਤੇ ਸ਼ਾਂਤੀਪੂਰਨ ਪ੍ਰਮਾਣੂ ਵਿਕਾਸ ਦੇ ਅਧਿਕਾਰ ਵਿੱਚ ਈਰਾਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।

ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਵਿਖੇ ਮੱਧ-ਪੂਰਬ ਅਧਿਐਨ ਫੋਰਮ ਦੇ ਡਾਇਰੈਕਟਰ ਸ਼ਾਹਰਾਮ ਅਕਬਰਜ਼ਾਦੇਹ ਨੇ ਈਰਾਨ ‘ਤੇ ਅਮਰੀਕੀ ਹਮਲੇ ਸਬੰਧੀ ਗੱਲ ਕਰਦਿਆਂ ਕਿਹਾ ਹੈ ਕਿ, ‘ਅਮਰੀਕੀ ਹਮਲਿਆਂ ਤੋਂ ਬਾਅਦ ਖੇਤਰੀ ਯੁੱਧ ਬਾਰੇ ਚਿੰਤਾਵਾਂ ਵਧ ਗਈਆਂ ਹਨ। ਇਰਾਨ ਦੇ ਖੇਤਰ ਵਿੱਚ ਬਹੁਤ ਸਾਰੇ ਸਹਿਯੋਗੀ ਅਤੇ ਪ੍ਰਤੀਨਿਧੀ ਹਨ, ਜੋ ਤਹਿਰਾਨ ਤੋਂ ਹਮਲਾ ਕਰਨ ਦੇ ਹੁਕਮ ਦੀ ਉਡੀਕ ਨਹੀਂ ਕਰਨਗੇ, ਪਰ ਅਮਰੀਕੀ ਸੰਪਤੀਆਂ ‘ਤੇ ਹਮਲਾ ਕਰ ਸਕਦੇ ਹਨ।’

ਅਮਰੀਕਾ ਨੇ ਈਰਾਨ-ਇਜ਼ਰਾਈਲ ਯੁੱਧ ਦੇ ਵਿੱਚ ਐਂਟਰੀ ਕਰਦਿਆਂ ਉਸਨੇ ਈਰਾਨ ਦੇ ਲੋਕਲ ਸਮੇਂ ਦੇ ਅਨੁਸਾਰ 21 ਜੂਨ ਦੀ ਅੱਧੀ ਰਾਤ ਤੋਂ ਬਾਅਦ ਈਰਾਨ ਦੇ ਉਪਰ ਹਮਲਾ ਕਰ ਦਿੱਤਾ। ਅਮਰੀਕਾ ਨੇ ਈਰਾਨ ਦੇ ਤਿੰਨ ਨਿਊਕਲੀਅਰ ਟਿਕਾਣੇ ਫੋਰਡੋ, ਨਤਾਨਜ਼ ਅਤੇ ਇਸਫਾਹਨ ਦੇ ਉਪਰ 30 ਹਜ਼ਾਰ ਪੌਂਡ ਭਾਰ ਵਾਲੇ ਬਹੁਤ ਹੀ ਘਾਤਕ ਜੀਬੀਜੂ-57 ਬੰਬਾਂ ਦਾ ਮੀਂਹ ਵਰ੍ਹਾਇਆ ਹੈ। ਇਸ ਹਮਲੇ ਲਈ ਅਮਰੀਕਾ ਨੇ ਜੀਬੀ-2 ਬੰਬਰ ਲੜਾਕੂ ਜਹਾਜਾਂ ਦੀ ਵਰਤੋਂ ਕੀਤੀ। ਇਹਨਾਂ ਬੰਬਾਂ ਦੇ ਵਿੱਚ ਜ਼ਮੀਨ ਦੇ ਅੰਦਰ ਤਬਾਹੀ ਮਚਾਉਣ ਦੀ ਵੱਡੀ ਸਮਰੱਥਾ ਹੈ ਅਤੇ ਇਹ ਜ਼ਮੀਨ ਦੇ ਹੇਠਾਂ ਜਾ ਕੇ ਹੀ ਫਟਦੇ ਹਨ। ਜੀਬੀ-57 ਬਹੁਤ ਹੀ ਘਾਤਕ ਬੰਬ ਹਨ ਜੋ ਜ਼ਮੀਨ ਦੇ ਹੇਠਾਂ 200 ਫੁੱਟ ਤੱਕ ਹੇਠਾਂ ਜਾਣ ਤੋਂ ਬਾਅਦ ਵਿੱਚ ਫਟਦੇ ਹਨ ਅਤੇ ਇਹ ਬੰਬ ਜ਼ਮੀਨ ਹੇਠਾ ਬਣੇ ਠਿਕਾਣਿਆਂ, ਮਜ਼ਬੂਤ ਬੰਕਰਾਂ ਅਤੇ ਸੁਰੰਗਾਂ ਨੂੰ ਤਬਾਹ ਕਰਨ ਦੇ ਸਮਰੱਥ ਹਨ।

ਈਰਾਨ-ਇਜ਼ਰਾਈਲ ਝਗੜੇ ਦੇ ਵਿੱਚਕਾਰ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਈਰਾਨ ਦੇ ਤਿੰਨ ਵੱਡੇ ਪ੍ਰਮਾਣੂ ਪਲਾਂਟ, ਫੋਰਡੋ, ਨਤਾਨਜ਼ ਅਤੇ ਇਸਫਾਹਨ ਨੂੰ ਤਬਾਹ ਕਰਨ ਦੇ ਹਮਲਾ ਕੀਤਾ ਜਿਸ ਲਈ ਬਹੁਤ ਆਧੁਨਿਕ ਕਿਸਮ ਦੇ ਖਤਰਨਾਕ ਬੰਬਾਂ ਦੀ ਵਰਤੋਂ ਕੀਤੀ ਗਈ। ਫੋਰਡੋ ਨਿਊਕਲੀਅਰ ਪਲਾਂਟ ਈਰਾਨ ਦੇ ਕੋਮ ਸ਼ਹਿਰ ਦੇ ਨੇੜੇ ਇੱਕ ਪਹਾੜੀ ਦੇ ਹੇਠਾਂ ਬਣਾਇਆ ਗਿਆ ਹੈ। ਸਾਲ 2009 ਵਿੱਚ ਇਸਦੀ ਖੋਜ ਪੱਛਮੀ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਦੁਆਰਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕਈ ਯੁੱਧਾਂ ਦੇ ਦੌਰਾਨ ਵੀ ਇਹ ਪੂਰੀ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਸੀ। ਇਸ ਤੋਂ ਪਹਿਲਾਂ ਪਿਛਲੇ ਕਈ ਯੁੱਧਾਂ ਦੇ ਦੌਰਾਨ ਫੋਰਡੌ ਨਿਊਕਲੀਅਰ ਪਲਾਂਟ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਚੁੱਕਾ ਹੈ, ਪਰ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਾ ਸਕਿਆ। ਇਸ ਸਬੰਧੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦਾ ਮੰਨਣਾ ਹੈ ਕਿ ਫੋਰਡੌ ਦੀ ਡੂੰਘਾਈ ਅਤੇ ਮਜ਼ਬੂਤ ਸੁਰੱਖਿਆ ਪ੍ਰਣਾਲੀ ਇਸਨੂੰ ਹਮਲਿਆਂ ਤੋਂ ਬਚਾਉਂਦੀ ਹੈ।

ਫੋਰਡੌ ਪਲਾਂਟ ਦੀਆਂ ਉੱਨਤ ਸੈਂਟਰਿਫਿਊਜ ਮਸ਼ੀਨਾਂ ਯੂਰੇਨੀਅਮ ਨੂੰ 60 ਫੀਸਦੀ ਤੱਕ ਸ਼ੁੱਧ ਕਰ ਸਕਦੀਆਂ ਹਨ ਜਦਕਿ ਪ੍ਰਮਾਣੂ ਹਥਿਆਰ ਬਣਾਉਣ ਲਈ 90 ਫੀਸਦੀ ਸ਼ੁੱਧਤਾ ਯੂਰੇਨੀਅਮ ਦੀ ਲੋੜ ਹੁੰਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫੋਰਡੌ ਇਸ ਨਿਸ਼ਾਨੇ ਦੇ ਬਹੁਤ ਨੇੜੇ ਆ ਗਿਆ ਸੀ। ਇਹੀ ਕਾਰਨ ਸੀ ਕਿ ਅਮਰੀਕਾ ਅਤੇ ਇਜ਼ਰਾਈਲ ਇਸ ਪਲਾਂਟ ਨੂੰ ਆਪਣੇ ਲਈ ਸਭ ਤੋਂ ਵੱਡਾ ਖ਼ਤਰਾ ਮੰਨਦੇ ਸਨ।

ਈਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਇਸਫਾਹਾਨ ਦੇ ਬਾਹਰਵਾਰ ਇੱਕ ਵੱਡਾ ਪ੍ਰਮਾਣੂ ਤਕਨਾਲੋਜੀ ਕੇਂਦਰ ਹੈ। ਇਸ ਵਿੱਚ ਇੱਕ ਤੇਲ ਪਲੇਟ ਫੈਬਰੀਕੇਸ਼ਨ ਪਲਾਂਟ ਅਤੇ ਇੱਕ ਯੂਰੇਨੀਅਮ ਸਹੂਲਤ ਸ਼ਾਮਲ ਹੈ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਦੇ ਇਸਫਾਹਾਨ ਵਿੱਚ ਇੱਕ ਅਜਿਹੀ ਸੰਵੇਦਨਸ਼ੀਲ ਟੈਕਨੀਕ ਹੈ ਜਿਸਦੀ ਵਰਤੋਂ ਪ੍ਰਮਾਣੂ ਬੰਬ ਨੂੰ ਤਿਆਰ ਕਰਨ ਲਈ ਕੀਤੀ ਜਾ ਰਹੀ।

ਈਰਾਨ ਦੇ ਨਾਤਾਨਜ਼ ਸ਼ਹਿਰ ਦੇ ਵਿੱਚ ਦੋ ਤੇਲ ਸੋਧਕ ਪਲਾਂਟ ਜਿਹਨਾਂ ਵਿੱਚੋਂ ਇੱਕ ਪਲਾਂਟ ਅੰਡਰ ਗਰਾਉਂਡ ਅਤੇ ਇੱਕ ਜ਼ਮੀਨ ਤੋਂ ਉੱਪਰ ਸਥਿਤ ਹਨ। ਇਹ ਸਥਾਨ ਤਹਿਰਾਨ ਦੇ ਦੱਖਣ ਵਿੱਚ ਸ਼ੀਆ ਮੁਸਲਿਮ ਪਵਿੱਤਰ ਸ਼ਹਿਰ ਕੋਮ ਦੇ ਬਾਹਰ ਪਹਾੜੀਆਂ ਦੇ ਵਿਚਕਾਰ ਹਨ। ਇਹ ਵਪਾਰਕ ਪੱਧਰ ‘ਤੇ ਤੇਲ ਨੂੰ ਸੋਧਣ ਦੇ ਲਈ ਬਣਾਇਆ ਗਿਆ ਸੀ। ਸਾਲ 2002 ਵਿੱਚ ਇੱਕ ਜਲਾਵਤਨ ਈਰਾਨੀ ਵਿਰੋਧੀ ਸਮੂਹ ਨੇ ਖੁਲਾਸਾ ਕੀਤਾ ਕਿ ਈਰਾਨ ਗੁਪਤ ਰੂਪ ਵਿੱਚ ਪ੍ਰਮਾਣੂ ਬੰਬ ਬਣਾ ਰਿਹਾ ਹੈ। ਇਸ ਨਾਲ ਪੱਛਮ ਅਤੇ ਈਰਾਨ ਵਿਚਕਾਰ ਉਸਦੇ ਪ੍ਰਮਾਣੂ ਇਰਾਦਿਆਂ ਨੂੰ ਲੈ ਕੇ ਇੱਕ ਕੂਟਨੀਤਕ ਰੁਕਾਵਟ ਪੈਦਾ ਹੋ ਗਈ ਜੋ ਅੱਜ ਵੀ ਜਾਰੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਤਿੰਨ ਪ੍ਰਮਾਣੂ ਅਧਾਰਾਂ ‘ਤੇ ਬੰਬਾਰੀ ਕਰਨ ਤੋਂ ਦੇਸ਼ ਨੂੰ ਸੰਬੋਧਨ ਕਰਦੇ ਕਿਹਾ ਕਿ, ‘ਈਰਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜੇ ਵੀ ਬਹੁਤ ਸਾਰੇ ਨਿਸ਼ਾਨੇ ਬਾਕੀ ਹਨ। ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਜਾਰੀ ਨਹੀਂ ਰਹਿ ਸਕਦਾ। 40 ਸਾਲਾਂ ਤੋਂ ਈਰਾਨ ਮੌਤ ਦੀ ਗੱਲ ਕਹਿ ਰਿਹਾ ਹੈ। ਮੈਂ ਬਹੁਤ ਸਮਾਂ ਪਹਿਲਾਂ ਫੈਸਲਾ ਕੀਤਾ ਸੀ ਕਿ ਮੈਂ ਅਜਿਹਾ ਨਹੀਂ ਹੋਣ ਦਿਆਂਗਾ। ਇਹ ਜਾਰੀ ਨਹੀਂ ਰਹਿ ਸਕਦਾ। ਮੱਧ ਪੂਰਬ ਦੇ ਧੱਕੇਸ਼ਾਹੀ ਈਰਾਨ ਨੂੰ ਹੁਣ ਸ਼ਾਂਤੀ ਸਥਾਪਤ ਕਰਨੀ ਚਾਹੀਦੀ ਹੈ। ਈਰਾਨ ਲਈ ਜਾਂ ਤਾਂ ਸ਼ਾਂਤੀ ਹੋਵੇਗੀ ਜਾਂ ਦੁਖਾਂਤ ਹੋਵੇਗਾ, ਜੋ ਅਸੀਂ ਪਿਛਲੇ ਅੱਠ ਦਿਨਾਂ ਵਿੱਚ ਦੇਖਿਆ ਹੈ, ਉਸ ਤੋਂ ਕਿਤੇ ਜ਼ਿਆਦਾ। ਪਰ ਜੇਕਰ ਸ਼ਾਂਤੀ ਜਲਦੀ ਨਹੀਂ ਆਉਂਦੀ ਤਾਂ ਅਸੀਂ ਉਨ੍ਹਾਂ ਹੋਰ ਨਿਸ਼ਾਨਿਆਂ ਨੂੰ ਸ਼ੁੱਧਤਾ, ਗਤੀ ਅਤੇ ਹੁਨਰ ਨਾਲ ਹਮਲਾ ਕਰਾਂਗੇ।’

ਈਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਅਮਰੀਕੀ ਹਮਲਿਆਂ ਸਬੰਧੀ ਅਮਰੀਕਾ ਦੇ ਸੈਨੇਟਰ ਬਰਨੀ ਸੈਂਡਰਸ ਨੇ ਕਿਹਾ ਹੈ ਕਿ, ‘ਡੋਨਾਲਡ ਟਰੰਪ ਦਾ ਬਿਆਨ – ਅਸੀਂ ਈਰਾਨ ਵਿੱਚ ਤਿੰਨ ਪ੍ਰਮਾਣੂ ਟਿਕਾਣਿਆਂ ‘ਤੇ ਹਮਲਾ ਕੀਤਾ ਹੈ… ਬਹੁਤ ਗੈਰ-ਸੰਵਿਧਾਨਕ ਹੈ। ਹਰ ਕੋਈ ਜਾਣਦਾ ਹੈ ਕਿ ਇੱਕੋ ਇੱਕ ਸੰਸਥਾ ਜੋ ਇਸ ਦੇਸ਼ ਨੂੰ ਯੁੱਧ ਵਿੱਚ ਲੈ ਜਾ ਸਕਦੀ ਹੈ ਉਹ ਹੈ ਅਮਰੀਕੀ ਕਾਂਗਰਸ।’

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ, ‘ਅੱਜ ਅਮਰੀਕਾ ਵੱਲੋਂ ਈਰਾਨ ਵਿਰੁੱਧ ਕੀਤੀ ਗਈ ਫੌਜੀ ਕਾਰਵਾਈ ਬਾਰੇ ਸੁਣ ਕੇ ਮੈਨੂੰ ਬਹੁਤ ਚਿੰਤਾ ਹੋਈ ਹੈ। ਇਹ ਇੱਕ ਅਜਿਹੇ ਖੇਤਰ ਵਿੱਚ ਇੱਕ ਖ਼ਤਰਨਾਕ ਭੜਕਾਊ ਕਾਰਵਾਈ ਹੈ ਜੋ ਪਹਿਲਾਂ ਹੀ ਤਣਾਅ ਦੀ ਕਗਾਰ ‘ਤੇ ਹੈ ਅਤੇ ਇਹ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ।’

ਇਜ਼ਰਾਈਲ ਨੇ ਲਗਾਤਾਰ ਕਿਹਾ ਹੈ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ ਉਸ ਦੇ ਵਜੂਦ ਲਈ ਖ਼ਤਰਾ ਹੈ ਤੇ ਉਸਨੇ 13 ਜੂਨ ਨੂੰ ਈਰਾਨ ‘ਤੇ ਹਮਲਾ ਵੀ ਕੀਤਾ ਸੀ। ਇਜ਼ਰਾਈਲ ਨੇ ਕਿਹਾ ਸੀ ਕਿ, ‘ਇਸਲਾਮੀ ਦੇਸ਼ ਪ੍ਰਮਾਣੂ ਹਥਿਆਰ ਬਣਾਉਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਜੋ ਨਾ ਸਿਰਫ਼ ਉਸ ਲਈ ਸਗੋਂ ਪੂਰੀ ਦੁਨੀਆ ਲਈ ਖ਼ਤਰਾ ਹਨ।

ਇਸ ਤੋਂ ਪਹਿਲਾਂ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੇ ਪਹਿਲਾਂ ਕਿਹਾ ਸੀ ਕਿ, ‘ਜੇਕਰ ਅਮਰੀਕਾ ਈਰਾਨ ‘ਤੇ ਹਮਲਾ ਕਰਦਾ ਹੈ ਤਾਂ ਇਸਦੇ ਗੰਭੀਰ ਨਤੀਜੇ ਹੋਣਗੇ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਵੀ ਇਹੀ ਕਿਹਾ ਸੀ। ਇਹ ਮੰਨਿਆ ਜਾਂਦਾ ਹੈ ਕਿ ਈਰਾਨ ਬਦਲੇ ਵਾਲੀ ਕਾਰਵਾਈ ਕਰੇਗਾ।

ਈਰਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਹਮਾਸ ਨੇ ਕਿਹਾ ਹੈ ਕਿ, ‘ਇਹ ਅੰਤਰਰਾਸ਼ਟਰੀ ਕਾਨੂੰਨ ਦੀ ਘੋਰ ਉਲੰਘਣਾ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਲਈ ਸਿੱਧਾ ਖ਼ਤਰਾ ਹੈ। ਹਮਾਸ ਇੱਕ ਫਲਸਤੀਨੀ ਹਥਿਆਰਬੰਦ ਸਮੂਹ ਹੈ ਜਿਸਨੂੰ ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲ ਸਮੇਤ ਕਈ ਦੇਸ਼ਾਂ ਨੇ ਅੱਤਵਾਦੀ ਸਮੂਹ ਐਲਾਨਿਆ ਹੋਇਆ ਹੈ।

Related posts

ਈਰਾਨ ‘ਤੇ ਅਮਰੀਕੀ ਹਮਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ !

admin

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin

ਰਿਟਾਇਰ ਦਾ ਮਤਲਬ ਜੀਵਨ ਦੀ ਗੱਡੀ ਨੂੰ ਨਵੇਂ ਟਾਇਰ ਪੁਆਉਣਾ ਹੈ !

admin