Magazine Articles

ਕੀ ਕਦੇ ਭਾਰਤ-ਚੀਨ ਸਬੰਧ ਸੁਖਾਵੇਂ ਹੋ ਸਕਣਗੇ?

ਭਾਰਤ ਅਤੇ ਚੀਨ ਵਿਚਾਲੇ ਤਾਜ਼ਾ ਵਿਵਾਦ ਉਦੋਂ ਸਾਹਮਣੇ ਆਇਆ ਸੀ ਜਦੋਂ ਭਾਰਤੀ ਫੌਜ ਨੇ ਦਾਅਵਾ ਕੀਤਾ ਸੀ ਕਿ 29-30 ਅਗਸਤ 2020 ਦੀ ਰਾਤ ਨੂੰ ਝੜਪ ਹੋਈ ਸੀ। ਭਾਰਤ-ਚੀਨ ਵਿਚਾਲੇ ਹਾਲਾਤ ਦਾ ਹੱਲ ਹੋਣ ਦੀ ਗੱਲ ਚੱਲ ਹੀ ਰਹੀ ਸੀ ਕਿ ਫਿਰ ਦੁਬਾਰਾ ਹਾਲਾਤ ਤਣਾਅ ਵਾਲੇ ਬਣ ਗਏ। ਇਹ ਵਿਵਾਦ ਹੁਣ ਵੱਧਦਾ ਹੀ ਨਜ਼ਰ ਆ ਰਿਹਾ ਹੈ। ਪਰ ਇਸ ਦਾ ਹੱਲ ਕੀ ਹੈ ਅਤੇ ਭਾਰਤ ਲਈ ਕੀ ਰਾਹ ਬਚਿਆ ਹੈ, ਇਹ ਸਵਾਲ ਹੁਣ ਸਾਰਿਆਂ ਦੀ ਜ਼ੁਬਾਨ ਉਪਰ ਹੈ।

ਜਦੋਂ ਅਸੀਂ ਭਾਰਤ-ਚੀਨ ਸਬੰਧਾਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਵਿੱਚ ਬੁਨਿਆਦੀ ਬਦਲਾਅ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਸਹਿਮਤੀ ਸੀ ਕਿ ਸਰਹੱਦੀ ਵਿਵਾਦ ਨੂੰ ਇੱਕ ਪਾਸੇ ਰੱਖ ਕੇ ਆਪਸੀ ਸਬੰਧਾਂ ਨੂੰ ਅੱਗੇ ਵਧਾਇਆ ਜਾਵੇ, ਚਾਹੇ ਉਹ ਵਪਾਰ ਹੋਵੇ ਜਾਂ ਸਭਿਆਚਾਰਕ ਸਬੰਧ। ਪਰ ਹੁਣ ਇਹ ਹਾਲਾਤ ਬਦਲ ਗਏ ਹਨ ਕਿਉਂਕਿ ਚੀਨ ਨੇ ਲਾਈਨ ਆਫ਼ ਐਕਚੁਅਲ ਕੰਟਰੋਲ (ਐੱਲ ਏ ਸੀ) ਦੀ ਸਥਿਤੀ ਨੂੰ ਇੱਕਪਾਸੜ ਢੰਗ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਨ ਦੋਹਾਂ ਦੇਸਾਂ ਵਿੱਚ ਆਪਸੀ ਵਿਸ਼ਵਾਸ ਨੂੰ ਧੱਕਾ ਲੱਗਿਆ ਹੈ। ਭਾਰਤ ਹੁਣ ਚੀਨ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਹੈ। ਸ਼ਾਇਦ ਚੀਨ ਦਾ ਵੀ ਭਾਰਤ ਪ੍ਰਤੀ ਇਹੀ ਰਵੱਈਆ ਹੋਵੇ।

ਚੀਨ ਨੇ ਲਾਈਨ ਆਫ਼ ਐਕਚੁਅਲ ਕੰਟਰੋਲ ਦੀ ਸਥਿਤੀ ਨੂੰ ਇੱਕਪਾਸੜ ਢੰਗ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਭਾਰਤ-ਚੀਨ ਰਿਸ਼ਤਿਆਂ ਵਿੱਚ ਬਦਲਾਅ ਨੂੰ ਦੋ ਪੱਧਰਾਂ ‘ਤੇ ਸਮਝਿਆ ਜਾ ਸਕਦਾ ਹੈ। ਪਹਿਲਾ ਇਹ ਕਿ ਚੀਨ ਬਹੁਤ ਤਾਕਤਵਰ ਹੋ ਗਿਆ ਹੈ ਅਤੇ ਜਿੰਨੇ ਵੀ ਦੇਸਾਂ ਨਾਲ ਉਨ੍ਹਾਂ ਦਾ ਸਰਹੱਦੀ ਵਿਵਾਦ ਹੈ, ਉਹ ਉਨ੍ਹਾਂ ਵਿਵਾਦਾਂ ਨੂੰ ਗੱਲਬਾਤ ਦੀ ਥਾਂ ਇੱਕਪਾਸੜ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿੱਚ ਉਹ ਫੌਜੀ ਤਾਕਤ ਦੀ ਵਧੇਰੇ ਵਰਤੋਂ ਕਰ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਸਰਹੱਦ ‘ਤੇ ਜੋ ਵੀ ਵਾਪਰਿਆ ਹੈ, ਉਹ ਗਲਵਾਨ ਘਾਟੀ ਜਾਂ ਹੋਰ ਝੜਪਾਂ ਹੋਣ, ਉਸ ਤੋਂ ਬਾਅਦ ਭਾਰਤ ਵੀ ਸਰਗਰਮ ਹੋ ਗਿਆ ਹੈ। ਇਸ ਲਈ ਚੀਨ ਦਾ ਹਮਲਾ ਅਤੇ ਭਾਰਤ ਦਾ ਸਰਗਰਮ ਰਵੱਈਆ ਦੋਵਾਂ ਦਾ ਨਤੀਜਾ ਇਹ ਹੋਇਆ ਕਿ ਐੱਲਏਸੀ ‘ਤੇ ਸਥਿਤੀ ਤਣਾਅ ਵਾਲੀ ਬਣ ਗਈ ਹੈ। ਦੋਵੇਂ ਪੱਖ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਣ ਵਾਲੇ।

ਭਾਰਤ ਨੇ ਦੋ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਰੱਖਿਆ ਮੰਤਰੀ ਨੇ ਚੀਨੀ ਦਲ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਵੀ ਚੀਨੀ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਹਨ। ਭਾਰਤ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਪਰ ਭਾਰਤ ਨੇ ਵੀ ਆਪਣੀਆਂ ਸ਼ਰਤਾਂ ਵੀ ਸਪਸ਼ਟ ਕੀਤੀਆਂ ਹਨ। ਭਾਰਤ ਨੇ ਕਿਹਾ ਹੈ ਕਿ ਮਈ ਤੋਂ ਪਹਿਲਾਂ ਸਰਹੱਦ ‘ਤੇ ਜੋ ਹਾਲਾਤ ਸੀ ਦੋਵਾਂ ਧਿਰਾਂ ਨੂੰ ਉੱਥੇ ਹੀ ਪਰਤਣਾ ਪਏਗਾ। ਚੀਨ ਨੂੰ ਇਸ ਵਿੱਚ ਪਹਿਲ ਕਰਨੀ ਪਏਗੀ। ਇਹ ਕਹੀਏ ਕਿ ਗੇਂਦ ਚੀਨ ਦੇ ਪਾਲੇ ਵਿੱਚ ਹੈ।
ਜੇ ਤੁਸੀਂ ਭਾਰਤੀ ਫੌਜ ਦਾ ਪ੍ਰਤੀਕਰਮ ਦੇਖਦੇ ਹੋ ਤਾਂ ਉਨ੍ਹਾਂ ਨੇ ਟੈਕਟੀਕਲ ਜਾਂ ਰਣਨੀਤਕ ਬੜਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਦੋਂ ਗੱਲਬਾਤ ਅੱਗੇ ਵਧੇ ਤਾਂ ਭਾਰਤ ਇਸ ਰਣਨੀਤਕ ਲਾਭ ਦੀ ਵਰਤੋਂ ਕਰ ਸਕਦਾ ਹੈ। ਕੀ ਚੀਨ ਇਸ ਨੂੰ ਮੰਨੇਗਾ ਇਹ ਦੇਖਣ ਵਾਲੀ ਗੱਲ ਹੈ। ਇਸ ਲਈ ਭਾਰਤ ਵੱਲੋਂ ਗੱਲਬਾਤ ਦੀ ਉੰਨੀ ਹੀ ਸੰਭਾਵਨਾ ਹੈ ਜਿੰਨੀ ਕੋਈ ਵੀ ਫੌਜੀ ਕਾਰਵਾਈ ਦੀ।

ਭਾਰਤ ਅਤੇ ਚੀਨ ਦੋਵੇਂ ਦੁਨੀਆਂ ਦੀਆਂ ਮਹਾਨ ਸ਼ਕਤੀਆਂ ਹਨ ਜੋ ਇੱਕ ਮਹਾਂਸ਼ਕਤੀ ਬਣਨ ਵੱਲ ਵਧ ਰਹੀਆਂ ਹਨ। ਚੀਨ ਨੂੰ ਤਾਂ ਦੁਨੀਆਂ ਮਹਾਂਸ਼ਕਤੀ ਮੰਨਣ ਲੱਗ ਪਈ ਹੈ। ਇਸ ਲਈ ਦੋਹਾਂ ਦੇਸਾਂ ਨੂੰ ਇਹ ਤਣਾਅ ਨਾ ਸਿਰਫ਼ ਆਪਸੀ ਸਬੰਧਾਂ ਅਨੁਸਾਰ ਹੀ ਦੇਖਣਾ ਚਾਹੀਦਾ ਹੈ ਬਲਕਿ ਇਸ ਨਜ਼ਰੀਏ ਨਾਲ ਵੀ ਦੇਖਣਾ ਚਾਹੀਦਾ ਹੈ ਕਿ ਇਸ ਦਾ ਦੁਨੀਆਂ ‘ਤੇ ਕੀ ਅਸਰ ਪੈ ਸਕਦਾ ਹੈ। ਅਜਿਹੀਆਂ ਕਈ ਸੰਸਥਾਵਾਂ ਹਨ ਜਿੱਥੇ ਭਾਰਤ ਅਤੇ ਚੀਨ ਇਕੱਠੇ ਕੰਮ ਕਰ ਰਹੇ ਹਨ ਜਿਵੇਂ ਕਿ ਬ੍ਰਿਕਸ, ਜੀ -20 ਜਾਂ ਐੱਸਸੀਓ। ਇਨ੍ਹਾਂ ‘ਤੇ ਵੀ ਭਾਰਤ-ਚੀਨ ਵਿਵਾਦ ਦਾ ਅਸਰ ਪੈ ਸਕਦਾ ਹੈ। ਇਹ ਤਣਾਅ ਸਿਰਫ਼ ਭਾਰਤ ਅਤੇ ਚੀਨ ਦਰਮਿਆਨ ਮੁੱਦਾ ਇਸ ਲਈ ਵੀ ਨਹੀਂ ਹੈ ਕਿਉਂਕਿ ਇਹ ਅਸਲ ਵਿੱਚ ਚੀਨ ਦੇ ਰਵੱਈਏ ਨਾਲ ਜੁੜਿਆ ਵਿਆਪਕ ਮਾਮਲਾ ਹੈ। ਜੇ ਚੀਨ ਇੱਕ ਮਹਾਂਸ਼ਕਤੀ ਬਣ ਜਾਂਦਾ ਹੈ ਤਾਂ ਉਹ ਦੂਜੇ ਕਮਜ਼ੋਰ ਦੇਸਾਂ ਨਾਲ ਕਿਵੇਂ ਪੇਸ਼ ਆਏਗਾ, ਇਹ ਮੁੱਦਾ ਵੀ ਉਸ ‘ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਚਾਹੇ ਉਹ ‘ਸਾਊਥ ਚਾਇਨਾ ਸੀਅ’ ਵਿਵਾਦ ਹੋਵੇ, ਹਾਂਗ ਕਾਂਗ ਜਾਂ ਤਾਈਵਾਨ ਵਿਵਾਦ ਹੋਵੇ, ਧਾਰਨਾ ਇਹੀ ਹੈ ਕਿ ਚੀਨ ਬਹੁਤ ਹਮਲਾਵਰ ਅਤੇ ਸਖ਼ਤ ਰੁਖ ਅਪਣਾ ਰਿਹਾ ਹੈ। ਕੌਮਾਂਤਰੀ ਭਾਈਚਾਰੇ ਨੂੰ ਇਸ ਮੁੱਦੇ ਦਾ ਨਾ ਸਿਰਫ਼ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਬਲਕਿ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਹ ਭਾਰਤ-ਚੀਨ ਵਿਵਾਦ ਵਿੱਚ ਕਿਵੇਂ ਸਕਾਰਾਤਮਕ ਭੂਮਿਕਾ ਅਦਾ ਕਰ ਸਕਦਾ ਹੈ।

 

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin