
2020 ਦੀ ਸ਼ੁਰੂਆਤ ਤੋਂ ਹੀ ਅਮਰੀਕਾ, ਆਸਟਰੇਲੀਆ, ਫਰਾਂਸ ਅਤੇ ਇੰਗਲੈਂਡ ਆਦਿ ਦੇਸ਼ਾਂ ਦੇ ਕਈ ਚੋਟੀ ਦੇ ਜ਼ਰਾਸੀਮ ਵਿਗਿਆਨਕ ਅਤੇ ਫੌਜੀ ਮਾਹਰ ਇਹ ਸ਼ੰਕਾ ਜ਼ਾਹਰ ਕਰ ਰਹੇ ਸਨ ਕਿ ਸੰਸਾਰ ਨੂੰ ਤਬਾਹ ਕਰ ਕੇ ਰੱਖ ਦੇਣ ਵਾਲਾ ਕਰੋਨਾ ਵਾਇਰਸ ਕੁਦਰਤੀ ਨਹੀਂ ਹੈ, ਬਲਕਿ ਇਸ ਦੀ ਉਤਪਤੀ ਚੀਨ ਦੇ ਵੁਹਾਨ ਸ਼ਹਿਰ ਦੀ ਕਿਸੇ ਪ੍ਰਯੋਗਸ਼ਾਲਾ ਵਿੱਚ ਹੋਈ ਹੈ। ਉਨ੍ਹਾਂ ਮੁਤਾਬਕ ਚੀਨ ਨੇ ਇਸ ਵਾਇਰਸ ਨੂੰ ਕੈਮੀਕਲ ਯੁੱਧ ਵਾਸਤੇ ਤਿਆਰ ਕੀਤਾ ਸੀ ਪਰ ਇਹ ਕਿਸੇ ਤਰਾਂ ਪ੍ਰਯੋਗਸ਼ਾਲਾ ਵਿੱਚੋਂ ਲੀਕ ਹੋ ਗਿਆ ਸੀ। ਪਰ ਉਸ ਸਮੇਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ.ਐੱਚ.ਉ.) ਨੇ ਇਸ ਗੱਲ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਕਿਉਂਕਿ ਚੀਨ ਡਬਲਿਊ.ਐੱਚ.ਉ. ਨੂੰ ਹਰ ਸਾਲ ਕਰੋੜਾਂ ਡਾਲਰ ਦਾ ਅਨੁਦਾਨ ਦਿੰਦਾ ਹੈ। ਅੰਤਰਰਾਸ਼ਟਰੀ ਮੀਡੀਆ ਨੇ ਵੀ ਇਸ ਗੱਲ ਨੂੰ ਪੱਛਮੀ ਦੇਸ਼ਾਂ ਦਾ ਚੀਨ ਵਿਰੋਧੀ ਪ੍ਰਾਪੇਗੰਡਾ ਸਮਝ ਕੇ ਬਹੁਤਾ ਧਿਆਨ ਨਾ ਦਿੱਤਾ। ਡਬਲਿਊ.ਐੱਚ.ਉ. ਦੇ ਇਸ ਵਤੀਰੇ ਕਾਰਨ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਿਊ.ਐੱਚ.ਉ. ਨਾਲੋਂ ਆਪਣਾ ਨਾਤਾ ਤੋੜ ਲਿਆ ਸੀ ਤੇ ਅਮਰੀਕਾ ਵਲੋਂ ਦਿੱਤਾ ਜਾ ਰਿਹਾ ਅਨੁਦਾਨ ਬੰਦ ਕਰ ਦਿੱਤਾ ਸੀ। ਪਰ ਹੁਣ ਕਈ ਨਵੇਂ ਤੱਥ ਅਤੇ ਠੋਸ ਸਬੂਤ ਸਾਹਮਣੇ ਆਉਣ ਤੋਂ ਬਾਅਦ ਸਾਰਾ ਦ੍ਰਿਸ਼ ਹੀ ਬਦਲ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਇਸ ਸਬੰਧੀ ਜਾਂਚ ਕਰ ਕੇ 90 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਡੋਨਾਲਡ ਟਰੰਪ ਨੇ ਰੌਲਾ ਤਾਂ ਬਹੁਤ ਪਾਇਆ ਸੀ ਕਿ ਕਰੋਨਾ ਚੀਨ ਦੀ ਵੁਹਾਨ ਪ੍ਰਯੋਗਸ਼ਾਲਾ ਵਿੱਚ ਪੈਦਾ ਕੀਤਾ ਗਿਆ ਹੈ, ਪਰ ਉਸ ਦੇ ਮੂਰਖਾਂ ਵਾਲੇ ਬਣੇ ਹੋਏ ਅਕਸ ਅਤੇ ਰੋਜ਼ਾਨਾ ਦਿੱਤੇ ਜਾਂਦੇ ਊਲ ਜਲੂਲ ਬਿਆਨਾਂ ਕਾਰਨ ਕਿਸੇ ਨੇ ਉਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆ। ਪ੍ਰੰਤੂ ਹੁਣ ਡਬਲਿਊ.ਐੱਚ.ਉ. ਸਮੇਤ ਸਾਰੇ ਸੰਸਾਰ ਦੀ ਇੱਕ ਰਾਏ ਬਣ ਗਈ ਹੈ ਕਿ ਇਸ ਵਾਇਰਸ ਦੀ ਸ਼ੁਰੂਆਤ ਦੇ ਮੁੱਢ ਤੱਕ ਪਹੁੰਚਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਦਾ ਕੋਈ ਠੋਸ ਇਲਾਜ਼ ਲੱਭਿਆ ਜਾ ਸਕੇ।
ਵੁਹਾਨ ਦੀ ਪੀ-4 ਪ੍ਰਯੋਗਸ਼ਾਲਾ, ਜਿੱਥੇ ਇਸ ਵਾਇਰਸ ਦੀ ਉਤਪਤੀ ਹੋਣ ਦਾ ਸ਼ੱਕ ਹੈ, ਚੀਨ ਦੀ ਹਵਾਈ ਫੌਜ ਦੇ ਵਿਗਿਆਨਕਾਂ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ ਤੇ ਇੱਕ ਮੇਜਰ ਜਨਰਲ ਰੈਂਕ ਦਾ ਅਫਸਰ ਇਸ ਦਾ ਇੰਚਾਰਜ ਹੈ। 2015 ਵਿੱਚ ਜਦੋਂ ਅਮਰੀਕਾ ਅਤੇ ਚੀਨ ਦੇ ਸਬੰਧ ਬੇਹੱਦ ਖਰਾਬ ਸਥਿੱਤੀ ਵਿੱਚ ਪਹੁੰਚ ਗਏ ਸਨ ਤਾਂ ਚੀਨ ਨੇ ਆਪਣੀ ਫੌਜ ਵਿੱਚ ਵਿਗਿਆਨੀਆਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਚੀਨ ਨੇ ਅਮਰੀਕਾ ਨੂੰ ਛਿਪੀ ਹੋਈ ਧਮਕੀ ਵੀ ਦਿੱਤੀ ਸੀ ਕਿ ਉਸ ਦੀ ਫੌਜ ਅਮਰੀਕਾ ਨਾਲੋਂ ਕਿਤੇ ਬੇਹਤਰ ਹੈ, ਇਸ ਲਈ ਅਮਰੀਕਾ ਉਸ ਨਾਲ ਬਰਬਾਰੀ ਵਾਲਾ ਵਿਹਾਰ ਕਰੇ। ਚੀਨ ਦੀ ਇਸ ਧਮਕੀ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਬਹੁਤ ਬੁਰਾ ਮਨਾਇਆ ਸੀ। ਉਨ੍ਹਾਂ ਦਿਨਾਂ ਵਿੱਚ ਹੀ ਆਸਟਰੇਲੀਆ ਦੇ ਇੱਕ ਖੋਜੀ ਪੱਤਰਕਾਰ ਨੇ ਆਪਣੇ ਆਰਟੀਕਲ ਵਿੱਚ ਦਾਅਵਾ ਕੀਤਾ ਸੀ ਕਿ ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਤੀਸਰੀ ਸੰਸਾਰ ਜੰਗ ਹੋਣ ਦੀ ਸੂਰਤ ਵਿੱਚ ਚੀਨ ਆਪਣੇ ਕੈਮੀਕਲ ਹਥਿਆਰਾਂ ਦੇ ਸਿਰ ‘ਤੇ ਜਿੱਤ ਜਾਵੇਗਾ। ਇਸ ਰਿਪੋਰਟ ਵਿੱਚ ਵਜ਼ਨ ਲੱਗਦਾ ਹੈ, ਕਿਉਂਕਿ 2015 ਵਿੱਚ ਹੀ ਚੀਨ ਨੇ ਕੈਮੀਕਲ ਹਥਿਆਰਾਂ ਦੇ ਉਤਪਾਦਨ ਲਈ ਵਿਗਿਆਨੀਆਂ ਨੂੰ ਫੌਜ ਵਿੱਚ ਭਰਤੀ ਕਰਨਾ ਸ਼ੁਰੂ ਕੀਤਾ ਸੀ। ਅਮਰੀਕੀ ਸੂਹੀਆਂ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਚੀਨ ਵਿੱਚ ਕਰੋਨਾ ਫੈਲਣ ਤੋਂ ਕੁਝ ਦਿਨ ਪਹਿਲਾਂ ਨਵੰਬਰ 2019 ਵਿੱਚ ਵੂਹਾਨ ਪ੍ਰਯੋਗਸ਼ਾਲਾ ਦੇ ਤਿੰਨ ਵਿਗਿਆਨੀ ਕਰੋਨਾ ਦੀ ਲਾਗ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕੀਤੇ ਗਏ ਸਨ। ਇਸ ਤੋਂ 20 ਕੁ ਦਿਨ ਬਾਅਦ ਦਸੰਬਰ 2019 ਵਿੱਚ ਚੀਨ ਨੇ ਡਬਲਿਊ.ਐੱਚ.ਉ. ਨੂੰ ਕਰੋਨਾ ਵਾਇਰਸ ਦੇ ਚੀਨ ਵਿੱਚ ਫੈਲਣ ਬਾਰੇ ਸੂਚਨਾ ਦਿੱਤੀ ਸੀ। ਹੁਣ ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਉਸ ਸਮੇਂ ਚੀਨ ਦੇ ਰਾਸ਼ਟਰਪਤੀ ਜ਼ੀ ਜਿੰਨਪਿੰਗ ਨੇ ਕਰੋਨਾ ਰੋਕਣ ਲਈ ਚੀਨ ਦੀ ਸਾਰੀ ਅੰਦਰੂਨੀ ਆਵਾਜਾਈ ‘ਤੇ ਤਾਂ ਰੋਕ ਲਗਾ ਦਿੱਤੀ ਸੀ, ਪਰ ਅੰਤਰਰਾਸ਼ਟਰੀ ਹਵਾਈ ਅਤੇ ਸਮੁੰਦਰੀ ਆਵਾਜਾਈ ‘ਤੇ ਰੋਕ ਕਿਉਂ ਨਹੀਂ ਸੀ ਲਗਾਈ? ਸਾਫ ਹੈ ਕਿ ਚੀਨ ਦੀ ਮੰਸ਼ਾ ਠੀਕ ਨਹੀਂ ਸੀ ਤੇ ਇਸ ਆਵਾਜਾਈ ਕਾਰਨ ਹੀ ਕਰੋਨਾ ਬਾਕੀ ਦੇਸ਼ਾਂ ਵਿੱਚ ਫੈਲਿਆ ਹੈ।
ਇੱਕ ਹੋਰ ਗੱਲ ਜੋ ਸ਼ੱਕ ਪੈਦਾ ਕਰਦੀ ਹੈ ਉਹ ਇਹ ਹੈ ਕਿ ਚੀਨ ਨੇ ਜਨਵਰੀ 2020 ਵਿੱਚ ਹੀ ਆਪਣੇ ਸਾਰੇ ਹਸਪਤਾਲਾਂ ਵਿੱਚ ਕਰੋਨਾ ਟੈਸਟ ਕਿੱਟਾਂ ਮੁਹੱਈਆ ਕਰਵਾ ਦਿੱਤੀਆਂ ਸਨ ਜਦ ਕਿ ਬਾਕੀ ਦੇਸ਼ਾਂ ਨੂੰ ਇਨ੍ਹਾਂ ਕਿੱਟਾਂ ਬਾਰੇ ਅਜੇ ਕੋਈ ਪਤਾ ਹੀ ਨਹੀਂ ਸੀ। ਇਸ ਤੋਂ ਇਲਾਵਾ ਜਿਸ ਤੇਜ਼ੀ ਨਾਲ ਚੀਨ ਨੇ ਆਪਣੇ ਦੇਸ਼ ਅੰਦਰ ਕਰੋਨਾ ‘ਤੇ ਕਾਬੂ ਪਾਇਆ, ਉਹ ਵੀ ਹੈਰਾਨੀਜਨਕ ਹੈ। ਇਹ ਕਾਰਨਾਮਾ ਸਿਰਫ ਉਹ ਦੇਸ਼ ਹੀ ਕਰ ਸਕਦਾ ਹੈ ਜਿਸ ਨੂੰ ਇਸ ਵਾਇਰਸ ਦੀ ਸੰਰਚਨਾ ਅਤੇ ਇਲਾਜ਼ ਬਾਰੇ ਪਹਿਲਾਂ ਹੀ ਪਤਾ ਹੋਵੇ। ਅੱਜ ਜਦੋਂ ਸਾਰਾ ਸੰਸਾਰ ਕਰੋਨਾ ਦੀ ਜਕੜ ਵਿੱਚ ਫਸਿਆ ਹੋਇਆ ਹੈ, ਚੀਨ ਵਿੱਚ ਕਰੋਨਾ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਚੀਨ ਸੰਸਾਰ ਦਾ ਇੱਕੋ ਇੱਕ ਦੇਸ਼ ਹੈ ਜਿਸ ਦੀ ਆਰਥਿਕਤਾ ਕਰੋਨਾ ਕਾਲ ਵਿੱਚ ਵੀ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੀ ਹੈ, ਜਦੋਂ ਕਿ ਅਮਰੀਕਾ ਅਤੇ ਭਾਰਤ ਸਮੇਤ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਦੀ ਆਰਥਿਕਤਾ ਇੱਕ ਵਾਰ ਤਬਾਹੀ ਦੇ ਕਗਾਰ ‘ਤੇ ਪਹੁੰਚ ਗਈ ਸੀ। ਚੀਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਕੈਮੀਕਲ ਹਥਿਆਰਾਂ ਦੇ ਸਾਹਮਣੇ ਐਟਮੀ ਸ਼ਕਤੀ ਦਾ ਕੋਈ ਮਹੱਤਵ ਨਹੀਂ ਰਹਿ ਗਿਆ। ਐਟਮ ਬੰਬ ਵਰਤ ਕੇ ਸਾਰੇ ਸੰਸਾਰ ਤੋਂ ਬਦਨਾਮੀ ਖੱਟਣ ਦੀ ਬਜਾਏ ਚੁੱਪ ਚਾਪ ਕਿਸੇ ਦੇਸ਼ ਵਿੱਚ ਜ਼ਰਾਸੀਮ ਛੱਡ ਕੇ ਵੀ ਉਸ ਨੂੰ ਤਬਾਹ ਕੀਤਾ ਜਾ ਸਕਦਾ ਹੈ। ਹੁਣ ਕਿਸੇ ਦੇਸ਼ ਦੀ ਸੈਨਿਕ ਸ਼ਕਤੀ ਉਸ ਦੇ ਐਟਮੀ ਹਥਿਆਰਾਂ ਦੀ ਗਿਣਤੀ ਦੀ ਬਜਾਏ ਉਸ ਕੋਲ ਮੌਜੂਦ ਕੈਮੀਕਲ ਹਥਿਆਰਾਂ ਦੀ ਮਾਰੂ ਸ਼ਕਤੀ ਤੋਂ ਮਿਥੀ ਜਾਇਆ ਕਰੇਗੀ।
ਕਈ ਦਹਾਕਿਆਂ ਤੋਂ ਚੀਨ ਦੀ ਇੱਛਾ ਅਮਰੀਕਾ ਨੂੰ ਪਛਾੜ ਕੇ ਸੰਸਾਰ ਦੀ ਸਭ ਤੋਂ ਵੱਡੀ ਸੈਨਿਕ ਅਤੇ ਆਰਥਿਕ ਸ਼ਕਤੀ ਬਣਨ ਦੀ ਹੈ। 2001 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁੱਸ਼ ਨੇ ਕਿਹਾ ਸੀ ਕਿ ਰੂਸ ਨਾਲ ਠੰਡੀ ਜੰਗ ਖਤਮ ਹੋਣ ਤੋਂ ਬਾਅਦ ਹੁਣ ਸਿਰਫ ਚੀਨ ਹੀ ਅਮਰੀਕਾ ਦਾ ਇੱਕੋ ਇੱਕ ਸੈਨਿਕ ਮੁਕਾਬਲੇਬਾਜ਼ ਰਹਿ ਗਿਆ ਹੈ। ਜੇ ਕਿਤੇ ਅਮਰੀਕਾ ‘ਤੇ ਅਲ ਕਾਇਦਾ ਵੱਲੋਂ 9-11 ਵਾਲਾ ਹਮਲਾ ਨਾ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਚੀਨ ਤੇ ਅਮਰੀਕਾ ਬਹੁਤ ਪਹਿਲਾਂ ਹੀ ਕਿਸੇ ਨਾ ਕਿਸੇ ਸੰਘਰਸ਼ ਵਿੱਚ ਉਲਝ ਗਏ ਹੁੰਦੇ। 9-11 ਤੋਂ ਬਾਅਦ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਸਾਰਾ ਜੋਰ ਅੰਤਰਰਾਸ਼ਟਰੀ ਅੱਤਵਾਦ ਅਤੇ ਅਫਗਾਨਿਸਤਾਨ ਦੀ ਜੰਗ ਵੱਲ ਲੱਗ ਗਿਆ ਤੇ ਚੀਨ ਵਾਲਾ ਮੁੱਦਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਇਸੇ ਕਾਰਨ ਪੱਛਮੀ ਦੇਸ਼ਾਂ ਦਾ ਧਿਆਨ ਚੀਨ ਵੱਲੋਂ ਵੂਹਾਨ ਵਿੱਚ ਕੀਤੇ ਜਾ ਰਹੇ ਕੋਝ੍ਹੇ ਪ੍ਰਯੋਗਾਂ ਵੱਲੋਂ ਹਟ ਗਿਆ ਤੇ ਚੀਨ ਚੁੱਪ ਚਾਪ ਆਪਣੇ ਕੰਮ ਵਿੱਚ ਲੱਗਾ ਰਿਹਾ। ਅਲ ਕਾਇਦਾ ਵੱਲੋਂ ਅਮਰੀਕਾ ‘ਤੇ ਕੀਤਾ ਗਿਆ ਹਮਲਾ ਚੀਨ ਵਾਸਤੇ ਰੱਬੀ ਦਾਤ ਬਣ ਕੇ ਬਹੁੜਿਆ ਹੈ। ਇਹ ਵੀ ਇੱਕ ਵਿਬੰਡਨਾ ਹੈ ਵੂਹਾਨ ਦੀ ਪ੍ਰਯੋਗਸ਼ਾਲਾ ਵਿੱਚ ਮਾਰੂ ਵਾਇਰਸਾਂ ਨੂੰ ਵਿਕਸਿਤ ਕਰਨ ਲਈ ਵਰਤੀਆਂ ਜਾ ਰਹੀਆਂ ਜਿਆਦਤਰ ਮਸ਼ੀਨਾਂ ਅਤੇ ਸਾਜ਼ੋ ਸਮਾਨ ਚੀਨ ਵੱਲੋਂ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਤੋਂ ਦਰਾਮਦ ਕੀਤਾ ਗਿਆ ਹੈ। ਇੱਕ ਤਰਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਪੱਛਮੀ ਦੇਸ਼ਾਂ ਨੇ ਵੀ ਅਣਜਾਣੇ ਵਿੱਚ ਦੁਨੀਆਂ ਨੂੰ ਤਬਾਹ ਕਰ ਕੇ ਰੱਖ ਦੇਣ ਵਾਲੇ ਇਸ ਵਾਇਰਸ ਨੂੰ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਇਸ ਵੇਲੇ ਸਾਰੇ ਦੇਸ਼ ਕਰੋਨਾ ਵਾਇਰਸ ਦੇ ਫੈਲਾਅ ਲਈ ਚੀਨ ਨੂੰ ਦੋਸ਼ੀ ਮੰਨ ਰਹੇ ਹਨ, ਪਰ ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਕਰ ਰਿਹਾ। ਕਰੋਨਾ ਫੈਲਣ ਤੋਂ ਦਸ ਮਹੀਨੇ ਬਾਅਦ ਚੀਨ ਨੇ ਡਬਲਿਊ.ਐੱਚ.ਉ. ਦੀ ਟੀਮ ਨੂੰ ਜਾਂਚ ਕਰਨ ਲਈ ਦੇਸ਼ ਵਿੱਚ ਆਉਣ ਦੀ ਇਜ਼ਾਜ਼ਤ ਦਿੱਤੀ ਸੀ ਪਰ ਉਸ ਨੂੰ ਵੂਹਾਨ ਪ੍ਰਯੋਗਸ਼ਾਲ ਦੀ ਜਾਂਚ ਨਹੀਂ ਸੀ ਕਰਨ ਦਿੱਤੀ। ਸਾਫ ਹੈ ਕਿ ਚੀਨ ਕੁਝ ਛਿਪਾ ਰਿਹਾ ਹੈ। ਅਮਰੀਕਾ ਦੀਆਂ ਖੁਫੀਆ ਏਜੰਸੀਆਂ ਚਾਹੇ ਕਿਸੇ ਤਰੀਕੇ ਚੀਨ ਦੀ ਸ਼ਮੂਲੀਅਤ ਲੱਭ ਵੀ ਲੈਣ, ਫਿਰ ਵੀ ਅਮਰੀਕਾ ਚੀਨ ਦੇ ਖਿਲਾਫ ਕੋਈ ਖਾਸ ਕਾਰਵਾਈ ਨਹੀਂ ਕਰ ਸਕੇਗਾ। ਚੀਨ ਨਾਲ ਨਿਪਟਣ ਵੇਲੇ ਅਮਰੀਕਾ ਨੂੰ ਇਹ ਗੱਲ ਯਾਦ ਰੱਖਣੀ ਪਏਗੀ ਕਿ ਚੀਨ ਕੋਈ ਇਰਾਕ ਨਹੀਂ ਹੈ ਜਿਸ ਨੂੰ ਸਿਰਫ ਕੈਮੀਕਲ ਹਥਿਆਰ ਰੱਖਣ ਦੇ ਸ਼ੱਕ ਵਿੱਚ ਹੀ ਅਮਰੀਕਾ ਨੇ ਤਬਾਹ ਕਰ ਕੇ ਸੱਦਾਮ ਹੁਸੈਨ ਨੂੰ ਕਤਲ ਕਰ ਦਿੱਤਾ ਸੀ। ਚੀਨ ਸੰਸਾਰ ਦੀ ਦੂਸਰੀ ਵੱਡੀ ਸੈਨਿਕ ਮਹਾਂ ਸ਼ਕਤੀ ਹੈ ਤੇ ਅਜੇ ਇਹ ਵੀ ਨਹੀਂ ਪਤਾ ਕਿ ਚੀਨ ਕੋਲ ਕਰੋਨਾ ਤੋਂ ਇਲਾਵਾ ਹੋਰ ਕਿੰਨੇ ਕੁ ਮਾਰੂ ਵਾਇਰਸ ਸੰਸਾਰ ਨੂੰ ਤਬਾਹ ਕਰਨ ਲਈ ਤਿਆਰ ਪਏ ਹਨ। ਹੁਣ ਤਾਂ ਇਹ ਅਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਚੀਨ ਦੀ ਵੇਖਾ ਵੇਖੀ ਕਿਤੇ ਉੱਤਰੀ ਕੋਰੀਆ ਵਰਗੇ ਦੇਸ਼ ਵੀ ਐਟਮੀ ਹਥਿਆਰ ਤਿਆਰ ਕਰਨ ਦੀ ਬਜਾਏ ਕਰੋਨਾ ਵਰਗੇ ਵਾਇਰਸ ਨਾ ਤਿਆਰ ਕਰਨ ਲੱਗ ਪੈਣ ਤੇ ਸੰਸਾਰ ਨੂੰ ਹੋਰ ਮੁਸ਼ਕਿਲ ਵਿੱਚ ਨਾ ਪਾ ਦੇਣ।