ਕਿਸਾਨੀ ਅੰਦੋਲਣ ਨਾਲ ਲਗਾਤਾਰ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਵਲੋਂ ਇਹ ਸੁਆਲ ਉਸ ਸਮੇਂ ਉਠਾਇਆ ਗਿਆ, ਜਦੋਂ ਰਾਜ ਦੇ ਕਿਸਾਨ ਨੇਤਾਵਾਂ ਵਲੋਂ ਹਰਿਆਣੇ ਦੇ ਵਿਧਾਇਕਾਂ ਪੁਰ ਇਹ ਦਬਾਉ ਬਣਾਏ ਜਾਣ ਦੇ ਬਾਵਜੂਦ, ਕਿ ਉਹ ਰਾਜ ਦੀ ਭਾਜਪਾ ਗਠਜੋੜ ਵਾਲੀ ਸਰਕਾਰ ਦਾ ਵਿਰੋਧ ਕਰ ਉਸਨੂੰ ਚਲਤਾ ਕਰਨ ਵਿੱਚ ਭੂਮਿਕਾ ਨਿਭਾਉਣ, ਕਿਉਂਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ, ਹਰਿਆਣਾ ਸਰਕਾਰ ਬੇਵਿਸਵਾਸੀ ਦੇ ਮਤੇ ਤੇ 33 ਦੇ ਮੁਕਬਲੇ 55 ਮੱਤ ਹਾਸਲ ਕਰਕੇ ਆਪਣੀ ਜਿੱਤ ਦਰਜ ਕਰਵਾਣ ਵਿੱਚ ਸਫਲ ਹੋ ਜਾਂਦੀ ਹੈ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਹਰਿਆਣਾ ਸਰਕਾਰ ਦਾ ਬੇਵਿਸਵਾਸੀ ਦੇ ਮੱਤੇ ਪੁਰ ਜਿੱਤ ਪ੍ਰਾਪਤ ਕਰ ਜਾਣ ਤੋਂ ਇਹ ਪ੍ਰਭਾਵ ਲਿਆ ਜਾਣਾ ਕੁਦਰਤੀ ਹੈ ਕਿ ਕੀ ਕਿਸਾਨਾਂ ਦੇ ਅੰਦੋਲਣ ਦਾ ਪ੍ਰਭਾਵ ਕੇਵਲ ਸੜਕਾਂ ਪੁਰ ਹੀ ਹੈ, ਰਾਜਨੈਤਿਕਾਂ ਜਾਂ ਆਮ ਲੋਕਾਂ ਪੁਰ ਬਿਲਕੁਲ ਨਹੀਂ ਹੈ?
ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਹਰਿਆਣੇ ਦੇ ਕਿਸਾਨ ਨੇਤਾਵਾਂ ਵਲੋਂ ਭਾਵੇਂ ਰਾਜ ਦੇ ਵਿਧਾਇਕਾਂ ਪੁਰ ਇਹ ਦਬਾਉ ਬਨਾਣ ਦੀ ਕੌਸ਼ਿਸ਼ ਕੀਤੀ ਗਈ ਸੀ ਕਿ ਉਹ ਕਿਸਾਨ-ਵਿਰੋਧੀ ਭਾਜਪਾ ਸਰਕਾਰ ਨੂੰ ਗਿਰਾਣ ਵਿੱਚ ਆਪਣੀ ਭੂਮਿਕਾ ਨਿਭਾਉਣ। ਪਰ ਉਹ ਆਪਣੇ ਇਸ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ। ਜਿਸਤੋਂ ਇਹ ਸੁਆਲ ਉਠਦਾ ਹੈ ਕਿ ਕੀ ਸਚਮੁਚ ਕਿਸਾਨਾਂ ਦਾ ਪ੍ਰਭਾਵ ਕੇਵਲ ਸੜਕਾਂ ਪੁਰ ਹੀ ਹੈ। ਕਿਸਾਨ ਅੰਦੋਲਣ ਦਾ ਪ੍ਰਭਾਵ ਅਮਲੋਕਾਂ, ਸਰਕਾਰਾਂ ਜਾਂ ਵਿਧਾਇਕਾਂ / ਸਾਂਸਦਾਂ ਪੁਰ ਬਿਲਕੁਲ ਹੀ ਨਹੀਂ? ਇਨ੍ਹਾਂ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸਦਾ ਕਾਰਣ ਇਹ ਵੀ ਹੋ ਸਕਦਾ ਹੈ ਕਿ ਵਿਧਾਇਕਾਂ ਦੇ ਦਿਲਾਂ ਵਿੱਚ ਇਹ ਡਰ ਬੈਠ ਗਿਆ ਹੋਇਆ ਹੈ ਕਿ ਸਰਕਾਰ ਦੇ ਡਿਗਣ ਨਾਲ ਉਨ੍ਹਾਂ ਦੀ ਵਿਧਾਇਕੀ ਵੀ ਜਾਂਦੀ ਰਹੇਗੀ। ਕਿਸਾਨੀ ਅੰਦੋਲਣ ਦੇ ਚਲਦਿਆਂ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਸਰਕਾਰ ਅਤੇ ਉਨ੍ਹਾਂ ਵਿਰੁਧ ਜੋ ਰੋਹ ਪੈਦਾ ਹੋਇਆ ਹੈ, ਉਸਦੇ ਚਲਦਿਆਂ ਉਹ ਦੁਬਾਰਾ ਵਿਧਾਇਕ ਨਹੀਂ ਬਣ ਸਕਣਗੇ। ਜਿਸਦਾ ਨਤੀਜਾ ਇਹ ਹੋਵੇਗਾ ਕਿ ਉਨ੍ਹਾਂ ਦਾ ਸਰਕਾਰ ਦਾ ਹਿਸਾ ਬਣ ਪਾਣਾ ਵੀ ਸੰਭਵ ਨਹੀਂ ਰਹਿ ਜਾਇਗਾ।
ਕਿਸਾਨ ਅੰਦੋਲਣ ਚੌਥੇ ਮਹੀਨੇ ਵਿੱਚ: ਭਾਰਤੀ ਕਿਸਾਨਾਂ ਦਾ ਅੰਦੋਲਣ ਚੌਥੇ ਮਹੀਨੇ ਨੂੰ ਵੀ ਪਾਰ ਕਰ ਜਾਣ ਵਲ ਵੱਧ ਰਿਹਾ ਹੈ। ਇਤਨਾ ਲੰਬਾ ਸਮਾਂ ਉਸਦੇ ਸ਼ਾਂਤੀ-ਪੂਰਣ ਚਲਦਿਆਂ ਰਹਿਣ ਦੇ ਕਾਰਣ, ਉਸਦੇ ਅਗੂਆਂ ਨੂੰ ਸੰਸਾਰ ਭਰ ਦਾ ਸਮਰਥਨ ਮਿਲਣ ਲਗ ਪਿਆ ਹੈ, ਭਾਵੇਂ ਬਾਂਰਤ ਸਰਕਾਰ ਸੰਸਾਰ ਭਰ ਦੇ ਮਿਲ ਰਹੇ ਸਮਰਥਨ ਨੂੰ ਇਹ ਕਹਿ ਨਕਾਰਦੀ ਚਲੀ ਆ ਰਹੀ ਹੈ ਕਿ ਭਾਰਤੀ ਕਿਸਾਨਾਂ ਦਾ ਮਾਮਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਵਿੱਚ ਕਿਸੇ ਵੀ ਬਾਹਰਲੇ ਦਖਲ ਨੂੰ ਉਹ ਨਹੀਂ ਸਵੀਕਾਰਦੀ, ਪਰ ਇਹ ਗਲ ਚਿਟੇ ਦਿਨ ਵਾਂਗ ਸਾਫ ਹੈ ਕਿ ਸੰਸਾਰ ਵਿੱਚ ਉਸ ਪ੍ਰਤੀ ਹਮਦਰਦੀ ਪੈਦਾ ਹੋ ਰਹੀ ਹੈ ਤੇ ਦੋ ਸੌ ਤੋਂ ਵੱਧ ਕਿਸਾਨਾਂ ਦੇ ਮਾਰੇ ਜਾਣ ਤੇ ਵੀ ਉਸ ਵਲੋਂ ਨਿਸ਼ਠੁਰਤਾ ਧਾਰੀ ਰਖਣ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ, ਸਗੋਂ ਉ ਸਪੁਰ ਵੀ ਸੁਆਲ ਉਠਣੇ ਸ਼ੁਰੂ ਹੋ ਗਏ ਹੋਏ ਹਨ। ਇਸ ਸਭ ਕੁਝ ਦੇ ਬਾਵਜੁਦ ਕੇਂਦਰੀ ਸਰਕਾਰ ਇਹ ਪ੍ਰਭਾਵ ਦੇਣ ਦੀ ਕੌਸ਼ਿਸ਼ ਕਰ ਰਹੀ ਹੈ ਕਿ ਇਹ ਅੰਦੋਲਣ ਭਾਵੇਂ ਕਿਤਨਾ ਹੀ ਲੰਬਾ ਚਲੇ ਉਸਦੀ ਸਿਹਤ ਪੁਰ ਕੋਈ ਅਸਰ ਹੋਣ ਵਾਲਾ ਨਹੀਂ।
ਆਰਥਕਤਾ ਪੁਰ ਪ੍ਰਭਾਵ: ਇੱਕ ਗਲ ਤਾਂ ਸਵੀਕਾਰ ਕਰਨੀ ਹੀ ਪਵੇਗੀ ਕਿ ਭਾਵੇਂ ਸਰਕਾਰ ਸਵੀਕਾਰ ਕਰੇ ਜਾਂ ਨਾਂਹ, ਸੱਚਾਈ ਇਹ ਹੀ ਹੈ ਕਿ ਜਿਤਨਾ ਲੰਬਾ ਇਹ ਅੰਦੋਲਣ ਚਲਦਾ ਜਾਇਗਾ, ਉਤਨੀ ਹੀ ਦੇਸ਼ ਦੀ ਆਰਥਕ ਸਥਿਤੀ ਵੀ ਪ੍ਰਭਾਵਤ ਹੁੰਦੀ ਚਲੀ ਜਾਇਗੀ। ਇਹ ਗਲ ਵਖਰੀ ਹੈ ਇਸਦਾ ਅਸਰ ਦੇਸ਼ ਦੇ ਦੂਜੇ ਹਿਿਸਆਂ ਪੁਰ ਘਟ ਤੇ ਪੰਜਾਬ ਪੁਰ ਸਭ ਤੋਂ ਵੱਧ ਪੈ ਰਿਹਾ ਹੈ। ਜਸਟਿਸ ਆਰਐਸ ਸੋਢੀ ਦਾ ਕਹਿਣਾ ਹੈ ਕਿ ਇੱਕ ਤਾਂ ਲੱਖਾਂ ਕਿਸਾਨਾਂ ਦੇ ਅੰਦੋਲਣ ਦਾ ਹਿਸਾ ਬਣ ਦਿੱਲੀ ਦੇ ਬਾਰਡਰ ਪੁਰ ਜਮਾਈ ਬੈਠੇ ਰਹਿਣ ਕਾਰਣ ਉਪਜ ਪ੍ਰਭਾਵਤ ਹੋ ਰਹੀ ਹੈ। ਇਸ ਵਿੱਚ ਕਪਈ ਸ਼ਕ ਨਹੀਂ ਕਿ ਕਿਸਾਨਾਂ ਵਲੋਂ ਇਸ ਸਥਿਤੀ ਦਾ ਸਾਹਮਣਾ ਕਰਨ ਲਈ, ਅੰਦੋਲਣ-ਅਸਥਾਨ ਤੋਂ ਕਿਸਾਨਾਂ ਨੂੰ ਖੇਤੀ ਦੀ ਸਾਂਭ-ਸੰਭਾਲ ਲਈ ਵਾਰੋ-ਵਾਰੀ ਵਾਪਸ ਭੇਜਿਆ ਜਾ ਰਿਹਾ ਹੈ, ਫਿਰ ਵੀ ਕਿਸਾਨਾਂ ਨੂੰ ਸਮੁਚੇ ਰੂਪ ਵਿੱਚ ਆਪੋ-ਆਪਣੇ ਖੇਤਾਂ ਪੁਰ ਮੌਜੂਦ ਰਹਿ ਕੇ ਜਿਤਨੀ ਸਾਂਭ-ਸੰਭਾਲ ਹੋ ਸਕਦੀ ਹੈ, ਉਤਨੀ ਕੁਝ-ਕੁ ਕਿਸਾਨਾਂ ਦੀ ਮੌਜੂਦਗੀ ਨਾਲ ਨਹੀਂ ਹੋ ਸਕਦੀ। ਇਸਦੇ ਨਾਲ ਹੀ ਜਸਟਿਸ ਸੋਢੀ ਦਾ ਕਹਿਣਾ ਹੈ ਕਿ ਇਸ ਮੋਰਚੇ ਕਾਰਣ ਵਪਾਰ ਦੇ ਦੂਜੇ ਅੰਗ ਵੀ ਪ੍ਰਭਾਵਤ ਹੋ ਰਹੇ ਹਨ। ਕਿਉਂਕਿ ਅੰਦੋਲਣ ਦੇ ਹਾਲਾਤ ਵਿੱਚ ਨਾ ਬਾਜ਼ਾਰ ਵਿੱਚ ਲੋੜੀਂਦਾ ਗ੍ਰਾਹਕ ਹੈ ਤੇ ਨਾ ਹੀ ਵਸਤਾਂ। ਕਿਸਾਨ ਦੀ ਉਪਜ ਨੂੰ ਵੀ ਉਤਨਾ ਮੁਲ ਨਹੀਂ ਮਿਲ ਪਾ ਰਿਹਾ, ਜਿਤਨਾਂ ਉਸਨੂੰ ਉਪਜਾਣ ਪੁਰ ਖਰਚ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨੂੰ ਵੀ ਸ਼ਿਕਾਇਤ ਹੈ ਕਿ ਕੇਂਦਰ ਸਰਕਾਰ ਉਸਨੂੰ ਪੰਜਾਬ ਵਿਚੋਂ ਉਗਰਾਹੇ ਜਾ ਰਹੇ ਟੈਕਸਾਂ ਵਿਚੋਂ ੳਸਦਾ ਬਣਦਾ ਹਿਸਾ ਵੀ ਨਹੀਂ ਦੇ ਰਹੀ, ਜਿਸਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਕੇਂਦਰ ਸਰਕਾਰ ਵੀ ਪੰਜਾਬ ਦਾ ਆਰਥਕ ਸੰਕਟ ਵਧਾਣ ਵਿੱਚ ਆਪਣੇ ਤੋਰ ਤੇ ਆਪਣੀ ਭੂਮਿਕਾ ਨਿਭਾ ਰਹੀ ਹੈ।
ਗਲ ਗੁਰਦੁਆਰਾ ਗਿਆਨ ਗੋਦੜੀ ਦੀ – ਇਤਿਹਾਸ : ‘ਗੁਰਦੁਆਰਾ ਗਿਆਨ ਗੋਦੜੀ’ ਉਹ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ ਪੁਜ, ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਫੈਲੇ ਹਨੇਰੇ ਨੂੰ ਦੂਰ ਕਰਨ ਲਈ ‘ਗਿਆਨ ਦਾ ਪ੍ਰਕਾਸ਼’ ਕੀਤਾ ਸੀ। ਗੁਰੂ ਸਾਹਿਬ ਦੀ ਇਸ ਹਰਿਦੁਆਰ ਯਾਤਰਾ ਦੀ ਯਾਦ ਵਿੱਚ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਸਥਾਨ ’ਤੇ ਇਤਿਹਾਸਕ, ਗੁਰਦੁਆਰਾ ਗਿਆਨ ਗੋਦੜੀ ਸਥਾਪਤ ਕੀਤਾ ਗਿਆ ਹੋਇਆ ਸੀ, ਜਿਸਨੂੰ 1979 ਵਿੱਚ ਵਾਪਰੇ ਦੁਖਾਂਤ ਤੋਂ ਬਾਅਦ ਢਾਹ ਦਿੱਤਾ ਗਿਆ। ਦਸਿਆ ਗਿਆ ਹੈ ਕਿ ਇਸ ਸਮੇਂ ਇਸ ਅਸਥਾਨ ਪੁਰ ‘ਉਤਰਾਂਚਲ ਭਾਰਤੀ ਸਕਾਊਟਸ’ ਵਲੋਂ ਸੰਚਲਿਤ ਸੇਵਾ ਕੇਂਦ੍ਰ ਸਥਾਪਤ ਹੈ। ਗੁਰਦੁਆਰਾ ਗਿਆਨ ਗੋਦੜੀ ਦੇ ਹਰਿ ਕੀ ਪੌੜੀ ਪੁਰ ਸਥਾਪਤ ਹੋਣ ਦੀ ਗੁਆਹੀ ਨਾ ਕੇਵਲ ਹਰਿਦੁਆਰ ਦੀ ਪੁਰਾਣੀ ਪੀੜੀ ਦੇ ਲੋਕੀ ਹੀ ਭਰਦੇ ਹਨ, ਸਗੋਂ ‘ਹਰਿ ਕੀ ਪੌੜੀ’ ਪੁਰ ਆਸ-ਪਾਸ ਸਥਿਤ ਹੋਰ ਧਰਮ ਅਸਥਾਨਾਂ ਦੇ ਮੁਖੀ ਵੀ ਇਸਦੀ ਗੁਆਹੀ ਭਰਦੇ ਹਨ। ਇਹੀ ਨਹੀਂ, ਗਲਬਾਤ ਦੌਰਾਨ ਉਹ ਇਹ ਇੱਛਾ ਵੀ ਪ੍ਰਗਟ ਕਰਦੇ ਹਨ ਕਿ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਮੁੜ ਇਸੇ ਸਥਾਨ ’ਤੇ ਹੀ ਹੋਣੀ ਚਾਹੀਦੀ ਹੈ ਤਾਂ ਜੋ ਉਸੇ ਸਥਾਨ ਤੋਂ ਗੁਰੂ ਸਾਹਿਬ ਵਲੋਂ ਜਗਾਈ ‘ਗਿਆਨ ਦੇ ਪ੍ਰਕਾਸ਼ ਦੀ ਜੋਤਿ’ ਦੀ ਰੋਸ਼ਨੀ ਦੂਰ-ਦੂਰ ਤਕ ਫੈਲ ਸਕੇ।
ਕੌਮੀ ਘਟ ਗਿਣਤੀ ਕਮਸ਼ਿਨ : ਮਿਲੀ ਜਾਣਕਾਰੀ ਅਨੁਸਾਰ ਮੂਲ ਸਥਾਨ ਪੁਰ ਹੀ ‘ਗੁਰਦੁਆਰਾ ਗਿਆਨ ਗੋਦੜੀ’ ਸਥਾਪਤ ਕਰਾਣ ਵਿੱਚ ਆਪਣਾ ਸਹਿਯੋਗ ਕਰਨ ਦੇ ਉਦੇਸ਼ ਨਾਲ ਕੌਮੀ ਘਟ ਗਿਣਤੀ ਕਮਸ਼ਿਨ ਨੇ ਵੀ ਸੰਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਸੀ। ਪ੍ਰੰਤੂ ਹਰਿਦੁਆਰ ਦੇ ਜ਼ਿਲਾ ਜੱਜ ਨੇ ਇਹ ਕਹਿੰਦਿਆਂ ਉਸਦੀ ਮੰਗ ਨਾਮੰਨਜ਼ੂਰ ਕਰ ਦਿਤੀ ਕਿ ਸੰਬੰਧਤ ਸਥਾਨ ’ਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਕੀਤਾ ਜਾਣਾ ਸੰਭਵ ਨਹੀਂ। ਇਹ ਵੀ ਦਸਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਗੰਗਾ ਕਿਨਾਰੇ ਹੀ ਕੋਈ ਹੋਰ ਜਗ੍ਹਾ ਅਲਾਟ ਕਰ ਦਿੱਤੇ ਜਾਣ ਦੀ ਗਲ ਵੀ ਹੋਈ ਸੀ। ਪਰ ਸੁਆਲ ਉਠਦਾ ਹੈ ਕਿ ਜੋ ਇਤਿਹਾਸਕਤਾ ਮੂਲ ਸਥਾਨ ਨਾਲ ਜੁੜੀ ਹੋਈ ਹੈ, ਕੀ ਉਹੀ ਇਤਿਹਾਸਕਤਾ ਕਿਸੇ ਹੋਰ ਸਥਾਨ ਨਾਲ ਜੁੜ ਸਕਦੀ ਹੈ?
…ਅਤੇ ਅੰਤ ਵਿੱਚ : ਜਿਥੋਂ ਤਕ ਗੁਰਦੁਆਰਾ ਗਿਆਨ ਗੋਦੜੀ ਦੇ ਵਿਵਾਦ ਦਾ ਮਾਮਲਾ ਹੈ, ਉਸਨੂੰ ਇਹ ਮੰਨ ਕੇ ਚਲਣਾ ਹੋਵੇਗਾ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਇਸਦਾ ਹਲ ਧਮਕੀਆਂ ਨਾਲ ਸੰਭਵ ਨਹੀਂ ਹੋ ਸਕੇਗਾ। ਇਸਦੇ ਲਈ ਕੂਟਨੀਤਕ ਨੀਤੀ ਅਪਨਾਣੀ ਹੋਵੇਗੀ। ਇਸ ਮੁੱਦੇ ਨਾਲ ਸੰਬੰਧਤ ਚਲੇ ਆ ਰਹੇ ਅਧਿਕਾਰੀਆਂ ਨੂੰ ਸਮਝਾਣਾ ਹੋਵੇਗਾ ਕਿ ਗੁਰਦੁਆਰੇ ਦੇ ਮੂਲ ਸਥਾਨ, ਜੋ ਕਿ ਸਿੱਖਾਂ ਲਈ ਇਤਿਹਾਸਕ ਮਹਤੱਤਾ ਦਾ ਹੈ, ਦੇ ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸਦੇ ਚਲਦਿਆਂ ਉਹ ਇਸ ਗੁਰਦੁਆਰੇ ਨੂੰ ਕਿਸੇ ਹੋਰ ਥਾਂ ਪੁਰ ਸਥਾਪਤ ਕਰਨ ਦੀ ਗਲ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕਰਨਗੇ, ਇਸਲਈ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਸਨਮਾਨ ਕਰਦਿਆਂ, ਮੂਲ ਥਾਂ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ।
– ਲੇਖਕ: ਜਸਵੰਤ ਸਿੰਘ ‘ਅਜੀਤ’