Articles

ਕੀ ਕਿਸਾਨ ਤੇ ਮਜ਼ਦੂਰ ਪੀਜ਼ਾ ਬਰਗਰ ਨਹੀਂ ਖਾ ਸਕਦੇ ?

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਕਿਸਾਨ ਅੰਦੋਲਨ ਦੌਰਾਨ ਪੀਜ਼ਾ, ਬਰਗਰ, ਨੂਡਲਜ਼ ਅਤੇ ਹੋਰ ਛੱਤੀ ਪ੍ਰਕਾਰ ਦੇ ਭੋਜਨਾਂ ਦੇ ਲੱਗੇ ਲੰਗਰਾਂ ਨੂੰ ਵੇਖ ਕੇ ਕਈ ਰਾਜਨੀਤਕ ਲੋਕਾਂ ਅਤੇ ਇਲੈੱਕਟਰੋਨਿਕ ਮੀਡੀਆ ਦੇ ਇੱਕ ਹਿੱਸੇ ਨੂੰ ਬਹੁਤ ਤਕਲੀਫ ਹੋ ਰਹੀ ਹੈ। ਬਹੁਤੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਸਦੀਆਂ ਤੋਂ ਬੈਠੀ ਹੋਈ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਖਾਣਾ ਗੁੜ, ਗੰਢਾ, ਅਚਾਰ ਅਤੇ ਮਿਰਚ ਦੀ ਚਟਨੀ ਨਾਲ ਸੁੱਕੀਆਂ ਰੋਟੀਆਂ ਜਾਂ ਮੋਟੇ ਚਾਵਲਾਂ ਤੋਂ ਵੱਧ ਹੋਰ ਕੁਝ ਨਹੀਂ ਹੋਣਾ ਚਾਹੀਦਾ। ਕਈ ਰਾਜਨੀਤਕ ਪਾਰਟੀਆਂ ਬਾਰੇ ਵੀ ਲੋਕਾਂ ਦਾ ਇਹ ਹੀ ਵਿਚਾਰ ਹੈ। ਮੇਰਾ ਇੱਕ ਰਿਸ਼ਤੇਦਾਰ ਜਗਤਾਰ ਸਿੰਘ ਪਿੰਡ ਬਗਿਆੜੀ, ਝਬਾਲ ਇਲਾਕੇ ਦਾ ਸਰਗਰਮ ਕਾਮਰੇਡ ਸੀ। ਇੱਕ ਵਾਰ ਕਿਸੇ ਮਸਲੇ ਨੂੰ ਲੈ ਕੇ ਕਾਮਰੇਡਾਂ ਨੇ ਥਾਣੇ ਝਬਾਲ ਦਾ ਘਿਰਾਉ ਕੀਤਾ ਤਾਂ ਗੱਲ ਵਧ ਗਈ ਤੇ ਪੁਲਿਸ ਵੱਲੋਂ ਲਾਠੀ ਚਾਰਜ ਕਰ ਦਿੱਤਾ ਗਿਆ। ਜਦੋਂ ਰੌਲਾ ਗੌਲਾ ਖਤਮ ਹੋਇਆ ਤਾਂ ਜਗਤਾਰ ਸਿੰਘ ਤਿੰਨ ਚਾਰ ਕਾਮਰੇਡਾਂ ਨਾਲ ਬਜ਼ਾਰ ਵਿੱਚ ਸੰਤੋਖ ਸਿੰਘ ਦੀ ਦੁਕਾਨ ‘ਤੇ ਜਾ ਬੈਠਾ ਤੇ ਅੱਧਾ ਕਿੱਲੋ ਬਰਫੀ ਤੇ ਚਾਹ ਮੰਗਵਾ ਲਈ। ਜਦੋਂ ਖਾਣ ਲੱਗੇ ਤਾਂ ਪਿੰਡੋ ਭਰਜਾਈ ਲੱਗਦੀ ਇੱਕ ਜਨਾਨੀ ਵੀ ਦੁਕਾਨ ‘ਤੇ ਆ ਗਈ। ਕਾਮਰੇਡਾਂ ਨੂੰ ਬਰਫੀ ਖਾਂਦੇ ਵੇਖ ਕੇ ਉਸ ਦੀਆਂ ਅੱਖਾਂ ਪਾਟ ਗਈਆਂ, “ਹਾਅ ਹਾਏ ਵੇ ਜਗਤਾਰ ਸਿੰਆਂ, ਏਹ ਕਾਮਰੇਡ ਵੀ ਬਰਫੀ ਖਾਂਦੇ ਹੁੰਦੇ ਆ?” ਪੁਲਿਸ ਨਾਲ ਹੋਏ ਜੱਫ ਗੜੱਫੇ ਤੋਂ ਜਗਤਾਰ ਸਿੰਘ ਪਹਿਲਾਂ ਹੀ ਸੜਿਆ ਬਲਿਆ ਬੈਠਾ ਸੀ, “ਨਈਂ ਭਾਬੀ, ਕਾਮਰੇਡ ਪੱਠੇ (ਚਾਰਾ) ਖਾਂਦੇ ਹੁੰਦੇ ਆ। ਤੂੰ ਐਂ ਕਰ ਸਾਡੇ ਅੱਗੋਂ ਬਰਫੀ ਚੁੱਕ ਲਾ ਤੇ ਤੂੜੀ ਦਾ ਰੁੱਗ ਪਾ ਦੇ।”
ਪੰਜਾਬ ਸਦੀਆਂ ਤੋਂ ਹਮਲਾਵਰਾਂ ਤੇ ਲੁਟੇਰਿਆਂ ਦੀ ਮਾਰ ਹੇਠ ਰਿਹਾ ਹੈ। ਪੂਰਬੀ ਅਤੇ ਦੱਖਣੀ ਭਾਰਤ ਵੱਲ ਤਾਂ ਦੋ ਚਾਰ ਹਮਲਾਵਰ ਹੀ ਗਏ ਹੋਣਗੇ। ਇਸ ਲਈ ਪੰਜਾਬੀਆਂ ਦਾ ਵਿਹਾਰ “ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ” ਵਾਲਾ ਬਣ ਗਿਆ ਹੈ। ਪੰਜਾਬ ਤੋਂ ਬਾਹਰਲੇ ਪੱਤਰਕਾਰ ਤੇ ਨੇਤਾ, ਜਿਨ੍ਹਾਂ ਨੇ ਕਦੇ ਆਪਣੇ ਕਿਸਾਨਾਂ ਨੂੰ ਖਿਚੜੀ ਤੇ ਦਾਲ ਚੌਲ ਤੋਂ ਵੱਧ ਕਦੇ ਕੁਝ ਖਾਂਦੇ ਹੋਏ ਨਹੀਂ ਵੇਖਿਆ, ਦੀਆਂ ਅਜਿਹੇ ਸ਼ਾਹੀ ਪਦਾਰਥ ਵੇਖ ਕੇ ਅੱਖਾਂ ਪਾਟ ਗਈਆਂ ਹਨ ਜੋ ਸ਼ਾਇਦ ਕਦੇ ਉਨ੍ਹਾਂ ਨੇ ਵੀ ਨਹੀਂ ਖਾਧੇ ਹੋਣੇ। ਅਸਲ ਵਿੱਚ ਪੰਜਾਬ ਦੇ ਸੱਭਿਆਚਾਰ ਵਿੱਚ ਲੰਗਰ ਪ੍ਰਥਾ ਦਾ ਅਹਿਮ ਯੋਗਦਾਨ ਹੈ। ਕਿਸੇ ਗਰੀਬ ਤੋਂ ਗਰੀਬ ਪੰਜਾਬੀ ਦੇ ਘਰ ਵੀ ਚਲੇ ਜਾਉ, ਤੁਹਾਨੂੰ ਚਾਹ ਪਾਣੀ ਦੀ ਸੁਲ੍ਹਾ ਜਰੂਰ ਮਾਰੇਗਾ। ਪੰਜਾਬ ਵਿੱਚ ਤਾਂ ਮਰਗ ਵੇਲੇ ਵੀ ਲੰਗਰ ਲੱਗਦੇ ਹਨ। ਲਾਸ਼ ਅਜੇ ਘਰ ਪਈ ਹੁੰਦੀ ਹੈ ਤੇ ਅਫਸੋਸ ਕਰਨ ਵਾਲਿਆਂ ਨੂੰ ਚਾਹ ਵਰਤਾਈ ਜਾ ਰਹੀ ਹੁੰਦੀ ਹੈ। ਕੁਝ ਸਾਲ ਪਹਿਲਾਂ ਅਸੀਂ ਕੁਝ ਦੋਸਤ ਡਲਹੌਜ਼ੀ ਘੁੰਮਣ ਲਈ ਗਏ ਤਾਂ ਉਥੇ ਸਾਨੂੰ ਤਿੰਨ ਚਾਰ ਘੁਮੰਕੜ ਯੁਰਪੀਨ ਮਿਲ ਗਏ ਜੋ ਸ਼ਾਇਦ ਪੋਲੈਂਡ ਦੇ ਸਨ। ਉਹ ਸਾਡੇ ਨਾਲ ਕਾਫੀ ਘੁਲ ਮਿਲ ਗਏ ਕਿਉਂਕਿ ਉਨ੍ਹਾਂ ਦੀ ਸਾਡੇ ਨਾਲ ਜ਼ੁਬਾਨ ਦੀ ਸਾਂਝ ਪੈ ਗਈ, ਉਹ ਵੀ ਟੱੁਟੀ ਫੁੱਟੀ ਇੰਗਲਿਸ਼ ਬੋਲਦੇ ਸਨ ਤੇ ਅਸੀਂ ਵੀ। ਜਦੋਂ ਸ਼ਾਮ ਨੂੰ ਵਿਛੜਨ ਲੱਗੇ ਤਾਂ ਅਸੀਂ ਉਨ੍ਹਾਂ ਨੂੰ ਆਪਣੇ ਹੋਟਲ ਵਿੱਚ ਆ ਕੇ ਮਦਿਰਾ ਪਾਨ ਅਤੇ ਡਿਨਰ ਕਰਨ ਦਾ ਨਿਉਤਾ ਦੇ ਦਿੱਤਾ। ਉਨ੍ਹਾਂ ਵਿੱਚੋਂ ਇੱਕ ਝੱਟ ਬੋਲਿਆ ਕਿ ਕੀ ਤੁਸੀਂ ਪੰਜਾਬੀ ਹੋ? ਅਸੀਂ ਪੁੱਛਿਆ ਕਿ ਤੂੰ ਕਿਵੇਂ ਅੰਦਾਜ਼ਾ ਲਗਾਇਆ? ਉਹ ਬੋਲਿਆ ਕਿ ਅਸੀਂ ਤਕਰੀਬਨ ਤਿੰਨ ਮਹੀਨੇ ਤੋਂ ਭਾਰਤ ਘੁੰਮ ਰਹੇ ਹਾਂ। ਸਾਨੂੰ ਅੱਜ ਤੱਕ ਪੰਜਾਬੀਆਂ ਤੋਂ ਬਗੈਰ ਕਿਸੇ ਨੇ ਪਾਣੀ ਦੀ ਸੁਲ੍ਹਾ ਵੀ ਨਹੀਂ ਮਾਰੀ।
ਵਿਰੋਧੀਆਂ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕਈ ਹੱਥਕੰਡੇ ਅਪਣਾਏ ਹਨ। ਕਦੇ ਖਾਲਿਸਤਾਨੀ ਤੇ ਕਦੇ ਦੇਸ਼ ਧ੍ਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਖਾਲਸਾ ਏਡ ਵਰਗੀ ਪਰੋਪਕਾਰੀ ਸੰਸਥਾ, ਜਿਸ ਦੇ ਸੰਸਾਰ ਦੇ ਅਨੇਕਾਂ ਪਿਛੜੇ ਅਤੇ ਗਰੀਬ ਦੇਸ਼ਾਂ ਵਿੱਚ ਸਹਾਇਤਾ ਕੇਂਦਰ ਚੱਲ ਰਹੇ ਹਨ, ਨੂੰ ਵੀ ਨਹੀਂ ਬਖਸ਼ਿਆ ਗਿਆ। ਉਸ ਦੇ ਫੰਡਾਂ ਦੀ ਸਰਕਾਰੀ ਏਜੰਸੀਆਂ ਦੁਆਰਾ ਚੈਕਿੰਗ ਕਰਾਉਣ ਦੀ ਮੰਗ ਉਠਾਈ ਗਈ। ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਦੁਸ਼ਮਣ ਦੇਸ਼ਾਂ ਦੀਆਂ ਏਜੰਸੀਆਂ ਲੰਗਰਾਂ ਨੂੰ ਸਪਾਂਸਰ ਕਰ ਰਹੀਆਂ ਹਨ। ਪਰ ਕਿਸੇ ਨੇ ਵੀ ਇਸ ਬਕਵਾਸ ‘ਤੇ ਕੰਨ ਨਾ ਧਰਿਆ। ਇਹ ਲੰਗਰ ਸਿਰਫ ਅੰਦੋਲਨਕਾਰੀ ਕਿਸਾਨਾਂ ਵਾਸਤੇ ਨਹੀਂ ਹਨ, ਜੋ ਆਵੇ ਸੋ ਰਾਜ਼ੀ ਜਾਵੀ ਵਾਲੀ ਪ੍ਰਥਾ ਚੱਲ ਰਹੀ ਹੈ। ਧਰਨਿਆਂ ਨੇੜਲੀਆਂ ਗਰੀਬ ਬਸਤੀਆਂ ਦੇ ਹਜ਼ਾਰਾਂ ਬੱਚੇ, ਬਜ਼ੁਰਗ, ਔਰਤਾਂ ਅਤੇ ਮਰਦ ਤੇ ਪੁਲਿਸ ਵਾਲੇ ਬਿਨਾਂ ਕਿਸੇ ਭੇਦ ਭਾਵ ਦੇ ਰੋਜ਼ਾਨਾਂ ਭੋਜਨ ਛਕ ਰਹੇ ਹਨ। ਅਸਲ ਵਿੱਚ ਨੁਕਤਾਚੀਨੀ ਕਰਨ ਵਾਲਿਆਂ ਨੇ ਅਜਿਹਾ ਅੰਦੋਲਨ ਕਦੇ ਵੇਖਿਆ ਹੀ ਨਹੀਂ ਹੈ। ਉਹ ਤਾਂ ਸੋਚਦੇ ਸਨ ਕਿ ਅੰਨਾ ਹਜ਼ਾਰੇ ਵਾਂਗ ਮਹੀਨਾ – ਵੀਹ ਦਿਨ ਭੁੱਖ ਹੜਤਾਲ ਕਰਨੀ ਹੀ ਅੰਦੋਲਨ ਹੁੰਦਾ ਹੈ। ਉਹ ਗੱਲ ਵੱਖਰੀ ਹੈ ਕਿ ਭੁੱਖ ਹੜਤਾਲਾਂ ਤੋਂ ਬਾਅਦ ਵੀ ਅੰਨਾ ਹਜ਼ਾਰੇ ਨੂੰ ਬਹੁਤਾ ਕੁਝ ਹਾਸਲ ਨਹੀਂ ਸੀ ਹੋਇਆ। ਇੱਕ ਵਿਵਾਦਤ ਵਪਾਰੀ ਬਾਬੇ ਨੂੰ ਤਾਂ ਭੁੱਖ ਹੜਤਾਲ ਵਿੱਚੇ ਛੱਡ ਕੇ ਜਨਾਨੀਆਂ ਵਾਲੇ ਕੱਪੜੇ ਪਹਿਨ ਕੇ ਭੱਜਣਾ ਪਿਆ ਸੀ।
ਇਹ ਲੰਗਰ ਗੁਰੂ ਨਾਨਕ ਦੇਵ ਜੀ ਨੇ ਭੱੁਖੇ ਸਾਧੂਆਂ ਨੂੰ ਭੋਜਨ ਛਕਾ ਕੇ ਸ਼ੁਰੂ ਕੀਤੇ ਸਨ ਤੇ ਰਹਿੰਦੀ ਦੁਨੀਆਂ ਤੱਕ ਚੱਲਦੇ ਰਹਿਣਗੇ। ਲੰਗਰਾਂ ਵਿੱਚ ਪੱਕ ਰਹੇ ਪਦਾਰਥਾਂ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਪੰਜਾਬ ਦੇ ਮੇਲਿਆਂ ਸਮੇਂ ਲੱਗਦੇ ਲੰਗਰ ਵੇਖਣੇ ਚਾਹੀਦੇ ਹਨ ਜਾਂ ਆਪਣੇ ਕਿਸੇ ਨਜ਼ਦੀਕੀ ਗੁਰਦਵਾਰੇ ਵਿੱਚ ਜਾਣਾ ਚਾਹੀਦਾ ਹੈ। ਪੰਜਾਬੀਆਂ ਦੇ ਖਾਣੇ ਬਾਰੇ ਕੁਝ ਕਹਿਣ ਤੋਂ ਪਹਿਲਾਂ ਪੰਜਾਬੀਆਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਬਾਰੇ ਪਤਾ ਕਰਨਾ ਬਹੁਤ ਜਰੂਰੀ ਹੈ। ਪੰਜਾਬ ਵਿੱਚ ਤਾਂ ਗਰੀਬਾਂ ਵਾਸਤੇ ਵੀ ਬਰਗਰ – ਪੀਜ਼ਾ, ਚਾਹੇ ਰੇਹੜੀ ਤੋਂ ਖਰੀਦਿਆ ਹੋਵੇ, ਖਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਵੈਸੇ ਵੀ ਭੁੱਖੇ ਢਿੱਡ ਸੰਘਰਸ਼ ਨਹੀਂ ਜਿੱਤੇ ਜਾਂਦੇ। ਸੁਰੱਖਿਆ ਦਸਤੇ ਵੀ ਜਦੋਂ ਕਿਸੇ ਡਿਊਟੀ ‘ਤੇ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਰਸੋਈ ਦਾ ਸਮਾਨ ਹੀ ਟਰੱਕਾਂ ਵਿੱਚ ਲੱਦਿਆ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਖਾਈਏ ਮਨ ਭਾਉਂਦਾ ਤੇ ਪਹਿਨੀਏਂ ਜੱਗ ਭਾਉਂਦਾ। ਕਿਸੇ ਦੀਆਂ ਖਾਣ ਪੀਣ ਦੀ ਆਦਤਾਂ ਦੀ ਨੁਕਤਾਚੀਨੀ ਕਰਨੀ ਠੀਕ ਨਹੀਂ ਹੈ। ਕਿਸੇ ਨੂੰ ਗਊ ਮੂਤਰ ਪਸੰਦ ਹੈ, ਕਿਸੇ ਨੂੰ ਸ਼ਾਕਾਹਾਰੀ, ਕਿਸੇ ਨੂੰ ਮਾਸਹਾਰੀ ਹੈ ਤੇ ਕਈਆਂ ਨੂੰ ਪੀਜ਼ਾ ਬਰਗਰ ਆਦਿ ਪਸੰਦ ਹਨ। ਹਰ ਕੋਈ ਆਪਣੀ ਮਨਪਸੰਦ ਖੁਰਾਕ ਖਾ ਪੀ ਸਕਦਾ ਹੈ।

Related posts

Study Finds Dementia Patients Less Likely to Be Referred to Allied Health by GPs

admin

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin

Sydney Opera House Glows Gold for Diwali

admin