
ਕੈਪਟਨ ਅਮਰਿੰਦਰ ਸਿੰਘ ਦੀ ਅੜਬਾਈ, ਤਾਨਾਸ਼ਾਹੀ, ਗਲਤ ਨੀਤੀਆਂ ਅਤੇ ਪਿਛਲੀਆਂ ਚੋਣਾਂ ਵੇਲੇ ਕੀਤੇ ਹੋਵੇ ਵੱਡੇ ਵੱਡੇ ਸ਼ੇਖ ਚਿਲੀ ਵਾਲੇ ਝੂਠੇ ਵਾਅਦਿਆ ਕਾਰਨ ਪੰਜਾਬ ਕਾਂਗਰਸ ਦੀ ਬੇੜੀ ਇਸ ਵੇਲੇ ਪੂਰੀ ਤਰਾਂ ਡਿਕ ਡੋਲੇ ਖਾ ਰਹੀ ਹੈ । ਅਗਲੀਆਂ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ‘ਤੇ ਹਨ, ਪੰਜਾਬ ਚ ਮੁੱਦਿਆਂ ਦਾ ਉਭਾਰ ਹੈ, ਗਰਮੀ ਸਿਖਰਾਂ ‘ਤੇ ਹੈ , ਬਿਜਲੀ ਮੰਦੇ ਹਾਲ ਹੈ, ਥਾਂ ਪੁਰ ਥਾਂ ਧਰਨੇ ਤੇ ਮੁਜ਼ਾਹਰੇ ਹੋ ਰਹੇ ਨੇ ਤੇ ਉਪਰੋਂ ਪਾਰਟੀ ਦਾ ਅੰਦਰੂਨੀ ਕਲਾ ਕਲੇਸ਼ ਨਿੱਤ ਦਿਨ ਵਧਦਾ ਹੀ ਚਲਾ ਜਾ ਰਿਹਾ ਹੈ । ਡੇਢ ਕੁ ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਵਾਲੀ ਕੁਰਸੀ ਨੂੰ ਠੋਕਰ ਮਾਰਕੇ ਜੋ ਮੋਨ ਧਾਰਿਆ ਸੀ, ਉਹ ਮੋਨ ਹੁਣ ਟੁੱਟ ਚੁੱਕਾ ਹੈ । ਪਹਿਲਾਂ ਜੋ ਗੱਲ ਇਸ਼ਾਰਿਆਂ ਚ ਕੀਤੀ ਜਾਂਦੀ ਸੀ, ਹੁਣ ਓਹੀ ਗੱਲ ਉਸਦੇ ਵੱਲੋਂ ਖੁੱਲਕੇ ਕੀਤੀ ਜਾ ਰਹੀ ਹੈ । ਕਹਿਣ ਦਾ ਭਾਵ ਇਹ ਕਿ ਜੋ ਨਿਸ਼ਾਨੇ ਅਮਰਿੰਦਰ ਸਿੰਘ ਉੱਤੇ ਘੁੰਮ ਫਿਰਾਕੇ ਲਗਾਏ ਜਾਂਦੇ ਸਨ, ਉਹ ਹੁਣ ਸਿੱਧੂ ਸਮੇਤ ਪੰਜਾਬ ਕਾਂਗਰਸ ਦੇ ਕਈ ਹੋਰ ਸਿਰਕੱਢ ਨੇਤਾਵਾਂ ਵੱਲੋਂ ਸ਼ਰੇਆਮ ਲਗਾਏ ਜਾ ਰਹੇ ਹਨ । ਮਾਮਲਾ ਦਿੱਲੀ ਹਾਈ ਕਮਾਂਡ ਤੱਕ ਪਹੁੰਚਾ ਤਾਂ ਉਹਨਾ ਨੇ ਇਸ ਕਲੇਸ਼ ਨੂੰ ਨਿਪਟਾਉਣ ਵਾਸਤੇ ਤਿੰਨ ਮੈਂਬਰੀ ਕਮੇਟੀ ਬਿਠਾ ਦਿੱਤੀ ਤੇ ਕਮੇਟੀ ਨੇ ਫ਼ੌਰੀ ਕਾਰਵਾਈ ਕਰਦਿਆਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਤੇ ਹੋਰ ਆਗੂਆ ਨਾਲ ਮੀਟਿੰਗਾਂ ਕਰਕੇ ਤਿਆਰ ਕੀਤੀ ਗੁਪਤ ਰਿਪੋਰਟ ਹਾਈ ਕਮਾਂਡ ਨੂੰ ਸੌਂਪ ਦਿੱਤੀ । ਉਸ ਗੁਪਤ ਰਿਪੋਰਟ ਵਿੱਚ ਕੀ ਹੈ , ਇਸ ਬਾਰੇ ਪਤਾ ਲੱਗਣ ਚ ਭਾਵੇਂ ਅਜੇ ਕੁੱਜ ਕੁ ਦਿਨ ਹੋਰ ਲੱਗਣਗੇ, ਪਰ ਜੋ ਗੱਲ ਨਿਕਲਕੇ ਬਾਹਰ ਆ ਰਹੀ ਹੈ, ਉਹ ਇਹ ਹੈ ਕਿ ਰਾਹੁਲ, ਸੋਨੀਆ, ਪਿ੍ਯੰਕਾ ਤੇ ਕਾਂਗਰਸ ਦੇ ਕੁੱਜ ਹੋਰ ਉੱਘੇ ਨੇਤਾਵਾਂ ਦੀ ਇਸ ਮਸਲੇ ਸੰਬੰਧੀ ਆਪਸੀ ਸੁਰ ਹੀ ਨਹੀਂ ਮਿਲ ਰਹੀ । ਪਤਾ ਇਹ ਵੀ ਲੱਗਾ ਹੈ ਕਿ ਪੰਜਾਬ ਕਾਂਗਰ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਰਾਹੁਲ ਤੇ ਪਿ੍ਯੰਕਾ ਗਾਂਧੀ, ਸਿੱਧੂ ਨੂੰ ਪੰਜਾਬ ਚ ਕੋਈ ਵੱਡਾ ਆਹੁਦਾ ਦੇਣਾ ਚਾਹੁੰਦੇ ਹਨ ਜਦ ਕਿ ਬੀਬੀ ਸੋਨੀਆ ਗਾਂਧੀ, ਕੈਪਟਨ ਅਮਰਿੰਦਰ ਸਿੰਘ ਦੇ ਪ੍ਰਭਾਵ ਹੇਠ ਹੈ।
ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਾ ਇਸ ਵੇਲੇ ਪੂਰੀ ਤਰਾਂ 36 ਦੀ ਅੰਕੜਾ ਚੱਲ ਰਿਹਾ ਹੈ, ਦੋਹਾਂ ਵਿਚਕਾਰ ਇੱਟ ਕੁੱਤੇ ਦਾ ਵੈਰ ਹੈ, ਪਰ ਇਹ ਪਤਾ ਕਰਨਾ ਬਹੁਤ ਮੁਸ਼ਕਲ ਹੈ ਕਿ ਦੋਹਾਂ ਵਿਚੋ ਇੱਟ ਕੌਣ ਹੈ ਤੇ ਕੁੱਤਾ ਕੌਣ ਹੈ । ਹਾਲਾਤ ਇਹ ਹਨ ਕਿ ਦੋਵੇਂ ਹੀ ਇਕ ਦੂਸਰੇ ਦਾ ਚੇਗਰਾ ਤੱਕ ਵੀ ਦੇਖਣਾ ਚਾਹੁੰਦੇ ।
ਬੇਸ਼ੱਕ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਤੇ ਸਿੱਧੂ ਦਾ ਚਾਹ ਅਤੇ ਦੁਪਹਿਰ ਦਾ ਲੰਗਰ ਪਾਣੀ ਸਾਂਝਾ ਕਰਨ ਦੇ ਬਹਾਨੇ ਸੁਲ੍ਹਾ ਸਫਾਈ ਕਰਾਉਣ ਦਾ ਅਸਫਲ ਉਪਰਾਲਾ ਵੀ ਕੀਤਾ ਪਰ ਦਿਲਾਂ ਦੀ ਦੂਰੀ ਜਦ ਪੈ ਜਾਵੇ ਤਾਂ ਫਿਰ ਇਹੋ ਜਿਹੇ ਯਤਨ ਬਹੁਤ ਹੀ ਘੱਟ ਫਲਦਾਇਕ ਹੁੰਦੇ ਹਨ ।
ਹਾਲਾਤ ਇਹ ਪੈਦਾ ਹੋ ਚੁੱਕੇ ਹਨ ਕਿ ਹਾਈ ਕਮਾਂਡ ਦਾ ਇਕ ਧੜਾ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਪੰਜਾਬ ਕਾਂਗਰਸ ਪ੍ਰਧਾਨ ਵਰਗੇ ਦੋ ਵੱਡੇ ਆਹੁਦਿਆਂ ਵਿੱਚੋਂ ਕਿਸੇ ਇਕ ‘ਤੇ ਬਿਠਾਉਣਾ ਚਾਹੁੰਦਾ ਹੈ ਤੇ ਦੂਜਾ ਧੜਾ ਇਸ ਤਰਾਂ ਕਰਨ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ । ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ ਉਕਤ ਕਾਰਨ ਦੇ ਕਰਕੇ ਹੀ ਤਿੰਨ ਵਾਰ ਦਿੱਲੀ ਬੁਲਾਇਆ ਗਿਆ ਤੇ ਹੁਣ ਇਕ ਵਾਰ ਫੇਰ ਬੁਲਾਏ ਜਾਣ ਦੀ ਸੰਭਾਵਨਾ ਹੈ । ਦੂਜੇ ਪਾਸੇ ਸਿੱਧੂ ਨੂੰ ਅਗਾਮੀ ਚੋਣਾਂ ਦੋਰਾਨ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦਾ ਪ੍ਰਧਾਨ ਬਣਾਏ ਜਾਣ ਦੀ ਹਾਈ ਕਮਾਂਡ ਵਲੋ ਜੋ ਪੇਸ਼ਕਸ਼ ਕੀਕੀ ਗਈ ਸੀ, ਉਹ ਉਸ ਨੇ ਇਹ ਕਹਿਕੇ ਠੁਕਰਾ ਦਿੱਤੀ ਹੈ ਕਿ ਉਹ ਚੋਣ ਪਰਚਾਰ ਵਾਸਤੇ ਕੋਈ ਸ਼ੋ ਪੀਸ ਨਹੀ ਹਨ ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਾਈ ਕਮਾਂਡ ਨੇ ਸਾਰੇ ਫ਼ੈਸਲੇ ਅਮਰਿੰਦਰ ਸਿੰਘ ਦੀ ਹੀ ਸਹਿਮਤੀ ਨਾਲ ਲੈਣੇ ਹਨ ਤਾਂ ਫਿਰ ਹਾਈ ਕੰਮਾਂਡ ਕਾਹਦੀ ਹੋਈ, ਅਸਲ ਹਾਈ ਕਮਾਂਡ ਤਾਂ ਫਿਰ ਅਮਰਿੰਦਰ ਸਿੰਘ ਹੋਇਆ!
ਅਗਲੀ ਗੱਲ ਇਹ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ, ਪਿਛਲੀਆਂ ਚੋਣਾਂ ਵੇਲੇ ਕੀਤੇ ਵਾਅਦਿਆ ਦੇ ਗੋਹਲੇ ਚੋਂ ਅਜੇ ਪੂਣੀ ਤੱਕ ਵੀ ਨਹੀਂ ਕੱਤੀ ਗਈ, ਮਾਸਟਰ, ਡਾਕਟਰ, ਸਫਾਈ ਕਰਮਚਾਰੀ, ਟਰਾਂਸਪੋਰਟ ਕਰਮਚਾਰੀ, ਕਿਸਾਨ, ਨਰਸਾਂ ਆਦਿ ਆਏ ਦਿਨ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ । ਇਸ ਵੇਲੇ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਵਿਰੋਧੀ ਪਾਰਟੀਆਂ ਨਿੱਤ ਦਿਨ ਪੰਜਾਬ ਸਰਕਾਰ ਦੀਆ ਨਾਲਾਇਕੀਆਂ ਦੇ ਚਿੱਠੇ ਜਾਹਿਰ ਕਰ ਰਹੀਆ ਹਨ, ਦੂਸਰੇ ਪਾਸੇ ਜੋ ਪੜ੍ਹੇ ਲਿਖੇ ਹਨ ਉਹਨਾ ਵਾਸਤੇ ਨੌਕਰੀਆਂ ਨਹੀਂ ਤੇ ਜੋ ਪੜ੍ਹ ਲਿਖ ਕੇ ਕਿਸੇ ਨ ਕਿਸੇ ਤਰਾਂ ਨੌਕਰੀਆ ‘ਤੇ ਲੱਗੇ ਹੋਏ ਹਨ, ਉਹ ਕਈ ਮਹੀਨਿਆਂ ਦੀ ਤਨਖਾਹ ਤੋਂ ਸੱਖਣੇ ਹਨ, ਮਹਿੰਗਾਈ ਬੇਲਗਾਮ ਹੈ ।
ਇਸ ਤਰਾਂ ਦੇ ਮਾਹੌਲ ਚ ਕਾਂਗਰਸ ਦੀ ਬੇੜੀ ਡਿਬਕ ਡੇਲੇ ਖਾੰਦੀ ਨਜ਼ਰ ਆ ਰਹੀ ਹੈ । ਨਵਜੋਤ ਸਿੱਧੂ ਦੇ ਤੇਵਰ ਦਿਨੋ ਦਿਨ ਤਿੱਖੇ ਹੁੰਦੇ ਜਾ ਰਹੇ ਹਨ । ਅਜਿਹੇ ਚ ਕਈ ਲੋਕ ਇਹ ਕਿਆਫ਼ੇ ਲਗਾ ਕਹੇ ਹਨ ਕਿ ਸ਼ਾਇਦ ਸਿੱਧੂ ਨੂੰ ਆਉਣ ਵਾਲੇ ਦਿਨਾਂ ਚ ਕਾਂਗਰਸ ਵਿੱਚੇ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ, ਪਰ ਇਹ ਕਿਆਫ਼ੇ ਬਿਲਕੁਲ ਗਲਤ ਹਨ । ਜੇਕਰ ਪਾਰਟੀ ਇਸ ਤਰਾਂ ਦਾ ਫੈਸਲਾ ਲੈਂਦੀ ਹੈ ਤਾਂ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਇਹ ਫੈਸਲਾ ਇਕ ਸੰਗੀਨ ਗਲਤੀ ਹੋਵੇਗੀ ਜਿਸ ਦਾ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਫਿਰ ਪੰਜਾਬ ਕਾਂਗਰਸ ਵਿਚਲੇ ਕਲੇਸ਼ ਦਾ ਹੱਲ ਕੀ ਹੋਏਗਾ । ਇਸ ਸਵਾਲ ਦਾ ਜਵਾਬ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦਾ ਹੈ ਜਾਂ ਨਹੀਂ ਕਹਿੰਦਾ, ਪਾਰਟੀ ਹਾਈ ਕਮਾਂਡ ਨੂੰ ਪਾਰਟੀ ਦੇ ਭਲੇ ਹਿਤ ਆਪਣੇ ਤੌਰ ‘ਤੇ ਫੈਸਲਾ ਲੈਣਾ ਚਾਹੀਦਾ ਹੈ ।
ਇਕ ਗੱਲ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋ ਬਹੁਤ ਹੀ ਸ਼ਪੱਸ਼ਟ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੰਦਰ ਪਹਿਲਾਂ ਕਦੇ ਵੀ ਏਨੀ ਘਬਰਾਹਟ ਨਹੀਂ ਦੇਖੀ ਗਈ ਜਿੰਨੀ ਇਸ ਵਾਰ ਦੇਖੀ ਜਾ ਰਹੀ ਹੈ । ਇਹ ਘਬਰਾਹਟ ਦਾ ਹੀ ਨਤੀਜਾ ਹੈ ਕਿ ਉਹ ਪਹਿਲਾਂ ਨਾਲ਼ੋਂ ਵਧੇਰੇ ਐਕਟਿਵ ਨਜ਼ਰ ਆ ਰਿਹਾ ਹੈ ਤੇ ਵਾਰ ਵਾਰ ਵਿਧਾਇਕਾਂ ਨੂੰ ਦੁਪਹਿਰ ਦੇ ਲੰਗਰ ਤੇ ਚਾਹ ਪਾਰਟੀਆਂ ‘ਤੇ ਸੱਦਕੇ ਸੁਲ੍ਹਾ ਮਾਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਿਹਾ ਹੈ ਤੇ ਸ਼ਕਤੀ ਪ੍ਰਦਰਸ਼ਨ ਵੀ । ਸਿੱਧੂ ਦੀਆ ਕਾਰਵਾਈਆਂ ਕਾਰਨ, ਕੈਪਟਨ ਇਸ ਸਮੇਂ ਕਾਫ਼ੀ ਖ਼ੌਫ਼ ਚ ਹੈ ।
ਇਹ ਗੱਲ ਵੀ ਪੱਕੀ ਹੈ ਕਿ ਜੇਕਰ ਸਿੱਧੂ ਨੂੰ ਉਕਤ ਦੋ ਆਹੁਦਿਆ ਵਿੱਚੋਂ ਕਿਸੇ ਇਕ ਦੀ ਜ਼ੁੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ ਤਾਂ ਇਹ ਪੰਜਾਬ ਕਾਂਗਰਸ ਦੇ ਅਂਦਰ ਤੇ ਇਸ ਦੇ ਨਾਲ ਹੀ ਪੰਜਾਬ ਦੀ ਸਮੁੱਚੀ ਰਾਜਨੀਤੀ ਵਿਚ ਇਕ ਵੱਡੀ ਉਥਲ ਪੁਥਲ ਸਾਬਤ ਹੋਵੇਗੀ ।
ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਇਸ ਕਲਾ ਕਲੇਸ਼ ਵਿਚ ਉਲਝਕੇ ਰਹਿ ਜਾਂਦੀ ਹੈ ਜਾਂ ਫਿਰ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਵੱਲ ਵੀ ਧਿਆਨ ਦੇ ਪਾਉਂਦੀ ਹੈ । ਦਰਅਸਲ ਏਹੀ ਇਕ ਨੁਕਤਾ ਹੈ ਜੋ ਅਗਾਮੀ ਕੁਜ ਕੁ ਮਹੀਨਿਆਂ ਪੰਜਾਬ ਕਾਂਗਰਸ ਦਾ ਭਵਿੱਖ ਤਹਿ ਕਰਨ ਚ ਬੜੀ ਅਹਿਮ ਭੂਮਿਰਾ ਨਿਭਾ ਸਕਦਾ ਹੈ ।