Articles

ਕੀ ਪੰਜਾਬ ਵੀ ਯੂ਼.ਪੀ. ਦੀਆਂ ਰਾਹਾਂ ਤੇ ਤੋਰ ਦਿੱਤਾ ਜਾਏਗਾ ?

ਲੇਖਕ: ਗੁਰਮੀਤ ਸਿੰਘ ਪਲਾਹੀ

ਵਾਰਾਨਸੀ `ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਿੰਦੂ ਧਰਮ ਅਤੇ ਭਗਵਾਨ ਸ਼ਿਵ ਦੇ ਦਾਰਸ਼ਨਿਕ ਪੱਖ ਦੀ ਗੱਲ ਨਹੀਂ ਕੀਤੀ, ਸਗੋਂ ਸਿੱਧੇ-ਸਿੱਧੇ ਔਰੰਗਜ਼ੇਬ ਅਤੇ ਸਾਲਾਰ ਮਸੂਦ ਦਾ ਨਾਂ ਲੈ ਕੇ ਸੰਪਰਦਾਇਕ ਵੰਡ ਦਾ ਦਾਅ ਚੱਲਿਆ ਹੈ। ਯੂ.ਪੀ. ਦੀਆਂ ਚੋਣਾਂ ਜਿੱਤਣ ਲਈਂ ਹਿੰਦੂ ਧਰਮ ਦੇ ਰਖਵਾਲੇ “ਡਬਲ ਇੰਜਨ” “ਮੋਦੀ ਤੇ ਜੋਗੀ” ਦੱਸ ਰਹੇ ਕਿ ਉਹਨਾ ਰਾਮ ਮੰਦਿਰ ਦਾ ਨਿਰਮਾਣ ਕੀਤਾ ਹੈ। ਵਿਸ਼ਵਾਨਾਥ ਮੰਦਿਰ ਦਾ ਵਿਹੜਾ ਸਜਾਇਆ ਹੈ

ਮੋਦੀ ਤੇ ਯੋਗੀ ਸੰਦੇਸ਼ ਦੇ ਰਹੇ ਹਨ ਕਿ ਧਾਰਮਿਕ ਆਸਥਾ ਤੋਂ ਬਿਨ੍ਹਾਂ ਦੇਸ਼ ਭਗਤੀ ਕਾਹਦੀ? ਉੁਹਨਾ ਦੇ ਇਹਨਾਂ ਪਰਵਚਨਾਂ ਤੋਂ ਪ੍ਰਭਾਵਤ ਹੋ ਕੇ ਅਰਧ ਸਿਖਿਅਤ ਹਿੰਦੂ, ਮੁਸਲਮਾਨਾਂ ਨੂੰ ਔਰੰਗਜ਼ੇਬ ਦੇ ਕੀਤੇ ਜ਼ੁਲਮਾਂ ਕਾਰਨ ਦੰਡਿਤ ਕਰਨਾ ਚਾਹੁੰਦੇ ਹਨ। ਮੋਦੀ ਤੇ ਜੋਗੀ ਯੂਪੀ ਦੇ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਹਨ ਅਤੇ ਕਹਿ ਰਹੇ ਹਨ ਭੁਲ ਜਾਉ ਯੂ.ਪੀ. ਵਾਲਿਓ ਕਿ ਕੁਝ ਮਹੀਨੇ ਪਹਿਲਾਂ ਗੰਗਾ ਜੀ `ਚ ਲਾਸ਼ਾਂ ਵਹਿ ਰਹੀਆਂ ਸਨ। ਭੁਲ ਜਾਉ ਕਿ ਹਸਪਤਾਲਾਂ ‘ਚ ਮਹਾਂਮਾਰੀ ਵੇਲੇ ਬਿਸਤਰ ਨਹੀਂ ਸਨ, ਦਵਾਈਆਂ ਨਹੀਂ ਸਨ, ਆਕਸੀਜਨ ਨਹੀਂ ਸੀ ਅਤੇ ਹਾਥਰਸ, ਲਖੀਮਪੁਰ ਦੀ ਘਟਨਾ ਵੀ ਭੁਲ ਜਾਉ। ਉਹ ਆਯੋਧਿਆ ਅਤੇ ਕਾਸ਼ੀ ਦਾ ਇੰਜ ਪ੍ਰਚਾਰ  ਕਰ ਰਹੇ ਹਨ ਕਿ ਲੋਕਾਂ ਨੂੰ ਕੱਪੜੇ, ਮਕਾਨ, ਰੋਟੀ ਦੀ ਚਿੰਤਾ ਘੱਟ ਰਹੇ ਅਤੇ ਮਜ਼ਹਬ ਦੀ ਚਿੰਤਾ ਵੱਧ ਰਹੇ ਅਤੇ ਉਹ ਮੁਸਲਮਾਨ ਅਤੇ ਹੋਰ ਘੱਟ ਗਿਣਤੀਆਂ ਤੋਂ ਦੂਰੀ ਬਣਾਕੇ ਸਿਰਫ਼ ਤੇ ਸਿਰਫ਼ ਭਾਜਪਾ ਨੂੰ ਯੂ.ਪੀ. ‘ਚ ਵੋਟ ਦੇਣ। ਇਸੇ ਕਿਸਮ ਦਾ ਧਾਰਮਿਕ ਧਰੁਵੀਕਰਨ ਮੋਦੀ ਦੀ ਭਾਜਪਾ ਨੇ ਪਿਛਲੀਆਂ ਚੋਣਾਂ ‘ਚ ਪੈਂਦਾ ਕਰ ਦਿੱਤਾ ਸੀ ਅਤੇ ਵਿਧਾਨ ਸਭਾ ਚੋਣਾਂ ਵੇਲੇ ਵੀ ਅਤੇ ਲੋਕ ਸਭਾ ਚੋਣਾ ਵੇਲੇ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ।

ਪੰਜਾਬ ਅਤੇ ਬੇਅਦਬੀ ਦੀਆਂ ਘਟਨਾਵਾਂ

ਕੀ ਪੰਜਾਬ ਵੀ ਉਤੇ ਰਾਹ ਤੇ ਹਾਕਮਾਂ ਵਲੋਂ ਤੋਰ ਦਿੱਤਾ ਜਾਏਗਾ। ਸ੍ਰੀ ਗੁਰੂ ਗ੍ਰੰਥ ਸਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਕੀ ਇਹੋ ਸੰਦੇਸ਼ ਤਾਂ ਨਹੀਂ ਪ੍ਰਗਟ ਕਰ ਰਹੀਆਂ। ਸਰਬ ਪ੍ਰਵਾਨਤ ਸ੍ਰੀ ਹਰਮਿੰਦਰ ਸਾਹਿਬ ‘ਚ ਘਿਨੋਣੇ ਢੰਗ ਨਾਲ ਬੇਅਦਬੀ ਦਾ ਯਤਨ, ਜਿਸ ਨਾਲ ਹਿਰਦੇ ਵਲੂੰਦਰੇ ਗਏ ਹਨ, ਕੀ ਕੋਈ ਡੂੰਘੀ ਸਾਜ਼ਿਸ਼ ਤਾਂ ਨਹੀਂ ਹੈ? ਪੰਜਾਬ ਵਿੱਚ ਪਹਿਲਾਂ ਵਾਪਰੀਆਂ ਹਿਰਦੇ ਵਰਧਕ ਬੇਅਦਬੀ ਦੀਆਂ ਘਟਨਾਵਾਂ ‘ਚ ਸ਼ਾਮਲ ਲੋਕਾਂ ਨੂੰ ਸਾਹਮਣੇ ਲਿਆਉਣ ਦੀ ਥਾਂ ਸਿਆਸੀ ਖੇਡ ਖੇਡੀ ਜਾ ਰਹੀ ਹੈ। ਇੰਨੇ ਸਾਲ ਬੀਤਣ ਬਾਅਦ ਵੀ ਦੋਸ਼ੀਆਂ ਦੇ ਚਿਹਰੇ ਨੰਗੇ ਨਹੀਂ ਹੋਏ, ਉਹਨਾ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਸਿੱਟੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਅਤੇ ਫਿਰ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ‘ਚ ਵਾਪਰੀ ਘਟਨਾ ਕਾਰਨ ਲੋਕਾਂ ‘ਚ ਭਾਰੀ ਰੋਹ ਵੇਖਣ ਨੂੰ ਮਿਲਿਆ ਅਤੇ ਉਥੇ ਹਾਜ਼ਰ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਜਾਂ ਸਰਕਾਰ ਉਤੇ ਯਕੀਨ ਕਰਨ ਦੀ ਥਾਂ, ਆਪ ਸਿੱਧੀ ਕਾਰਵਾਈ ਕਰਨ ਨੂੰ ਤਰਜ਼ੀਹ ਦਿੱਤੀ।

ਪੰਜਾਬ ਦਾ ਮਾਹੌਲ ਇਹਨਾ ਘਟਨਾਵਾਂ ਨਾਲ ਬਹੁਤ ਹੀ  ਭਾਵੁਕ ਹੋ ਚੁੱਕਾ ਹੈ। ਇਹ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਹਨ। ਲੋਕ ਲਗਾਤਾਰ ਮੰਗ ਕਰ ਰਹੇ ਹਨ ਕਿ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਹਨਾ ਘਟਨਾਵਾਂ  ਪਿੱਛੇ ਕਿਹੜੀਆਂ ਤਾਕਤਾਂ ਹਨ? ਉਹਨਾ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ।

ਸਵਾਲ ਇਹ ਵੀ ਉੱਠਦਾ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਆਖ਼ਿਰ ਕਿਉਂ ਵਾਪਰਦੀਆਂ ਹਨ? ਮਾਹੌਲ ਨੂੰ ਫ਼ਿਰਕੂ ਰੰਗਤ ਦੇਣ ਜਾਂ ਸਰਹੱਦਾਂ ਉਤੇ ਮਾਹੌਲ ‘ਚ ਤਣਾਅ ਕਿਉਂ ਵੱਧ ਜਾਂਦਾ ਹੈ? ਡਰੋਨ ਹਮਲੇ ਕਿਉਂ ਤੇਜ਼ ਹੋ ਜਾਂਦੇ ਹਨ? ਕੀ ਇਹ ਵਿਦੇਸ਼ੀ ਤਾਕਤਾਂ ਦਾ ਕੋਈ ਕਾਰਾ ਹੈ ਜਾਂ ਦੇਸੀ ਤਾਕਤਾਂ ਦਾ ਕਾਰਾ ਹੈ, ਜਿਹੜੀਆਂ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਬੈਠੀਆਂ ਹਨ ਅਤੇ ਪੰਜਾਬ ਦੀ ਧਰਤੀ ਦੇ ਲੋਕਾਂ ਨੂੰ ਫ਼ਿਰਕੂ ਰੰਗ ‘ਚ ਰੰਗਕੇ ਇਥੋਂ ਦੇ ਭਾਈਚਾਰਕ ਤਾਣੇ-ਬਾਣੇ ਨੂੰ ਤਹਿਸ਼-ਨਹਿਸ਼ ਕਰਕੇ ਸਭ ਕੁਝ ਆਪਣੇ ਹੱਥਾਂ ਵਿੱਚ ਕਰ ਲੈਣਾ ਚਾਹੁੰਦੀਆਂ ਹਨ।

ਸਿਆਸਤਦਾਨਾਂ ਦੀਆਂ ਚਾਲਾਂ

ਅੱਜ ਪੰਜਾਬ ਸਿਆਸਤਦਾਨਾਂ ਦੀਆਂ ਸਿਆਸੀ ਚਾਲਾਂ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਰਿਹਾ ਹੈ। ਕੇਂਦਰੀ ਹਾਕਮਾਂ ਨੇ ਸਮੇਂ ਸਮੇਂ  ਘੁੱਗ ਵਸਦੇ ਪੰਜਾਬ ਦੀ ਤਬਾਹੀ ਦੀ ਦਾਸਤਾਨ ਲਿਖੀ ਹੈ। ਪੰਜਾਬ ਲਈ  ’47 ਲਿਖਿਆ, ’84 ਪੱਲੇ ਪਾਇਆ, ਖਾੜਕੂਵਾਦ ਵਾਲੇ ਹਾਲਾਤ ਪੈਦਾ ਕੀਤੇ, ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾਇਆ ਅਤੇ ਫਿਰ ਖੇਤੀ ਕਾਨੂੰਨ ਲਾਗੂ ਕਰਕੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਸਾਜ਼ਿਸ਼ ਰਚੀ। ਸਿੱਟੇ ਵਜੋਂ ਪੰਜਾਬ ਦੀ ਆਰਥਿਕਤਾ ਤਬਾਹੀ ਦੇ ਕੰਢੇ ਪਈ ਹੈ।

ਪੰਜਾਬ ਦੀ ਡਾਵਾਂਡੋਲ ਆਰਥਿਕ ਸਥਿਤੀ

ਪੰਜਾਬ ਦੀ ਆਰਥਿਕਤਾ ਅੱਜ ਐਨੀ ਡਾਵਾਂਡੋਲ ਹੋ ਗਈ ਹੈ ਕਿ ਵਿਦੇਸ਼ੀ ਨਿਵੇਸ਼, ਨਿਰਯਾਤ, ਘਰੇਲੂ ਉਤਪਾਦਨ, ਜੀ.ਡੀ.ਪੀ., ਬੇਰੁਜ਼ਗਾਰੀ  ਤੇ ਜੀ.ਐਸ.ਟੀ. ਦੀ ਉਗਰਾਹੀ ਵਿੱਚ ਪੰਜਾਬ ਦੇਸ਼ ਦੇ ਹੋਰ ਰਾਜਾਂ ਤੋਂ ਪੱਛੜ ਗਿਆ ਹੈ। ਕਿਸਾਨਾਂ ਨੂੰ ਜਦੋਂ ਅੰਦੋਲਨ ਦੇ ਰਸਤੇ ਕੇਂਦਰ ਦੀ ਸਰਕਾਰ ਨੇ ਮਜ਼ਬੂਰਨ ਤੋਰ ਦਿੱਤਾ ਤਾਂ ਇਸ ਇੱਕ ਸਾਲ ਦੇ ਅਰਸੇ ‘ਚ ਦੇਸ਼ ਦੇ ਸਨਅੱਤਕਾਰਾਂ, ਵਪਾਰੀਆਂ ਤੇ ਕਾਰੋਬਾਰੀਆਂ ਨੂੰ 60 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ। ਇਸ ਨੁਕਸਾਨ ਦਾ ਵੱਡਾ ਹਿੱਸਾ ਪੰਜਾਬ ਨੂੰ ਝੱਲਣਾ ਪਿਆ ਹੈ। ਇਸ ਵੇਲੇ ਪੰਜਾਬ ਦੀ ਸਲਾਨਾ ਮਿਸ਼ਰਤ ਵਿਕਾਸ ਦਰ 6.31 ਫ਼ੀਸਦੀ ਹੈ ਜਦਕਿ ਦਿੱਲੀ ਦੀ 7.70 ਫ਼ੀਸਦੀ  ਅਤੇ  ਉਤਰਪ੍ਰਦੇਸ਼ ਦੀ 11.39 ਫ਼ੀਸਦੀ ਹੈ। ਵਿਦੇਸ਼ੀ ਨਿਵੇਸ਼ ਹਰਿਆਣਾ ਵਿੱਚ 91.9 ਅਰਬ ਡਾਲਰ ਹੋਇਆ, ਦਿੱਲੀ ਵਿੱਚ 101.88 ਅਰਬ ਡਾਲਰ ਹੋਇਆ ਪਰ ਪੰਜਾਬ ‘ਚ ਬਹੁਤਾ ਨਿਵੇਸ਼ ਨਹੀਂ ਹੋਇਆ।

ਪੰਜਾਬ ‘ਚ 2017 ਵਿੱਚ ਘਰੇਲੂ ਉਤਪਾਦਨ 65.58 ਫ਼ੀਸਦੀ ਸੀ ਹੁਣ ਘਟਕੇ 64.99 ਫ਼ੀਸਦੀ ਹੈ ਜਦਕਿ ਹਰਿਆਣਾ ਵਿੱਚ 90.87 ਤੋਂ ਵੱਧਕੇ 94.30 ਫ਼ੀਸਦੀ ਹੋ ਗਿਆ ਹੈ। ਪੰਜਾਬ ਤੋਂ 5.29 ਅਰਬ ਡਾਲਰ, ਹਰਿਆਣਾ ਤੋਂ 11.60 ਅਰਬ ਡਾਲਰ ਅਤੇ ਉੱਤਰ ਪ੍ਰਦੇਸ਼ ਤੋਂ 12.93 ਅਰਬ ਡਾਲਰ ਨਿਰਯਾਤ ਹੁੰਦਾ ਹੈ। ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਸਿੰਗਲ ਵਿੰਡੋ ਯੋਜਨਾ ਸਿਰਫ਼ ਅੱਖੀ ਘੱਟਾ ਪਾਉਣ ਵਾਲੀ ਹੈ, ਜਦਕਿ ਯੂ.ਪੀ., ਦਿੱਲੀ, ਹਰਿਆਣਾ ਵਿੱਚ ਇਹ ਸੁਚੱਜੇ ਢੰਗ ਨਾਲ ਚਲਦੀ ਹੈ।

ਪੰਜਾਬ ਹਰ ਪੱਖੋਂ ਪਛੜਿਆ

ਪੰਜਾਬ ਜੀ.ਡੀ.ਪੀ. ‘ਚ ਇੱਕ ਨੰਬਰ ਤੋਂ 17ਵੇਂ ਨੰਬਰ ਤੇ ਪੁੱਜ ਗਿਆ। ਪ੍ਰਤੀ ਵਿਅਕਤੀ ਆਮਦਨ ਵਿੱਚ ਪੰਜਾਬ ਕਦੇ ਤੀਜੇ ਨੰਬਰ ਤੇ  ਸੀ, ਹੁਣ ਪੱਛੜਕੇ 19ਵੇਂ ਨੰਬਰ ਤੇ ਚਲੀ ਗਈ ਹੈ। ਪੰਜਾਬ ‘ਚ ਕਰਜ਼ੇ ਦਾ ਬੋਝ 2007 ਤੋਂ 2017 ਤੱਕ 51009 ਕਰੋੜ ਸੀ, ਜਦੋਂ ਹੁਣ 2018 ਤੋਂ 2021 ਤੱਕ 2,82,000 ਕਰੋੜ ਹੋ ਗਿਆ ਹੈ। ਪੰਜਾਬ ਬੇਰਜ਼ੁਗਾਰੀ ਵਿੱਚ ਉਪਰਲੇ  ਪੰਜ ਸੂਬਿਆਂ ‘ਚ ਸ਼ੁਮਾਰ ਹੋ ਗਿਆ ਹੈ। ਪੰਜਾਬ ਅੰਦਰ 2010 -11 ਵਿੱਚ ਵੈਟ ਦੀ ਉਗਰਾਹੀ 12,200 ਕਰੋੜ ਸੀ ਅਤੇ ਹਰਿਆਣਾ ‘ਚ 11,082 ਕਰੋੜ। ਹੁਣ 2021 ਵਿੱਚ ਹਰਿਆਣਾ ‘ਚ ਉਗਰਾਹੀ 66000 ਕਰੋੜ ਹੈ ਅਤੇ ਪੰਜਾਬ ‘ਚ ਹਾਲੀ ਵੀ 16000 ਕਰੋੜ ਹੈ। ਭਾਰਤ ਤੇ ਹੋਰਨਾਂ ਰਾਜਾਂ ਵਿੱਚ ਬਿਜਲੀ ਡਿਊਟੀ ਤੋਂ ਆਮਦਨ ਤਿੰਨ ਫ਼ੀਸਦੀ ਹੈ ਜਦਕਿ ਪੰਜਾਬ ਵਿੱਚ ਬਿਜਲੀ ਡਿਊਟੀਆਂ ਤੇ ਹੋਰ ਖ਼ਰਚਿਆਂ ਤੋਂ 10 ਫ਼ੀਸਦੀ ਆਮਦਨ ਪ੍ਰਾਪਤ ਕਰਦਾ ਹੈ। ਇਸੇ ਕਰਕੇ ਸੂਬੇ ਪੰਜਾਬ ਅੰਦਰ 14000 ਤੋਂ ਵੱਧ ਸਨਅੱਤੀ ਬਿਜਲੀ ਕੁਨੈਕਸ਼ਨ ਘੱਟ ਗਏ ਹਨ। ਸਨਅੱਤਕਾਰ ਪੰਜਾਬ ਛੱਡ ਰਹੇ ਹਨ।

ਪੰਜਾਬ ਜਦੋਂ ਇਹੋ ਜਿਹੀ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਬੇਰੁਜ਼ਗਾਰੀ ਸੂਬੇ ਵਿੱਚ ਅੰਤਾਂ ਦੀ ਹੈ। ਲੋਕਾਂ ਦਾ ਵਿਸ਼ਵਾਸ਼ ਸਰਕਾਰ, ਪ੍ਰਸ਼ਾਸ਼ਨ, ਸਿਆਸਤਦਾਨਾਂ ਤੋਂ ਉੱਠ ਗਿਆ ਹੈ ਤਾਂ ਲੋਕ ਪੰਜਾਬ  ਵਿੱਚ ਕਿਸ ਆਸਰੇ ਜੀਊਣ? ਕਿਧਰ ਜਾਣ? ਪ੍ਰਵਾਸ ਨੇ ਉਹਨਾ ਦੇ ਮਨਾਂ ‘ਚ ਥਾਂ ਮੱਲ  ਲਈ ਹੋਈ ਹੈ। ਜੋ ਪੰਜਾਬੀਆਂ ਦੇ ਲਈ ਘਾਤਕ ਵੀ ਸਾਬਤ ਹੋ ਰਹੀ ਹੈ।

ਪੰਜਾਬ ਅਤੇ ਫ਼ਿਰਕੂ ਤਾਕਤਾਂ

ਆਰਥਿਕ ਪੱਖੋਂ ਕਮਜ਼ੋਰ, ਪ੍ਰਸ਼ਾਸ਼ਨਿਕ ਪੱਖੋਂ ਢਿੱਲਾ ਦਾ ਮਾਹੌਲ, ਮਜ਼ਹਬੀ, ਫ਼ਿਰਕੂ ਲੋਕਾਂ ਨੂੰ ਬਲ ਦੇ ਰਿਹਾ ਹੈ। ਲੋਕਾਂ ‘ਚ ਉਪਰਾਮਤਾ ਵਧਣ ਕਾਰਨ ਆਪਸੀ ਵਿਸ਼ਵਾਸ਼ ਦਾ ਡਾਵਾਂਡੋਲ ਹੋਣਾ ਸੁਭਾਵਿਕ ਹੈ। ਇਹੋ ਜਿਹੀਆਂ ਹਾਲਤਾਂ ‘ਚ ਵੱਖੋ-ਵੱਖਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ‘ਚ ਪਾੜਾ ਵਧਣ ਦੇ ਆਸਾਰ ਪੈਦਾ ਹੁੰਦੇ ਹਨ ਅਤੇ ਸਿਆਸੀ ਚਾਲਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਣ ਜਾਂ ਹਿੰਦੂਆਂ, ਕ੍ਰਿਸਚੀਅਨਾਂ, ਮੁਸਲਮਾਨਾਂ ਦੇ ਪਵਿੱਤਰ ਗ੍ਰੰਥਾਂ ਦੀਆਂ ਉਹ ਵੱਖੋ-ਵੱਖਰੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਇੱਕ-ਦੂਜੇ ਤੋਂ ਦੂਰ ਲੈ ਜਾਣਗੀਆਂ। ਇਹੋ ਗੱਲ ਦੇਸ਼ ਦੇ ਉਹ ਹਾਕਮ, ਸਿਆਸਤਦਾਨ ਚਾਹੁੰਦੇ ਹਨ, ਜਿਹਨਾ ਦਾ ਇਕੋ ਇੱਕ ਮੰਤਵ ਸਿਆਸੀ ਤਾਕਤ ਹਥਿਆਉਣਾ ਹੈ।

ਦਿੱਲੀ ਦੇ ਹਾਕਮਾਂ ਦਾ ਪੰਜਾਬ ਨਾਲ ਵਿਤਕਰਾ

ਉਂਜ ਵੀ ਦੇਸ਼ ਦਾ ਦਿੱਲੀ ਹਾਕਮ ਚਾਹੇ ਉਹ ਕਾਂਗਰਸ ਵੇਲੇ ਸੀ, ਜਾਂ ਹੁਣ ਭਾਜਪਾ ਵੇਲੇ “ਸੋਨੇ ਦੀ ਚਿੜੀ” ਪੰਜਾਬ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ। ਉਹ ਸਬਕ ਉਹਨਾ 1984 ‘ਚ ਵੀ ਸਿਖਾਇਆ ਅਤੇ ਸਮੇਂ-ਸਮੇਂ ਪੰਜਾਬ ਨੂੰ ਆਰਥਿਕ ਪੱਖੋਂ ਕੰਮਜ਼ੋਰ ਕਰਕੇ ਵੀ। ਪੰਜਾਬ ਨੂੰ ਕੋਈ ਵੱਡੀ ਸਨਅੱਤ ਨਹੀਂ ਦਿੱਤੀ। ਪੰਜਾਬ ਦੇ ਖੇਤੀ ਉਤਪਾਦਨ ਨੂੰ ਸੰਭਾਲਣ ਲਈ ਪਿੰਡਾਂ ‘ਚ ਕੋਈ ਕਾਰਖ਼ਾਨੇ ਨਹੀਂ ਲਗਾਏ, ਸਿਰਫ਼ ਪੰਜਾਬ ਦੇ ਕੱਚੇ ਮਾਲ “ਖੇਤੀ ਉਪਜ” ਨੂੰ ਵਰਤਕੇ ਪੰਜਾਬ ਨੂੰ ਲੁੱਟਿਆ  ਹੀ ਹੈ। ਇਸੇ ਗੱਲ ਦਾ ਸਿੱਟਾ ਹੀ ਹੈ ਕਿ ਅੱਜ ਪੰਜਾਬ ਤਬਾਹੀ ਦੀਆਂ ਬਰੂਹਾਂ ਤੇ ਖੜਾ ਵਿਖਾਈ ਦਿੰਦਾ ਹੈ।

ਸਵਾਰਥੀ ਸਿਆਸਤਦਾਨਾਂ ਦੀ ਦੌੜ, ਪੰਜਾਬ ਨੂੰ ਮੰਗ ਖਾਣੇ ਬਨਾਉਣ ਤੇ ਲੱਗੀ ਹੋਈ ਹੈ। ਪੰਜਾਬ ਦਾ ਮਾਹੌਲ ਖ਼ਰਾਬ ਕਰਕੇ, ਇਸਦੀ ਬੋਲੀ, ਇਸਦੇ ਸਭਿਆਚਾਰ, ਇਸਦੇ ਸਮਾਜਿਕ ਤਾਣੇ-ਬਾਣੇ, ਭਾਈਚਾਰਕ ਸਾਂਝ ‘ਚ ਛੇਕ ਪਾਉਣ ਤੇ ਲੱਗੀ ਹੋਈ ਹੈ। ਪੰਜਾਬ ਦੇ ਲੋਕਾਂ ਦੀਆਂ ਆਪਸੀ ਪੀਡੀਆਂ ਗੰਢਾਂ ਨੂੰ ਤੋੜਨ ਤੇ ਲੱਗੀ ਹੋਈ ਹੈ ਅਤੇ ਪੰਜਾਬ ਨੂੰ ਜਾਤਾਂ, ਧਰਮਾਂ ‘ਚ ਵੰਡਕੇ ਆਪਣੇ ਹਿੱਤ ਸਾਧਣ ਵੱਲ ਰੁਚਿਤ ਹੈ।

ਪੰਜਾਬ ਦਾ ਮੌਜੂਦਾ ਚੋਣ ਦ੍ਰਿਸ਼

ਅੱਜ ਪੰਜਾਬ ਦਾ ਚੋਣ ਦ੍ਰਿਸ਼ ਵੇਖਣ ਦੀ ਲੋੜ ਹੈ। ਸਿਆਸੀ ਪਾਰਟੀਆਂ ਲਈ ਪੰਜਾਬ ਦੇ ਮੁੱਦੇ, ਮਸਲੇ ਅਹਿਮ ਨਹੀਂ ਹਨ। ਪੰਜਾਬ ਦੀ ਕਾਂਗਰਸ ਲੋਕ ਹਿੱਤਾਂ ਦੀ ਗੱਲ ਕਰਦੀ ਹੈ, ਪਰ ਉਸ ਵਿੱਚ ਪਾਟੋ-ਧਾੜ ਹੈ, ਉਸਦੇ ਪੰਜ ਛੇ ਧੜੇ ਬਣੇ ਹੋਏ ਹਨ, ਜੋ ਸਿਰਫ਼ ਕੁਰਸੀ ਪ੍ਰਾਪਤੀ ਲਈ ਇੱਕ-ਦੂਜੇ ਦੀਆਂ ਲੱਤਾਂ ਖਿਚ ਰਹੇ ਹਨ। ਲੋਕ ਸਰੋਕਾਰ ਇਹਨਾ ਤੋਂ ਦੂਰ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਆਪਸੀ ਗੱਠਜੋੜ ਬੇਜੋੜ ਹੈ, ਸਿਰਫ਼ ਆਪਸੀ ਹਿੱਤਾਂ ਦੀ ਪੂਰਤੀ ਕਰਕੇ ਸਿਆਸੀ ਤਾਕਤ ਹਥਿਆਉਣ ਤੱਕ ਸੀਮਤ ਹੈ। ਆਮ ਆਦਮੀ ਪਾਰਟੀ ਗਰੰਟੀ ਦੇਣ ਦੀ ਰਾਜਨੀਤੀ ਕਰਦੀ ਹੈ, ਦਿੱਲੀ ਦਾ ਮੁੱਖ ਮੰਤਰੀ ਪੰਜਾਬ ‘ਚ ਔਰਤਾਂ ਨੂੰ ਇੱਕ ਇੱਕ ਹਜ਼ਾਰ ਮਹੀਨਾ ਦੇਣ ਦਾ ਵਾਅਦਾ ਕਰਦਾ ਹੈ, ਦੂਜੀਆਂ ਪਾਰਟੀਆਂ ਪੂਰੇ ਪਰਿਵਾਰ ਨੂੰ ਪੰਜ-ਪੰਜ ਹਜ਼ਾਰ ਦੇਣ ਦੀ ਗੱਲ ਕਰਦੀਆਂ ਹਨ। ਹਾਕਮ ਧਿਰ ਕਾਂਗਰਸ ਨੇ ਤਾਂ ਰਿਆਇਤਾਂ ਦੀ ਝੜੀ ਹੀ ਲਾ ਦਿੱਤੀ ਹੋਈ ਹੈ। ਇਹ ਪੈਸੇ ਕਿਥੋਂ ਆ ਰਹੇ ਹਨ? ਅੱਗੋਂ ਰਿਆਇਤਾਂ ਲਈ ਪੈਸੇ ਕਿਥੋਂ ਆਉਣਗੇ? ਕੇਜਰੀਵਾਲ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕਰਦਾ ਹੈ, ਪਰ ਜੋ ਭ੍ਰਿਸ਼ਟਾਚਾਰ ਦਿੱਲੀ ‘ਚ ਉਹਦੇ ਰਾਜ ਵਿੱਚ ਹੋ ਰਿਹਾ ਹੈ, ਉਸ ਬਾਰੇ ਚੁੱਪ ਹੈ। ਪੰਜਾਬ ਦੇ ਲੋਕਾਂ ਲਈ ਕਿਸਾਨ ਸੰਘਰਸ਼ ਦੌਰਾਨ ਵਰਜਿਤ ਭਾਜਪਾ ਹੁਣ ਦੂਜੀਆਂ ਪਾਰਟੀਆਂ ‘ਚੋਂ ਨਿਰਾਸ਼, ਦਾਗੀ, ਸਿਆਸਤਦਾਨਾਂ ਨੂੰ ਨਿੱਤ ਦਿਹਾੜੇ ਆਪਣੇ ਨਾਲ ਜੋੜ ਰਹੀ ਹੈ। ਪੰਜਾਬ ‘ਚ ਦਲਿਤ ਮੁੱਖ ਮੰਤਰੀ ਬਨਾਉਣ ਦਾ ਵਾਅਦਾ ਕਰਦੀ ਹੈ। ਪਰ ਨਾਲੋਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਗੱਠਜੋੜ ਕਰਦੀ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਵੀ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਭਾਈ ਮੰਨ ਕੇ ਉਹ ਜਿੱਤਣ ਦੀ ਸੂਰਤ `ਚ ਉਸ ਨੂੰ ਮੁੱਖ ਮੰਤਰੀ ਬਣਾਏਗੀ ਜਾਂ ਕਿਸੇ ਦਲਿਤ ਚਿਹਰੇ ਨੂੰ। ਉਂਜ ਪੰਜਾਬ ਦੀ ਸਿਆਸਤ `ਚ ਇਸ ਵੇਰ ਦਾ ਮੁੱਲ ਬੁਹਤ ਖ਼ਤਰਨਾਕ ਹੈ। ਕਾਂਗਰਸ ਨੇ ਦਲਿਤ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਦਲਿਤਾਂ ਦੀ ਹਿਤੈਸ਼ੀ ਹੋਣ ਦਾ ਅਤੇ ਉਹਨਾ ਦੀਆਂ ਵੋਟਾਂ ਵਟੋਰਨ ਦਾ ਜਦੋਂ ਦਾਅ ਚੱਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਤੇ ਆਮ ਆਦਮੀ ਪਾਰਟੀ ਨੇ ਵੀ ਉਪ ਮੁੱਖ ਮੰਤਰੀ ਦਾ ਚਿਹਰਾ ਕਿਸੇ ਦਲਿਤ ਨੂੰ ਬਣਾਉਣ ਦਾ ਐਲਾਨ ਕਰ ਦਿੱਤਾ। ਅਸਲ ਵਿੱਚ ਭਾਜਪਾ ਵਲੋਂ ਮੁੱਖ ਮੰਤਰੀ ਦਾ ਚਿਹਰਾ ਦਲਿਤ ਐਲਾਨਣ ਨਾਲ ਪੰਜਾਬ ਵਿੱਚ ਜਾਤ ਦੇ ਨਾਮ ਉਤੇ ਸਿਆਸਤ ਦਾ ਆਰੰਭ ਹੋਇਆ। ਕੀ ਹੁਣ ਪੰਜਾਬ ਦੀ ਆਬੋ ਹਵਾ `ਚ ਧਰਮ, ਜਾਤਾਂ ਦਾ ਵਖਰੇਵਾਂ ਪਾ ਕੇ ਯੂ.ਪੀ. ਵਾਂਗਰ ਚੋਣਾਂ ਜਿੱਤਣ ਲਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਕੋਝਾ ਯਤਨ ਤਾਂ ਨਹੀ ਹੋ ਰਿਹਾ? ਇਹ ਗੱਲ ਪੰਜਾਬੀਆਂ ਦੇ ਸਮਝਣ ਤੇ ਸੁਚੇਤ ਹੋਣ ਦੀ ਹੈ।

ਇਸ ਸਬੰਧੀ ਸਿਆਸੀ ਪਾਰਟੀਆਂ ਨੇ ਸੁਚੇਤ ਹੋ ਕੇ ਆਪਣੇ ਵਲੋਂ ਬਿਆਨ ਦਿੱਤੇ ਹਨ, ਜੋ ਸਮਝਣ  ਵਾਲੇ ਹਨ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਬੇਅਦਬੀ ਪਿੱਛੇ ਕੇਂਦਰੀ ਏਜੰਸੀਆਂ ਦਾ ਹੱਥ ਹੈ। ਚੋਣਾਂ ਦੇ ਦੌਰ ‘ਚ ਪੂਰੇ ਸੂਬੇ ਵਿੱਚ ਕਾਂਗਰਸ ਦੇ ਹੱਕ ‘ਚ ਹਵਾ ਚੱਲ ਰਹੀ ਹੈ। ਇਸ ਕਾਰਨ ਘਬਰਾਹਟ ਵਿੱਚ ਆ ਕੇ ਪ੍ਰਦੇਸ਼ ਵਿੱਚ ਮਾਹੌਲ ਖਰਾਬ ਕਰਨ ਦਾ ਯਤਨ ਹੋ ਰਿਹਾ ਹੈ। ਆਰ.ਐਸ.ਐਸ. ਦੇ ਆਗੂ ਸਰਕਾਰਜਵਾਹ ਦੱਤਾ ਤ੍ਰੇ ਹੋਸਬਾਲੇ ਨੇ ਕਿਹਾ  ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ  ਤੇ ਗੁਰੂ ਪੰਰਪਰਾ ਸਾਡੀ ਸਾਰਿਆਂ ਦੀ ਸਾਂਝੀ ਵਿਰਾਸਤ ਤੇ ਸ਼ਰਧਾ ਦਾ ਵਿਸ਼ਾ ਹੈ। ਸਮਾਜ ਨੂੰ ਆਪਸ ਵਿੱਚ ਲੜਾਉਣ ਵਾਲੀਆਂ ਤਾਕਤਾਂ ਸਾਜ਼ਿਸ਼ਾਂ ਕਰ ਰਹੀਆਂ ਹਨ। ਅਜਿਹੇ ਚਾਲਬਾਜ਼ਾਂ ਦਾ ਪਰਦਾਫਾਸ਼ ਕਰਕੇ ਉਹਨਾ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਪਰ ਸਿਆਸਤਦਾਨਾਂ ਦੇ ਬੋਲ ਕੀ ਸਚਮੁੱਚ ਦਿਲੋਂ-ਮਨੋਂ ਹਨ, ਜਾਂ ਫਿਰ ਉਹਨਾ ਦੇ ਮਨ ਅੰਦਰ ਕੋਈ ਹੋਰ ਗੱਲ ਵੀ ਲੁਕੀ ਹੋਈ ਹੈ, ਉਹ ਇਹ ਕਿ ਪੰਜਾਬ ਨੂੰ, ਪੰਜਾਬੀਆਂ ਨੂੰ ਕਿਵੇਂ ਕਾਬੂ ਕਰਨਾ ਹੈ, ਕਿਵੇਂ ਪੰਜਾਬ ਦਾ ਰਾਜ ਭਾਗ ਹਰ ਹੀਲੇ ਹਥਿਆਉਣਾ ਹੈ?

Related posts

ਕੀ ਹੋਣਗੇ ਟਰੰਪ ਦੇ ਵਿਦੇਸ਼ ਨੀਤੀਆਂ ਵਿੱਚ ਤਬਦੀਲੀ ਦੇ ਦੂਰਗਾਮੀ ਪ੍ਰਭਾਵ?

admin

ਜਦੋਂ ਹਵਾਲਦਾਰ ਨੇ ਅੰਗਹੀਣ ਦੇ ਹੱਥ ਝੋਲਾ ਪਕੜਾ ਦਿੱਤਾ !

admin

ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ !

admin