ਭਾਰਤ ਵਿੱਚ ਵਸਦੇ ਹਰ ਇੱਕ ਕਬੀਲਦਾਰ ਦੀਆਂ ਨਜਰਾਂ ਕੇਂਦਰ ਸਰਕਾਰ ਦੇ ਵਿੱਤੀ ਬਜਟ ਤੇ ਟਿਕੀਆਂ ਹੁੰਦੀਆਂ ਹਨ ਕਿਉਂਕੀ ਦੇਸ਼ ਦੇ ਸਲਾਨਾ ਬਜਟ ਦੇ ਅਨੁਸਾਰ ਹੀ ਉਸਨੇ ਆਪਣਾ ਘਰ ਦਾ ਬਜਟ ਵੀ ਮਿਥਣਾਂ ਹੁੰਦਾ ਹੈ। ਮੇਰੇ ਘਰ ਦਾ ਚੁੱਲ੍ਹਾ ਵੀ ਖੇਡਾਂ ਅਤੇ ਖੇਡ ਨੀਤੀਆਂ ਨਾਲ ਜੁੜਿਆ ਹੈ, ਇਸ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਸ਼ੇਰ ਦੇ ਬਿੱਲੇ ਵਾਲੀ ਲਾਲ ਫਾਇਲ ਵਿਚੋਂ ਨਿਕਲੇ ਖੇਡ ਬਜਟ ਤੇ ਖੁੰਢ ਚਰਚਾ ਕਰਨੀ ਤਾਂ ਬਣਦੀ ਹੈ। ਆਓ ਮਾਲੀ ਵਰ੍ਹੇ 2022-23 ਦੇ ਖੇਡ ਬਜਟ ਦੀ ਪੜਚੋਲ ਕਰੀਏ।
ਭਾਰਤ ਨੇ ਟੋਕੀਓ ਓਲੰਪਿਕ ‘ਚ ਟ੍ਰੈਕ ਐਂਡ ਫੀਲਡ ‘ਚ ਇਤਿਹਾਸਕ ਸੋਨ ਤਮਗ਼ੇ ਸਮੇਤ ਕੁਲ 7 ਤਮਗ਼ੇ ਜਿੱਤੇ। ਟੋਕੀਓ ਓਲੰਪਿਕ ਖੇਡਾਂ ‘ਚ ਦੇਸ਼ ਦੀ ਸਫਲਤਾ ਦਾ ਪ੍ਰਭਾਵ ਖੇਡ ਬਜਟ ‘ਚ ਨਜ਼ਰ ਆਇਆ। ਇਸ ਮਾਲੀ ਸਾਲ 2022-23 ਲਈ ਖੇਡਾਂ ਲਈ ਕੁੱਲ ਤਿੰਨ ਹਜ਼ਾਰ 62 ਕਰੋੜ 60 ਲੱਖ ਰੁਪਏ ਅਲਾਟ ਕੀਤੇ ਗਏ ਜੋ ਪਿਛਲੇ ਸਾਲ ਦੇ ਮੁਕਾਬਲੇ ‘ਚ 305 ਕਰੋੜ 58 ਲੱਖ ਰੁਪਏ ਜ਼ਿਆਦਾ ਹੈ। ਪਿਛਲੇ ਮਾਲੀ ਸਾਲ ‘ਚ ਸਰਕਾਰ ਨੇ ਖੇਡਾਂ ਲਈ ਦੋ ਹਜ਼ਾਰ 596 ਕਰੋੜ 14 ਲੱਖ ਰੁਪਏ ਅਲਾਟ ਕੀਤੇ ਸਨ ਜਿਸ ਨੂੰ ਬਾਅਦ ‘ਚ ਸੋਧ ਕੇ ਦੋ ਹਜ਼ਾਰ 757 ਕਰੋੜ ਦੋ ਲੱਖ ਰੁਪਏ ਕਰ ਦਿੱਤਾ ਗਿਆ ਸੀ।
ਬੀਬਾ ਨਿਰਮਲਾ ਸੀਤਾਰਮਨ ਵਲੋਂ ਸਰਕਾਰ ਦੀ ਅਹਿਮ ਯੋਜਨਾ ‘ਖੇਲੋ ਇੰਡੀਆ’ ਪ੍ਰੋਗਰਾਮ ‘ਚ 316 ਕਰੋੜ 29 ਲੱਖ ਰੁਪਏ ਦਾ ਵਾਧਾ ਕੀਤਾ ਹੈ। ਖੇਲੋ ਇੰਡੀਆ ਪ੍ਰੋਗਰਾਮ ਲਈ ਪਿਛਲੇ ਬਜਟ ‘ਚ 657 ਕਰੋੜ 71 ਲੱਖ ਰੁਪਏ ਅਲਾਟ ਕੀਤੇ ਗਏ ਸਨ ਜੋ ਹੁਣ ਵਧ ਕੇ 974 ਕਰੋੜ ਰੁਪਏ ਹੋ ਗਏ ਹਨ। ਖਿਡਾਰੀਆਂ ਨੂੰ ਉਤਸ਼ਾਹਤ ਕਰਨ ਤੇ ਪੁਰਸਕਾਰ ਰਾਸ਼ੀ ‘ਚ ਵੀ ਵਾਧਾ ਕੀਤਾ ਗਿਆ ਹੈ ਜੋ 245 ਕਰੋੜ ਤੋਂ 357 ਕਰੋੜ ਰੁਪਏ ਹੋ ਗਈ ਹੈ। ਰਾਸ਼ਟਰੀ ਖੇਡ ਮਹਾਸੰਘਾਂ ਲਈ ਅਲਾਟਮੈਂਟ ਨੂੰ ਪਹਿਲਾਂ ਵਾਂਗ 280 ਕਰੋੜ ਰੁਪਏ ਹੀ ਰੱਖਿਆ ਗਿਆ ਹੈ। ਇਸ ਵਾਰ ਡੋਪਿੰਗ ਤੇ ਨਕੇਲ ਕਸਣ ਲਈ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ ) ਦੇ ਬਜਟ ਵਿੱਚ 7 ਕਰੋੜ ਦਾ ਵਾਧਾ ਕੀਤਾ ਹੈ ਪਹਿਲਾਂ ਨਾਡਾ ਦਾ ਬਜਟ 10 ਕਰੋੜ ਸੀ ਜਦਕਿ ਹੁਣ 17 ਕਰੋੜ ਕਰ ਦਿੱਤਾ ਗਿਆ ਹੈ।
ਉਂਜ ਜੇਕਰ ਖੇਡਾਂ ਦੇ ਬਜਟ ਦੇ ਪੂਰੇ ਵੇਰਵਿਆਂ ’ਤੇ ਨਜ਼ਰ ਮਾਰੀਏ ਤਾਂ ਕੁਝ ਅਦਾਰਿਆਂ ਦਾ ਬਜਟ ਵੀ ਘਟਾਇਆ ਗਿਆ ਹੈ। ਭਾਰਤੀ ਖੇਡ ਅਥਾਰਿਟੀ (ਸਾਈ) ਦੇ ਬਜਟ ‘ਚ 7 ਕਰੋੜ 41 ਲੱਖ ਰੁਪਏ ਦੀ ਕਟੌਤੀ ਕੀਤੀ ਗਈ ਹੈ ਜੋ ਹੁਣ 653 ਕਰੋੜ ਰੁਪਏ ਹੋਵੇਗਾ। ਰਾਸ਼ਟਰੀ ਖੇਡ ਵਿਕਾਸ ਫੰਡ ‘ਚ ਅਲਾਟ ਰਾਸ਼ੀ ਨੂੰ ਵੀ 9 ਕਰੋੜ ਰੁਪਏ ਘਟਾ ਕੇ 16 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਇਸ ਬਜਟ ਵਿੱਚ ਰਾਸ਼ਟਰੀ ਖੇਡ ਵਿਕਾਸ ਫੰਡਾਂ 25 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਬਾਵਜੂਦ, ਇਸ ਨੂੰ ਕੇਵਲ 5 ਕਰੋੜ ਰੁਪਏ ਕਰ ਦਿੱਤਾ ਗਿਆ। ਐਨ.ਐਸ.ਡੀ.ਐਫ ਦੀ ਸਥਾਪਨਾ 1998 ਵਿੱਚ ਵਿਸ਼ੇਸ਼ ਸਿਖਲਾਈ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਮੁੱਖ ਉਦੇਸ਼ ਨਾਲ ਕੀਤੀ ਗਈ ਸੀ।
ਏਸੇ ਤਰ੍ਹਾਂ ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਰਾਜੀਵ ਗਾਂਧੀ ਰਾਸ਼ਟਰੀ ਯੁਵਾ ਵਿਕਾਸ ਸੰਸਥਾਨ ਦੇ ਬਜਟ ਵਿੱਚ ਖੇਡ ਬਜਟ ਵਿੱਚ ਕਟੌਤੀ ਕੀਤੀ ਗਈ ਹੈ। ਸਾਲ 2021-2022 ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ ਦਾ ਬਜਟ 365 ਕਰੋੜ ਰੁਪਏ ਸੀ, ਜਿਸ ਨੂੰ ਇਸ ਵਾਰ ਘਟਾਕੇ 325 ਕਰੋੜ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਤਹਿਤ ਪੇਂਡੂ ਖੇਤਰ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ‘ਤੇ ਧਿਆਨ ਦਿੱਤਾ ਜਾਂਦਾ ਹੈ। ਤਾਮਿਲਨਾਡੂ ਦਾ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ ਵੀ ਇਸੇ ਤਰ੍ਹਾਂ ਦੇ ਪ੍ਰੋਜੈਕਟ ‘ਤੇ ਕੰਮ ਕਰਦਾ ਹੈ।ਪਰ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਯੂਥ ਡਿਵੈਲਪਮੈਂਟ ਦਾ ਬਜਟ ਵੀ ਇੱਕ ਕਰੋੜ ਰੁਪਏ ਘਟਾ ਕੇ 25 ਕਰੋੜ ਤੋਂ ਘਟਾ ਕੇ 24 ਕਰੋੜ ਕਰ ਦਿੱਤਾ ਗਿਆ ਹੈ।
ਰਾਸ਼ਟਰਮੰਡਲ ਖੇਡ ਤੇ ਹਾਂਗਝੂ ਏਸ਼ੀਆਈ ਖੇਡਾਂ ਦੇ ਰੂਪ ‘ਚ ਦੋ ਮਹਾਂ ਮੁਕਾਬਲਿਆਂ ਨੂੰ ਦੇਖਦੇ ਹੋਏ 2022 ਕਾਫੀ ਮਹੱਤਵਪੂਰਨ ਹੈ। ਕਿਉਂਕੀ ਇਨ੍ਹਾਂ ਦੋਵੇਂ ਮੁਕਾਬਲਿਆਂ ਵਿੱਚ ਸਾਡੇ ਮੁਲਕ ਦੇ ਕਈ ਨਾਮਵਰ ਖ਼ਿਡਾਰੀ ਭਾਗ ਲੈ ਰਹੇ ਹਨ। ਪਰ ਇਸ ਵਾਰ ਖੇਡਾਂ ਦੇ ਬਜਟ ਵਿੱਚ ਰਾਸ਼ਟਰਮੰਡਲ ਖੇਡਾਂ ਨਾਲ ਸਬੰਧਤ ਬਜਟ ਵਿੱਚ ਵੀ ਕਟੌਤੀ ਕੀਤੀ ਗਈ ਹੈ। ਪਿਛਲੇ ਸਾਲ ਇਸ ਸਬੰਧੀ ਬਜਟ 100 ਕਰੋੜ ਰੁਪਏ ਸੀ, ਪਰ ਇਸ ਵਾਰ ਸਿਰਫ਼ 30 ਕਰੋੜ ਦਾ ਹੀ ਬਜਟ ਰੱਖਿਆ ਗਿਆ ਹੈ। ਜਦਕਿ ਇੱਕਲੀਆਂ ਏਸ਼ੀਆਈ ਖੇਡਾਂ ਦੇ ਬਜਟ ਵਿੱਚ ਸਥਿਤੀ ਸਪਸ਼ਟ ਨਹੀਂ ਹੋ ਸਕੀ।
ਜੇਕਰ ਸਾਰੇ ਬਜਟ ਦੀ ਪੜਚੋਲ ਕਰਦੇ ਹੋਏ ਤੱਥਾਂ ਦੀ ਗੱਲ ਕਰੀਏ ਤਾਂ ਇਹ ਸਿੱਟਾ ਨਿਕਲਦਾ ਹੈ ਕਿ ਵੈਸੇ ਤਾਂ ਕੇਂਦਰ ਸਰਕਾਰ ਇਸ ਵਾਰ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਦੇ ਬਜਟ ਵਿੱਚ ਵਾਧਾ ਕੀਤਾ ਹੈ ਅਤੇ ਖੇਡਾਂ ਦੇ ਬਜਟ ਵਿੱਚ ਸਮੁੱਚਾ ਵਾਧਾ ਹੋਇਆ ਹੈ,ਪਰ ਕੁਝ ਹਿੱਸੇ ਵਿੱਚ ਕਟੌਤੀ ਵੀ ਕੀਤੀ ਗਈ ਹੈ। ‘ਖੇਲੋ ਇੰਡੀਆ’ ਪ੍ਰੋਗਰਾਮ ਤੇ ਸਰਕਾਰ ਨੇ ਭਰੋਸਾ ਜਤਾਇਆ ਹੈ ਜਿਸ ਕਰਕੇ ਉਸਦੇ ਬਜਟ ਵਿੱਚ ਇਜ਼ਾਫ਼ਾ ਹੋਇਆ ਹੈ। ਪਰ ਇਸ ਦੇ ਨਾਲ ਨਹਿਰੂ ਅਤੇ ਗਾਂਧੀ ਨਾਵਾਂ ਨਾਲ ਜੁੜੀਆਂ ਖੇਡ ਸਕੀਮਾਂ ਦੇ ਬਜਟ ਨੂੰ ਘਟਾਇਆ ਹੈ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਾਲੀ ਵਰ੍ਹੇ 2022-23 ਦਾ ਖੇਡ ਬਜਟ ਕਿੰਨਾ ਕੁ ਕਾਰਗਰ ਹੋਵੇਗਾ।