Articles

ਕੀ ਹੁਣ ਫਿਰ ਲੋੜ ਨਹੀਂ ਗੁਰਦੁਆਰਾ ਸੁਧਾਰ ਲਹਿਰ ਦੀ?

ਲੇਖਕ: ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ

ਅਗਲੇ ਵਰ੍ਹੇ (2021) ਨਨਕਾਣਾ ਸਾਹਿਬ ਸਾਕੇ ਨੂੰ ਵਾਪਰਿਆਂ 100 ਸਾਲ ਪੂਰੇ ਹੋ ਰਹੇ ਹਨ। ਅੱਜ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਜ਼ਿਮੇਂਦਾਰ ‘ਸਿੱਖ’ ਆਗੂਆਂ ਵਲੋਂ ਜਿਸਤਰ੍ਹਾਂ ਇਨ੍ਹਾਂ ਨੂੰ ਆਪਣੇ ਰਾਜਸੀ ਸੁਆਰਥ ਲਈ ਵਰਤਦਿਆਂ ਹੋਇਆਂ, ਸਿੱਖੀ ਦੀਆਂ ਸਥਾਪਤ ਮਰਿਆਦਾਵਾਂ ਤੇ ਮਾਨਤਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਉਸਤੋਂ ਇਉਂ ਜਾਪਦਾ ਹੈ ਜਿਵੇਂ ਪੁਰਾਣੇ ਮਹੰਤਾਂ ਨੇ ਨਵੇਂ ਮਹੰਤਾਂ ਦੇ ਰੂਪ ਵਿੱਚ ਮੁੜ ਜਨਮ ਲੈ, ਉਨ੍ਹਾਂ ਹੀ ਹਾਲਾਤ ਨੂੰ ਤਾਜ਼ਾ ਕਰ ਰਹੇ ਹਨ, ਜੋ ਉਨ੍ਹਾਂ ਆਪਣੇ ਪਿਛਲੇ ਜਨਮ ਵਿੱਚ ਇਨ੍ਹਾਂ ਇਤਿਹਾਸਕ ਗੁਰਧਾਮਾਂ ਪੁਰ ਅਪਣੇ ਕਬਜ਼ੇ ਦੌਰਾਨ ਬਣਾ ਦਿੱਤੇ ਹੋਏ ਸਨ।

ਪ੍ਰਿੰਸੀਪਲ ਹਰਿਭਜਨ ਸਿੰਘ ਨੇ ਆਪਣੀ ‘ਧਰਮਸਾਲ (ਗੁਰਦੁਆਰਾ)’ ਰਚਨਾ ਵਿੱਚ ਧਰਮਸਾਲ ਜਾਂ ਗੁਰਦੁਆਰੇ ਦੀ ਪਰਿਭਾਸ਼ਾ ਦਾ ਵਰਨਣ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, “ਸਤਿਗੁਰ ਨਾਨਕ ਦੇਵ ਜੀ ਜਦੋਂ ਪ੍ਰਭੂ ਨਾਲ ਇਕਸੁਰ ਹੋਏ ਤਾਂ ਉਨ੍ਹਾਂ ਮਨੁੱਖ ਦੀ ਸੁੱਖ-ਸ਼ਾਂਤੀ ਤੇ ਉਸਦੇ ਕਲਿਆਣ ਲਈ ‘ਸਗਲੀ ਚਿੰਤਾ’ ਮਿਟਾ ਦੇਣ ਵਾਲੀ ‘ਧੁਰ ਕੀ ਬਾਣੀ’ ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ। …”ਸੋ ਇਸਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ (ਗੁਰਦੁਆਰਾ) ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆ”।

ਉਨ੍ਹਾਂ ਵਲੋਂ ਕੀਤੀ ਗਈ ਇਹ ਪਰਿਭਾਸ਼ਾ ਇਸ ਗਲ ਦੀ ਪ੍ਰਤੀਕ ਹੈ ਕਿ ‘ਧਰਮਸਾਲ’, ਜਿਸਨੂੰ ਬਾਅਦ ਵਿੱਚ ‘ਗੁਰਦੁਆਰੇ’ ਦਾ ਨਾਂ ਦਿਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਥੇ ਸੰਗਤਾਂ ਇੱਕਤਰ ਹੋ ਕੇ ‘ਧੁਰ ਕੀ ਬਾਣੀ’ ਦਾ ਗਾਇਨ ਅਤੇ ਸ੍ਰਵਣ ਕਰਨਗੀਆਂ ਅਤੇ ਉਸ ‘ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ।

ਸਮੇਂ ਨੇ ਕਰਵੱਟ ਲਈ! ਸਿੱਖਾਂ ਨੂੰ ਆਪਣੀ ਹੋਂਦ, ਧਰਮ, ਗ਼ਰੀਬ-ਮਜ਼ਲੂਮ ਅਤੇ ਨਿਆਂ ਦੀ ਰਖਿਆ ਅਤੇ ਜਬਰ ਤੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਲੰਮਾਂ ਤੇ ਲਗਾਤਾਰ ਸੰਘਰਸ਼ ਕਰਨਾ ਪਿਆ। ਇਸ ਕਾਰਣ ਉਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਜੰਗਲਾਂ-ਬੇਲਿਆਂ ਵਿੱਚ ਵਿਚਰਨ ਤੇ ਮਜਬੂਰ ਹੋਣਾ ਪੈ ਗਿਆ। ਜਿਸਦੇ ਫਲਸਰੂਪ ਉਹ ਆਪਣੇ ਪਵਿਤ੍ਰ ਗੁਰਧਾਮਾਂ ਦੀ ਸੇਵਾ-ਸੰਭਾਲ ਵਲ ਪੂਰਾ ਧਿਆਨ ਨਾ ਦੇ ਸਕੇ। ਮਹੰਤ ਅਗੇ ਆ ਕੇ ਹੌਲੀ-ਹੌਲੀ ਇਹ ਜ਼ਿਮੇਂਦਾਰੀ ਸੰਭਾਲਣ ਲਗ ਪਏ।

ਸਿੱਖਾਂ ਦੇ ਇਸਤਰ੍ਹਾਂ ਜੂਝਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ ‘ਤੇ ਪੰਜਾਬੀਆਂ ਦੇ ਸਾਂਝੇ ‘ਖਾਲਸਾ ਰਾਜ’ ਦੀ ਸਥਾਪਨਾ ਕਰ ਲਈ। ਉਸਨੇ ਇਕ ਪਾਸੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸਦਾ ਵਿਸਥਾਰ ਕਰਨ ਵੱਲ ਧਿਆਨ ਦਿੱਤਾ ਤੇ ਦੂਜੇ ਪਾਸੇ ਇਸ ਉਦੇਸ਼ ਨਾਲ ਧਾਰਮਕ ਅਸਥਾਨਾਂ ਦੇ ਨਾਂ ਤੇ ਜ਼ਮੀਨਾਂ-ਜਾਇਦਾਦਾਂ ਲਗਵਾਈਆਂ, ਤਾਂ ਜੋ ਇਨ੍ਹਾਂ ਦੀ ਆਮਦਨ ਨਾਲ ਧਰਮ-ਪ੍ਰਚਾਰ ਦੀ ਲਹਿਰ ਬਿਨ੍ਹਾਂ ਕਿਸੇ ਰੋਕ-ਰੁਕਾਵਟ ਦੇ ਨਿਰਵਿਘਨ ਚਲਦੀ ਰਹਿ ਸਕੇ।

ਜਦੋਂ ਅੰਗ੍ਰੇਜ਼ਾਂ ਪੰਜਾਬ ‘ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਉਨ੍ਹਾਂ ਸ਼ਕਤੀ-ਸੋਮਿਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਣ ਵੱਲ ਧਿਆਨ ਦਿੱਤਾ, ਜਿਨ੍ਹਾਂ ਤੋਂ ਸ਼ਕਤੀ ਪ੍ਰਾਪਤ ਕਰ ਸਿੱਖਾਂ ਨੇ ਅੰਗ੍ਰੇਜ਼ਾਂ ਨੂੰ ਲੋਹੇ ਦੇ ਚਨੇ ਚਬਵਾ ਦਿੱਤੇ ਸਨ। ਅੰਗ੍ਰੇਜ਼ਾਂ ਨੇ ਬਾਕੀ ਹਿੰਦੁਸਤਾਨ ਪੁਰ ਜਿਸ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ, ਉਸਨੇ ਉਸਤੋਂ ਇਹ ਸਮਝ ਲਿਆ, ਕਿ ਪੰਜਾਬ ਪੁਰ ਕਬਜ਼ਾ ਕਰਨਾ ਉਨ੍ਹਾਂ ਲਈ ਕੋਈ ਮੁਸ਼ਕਲ ਨਹੀਂ ਹੋਵੇਗਾ। ਪਰ ਉਨ੍ਹਾਂ ਨੂੰ ਆਪਣੇ ਇਸ ਉਦੇਸ਼ ਵਿੱਚ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਤੋਂ ਉਨ੍ਹਾਂ ਨੂੰ ਸਮਝ ਆ ਗਈ ਕਿ ਜੇ ਆਸਤੀਨ ਦੇ ਸੱਪ ਧੋਖਾ ਨਾ ਦਿੰਦੇ ਤਾਂ, ਸਿੱਖਾਂ ਨੇ ਉਨ੍ਹਾਂ ਦਾ ਹਿੰਦੁਸਤਾਨ ਵਿੱਚ ਟਿੱਕੇ ਰਹਿਣਾ ਮੁਹਾਲ ਕਰ ਦੇਣਾ ਸੀ।
ਖੈਰ, ਕਿਸੇ ਵੀ ਤਰ੍ਹਾਂ ਅੰਗ੍ਰੇਜ਼ ਪੰਜਾਬ ਪੁਰ ਕਾਬਜ਼ ਹੋ ਗਏ। ਉਨ੍ਹਾਂ ਸਿੱਖਾਂ ਦੇ ਸ਼ਕਤੀ-ਸੋਮਿਆਂ, ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਸੰਭਾਲੀ ਬੈਠੇ ਗੱਦੀਦਾਰ ਮਹੰਤਾਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸਦਾ ਨਤੀਜਾ ਇਹ ਹੋਇਆ ਕਿ ਮਹੰਤ ਹੌਲੀ-ਹੌਲੀ ਸਿੱਖਾਂ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਅਤੇ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਸਵੀਕਾਰ ਕਰਦੇ ਚਲੇ ਗਏ। ਅੰਗ੍ਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਮਹੰਤ ਦੀ ਚੋਣ ਕਰਨ ਦਾ ਅਧਿਕਾਰ ਸਿੱਖਾਂ ਪਾਸੋਂ ਖੋਹ, ਆਪਣੇ ਪ੍ਰਭਾਵ ਹੇਠ ਬਣਾਈਆਂ ਕਮੇਟੀਆਂ ਨੂੰ ਦੇ ਦਿੱਤਾ। ਫਲਸਰੂਪ ਮਹੰਤਾਂ ਨੇ ਅੰਗ੍ਰੇਜ਼ਾਂ ਦੀ ਇੱਛਾ ਅਤੇ ਉਨ੍ਹਾਂ ਤੇ ਆਪਣੇ ਹਿਤਾਂ ਅਨੁਸਾਰ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਗੁਰਧਾਮਾਂ ਨਾਲ ਲਗੀਆਂ ਜ਼ਮੀਨਾਂ-ਜਾਇਦਾਦਾਂ ਕਾਰਣ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਣ ਦਾ ਜੋ ਸਿਲਸਿਲਾ ਅਰੰਭ ਹੋਇਆ, ਉਸਨੇ ਮਹੰਤਾਂ ਦੀਆਂ ਅੱਖਾਂ ਬਦਲ ਕੇ ਰੱਖ ਦਿੱਤੀਆਂ। ਉਨ੍ਹਾਂ ਦਾ ਆਚਰਣ ਗਿਰਾਵਟ ਵੱਲ ਵਧਣ ਲਗਾ। ਦੁਰਾਚਾਰ, ਬਦਕਾਰੀ ਅਤੇ ਭ੍ਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦੇ ਅਨਿੱਖੜ ਅੰਗ ਬਣ ਗਏ। ਆਪਣੀ ਰਖਿਆ ਅਤੇ ਆਪਣੇ ਕੁਕਰਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦਬਾਉਣ ਲਈ, ਉਨ੍ਹਾਂ ਗੁੰਡਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਇਨ੍ਹਾਂ ਗੁੰਡਿਆਂ ਨੇ ਗੁਰਧਾਮਾਂ ਅਤੇ ਉਨ੍ਹਾਂ ਦੇ ਕੰਪਲੈਕਸਾਂ ਦੀ ਪਵਿਤ੍ਰਤਾ ਰੋਲ ਕੇ ਰੱਖ ਦਿੱਤੀ।
ਇਨ੍ਹਾਂ ਹਾਲਾਤ ਨੇ ਸ਼ਰਧਾਵਾਨ ਸਿੱਖਾਂ ਦੇ ਹਿਰਦੇ ਲੂਹ ਸੁੱਟੇ। ਉਨ੍ਹਾਂ ਆਪਣੇ ਗੁਰਧਾਮਾਂ ਨੂੰ ਇਨ੍ਹਾਂ ਦੁਰਾਚਾਰੀ ਤੇ ਕੁਕਰਮੀ ਮਹੰਤਾਂ ਦੇ ਪੰਜੇ ਵਿੱਚੋਂ ਆਜ਼ਾਦ ਕਰਵਾਉਣ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਅਜਿਹੇ ਸਮੇਂ ਤੇ ਲਾਰਡ ਰਿਪਨ ਨੇ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਇਜ਼ਰਟਨ ਪਾਸੋਂ ਗੁਰਦੁਆਰਿਆਂ ਦੇ ਪ੍ਰਬੰਧ ਦੇ ਸਬੰਧ ਵਿੱਚ ਰਿਪੋਰਟ ਮੰਗੀ ਤਾਂ ਉਸ ਜਵਾਬ ਦਿੱਤਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਜੇ ਕਿਸੇ ਅਜਿਹੀ ਸੰਸਥਾ ਨੂੰ ਸੌਂਪਿਆ ਗਿਆ, ਜੋ ਸਰਕਾਰੀ ਪ੍ਰਭਾਵ ਤੋਂ ਮੁਕਤ ਹੋਵੇ, ਤਾਂ ਇਹ ਰਾਜਸੀ ਦ੍ਰਿਸ਼ਟੀਕੋਣ ਤੋਂ ਬਹੁਤ ਵੱਡੀ ਗ਼ਲਤੀ ਹੋਵੇਗੀ, ਜੋ ਅੰਗ੍ਰੇਜ਼ੀ ਸਾਮਰਾਜ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਉਧਰ ਗੁਰਧਾਮਾਂ ਦੀ ਪਵਿਤ੍ਰਤਾ ਭੰਗ ਹੋਣ ਅਤੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੇ ਬੇ-ਪਤ ਹੋਣ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਣ ਲਗੀਆਂ, ਤਾਂ ਗੁਰਧਾਮਾਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਚਿੰਤਿਤ ਹੋ ਰਹੇ ਸ਼ਰਧਾਵਾਨ ਸਿੱਖ ਉਤੇਜਿਤ ਹੋਣ ਲਗੇ। ਕੁਝ ਜੋਸ਼ੀਲੇ ਨੌਜਵਾਨਾਂ ਨੇ ਹਿੰਮਤ ਕਰਕੇ ਜ਼ਾਬਤੇ ਵਿੱਚ ਰਹਿੰਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਸ਼ਾਂਤਮਈ ਜਦੋਜਹਿਦ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਇਕ ਤੋਂ ਬਾਅਦ ਇਕ ਕਰਕੇ ਗੁਰਧਾਮ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਹੁੰਦੇ ਚਲੇ ਗਏ। ਆਜ਼ਾਦ ਹੋਏ ਗੁਰਧਾਮਾਂ ਦੇ ਪ੍ਰਬੰਧ ਲਈ ਨਵੰਬਰ ੧੯੨੦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।

ਇਸ ਜਦੋ ਜਹਿਦ ਵਿੱਚ ਸ਼ਾਮਲ ਹੋਣ ਲਈ ਉਤਸਾਹਿਤ ਹੋਏ ਸਿੱਖਾਂ ਨੂੰ ਜਥੇਬੰਦ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਅਕਾਲੀ ਜੱਥੇ ਕਾਇਮ ਕੀਤੇ ਗਏ। ਇਨ੍ਹਾਂ ਜਥਿਆਂ ਦੇ ਮੁੱਖੀਆਂ ਨੇ ਸ੍ਰੀ ਅਕਾਲ ਤਖਤ ‘ਤੇ ਇਕ ਸਾਂਝੀ ਇਕਤ੍ਰਤਾ ਕਰ, ਜਥਿਆਂ ਨੂੰ ਇਕ ਕੇਂਦਰੀ ਜਥੇਬੰਦੀ ਨਾਲ ਜੋੜਨ ਦਾ ਫੈਸਲਾ ਕੀਤਾ। ਜਿਸਦਾ ਨਾਂ ‘ਸ਼੍ਰੋਮਣੀ ਅਕਾਲੀ ਦਲ’ ਰਖਿਆ ਗਿਆ। ਇਸਦਾ ਉਦੇਸ਼ ਤੇ ਨਿਸ਼ਾਨਾ ਮਿਥਣ ਲਈ 1922 ਵਿੱਚ ਇਕ ਮੱਤਾ ਪਾਸ ਕਰ ਇਹ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਛੱਤਰ-ਛਾਇਆ ਹੇਠ ਇਹ ਜਥੇ ਪੰਥ ਦੀ ਸੇਵਾ ਪ੍ਰਤੀ ਵਚਨਬੱਧ ਹੋਣਗੇ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਾਸਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਦਾ ਪਾਲਣ ਕਰਨਗੇ।
ਇਤਨੇ ਵਿਸਥਾਰ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਵਰਨਣ ਕਰਨ ਦਾ ਕਾਰਣ ਇਹ ਹੈ ਕਿ ਅੱਜ ਦੀ ਪੀੜ੍ਹੀ ਨੂੰ ਪਤਾ ਲਗ ਸਕੇ ਕਿ ਕਿਸੇ ਸਮੇਂ ਜਦੋਂ ਮਹੰਤਾਂ ਨੇ ਸਿੱਖੀ ਦੇ ਸੋਮਿਆਂ ਦੀ ਪਵਿਤ੍ਰਤਾ ਨੂੰ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਤਾਂ ਉਸ ਸਮੇਂ ਸ਼ਰਧਾਵਾਨ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ, ਇਨ੍ਹਾਂ ਧਰਮ ਅਸਥਾਨਾਂ ਨੂੰ ਕੁਕਰਮੀ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਇਆ ਅਤੇ ਇਸ ਵਿਸ਼ਵਾਸ ਨਾਲ ਇਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਕਿ ਉਹ ਇਨ੍ਹਾਂ ਗੁਰਧਾਮਾਂ ਵਿੱਚ ਸਿੱਖੀ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਕਾਇਮ ਰਖਣ ਦੇ ਨਾਲ ਹੀ ਉਨ੍ਹਾਂ ਦੀ ਦ੍ਰਿੜ੍ਹਤਾ ਨਾਲ ਰਖਿਆ ਵੀ ਕਰੇਗੀ। ਇਸੇ ਸੰਦਰਭ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਗੁਰਧਾਮਾਂ ਦੀ ਸੇਵਾ-ਸੰਭਾਲ ਵਿੱਚ ਹੱਥ ਵਟਾਇਗਾ।

ਪਰ ਅੱਜ ਹੋ ਕੀ ਰਿਹਾ ਹੈ? ਬੀਤੇ ਕੁਝ ਵਰ੍ਹਿਆਂ ਵਿੱਚ ਹੀ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਵਿਵਾਦਾਂ ਦੇ ਘੇਰੇ ਵਿੱਚ ਆ ਗਈਆਂ ਹਨ। ਜਿਸ ਕਾਰਣ ਉਨ੍ਹਾਂ ਦੀ ਸਰਵੁੱਚਤਾ ਪੁਰ ਪ੍ਰਸ਼ਨ-ਚਿੰਨ੍ਹ ਲਾਏ ਜਾਣ ਲਗੇ ਹਨ। ਇਨ੍ਹਾਂ ਸੰਸਥਾਵਾਂ ਨੂੰ ਜਿਵੇਂ ਸਿੱਖਾਂ ਤੇ ਸਿੱਖੀ ਦੇ ਹਿਤਾਂ ਨਾਲੋਂ ਨਿਖੇੜ ਕੇ ਨਿਜੀ ਹਿਤਾਂ ਨਾਲ ਸਬੰਧਤ ਕਰ ਦਿੱਤਾ ਗਿਆ, ਉਸ ਨਾਲ ਇਕ ਵਾਰ ਫਿਰ ਸ਼ਰਧਾਵਾਨ ਸਿੱਖਾਂ ਦੀ ਚਿੰਤਾ ਵਧਦੀ ਜਾ ਰਹੀ ਹੈ ਕਿ ਸਿੱਖੀ ਅਤੇ ਉਸਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਨ ਵਾਲੇ ਸਿੱਖੀ ਅਤੇ ਸਿੱਖਾਂ ਨੂੰ ਕਿਧਰ ਲਿਜਾ ਰਹੇ ਹਨ।

ਇਉਂ ਜਾਪਦਾ ਹੈ, ਜਿਵੇਂ ਪੁਰਾਣੇ ਮਹੰਤਾਂ ਦੀ ਥਾਂ ਹੁਣ ਨਵੇਂ ਮਹੰਤਾਂ ਨੇ ਲੈ ਲਈ ਹੈ, ਜੋ ਉਨ੍ਹਾਂ ਨਾਲੋਂ ਕਿਤੇ ਵੱਧ ਆਚਰਣ-ਹੀਨ ਜਾਪਦੇ ਹਨ। ਪਹਿਲੇ ਮਹੰਤਾਂ ਨੂੰ ਕੇਵਲ ਅੰਗ੍ਰੇਜ਼ੀ ਸਾਮਰਾਜ ਦੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਣ ਲੋਕ ਉਨ੍ਹਾਂ ਦੇ ਕੁਕਰਮਾਂ ਦੇ ਵਿਰੁਧ ਉਠ ਖਲੋਤੇ ਸਨ, ਪਰ ਅਜੋਕੇ ਮਹੰਤਾਂ ਨੂੰ ਤਾਂ ਉਨ੍ਹਾਂ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ, ਜੋ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ। ਇਹੀ ਕਾਰਣ ਹੈ ਕਿ ਨਵੇਂ ਮਹੰਤਾਂ ਨੂੰ ਨਾ ਤਾਂ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਬਦਲਣ ਅਤੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਡਰ-ਭਉ ਮਹਿਸੂਸ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਗਲ ਦੀ ਚਿੰਤਾ ਹੈ ਕਿ ਕੋਈ ਉਨ੍ਹਾਂ ਦੇ ਵਿਰੁਧ ਡੱਟ ਕੇ ਖੜਾ ਹੋ ਸਕਦਾ ਹੈ।

…ਅਤੇ ਅੰਤ ਵਿੱਚ : ਜੇ ਵਰਤਮਾਨ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਇਤਿਹਾਸ ਮੁੜ ਆਪਣੇ-ਆਪਨੂੰ ਦੁਹਰਾ ਰਿਹਾ ਹੈ। ਇਤਿਹਾਸ ਦੇ ਇਸ ਦੁਹਰਾਉ ਨੂੰ ਵੇਖਦਿਆਂ ਕੀ ਇਹ ਨਹੀਂ ਜਾਪਦਾ ਕਿ ਸ਼ਰਧਾਲੂ ਸਿੱਖਾਂ ਨੂੰ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਅਤੇ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਅਤੇ ਸਿੰਘ ਸਭਾ ਲਹਿਰ ਵਰਗੀ ਲਹਿਰ ਇਕ ਲਹਿਰ ਮੁੜ ਸ਼ੁਰੂ ਕਰਨਾ ਸਮੇਂ ਦੀ ਇਕ ਜ਼ਰੂਰੀ ਮੰਗ ਬਣ ਗਈ ਹੋਈ ਹੈ।

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin