Articles

ਕੀ ਹੈ ਮਨੂ ਸਿਮਰਤੀ, ਜਿਸ ਦੀ ਚਰਚਾ ਭਾਰਤ ਭਰ ਦੇ ਰਾਜਨੀਤਕ ਗਲਿਆਰਿਆਂ ਵਿੱਚ ਹੋ ਰਹੀ ਹੈ !

ਇਹ ਸੰਸਕ੍ਰਿਤ ਦਾ ਪਹਿਲਾ ਦਸਤਾਵੇਜ਼ ਸੀ ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋਇਆ ਸੀ।
ਲੇਖਕ: ਬਲਰਾਜ ਸਿੰਘ ਸਿੱਧੂ ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ

ਕੁਝ ਦਿਨ ਪਹਿਲਾਂ ਮਨੂ ਸਿਮਰਤੀ ਨੂੰ ਜਲਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਹੇਠ ਬਨਾਰਸ ਹਿੰਦੂ ਯੂਨੀਵਰਸਿਟੀ ਦੇ 13 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵੇਲੇ ਮਨੂ ਸਿਮਰਤੀ ਦੇ ਸਮਰਥਕਾਂ ਅਤੇ ਵਿਰੋਧੀਆਂ ਦਰਮਿਆਨ ਜਬਰਦਸਤ ਵਿਵਾਦ ਚਲ ਰਿਹਾ ਹੈ। ਮਨੂ ਸਿਮਰਤੀ ਦਾ ਅਸਲੀ ਨਾਮ ਮਾਨਵ ਧਰਮ ਸ਼ਾਸ਼ਤਰ ਹੈ ਤੇ ਇਹ ਹਿੰਦੂਆਂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਜਿਵੇਂ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਨਿਆਂਇਕ ਆਦਿ ਨੂੰ ਨਿਯਮ ਬੱਧ ਕਰਨ ਵਾਲੀ ਇੱਕ ਨਿਯਮਾਂਵਲੀ ਹੈ। ਇਹ ਕਿਸੇ ਇੱਕ ਵਿਅਕਤੀ ਮਨੂ ਦੁਆਰਾ ਲਿਖੀ ਹੋਈ ਨਹੀਂ ਬਲਕਿ ਹੁਣ ਤੱਕ ਵੱਖ ਵੱਖ ਰਿਸ਼ੀਆਂ, ਮੁਨੀਆਂ ਅਤੇ ਕਾਨੂੰਨਦਾਨਾਂ ਦੁਆਰਾ ਲਿਖਤ 50 ਤੋਂ ਵੱਧ ਮਨੂ ਸਿਮਰਤੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਸਿਮਰਤੀਆਂ ਵਿੱਚ ਕੋਈ ਜਿਆਦਾ ਸਮਾਨਤਾ ਨਹੀਂ ਹੈ ਤੇ ਕਈ ਤਾਂ ਇੱਕ ਦੂਸਰੇ ਦੀਆਂ ਵਿਰੋਧੀ ਵੀ ਹਨ। ਪਰ ਬਹੁ ਗਿਣਤੀ ਵਿਦਵਾਨਾਂ ਮੁਤਾਬਕ ਸੰਨ 1801 ਈਸਵੀ ਵਿੱਚ ਕਲਕੱਤਾ ਵਿਖੇ ਮਿਲੀ ਕੁਲਕ ਭੱਟ ਦੁਆਰਾ ਲਿਖਤ ਕਲਕੱਤਾ ਸਿਮਰਤੀ ਹੀ ਅਸਲੀ ਮਨੂ ਸਿਮਰਤੀ ਹੈ ਤੇ ਇਸ ਦਾ ਹੁਣ ਤੱਕ ਸੈਂਕੜੇ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਮਨੂ ਕਿਸੇ ਖਾਸ ਵਿਅਕਤੀ ਦਾ ਨਾਮ ਨਹੀਂ ਹੈ ਤੇ ਇਹ ਵੱਖ ਵੱਖ ਸਮੇਂ ‘ਤੇ ਗਿਆਨੀ ਵਿਅਕਤੀਆਂ ਲਈ ਵਰਤਿਆ ਜਾਂਦਾ ਰਿਹਾ ਹੈ। ਪਹਿਲਾ ਮਨੂ ਰਿਸ਼ੀ ਸਵੈਅਮਭੂ ਸੀ ਜਿਸ ਬਾਰੇ ਮੰਨਿਆਂ ਜਾਂਦਾ ਹੈ ਕਿ ਉਸ ਨੇ ਬਰ੍ਹਮਾ ਦੇਵਤੇ ਤੋਂ ਗਿਆਨ ਹਾਸਲ ਕੀਤਾ ਸੀ। ਇੰਦਰ ਦੇਵਤੇ ਦਾ ਵੀ ਇੱਕ ਨਾਮ ਮਨੂ ਹੈ।

ਕਲਕੱਤਾ ਮਨੂ ਸਿਮਰਤੀ ਪਹਿਲੀ ਜਾਂ ਦੂਸਰੀ ਸਦੀ ਵਿੱਚ ਲਿਖੀ ਗਈ ਸੀ ਤੇ ਇਸ ਵਿੱਚ ਰਾਜਾ ਅਤੇ ਪਰਜਾ ਦੇ ਕਰਤਵ ਅਤੇ ਹੱਕ, ਫੌਜ਼ਦਾਰੀ, ਦੀਵਾਨੀ, ਅਤੇ ਧਾਰਮਿਕ ਕਾਨੂੰਨ, ਇਨਸਾਨੀ ਕਿਰਦਾਰ ਅਤੇ ਜ਼ਾਤ ਪਾਤ ਦੇ ਸਖਤ ਨਿਯਮਾਂ ਆਦਿ ਦਾ ਵਰਨਣ ਕੀਤਾ ਗਿਆ ਹੈ। ਇਥੇ ਇਹ ਵੀ ਵਰਨਣ ਯੋਗ ਹੈ ਕਿ ਇਸ ਸਿਮਰਤੀ ਦਾ ਜ਼ਾਤ ਪਾਤ ਸਬੰਧੀ ਹਿੰਦੂ ਸਮਾਜ ‘ਤੇ ਪਾਇਆ ਕੱਟੜ ਪ੍ਰਭਾਵ ਭਾਵੇਂ ਅੱਜ ਤੱਕ ਚੱਲ ਰਿਹਾ ਹੈ, ਪਰ ਮੌਰੀਆ ਸਾਮਰਾਜ ਤੋਂ ਲੈ ਕੇ ਭਾਰਤ ਵਿੱਚ ਇਸਲਾਮੀ ਰਾਜ ਕਾਇਮ ਹੋਣ ਤੱਕ ਕਿਸੇ ਵੀ ਹਿੰਦੂ ਰਾਜੇ ਨੇ ਆਪਣੀ ਨਿਆਂ ਪ੍ਰਣਾਲੀ ਇਸ ਦੇ ਅਨੁਸਾਰ ਨਹੀਂ ਸੀ ਚਲਾਈ। ਇਹ ਸੰਸਕ੍ਰਿਤ ਦਾ ਪਹਿਲਾ ਦਸਤਾਵੇਜ਼ ਸੀ ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋਇਆ ਸੀ। ਈਸਟ ਇੰਡੀਆ ਕੰਪਨੀ ਨੇ 1776 ਈਸਵੀ ਵਿੱਚ ਇਸ ਦਾ ਅਨੁਵਾਦ ਬ੍ਰਿਟਿਸ਼ ਵਿਦਵਾਨ ਸਰ ਵਿਲੀਅਮ ਜੋਨਜ਼ ਤੋਂ ਕਰਵਾਇਆ ਅਤੇ ਆਪਣੇ ਅਧਿਕਾਰ ਹੇਠਲੇ ਇਲਾਕੇ ਵਿੱਚ ਹਿੰਦੂ ਲਾਅ ਕੋਡ ਨਾਮ ਹੇਠ ਲਾਗੂ ਕੀਤਾ।

ਮਨੂ ਸਿਮਰਤੀ ਨਾਮ ਨਵਾਂ ਲੱਗਦਾ ਹੈ ਕਿਉਂਕਿ ਹੁਣ ਤੱਕ ਖੋਜੀਆਂ ਗਈਆਂ ਸਿਮਰਤੀਆਂ ਲਈ ਮਾਨਵ ਧਰਮ ਸ਼ਾਸ਼ਤਰ ਨਾਮ ਵਰਤਿਆ ਗਿਆ ਹੈ। ਸਰ ਵਿਲੀਅਮ ਜੋਨਜ਼ ਅਤੇ ਕਾਰਲ ਵਿਲਹੈਮ ਫਰੀਡਰਿਕ ਵਰਗੇ ਕਈ ਭਾਸ਼ਾ ਵਿਗਿਆਨੀਆਂ ਦੇ ਅਨੁਸਾਰ ਮਨੂ ਸਿਮਰਤੀ ਸੰਨ 1250 ਈਸਾ ਪੂਰਵ ਅਤੇ 1000 ਈਸਾ ਪੂਰਵ ਦੇ ਦਰਮਿਆਨ ਰਚੀ ਗਈ ਸੀ। ਪਰ ਨਵੀਨ ਭਾਸ਼ਾਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੀ ਰਚਨਾ ਪਹਿਲੀ ਜਾਂ ਦੂਸਰੀ ਸ਼ਤਾਬਦੀ ਕੀਤੀ ਗਈ ਸੀ। ਜ਼ੇਮਜ਼ ਉਲੀਵਲ ਵਰਗੇ ਜਿਆਦਾਤਰ ਵਿਦਵਾਨਾਂ ਦਾ ਮੱਤ ਹੈ ਕਿ ਇਸ ਦੀ ਰਚਨਾ ਕਿਸੇ ਇੱਕ ਵਿਅਕਤੀ ਨੇ ਨਹੀਂ ਸੀ ਕੀਤੀ, ਬਲਕਿ ਸਦੀਆਂ ਤੱਕ ਵੱਖ ਵੱਖ ਵਿਦਵਾਨ ਇਸ ਵਿੱਚ ਆਪਣੇ ਵਿਚਾਰ ਸ਼ਾਮਲ ਕਰਦੇ ਰਹੇ। ਪਰ ਅਸਲੀ ਮੰਨੀ ਜਾਣ ਵਾਲੀ ਕਲਕੱਤਾ ਮਨੂ ਸਿਮਰਤੀ ਕਿਸੇ ਇੱਕ ਵਿਅਕਤੀ ਜਾਂ ਵਿਦਵਾਨਾਂ ਦੀ ਕਿਸੇ ਕਮੇਟੀ ਦੁਆਰਾ ਰਚੀ ਗਈ ਹੈ। ਇਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਸੰਸਾਰ ਦੀ ਉਤਪਤੀ ਸਬੰਧੀ ਹੈ, ਦੂਸਰਾ ਭਾਗ ਧਰਮ ਬਾਰੇ, ਤੀਸਰਾ ਭਾਗ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ) ਦੇ ਅਧਿਕਾਰਾਂ ਤੇ ਕਰਤਵਾਂ ਬਾਰੇ ਤੇ ਚੌਥਾ ਭਾਗ ਕਰਮ ਸਿਧਾਂਤ, ਮੌਤ ਅਤੇ ਪੁਨਰ ਜਨਮ ਬਾਰੇ ਹੈ। ਆਧੁਨਿਕ ਯੁੱਗ ਵਿੱਚ ਇਸ ਦੀ ਵਿਰੋਧਤਾ ਦਾ ਸਭ ਤੋਂ ਵੱਡਾ ਕਾਰਨ ਇਸ ਦਾ ਤੀਸਰਾ ਭਾਗ ਹੈ ਜਿਸ ਵਿੱਚ ਸ਼ੂਦਰਾਂ ਅਤੇ ਔਰਤਾਂ ਨੂੰ ਜਾਨਵਰਾਂ ਤੋਂ ਵੀ ਬਦਤਰ ਸ਼ਰੇਣੀ ਵਿੱਚ ਰੱਖਿਆ ਗਿਆ ਹੈ।

ਔਰਤਾਂ ਬਾਰੇ ਲਿਖਿਆ ਗਿਆ ਹੈ ਕਿ ਉਸ ਦੀ ਸ਼ਾਦੀ ਹਰ ਹਾਲਤ ਵਿੱਚ ਮਾਸਕ ਧਰਮ ਸ਼ੁਰੂ ਹੋਣ ਤੋਂ ਪਹਿਲਾਂ ਕਰ ਦਿੱਤੀ ਜਾਣੀ ਚਾਹੀਦੀ ਹੈ। ਉਸ ਨੂੰ ਸ਼ਾਦੀ ਤੋਂ ਪਹਿਲਾਂ ਪਿਤਾ, ਸ਼ਾਦੀ ਤੋਂ ਬਾਅਦ ਪਤੀ ਅਤੇ ਵਿਧਵਾ ਹੋਣ ‘ਤੇ ਪੁੱਤਰ ਦੇ ਅਧੀਨ ਰਹਿਣਾ ਚਾਹੀਦਾ ਹੈ। ਵਿਧਵਾ ਦਾ ਪੁਨਰ ਵਿਵਾਹ ਨਹੀਂ ਹੋ ਸਕਦਾ ਤੇ ਉਸ ਨੂੰ ਬਾਕੀ ਜ਼ਿੰਦਗੀ ਸਫੈਦ ਕੱਪੜੇ ਪਹਿਨਣੇ ਪੈਣਗੇ। ਸ਼ੂਦਰਾਂ ਵਾਸਤੇ ਨਿਯਮ ਉਸ ਤੋਂ ਵੱਧ ਸਖਤ ਹਨ। ਉਹ ਨਾ ਤਾਂ ਕਿਸੇ ਧਰਮ ਸਥਾਨ ਤੇ ਪਾਠਸ਼ਾਲਾ ਅੰਦਰ ਜਾ ਸਕਦੇ ਹਨ ਤੇ ਨਾ ਹੀ ਵੇਦਾਂ ਸ਼ਾਸ਼ਤਰਾਂ ਆਦਿ ਨੂੰ ਛੂਹ, ਸੁਣ ਜਾਂ ਪੜ੍ਹ ਸਕਦੇ ਹਨ। ਜੇ ਉਹ ਕਿਸੇ ਵੇਦ ਸ਼ਾਸ਼ਤਰ ਨੂੰ ਛੂਹ ਲੈਣ ਤਾਂ ਉਨ੍ਹਾਂ ਦੇ ਹੱਥ ਵੱਢ ਦਿੱਤੇ ਜਾਣੇ ਚਾਹੀਦੇ ਹਨ, ਜੇ ਉਹ ਵੇਦ ਸ਼ਾਸ਼ਤਰਾਂ ਨੂੰ ਸੁਣਦੇ ਹਨ ਤਾਂ ਕੰਨਾਂ ਵਿੱਚ ਤੇ ਜੇ ਵੇਦ ਸ਼ਾਸ਼ਤਰ ਪੜ੍ਹਦੇ ਹਨ ਤਾਂ ਉਨ੍ਹਾਂ ਦੇ ਮੂੰਹ ਵਿੱਚ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਵੀ ਵਰਣਿਤ ਹੈ ਜਿ ਜੇ ਕਿਸੇ ਉੱਚ ਜਾਤੀ ਵਾਲੇ ‘ਤੇ ਸ਼ੂਦਰ ਦਾ ਪ੍ਰਛਾਵਾਂ ਵੀ ਪੈ ਜਾਵੇ ਤਾਂ ਉਸ ਨੂੰ ਦੁਬਾਰਾ ਕਿਸ ਵਿਧੀ ਵਿਧਾਨ ਦੁਆਰਾ ਸ਼ੁੱਧ ਕਰਨਾ ਹੈ। ਸ਼ੂਦਰ ਚਾਹੇ ਕਿੰਨਾ ਵੀ ਵਿਦਵਾਨ ਹੋਵੇ, ਉਹ ਪੂਜਨੀਕ ਨਹੀਂ ਹੋ ਸਕਦਾ।
ਪਰ ਇਸ ਵਿੱਚ ਔਰਤਾਂ ਨੂੰ ਕਾਫੀ ਅਧਿਕਾਰ ਵੀ ਦਿੱਤੇ ਗਏ ਹਨ। ਔਰਤ ਨੂੰ ਹੱਕ ਹੈ ਕਿ ਉਹ ਹਿੰਸਕ, ਨਾਮਰਦ, ਨਿਖੱਟੂ, ਛੱਡ ਕੇ ਫਰਾਰ ਹੋ ਗਏ ਅਤੇ ਅਪਰਾਧ ਕਰਨ ਵਾਲੇ ਪਤੀ ਨੂੰ ਤਲਾਕ ਦੇ ਸਕਦੀ ਹੈ ਤੇ ਦੁਬਾਰਾ ਵਿਆਹ ਕਰਵਾ ਸਕਦੀ ਹੈ। ਸ਼ਾਦੀ ਸਮੇਂ ਪੇਕਿਆਂ ਅਤੇ ਸਹੁਰਿਆਂ ਵੱਲੋਂ ਮਿਲਣ ਵਾਲੇ ਤੋਹਫਿਆਂ ‘ਤੇ ਕੇਵਲ ਪਤਨੀ ਦਾ ਅਧਿਕਾਰ ਹੈ। ਪਤਨੀ ਨੂੰ ਆਪਣੇ ਪਤੀ ਨੂੰ ਦੇਵਤਾ ਅਤੇ ਪਤੀ ਵੱਲੋਂ ਆਪਣੀ ਪਤਨੀ ਨੂੰ ਦੇਵੀ ਸਮਝਣਾ ਚਾਹੀਦਾ ਹੈ। ਜਿਸ ਘਰ ਵਿੱਚ ਔਰਤਾਂ ਖੁਸ਼ ਰਹਿੰਦੀਆਂ ਹਨ, ਉਥੇ ਰੱਬ ਹਰ ਪ੍ਰਕਾਰ ਦੀਆਂ ਰਹਿਮਤਾਂ ਦੀ ਬਾਰਸ਼ ਕਰਦਾ ਹੈ ਤੇ ਜਿਸ ਘਰ ਵਿੱਚ ੳਨ੍ਹਾਂ ਨੂੰ ਕਸ਼ਟ ਦਿੱਤੇ ਜਾਣ, ਉਥੇ ਕੀਤਾ ਗਿਆ ਕੋਈ ਵੀ ਯੱਗ ਹਵਨ ਬੇਕਾਰ ਹੈ। ਲਕਸ਼ਮੀ ਤੇ ਸਰਸਵਤੀ ਉਸ ਘਰ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ।

20ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਮਨੂ ਸਿਮਰਤੀ ਸਬੰਧੀ ਵਾਦ ਵਿਵਾਦ ਜੋਰ ਪਕੜ ਗਿਆ ਸੀ। ਸੁਧਾਰਵਾਦੀ ਲੋਕ ਇਸ ਦੇ ਖਿਲਾਫ ਸਨ ਪਰ ਸੱਜੇ ਪੱਖੀ ਕੱਟੜਵਾਦੀ ਸੰਸਥਾਵਾਂ ਇਸ ਦੇ ਪੱਖ ਵਿੱਚ ਸਨ। ਇਸ ਦਾ ਸਭ ਤੋਂ ਵੱਡਾ ਆਲੋਚਕ ਡਾ. ਭੀਮ ਰਾਉ ਅੰਬੇਦਕਰ ਸੀ ਜੋ ਇਸ ਨੂੰ ਭਾਰਤ ਵਿੱਚ ਜ਼ਾਤ ਪਾਤ ਵਿਵਸਥਾ ਲਈ ਜ਼ਿੰਮੇਵਾਰ ਸਮਝਦਾ ਸੀ। 25 ਦਸੰਬਰ 1927 ਵਾਲੇ ਦਿਨ ਉਸ ਨੇ ਮਨੂ ਸਿਮਰਤੀ ਦੀ ਹੋਲੀ ਜਲਾਈ ਸੀ ਜਿਸ ਕਾਰਨ ਅੰਬੇਦਕਰਵਾਦੀਆਂ ਵੱਲੋਂ ਹਰ ਸਾਲ 25 ਦਸੰਬਰ ਨੂੰ ਮਨੂ ਸਿਮਰਤੀ ਦਹਨ ਦਿਵਸ ਮਨਾਇਆ ਜਾਂਦਾ ਹੈ। ਇਥੇ ਇਹ ਵੀ ਵਰਨਣ ਯੋਗ ਹੈ ਕਿ ਮਹਾਤਮਾ ਗਾਂਧੀ ਨੇ ਮਨੂ ਸਿਮਰਤੀ ਨੂੰ ਸਾੜਨ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਛੂਆ ਛਾਤ ਭਾਰਤ ਲਈ ਬਹੁਤ ਘਾਤਕ ਹੈ ਪਰ ਇਸ ਲਈ ਪ੍ਰਚੀਨ ਸ਼ਾਸ਼ਤਰਾਂ ਨੂੰ ਸਾੜਨ ਦੀ ਕੋਈ ਜਰੂਰਤ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮਨੂ ਸਿਮਰਤੀ ਸਵੈ ਵਿਰੋਧੀ ਕਥਨਾਂ ਨਾਲ ਭਰੀ ਪਈ ਹੈ ਤੇ ਮੌਲਿਕ ਮਨੂ ਸਿਮਰਤੀ ਕਿਸੇ ਕੋਲ ਵੀ ਨਹੀਂ ਹੈ। ਉਨ੍ਹਾਂ ਨੇ ਸੁਝਾਉ ਦਿੱਤਾ ਸੀ ਕਿ ਸਭ ਨੂੰ ਮੁਕੰਮਲ ਮਨੂ ਸਿਮਰਤੀ ਪੜ੍ਹਨੀ ਚਾਹੀਦੀ ਹੈ। ਇਸ ਵੱਲੋਂ ਦਰਸਾਏ ਗਏ ਸੱਚ ਅਤੇ ਅਹਿੰਸਾ ਦੇ ਮਾਰਗ ‘ਤੇ ਚੱਲਣਾ ਚਾਹੀਦਾ ਹੈ ਤੇ ਵਿਵਾਦਿਤ ਅਧਿਆਇਆਂ ਨੂੰ ਵਿਸਾਰ ਦੇਣਾ ਚਾਹੀਦਾ ਹੈ।

ਜਦੋਂ ਭਾਰਤ ਅਜ਼ਾਦ ਹੋਇਆ ਤਾਂ ਸੱਜੇ ਪੱਖੀ ਸੰਸਥਾਵਾਂ ਵੱਲੋਂ ਇਹ ਜੋਰ ਪਾਇਆ ਗਿਆ ਕਿ ਭਾਰਤ ਦਾ ਸੰਵਿਧਾਨ ਮਨੂ ਸਿਮਰਤੀ ‘ਤੇ ਅਧਾਰਿਤ ਹੋਣਾ ਚਾਹੀਦਾ ਹੈ। ਪਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸੰਵਿਧਾਨ ਸਭਾ ਦੇ ਮੁਖੀ ਡਾ. ਅੰਬੇਦਕਰ ਨੇ ਉਨ੍ਹਾਂ ਦੀ ਗੱਲ ਨਾ ਮੰਨੀ। ਇਸ ਤੋਂ ਬਾਅਦ ਮਨੂ ਸਿਮਰਤੀ ਦਾ ਮਾਮਲਾ ਦੱਬਿਆ ਗਿਆ ਤੇ ਕਦੇ ਕਦਾਈਂ ਕਿਸੇ ਛੁੱਟ ਭਈਏ ਨੇਤਾ ਵੱਲੋਂ ਇਸ ਦੇ ਹੱਕ ਜਾਂ ਖਿਲਾਫ ਬਿਆਨ ਆ ਜਾਂਦਾ ਸੀ। ਪਰ ਪਿਛਲੇ ਦੋ ਤਿੰਨ ਸਾਲਾਂ ਤੋਂ ਇਸ ਦੀ ਚਰਚਾ ਮੁੜ ਤੇਜ ਹੋ ਗਈ ਹੈ। ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਲਗਾਤਾਰ ਸੱਤਾਧਾਰੀ ਭਾਜਪਾ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਭਾਜਪਾ ਡਾ. ਅੰਬੇਦਕਰ ਵੱਲੋਂ ਬਣਾਇਆ ਗਿਆ ਸੰਵਿਧਾਨ ਬਦਲਣਾ ਚਾਹੁੰਦੀ ਹੈ। ਕੁਝ ਦਿਨ ਪਹਿਲਾਂ ਰਾਜ ਸਭਾ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਅੰਬੇਦਕਰ ਬਾਰੇ ਦਿੱਤੇ ਗਏ ਇੱਕ ਬਿਆਨ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਅਸਲ ਵਿੱਚ ਮਨੂ ਸਿਮਰਤੀ ਹੁਣ ਕਿਸੇ ਪ੍ਰਚੀਨ ਧਾਰਮਿਕ – ਸਮਾਜਿਕ ਸ਼ਾਸ਼ਤਰ ਦੀ ਬਜਾਏ ਰਾਜਨੀਤਕ ਸ਼ਸ਼ਤਰ ਬਣ ਗਿਆ ਹੈ ਜਿਸ ਦੀ ਵਰਤੋਂ ਵਿਰੋਧੀਆਂ ਨੂੰ ਗੁੱਠੇ ਲਾਉਣ ਲਈ ਹਰ ਰਾਜਨੀਤਕ ਪਾਰਟੀ ਕਰ ਰਹੀ ਹੈ। ਲੱਗਦਾ ਹੈ ਕਿ ਕੁਝ ਕੁ ਸਮੇਂ ਬਾਅਦ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਵਿਵਾਦ ਦੀ ਖੁਲ੍ਹ ਕੇ ਵਰਤੋਂ ਕੀਤੀ ਜਾਵੇਗੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin