
ਕੁੱਝ ਘਰ, ਘਰ ਨਹੀਂ ਬੱਸ ਮਕਾਨ ਹੀ ਬਣ ਕੇ ਰਹਿ ਜਾਂਦੇ ਨੇ ਕਿਉਂਕਿ ਉੱਥੇ ਪਰਿਵਾਰ ਦੇ ਜੀਆਂ ਨੂੰ ਇਜਾਜ਼ਤ ਨਹੀਂ ਮਿਲਦੀ, ਖੁੱਲ੍ਹ ਕੇ ਹੱਸਣ ਦੀ, ਰੌਲਾਂ-ਰੱਪਾਂ ਪਾਉਣ ਦੀ, ਆਪਣੀ ਮਨ-ਮਰਜ਼ੀ ਕਰਨ ਦੀ, ਜਿੱਥੇ ਦਿਲ ਕਰੇ ਖਾਣ ਦੀ ਅਤੇ ਸੌਣ ਦੀ। ਆਪਣੇ ਹਿਸਾਬ ਨਾਲ ਕੁੱਝ ਚੀਜ਼ਾਂ ਨੂੰ ਏਧਰ ਉਧਰ ਕਰਨ ਬਾਰੇ ਤਾਂ ਉਹ ਸੋਚ ਵੀ ਨਹੀਂ ਸਕਦੇ। ਬੱਸ ਗਿਣਿਆ-ਮਿੱਥਿਆ ਥਾਂ ਉਹਨਾਂ ਦੇ ਹਿੱਸੇ ਆਉਂਦਾ, ਜਿੱਥੇ ਉਹਨਾਂ ਨੇ ਆਪਣਾ ਵਕਤ ਗੁਜ਼ਾਰਨਾ ਹੁੰਦਾ। ਇਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਬੱਚਿਆਂ ਦੇ ਹਿੱਸੇ ਨਹੀ ਆਉਂਦਾ ਕੰਧਾਂ ਉੱਪਰ ਕਲਾਕਾਰੀ ਕਰਨੀ, ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਆਪਣੀ ਮਰਜ਼ੀ ਨਾਲ ਕੁੱਝ ਖਾਣ ਦੀ ਕੋਸ਼ਿਸ਼ ਕਰਦਿਆਂ ਆਪਣੇ ਆਪ ਦੇ ਨਾਲ-ਨਾਲ ਭਾਂਡੇ ਥਾਂ ਉੱਤੇ ਖਿਲਾਰਾ ਪਾ ਕੇ ਖੁਸ਼ ਹੋਣਾ। ਘਰ ਦੇ ਕਮਰੇ ਤੋ ਲੈ ਕੇ ਵਿਹੜੇ ਤੱਕ ਖਿਡੌਣਿਆਂ ਦਾ ਖਿੱਲਰੇ ਰਹਿਣਾ। ਕਿਸੇ ਕੀਮਤੀ ਚੀਜ਼ ਦੇ ਟੁੱਟ ਜਾਣ ‘ਤੇ ਚੀਜ਼ਾਂ ਦੀ ਪਰਵਾਹ ਕੀਤੇ ਬਗੈਰ ਬੱਚੇ ਨੂੰ ਘੁੱਟ ਕੇ ਗੱਲਵੱਕੜੀ ਵਿੱਚ ਲੈਣਾ।
ਅਜਿਹੇ ਘਰਾਂ ਵਿੱਚ ਮਹਿਮਾਨਾਂ ਨੂੰ ਵੀ ਕਠਪੁਤਲੀ ਵਾਂਗ ਵਰਤਾਅ ਕਰਨਾ ਪੈਂਦਾ। ਜਿੰਨਾ ਕੁ ਟਾਈਮ ਉਹਨਾਂ ਨੂੰ ਸੱਦਿਆ ਜਾਂਦਾ, ਉਹਨਾਂ ਨੂੰ ਉਸੇ ਵਕਤ ਵਿੱਚ ਆਪਣੀ ਆਉ-ਭਗਤ ਕਰਵਾਉਣੀ ਪੈਂਦੀ ਹੈ। ਉਸ ਸਮੇਂ ਵਿੱਚ ਉਹਨਾਂ ਨੂੰ ਘਰ ਦੀ ਸੁਆਣੀ ਦੇ ਹੁਕਮਾਂ ਅਨੁਸਾਰ ਹੀ ਰਹਿਣਾ ਪੈਂਦਾ ਹੈ। ਘਰ ਵਿੱਚ ਪਈ ਹਰ ਚੀਜ਼ ਨੂੰ ਬੱਸ ਨਿਹਾਰਨ ਦਾ ਹੱਕ ਤਾਂ ਮਿਲ ਜਾਂਦਾ ਪਰ ਜੇਕਰ ਕੋਈ ਹੱਥ ਲਾ ਕੇ ਵੇਖਦਾ ਤਾਂ’ ਉਸਨੂੰ ‘ਇਹਨਾਂ ਨੇ ਕਦੀ ਕੁੱਝ ਵੇਖਿਆ ਨਹੀਂ ਲੱਗਦਾ’ ਵਾਲੀ ਕਹਾਵਤ ਦਾ ਸ਼ਿਕਾਰ ਹੋਣਾ ਪੈਂਦਾ। ਹੋਰ ਤਾਂ ਹੋਰ ਇਹਨਾਂ ਘਰਾਂ ਵਿੱਚ ਸਕੇ ਭੈਣ-ਭਰਾਵਾਂ ਨੂੰ ਆਪਣੇ ਬੱਚਿਆਂ ਦੇ ਏਨਾ ਮਗਰ-ਮਗਰ ਫਿਰਨਾ ਪੈਂਦਾ ਕਿ ਉਹਨਾਂ ਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਉਹ ਆਪਣੇ ਬੱਚੇ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਘਰ ਆਏ ਨੇ। ਹਰ ਵੇਲੇ ਉਹਨਾਂ ਉੱਤੇ ਰੱਖੀ ਨਿਗਰਾਨੀ ਦੱਸਦੀ ਏ ਕਿ ਜਿਵੇ ਉਹ ਕਿਸੇ ਮਿਊਜ਼ੀਅਮ ਵਿੱਚ ਆ ਗਏ ਹੋਣ। ਮਾਂ-ਪਿਉ ਦਾ ਹਾਲ ਵੀ ਇਹਨਾਂ ਘਰਾਂ ਵਿੱਚ ਕੋਈ ਬਹੁਤਾ ਸੁਖਾਲਾ ਨਹੀ ਹੁੰਦਾ। ਉਹ ਵੀ ਹਰ ਚੀਜ਼ ਨੂੰ ਪੁੱਛ ਕੇ ਹੱਥ ਲਾਉਂਦੇ ਨੇ। ਉਹ ਡਿੱਗਣ ਦਾ ਖਤਰਾ ਮੁੱਲ ਲੈ ਲੈਂਦੇ ਨੇ, ਪਰ ਕੰਧ ਨੂੰ ਹੱਥ ਨਹੀ ਲਾਉਂਦੇ ਤਾਂ ਕਿ ਬਾਅਦ ਵਿੱਚ ਉਨ੍ਹਾਂ ਨੂੰ ਸੁਣਨਾ ਨਾ ਪਵੇ ਕਿ, ਚਿੱਟੀਆਂ ਕੰਧਾਂ ਉੱਤੇ ਤੇਲ ਵਾਲੇ ਹੱਥ ਛੱਪ ਗਏ ਜਾਂ ਅਚਾਰ ਦੇ ਦਾਗ਼ ਲੱਗ ਗਏ ਨੇ। ਉਹ ਵੀ ਬੱਸ ਘਰ ਵਿੱਚ ਪਈਆਂ ਸਜਾਵਟੀ ਚੀਜਾਂ ਵਾਂਗ ਆਪਣੇ ਆਪ ਨੂੰ ਸਮਾਨ ਹੀ ਸਮਝਣ ਲੱਗ ਪੈਂਦੇ ਹਨ।
ਅਜਿਹੇ ਮਕਾਨ ਵਿੱਚ ਰਹਿਣ ਵਾਲੇ ਜਜ਼ਬਾਤਾਂ ਤੋਂ ਵਾਂਝੇ ਹੁੰਦੇ ਹਨ। ਘਰਾਂ ਵਿੱਚ ਬੱਚੇ ਹਰ ਵੇਲੇ ਡਰੇ ਹੋਏ ਰਹਿੰਦੇ ਨੇ। ਉਹ ਆਪਣੇ ਕਿਸੇ ਦੋਸਤ-ਸਹੇਲੀ ਨੂੰ ਆਪਣੇ ਘਰ ਸੱਦ ਨਹੀਂ ਸਕਦੇ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਮਕਾਨ ਵਿੱਚ ਖੁੱਲ੍ਹ ਕੇ ਜਿੰਦਗੀ ਜਿਉਣ ਦੀ ਮਨਾਹੀ ਹੈ। ਕਿਤੇ ਖਾਂਦਿਆਂ-ਪੀਂਦਿਆਂ ਕੁੱਝ ਰੁੜ ਗਿਆ ਤਾਂ ਮਾਪੇ ਦੇ ਕੌੜੇ ਬੋਲ ਉੱਨਾਂ ਦੇ ਮੂੰਹ ਵਿੱਚ ਗਏ ਨਿਵਾਲੇ ਨੂੰ ਖੋਹ ਲੈਣਗੇ। ਉਹ ਚੁਨਿੰਦਾ ਪਾਰਕਾਂ, ਕਲੱਬਾਂ, ਪੱਬਾਂ ਵਿੱਚ ਪਲੇਅ ਡੇਟ ‘ਤੇ ਮਕਾਨ ਵਿੱਚ ਏਦਾਂ ਰਹਿੰਦੇ ਨੇ, ਜਿਵੇ ਕਿਸੇ ਨੇ ਕਿਰਾਏ ਉੱਤੇ ਲਿਆ ਹੋਵੇ, ਕੁੱਝ ਵਰ੍ਹਿਆਂ ਦੇ ਲਈ ਤੇ ਫੇਰ ਜਦੋਂ ਖੰਭ ਲੱਗਦੇ ਨੇ ਏਦਾਂ ਉੱਡਦੇ ਨੇ ਕਿ ਮੁੜ ਕੇ ਇਸ ਕੈਦ ਵੱਲ ਮੂੰਹ ਨਹੀਂ ਕਰਦੇ।
ਅਜਿਹੇ ਮਕਾਨਾਂ ਵਿੱਚ ਜ਼ਿੰਦਗੀ ਜਿਉਣ ਦੀ ਖੁੱਲ੍ਹ ਕਿਸੇ ਨੂੰ ਵੀ ਨਹੀਂ ਹੁੰਦੀ। ਇੱਥੋਂ ਤੱਕ ਕਿ ਜਿਨ੍ਹਾਂ ਨੇ ਇਹ ਮਕਾਨ ਆਪ ਬਣਾਏ ਹੋਣ, ਉਹਨਾਂ ਨੂੰ ਵੀ ਨਹੀਂ। ਉਹ ਆਪ ਵੀ ਇਸ ਵਿੱਚ ਗਿਣੀ-ਮਿੱਥੀ ਥਾਂ ਵਿੱਚ ਰਹਿੰਦੇ ਨੇ ਤੇ ਬਾਕੀ ਥਾਂ ਵਿੱਚ ਰਹਿੰਦਾਂ ਏ, ਉਹਨਾਂ ਦਾ ਵਿਖਾਵਾ।
ਮਕਾਨ ਨੂੰ ਘਰ ਬਣਾਉਣ ਲਈ ਬਹੁਤ ਸਾਰੀ ਦੌਲਤ-ਸ਼ੌਹਰਤ ਦੀ ਲੋੜ ਨਹੀਂ ਹੁੰਦੀ। ਚਾਹੀਦਾ ਹੁੰਦਾ ਏ ਰਿਸ਼ਤਿਆਂ ਵਿੱਚ ਨਿੱਘ, ਪਿਆਰ, ਸਤਿਕਾਰ ਅਤੇ ਜਿੰਦਗੀ ਜਿਉਣ ਦੀ ਖੁੱਲ੍ਹ, ਹਰ ਜੀਅ ਨੂੰ ਉਸਦੇ ਸੁਭਾਅ ਦੇ ਹਿਸਾਬ ਨਾਲ ।