
ਬਿਲਕੁਲ ਸਹੀ ਪੜ੍ਹਿਆ ਤੁਸੀਂ, ਕੁੱਝ ਲੋਕਾਂ ਨੂੰ ਸਾਰੀ ਉਮਰ ਬੋਲਣਾ ਨਹੀ ਆਉਂਦਾ। ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਏ, ਸਾਰੀ ਉਮਰ। ਜਦਕਿ ਅਸੀਂ ਤਾਂ ਬੋਲਣਾ ਲਗਭਗ ਤਿੰਨ ਤੋਂ ਚਾਰ ਸਾਲ ਵਿੱਚ ਸਿੱਖ ਜਾਂਦੇ ਹਾਂ।
ਇਹ ਮੁਮਕਿਨ ਏ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿਹੜੇ ਸਮੇਂ, ਕਿਸਦੇ ਨਾਲ ਕਿਹੋ ਜਿਹੀ ਗੱਲ ਕਰਨੀ ਏ, ਉਹ ਆਪਣੀਆਂ ਹੀ ਯੱਬਲੀਆ ਮਾਰ ਕੇ ਅਗਲੇ ਦਾ ਸਮਾਂ ਖਰਾਬ ਕਰਦੇ ਨੇ ਤੇ ਦਿਲ ਦੁਖਾਉਂਦੇ ਨੇ। ਅਜਿਹੇ ਲੋਕ ਤੁਹਾਨੂੰ ਆਸ-ਪਾਸ ਮਿਲ ਹੀ ਜਾਣਗੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਅਸੀਂ ਕੀ ਬੋਲਣਾ। ਇਸ ਵਿੱਚ ਉਮਰ ਦਾ ਕੋਈ ਵੀ ਪੜਾਅ ਹੋ ਸਕਦਾ ਏ। ਕਈ ਵਾਰ ਬਹੁਤ ਛੋਟੀ ਉਮਰ ਵਿੱਚ ਵੀ ਬਹੁਤ ਲਿਆਕਤ ਹੁੰਦੀ ਏ। ਪਤਾ ਹੁੰਦਾ ਕਿ ਉੱਚੀ ਨੀਵੀਂ ਥਾਂ ਕਿਹੋ ਜਿਹੀ ਗੱਲ ਕਰਨੀ ਏ। ਪਰ ਬਹੁਤੀ ਵਾਰ ਵੇਖਣ ਵਿੱਚ ਆਉਂਦਾ ਕਿ ਉਮਰ ਵਿੱਚ ਜੋ ਬਹੁਤ ਸਿਆਣੇ ਲੱਗਦੇ ਨੇ ਜਿਨ੍ਹਾਂ ਤੋ ਇਹ ਆਸ ਰੱਖੀ ਜਾਂਦੀ ਏ ਕਿ ਕੋਈ ਸਲਾਹ-ਮਸ਼ਵਰਾ ਲੈ ਸਕੀਏ। ਉਹ ਤੁਹਾਨੂੰ ਅੱਗੋਂ ਅਜਿਹਾ ਜਵਾਬ ਦੇਣਗੇ ਕਿ ਤੁਸੀਂ ਮਨ ਹੀ ਮਨ ਸੋਚੋਗੇ ਕਿ ਰੱਬ ਅਜਿਹੇ ਲੋਕਾਂ ਤੋ ਦੂਰ ਹੀ ਰੱਖੇ, ਅਤੇ ਅੱਗੇ ਤੋ ਇਨ੍ਹਾਂ ਦੇ ਮੱਥੇ ਨਾ ਲੱਗਿਆ ਜਾਵੇ। ਕਿਉਂਕਿ ਹਰੇਕ ਨੂੰ ਸੋਝੀ ਨਹੀਂ ਹੁੰਦੀ ਕਿ ਸਾਹਮਣੇ ਵਾਲੇ ਦੇ ਕੀ ਹਾਲਾਤ ਹਨ। ਕਿਉਂ ਉਹ ਮੇਰੇ ਨਾਲ ਏਦਾਂ ਦੀ ਗੱਲ ਕਰ ਰਿਹਾ ਏ? ਕੀ ਉਦਾਸੀ ਏ? ਕੀ ਪਰੇਸ਼ਾਨੀ ਏ? ਜਾਂ ਮੇਰੀ ਕੋਈ ਮਦਦ ਦੀ ਲੋੜ ਨਹੀਂ ਸਗੋਂ, ਆਪਣੇ ਪੰਜਾਹ ਦੁੱਖਾਂ ਨੂੰ ਨਾਲ ਜੋੜ ਕੇ ਸੁਣਾਉਣ ਲੱਗ ਪੈ ਜਾਂਦੇ ਨੇ।
ਕਈ ਵਾਰ ਤਾਂ ਲੋਕ ਆਪਣੇ ਬੱਚਿਆਂ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹਦੇ-ਬੰਨਦੇ ਦੂਜੇ ਦੇ ਜਵਾਕ ਨੂੰ ਬਿਲਕੁਲ ਥੱਲੇ ਸੁੱਟ ਦਿੰਦੇ ਨੇ। ਉਹ ਬੱਚਿਆਂ ਦੇ ਸਾਹਮਣੇ ਹੀ ਏਨੀ ਢਹਿੰਦੀ ਕਲਾ ਦੀਆਂ ਗੱਲਾਂ ਕਰਨਗੇ ਕਿ ਬੱਚੇ ਦਾ ਆਤਮ ਵਿਸ਼ਵਾਸ ਡੋਲ ਜਾਵੇ। ਏਦਾਂ ਦੇ ਲੋਕਾਂ ਨੂੰ ਸਮਝਾਉਣਾਂ ਕਿਸੇ ਦੇ ਵੱਸ ਦੀ ਗੱਲ ਨਹੀ ਹੁੰਦੀ ਕਿਉਂਕਿ ਇਹ ਆਪਣੇ-ਆਪ ਨੂੰ ਹਰ ਜਗ੍ਹਾ ਸਹੀ ਸਮਝਦੇ ਨੇ। ਸੋ ਸਿਆਣਾ ਬੰਦਾ ਏਦਾਂ ਦੇ ਲੋਕਾਂ ਨਾਲ ਚੁੱਪ ਰਹਿੰਦਾ ਏ, ਤੇ ਅਗਲਾ ਸਮਝਦਾ ਕਿ ਮੇਰੀ ਸਿਆਣਪ ਦਾ ਕਮਾਲ ਏ। ਜਦਕਿ ਬੋਲਣਾ ਇਨਸਾਨ ਛੋਟੀ ਉਮਰ ਵਿੱਚ ਸਿੱਖ ਲੈਂਦਾ ਏ। ਪਰ ਕਦੋਂ, ਕਿੱਥੇ, ਕਿੰਨਾ ਤੇ ਕਿਵੇਂ ਬੋਲਣਾ, ਇਹ ਕਈ ਵਾਰ ਉਸਨੂੰ ਵਡੇਰੀ ਉਮਰ ਤੱਕ ਨਹੀਂ ਪਤਾ ਲੱਗਦਾ। ਅਕਸਰ ਅਜਿਹੇ ਵਿਵਹਾਰ ਕਰਕੇ ਬਹੁਤੇ ਰਿਸ਼ਤੇ ਉਸਤੋਂ ਦੂਰ ਹੋ ਜਾਂਦੇ ਨੇ ਤੇ ਉਸਨੂੰ ਇਸ ਵਿੱਚ ਵੀ ਆਪਣੀ ਗਲਤੀ ਨਹੀ ਲੱਗਦੀ। ਉਹ ਆਪਣੀ ਆਦਤ ਅਨੁਸਾਰ ਦੂਜਿਆਂ ਵਿੱਚ ਕਸੂਰ ਕੱਢਦਾ ਰਹਿੰਦਾ ਹੈ।
ਬੋਲਣ ਦੀ ਸੋਝੀ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋ ਦੂਰ ਰੱਖਦੀ ਹੈ ਅਤੇ ਗਲਤ ਬਿਆਨ ਹਮੇਸ਼ਾ ਦੁੱਖੀ ਹੋਣ ਦਾ ਕਾਰਣ ਬਣ ਜਾਂਦੇ ਹਨ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੋਲਣ ਤੋ ਪਹਿਲਾਂ ਇੱਕ ਵਾਰ ਮਨ ਵਿੱਚ ਆਪਣੇ-ਆਪ ਨਾਲ ਸਵਾਲ ਕਰ ਲਿਆ ਜਾਵੇ ਕਿ ਮੇਰਾ ਇਹ ਸਭ ਬੋਲਣਾ ਜਰੂਰੀ ਹੈ ਜਾਂ ਨਹੀਂ? ਇਸਦੇ ਬਿਨਾਂ ਜੇ ਸਰਦਾ ਹੈ ਤਾਂ ਚੁੱਪ ਰਹਿਣਾ ਚਾਹੀਦਾ ਹੈ। ਕਿਉਂ ਬੇਲੋੜੇ ਸ਼ਬਦ ਬੋਲ ਕੇ ਦੂਜਿਆਂ ਨੂੰ ਬੋਝ ਦੇਣਾ ਤੇ ਆਪ ਵੀ ਲੈਣਾ।
ਚੰਗਾਂ ਬੋਲ ਕੇ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਸੋਹਣਾ ਰੱਖਣ ਵਿੱਚ ਮਦਦ ਕਰੀਏ। ਜਦਕਿ ਅਜਿਹਾ ਹੁੰਦਾ ਬਹੁਤ ਘੱਟ ਏ ਕਿਉਂਕਿ ਲੋਕ ਚੰਗਾ ਸੁਣਨਾ ਪਸੰਦ ਕਰਦੇ ਹਨ, ਪਰ ਸਿਰਫ਼ ਤੇ ਸਿਰਫ਼ ਆਪਣੇ ਬਾਰੇ। ਪਰ ਸਾਹਮਣੇ ਵਾਲੇ ਦਾ ਆਤਮ ਵਿਸ਼ਵਾਸ ਕਿਵੇਂ ਤੋੜਨਾ, ਇਹ ਚੰਗੀ ਤਰ੍ਹਾਂ ਜਾਣਦੇ ਨੇ। ਕਿਵੇ ਤਾਅਨੇ ਕੱਸਣੇ ਨੇ ਅਤੇ ਕਿਵੇਂ ਨੀਵਾਂ ਦਿਖਾਉਣਾ ਏ।
ਬਹੁਤੇ ਘਰਾਂ ਵਿੱਚ ਕਈ ਵੱਡੇ ਬਜ਼ੁਰਗਾਂ ਵੱਲੋਂ ਵੀ ਬੱਚਿਆਂ ਲਈ ਕਦੀ ਚੜਦੀ ਕਲਾ ਵਾਲੇ ਸ਼ਬਦ ਨਹੀਂ ਵਰਤੇ ਜਾਂਦੇ ਸਗੋਂ ਉਹ ਹਮੇਸ਼ਾ ਆਪਣੀ ਔਲਾਦ ਵਿੱਚ ਨੁਕਸ ਕੱਢਦੇ ਰਹਿੰਦੇ ਨੇ। ਭਾਵੇਂ ਕਿ ਬੱਚੇ ਪੁੱਜ ਕੇ ਸਿਆਣੇ-ਸੂਝਵਾਨ ਹੋਣ। ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਹਰ ਵੇਲੇ ਗੱਲਾਂ ਸੁਣਾਉਂਦੇ ਰਹਿਣਾ, ਆਪਣੇ ਸਮੇਂ ਨੂੰ ਚੰਗਾ ਦੱਸਦਿਆਂ ਹੋਇਆਂ ਉਹਨਾਂ ਦੇ ਜ਼ਮਾਨੇ ਨੂੰ ਮਾੜਾ ਆਖਣਾ ਤੇ ਉਹਨਾਂ ਦੀ ਕਮਾਈ ਨੂੰ ਸੌਖਾ ਤੇ ਆਪਣੀ ਮਿਹਨਤ ਨੂੰ ਸਖ਼ਤ ਮੁਸ਼ੱਕਤ ਨਾਲ ਕੀਤਾ ਦੱਸਣਾ। ਹਰ ਵੇਲੇ ਆਪਣੀ ਮੈਂ ਨੂੰ ਅੱਗੇ ਰੱਖਣਾ। ਜਿਸ ਨਾਲ ਕਿ ਬੱਚੇ ਮਾਪਿਆਂ ਤੋਂ ਦੂਰ ਰਹਿਣ ਲੱਗ ਜਾਂਦੇ ਹਨ। ਫੇਰ ਕਸੂਰਵਾਰ ਵੀ ਬਣ ਜਾਂਦੇ ਹਨ। ਇਸ ਕਰਕੇ ਜੁਬਾਨ ਦੀ ਵਰਤੋਂ ਨੂੰ ਰਿਸ਼ਤੇ ਜੋੜਨ ਲਈ ਕਰਨੀ ਚਾਹੀਦੀ ਹੈ ਨਾ ਕਿ ਤੋੜਨ ਲਈ। ਕਿਉਂਕਿ ਇੱਕ ਵਾਰ ਮੂੰਹੋਂ ਨਿਕਲੇ ਬੋਲ ਵਾਪਸ ਨਹੀਂ ਲਏ ਜਾ ਸਕਦੇ। ਕਿਸੇ ਵੱਲੋਂ ਆਖੀ ਮਾੜੀ ਗੱਲ ਵਰ੍ਹਿਆਂ ਤੱਕ ਨਹੀਂ ਭੁੱਲਦੀ। ਜੇਕਰ ਕਿਸੇ ਨੇ ਹੱਲਾਸ਼ੇਰੀ ਦਿੱਤੀ ਹੋਵੇ, ਉਹ ਇਨਸਾਨ ਵੀ ਤੁਹਾਡੇ ਚੇਤੇ ਵਿੱਚ ਸਦਾ ਰਹਿੰਦਾ ਹੈ ।
ਸੋ ਕੋਸ਼ਿਸ਼ ਕਰੀਏ ਕਿ ਜਦੋਂ ਵੀ ਕੁੱਝ ਬੋਲੀਏ ਸੋਹਣਾ ਬੋਲੀਏ, ਕਿਉਂਕਿ ਬੋਲਣ ਦਾ ਲਹਿਜਾ ਬਹੁਤ ਕੁੱਝ ਬਿਆਨ ਕਰ ਦਿੰਦਾ ਹੈ ਅਤੇ ਕਿਰਦਾਰਾਂ ਦੀ ਪਛਾਣ ਕਰਵਾ ਦਿੰਦਾ ਹੈ। ਕੋਈ ਮੁੱਲ ਨਹੀਂ ਲੱਗਦਾ ਹੱਸ ਕੇ ਬੋਲਣ ‘ਤੇ!