Articles

ਕੈਂਸ਼ਰ ਨਾਲ ਜੂਝਣ ਲਈ ਮੇਰੀ ਕਲਮ ਬਣੀ ਸਹਾਰਾ

ਲੇਖਕ: ਮੇਜਰ ਸਿੰਘ ਨਾਭਾ

ਪਿਛਲੇ ਸਾਲ ਕੋਵਿਡ-19 ਦੇ ਪਹਿਲੇ ਦੌਰ ਤੱਕ ਮੈਂ ਸਿਹਤ ਪੱਖੋਂ ਵਧੀਆ ਵਿਚਰ ਰਿਹਾ ਸੀ ।ਜੁਲਾਈ ਦੇ ਸ਼ੁਰੂ ‘ਚ ਪੇਟ ਦਰਦ ਦੀ ਸਮੱਸਿਆ ਹੋ ਗਈ । ਸਥਾਨਕ ਕਈ ਡਾਕਟਰਾਂ ਤੋਂ ਦਵਾਈ ਲੈਣ ਤੇ ਕੋਈ ਫਰਕ ਨਾ ਪੈਣ ਤੇ ਪਟਿਆਲੇ ਨਿੱਜੀ ਹਸਪਤਾਲ ‘ਚ ਚੈੱਕ ਕਰਵਾਉਣ ਤੇ ਪੇਟ ‘ਚ ਗੱਠ / ਟਿਊਮਰ ਆਉਣ ਤੇ ਅਪ੍ਰੇਸ਼ਨ ਕਰਵਾਉਣਾ ਪਿਆ। ਗੱਠ ਦਾ ਪੀਸ ਟੈਸਟ ਕਰਾਉਣ ਤੇ ਕੈਂਸ਼ਰ ਦੇ ਲੱਛਣ ਆ ਗਏ, ਰਿਪੋਰਟ ਦੇਖ ਕੇ ਸਰਜਨ ਡਾ: ਨੇ ਡਾ: ਕੱਕੜ ਨੂੰ ਮਿਲਣ ਲਈ ਅਡਵਾਈਜ਼ ਕਰ ਦਿੱਤਾ। ਮੇਰੀ ਪਤਨੀ ਰਾਜਵੰਤ ਕੌਰ ਅਤੇ ਬੇਟਾ ਮਲਕੀਤ ਸਿੰਘ ਪਿੰ੍ਰਸ (ਜਵਾਈ) ਡਾ: ਨੂੰ ਰਿਪੋਰਟ ਲੈ ਕੇ ਅੰਦਰ ਮਿਲਣ ਚਲੇ ਗਏ। ਮੈਂ ਤਾਂ ਪਹਿਲਾਂ ਹੀ ਕਮਰੇ ਦੇ ਬਾਹਰ ਲੱਗੀ ਨੇਮ ਪਲੇਟ ਤੋਂ ਸਮਝ ਗਿਆ ਸੀ ਕਿ ਕੈਂਸ਼ਰ ਦੇ ਲੱਛਣ ਲੱਗਦੇ ਨੇ।ਬਾਹਰ ਦੋਵੇਂ ਜਣੇ ਆ ਕੇ ਮੈਨੂੰ ਨਾ ਦੱਸਣ ਦੀ ਹੋਲੀ ਹੋਲੀ ਗੱਲ ਕਰਦੇ ਆ ਰਹੇ ਸੀ। ਮੈਂ ਪੁੱਛ ਹੀ ਲਿਆ, ‘ਕੈਂਸ਼ਰ ਆ, ਮੈਂ ਫੇਸ ਕਰਾਂਗਾ ਕੋਈ ਗੱਲ ਨੀ’।ਚਲੋ ਗੱਲ ਕਲੀਅਰ ਹੋ ਗਈ ਅਤੇ ਇਲਾਜ਼ ਲਈ ਵੱਡੇ ਵੱਡੇ ਟੈਸਟ ਸ਼ੁਰੂ ਹੋ ਗਏ।ਉਂਝ ਮੈਂ ਅਕਤੂਬਰ ਤੱਕ ਵਧੀਆ ਰਿਹਾ ਪਰ ਪੇਟ ‘ਚ ਗੈਸ਼ ਬਣਨ ਦੀ ਸਮੱਸਿਆ ਕਾਰਨ ਦਰਦ ਵੱਧਦਾ ਗਿਆ ਅਤੇ ਭੁੱਖ ਘੱਟਦੀ ਗਈ।ਆਖਿਰ ਜ਼ਿਆਦਾ ਸਿਹਤ ਵਿਗੜਨ ਕਾਰਨ ਡੀ.ਐਮ.ਸੀ.ਲੁਧਿਆਣੇ ਪੇਟ ਦੇ ਉੱਤਰੀ ਭਾਰਤ ਦੇ ਪ੍ਰਸਿੱਧ ਡਾਕਟਰ ਤੋਂ ਸਮਾਂ ਲੈ ਕੇ ਚਲੇ ਗਏ,ਏਨੇ ਜ਼ਿਆਦਾ ਮਰੀਜ਼ ਹੋਣ ਕਾਰਨ ਰਾਤ ਨੂੰ 9 ਵਜੇ ਵਾਰੀ ਆਈ। ਡਾ: ਸਾਬ੍ਹ ਨੇ ਚੈੱਕ ਕਰਕੇ ਐਡਮਿਟ ਹੋਣ ਲਈ ਕਹਿ ਦਿੱਤਾ।ਅਗਲੇ ਦਿਨ ਇਲਾਜ਼ ਸ਼ੁਰੂ ਹੋ ਗਿਆ,ਖਾਣਾ ਪੀਣਾ ਹੋਲੀ ਹੋਲੀ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਵੀ ਕੈਂਸ਼ਰ ਵਾਲੇ ਡਾਕਟਰ ਨਾਲ ਤਾਲਮੇਲ ਕਰਕੇ ਇਲਾਜ਼ ਲਈ ਕਹਿ ਦਿੱਤਾ,ਕੁਝ ਟੈਸਟ ਕਰਵਾ ਲਏ ਜਿਨ੍ਹਾਂ ਦੀ ਰਿਪੋਰਟ ਅਜੇ ਹਫਤੇ ਬਾਅਦ ਆਉਣੀ ਸੀ , ਅੱਠ ਦਿਨਾਂ ਬਾਅਦ ਮੈਨੂੰ ਛੁੱਟੀ ਦੇ ਦਿੱਤੀ ਤੇ ਰਿਪੋਰਟਾਂ ਆਉਣ ਤੇ ਦੁਬਾਰਾ ਆਉਣ ਲਈ ਕਹਿ ਦਿੱਤਾ।ਘਰ ਆ ਕੇ ਅਸੀਂ ਨੇੜਲੇ ਕੈਂਸ਼ਰ ਹਸਪਤਾਲ ਸੰਗਰੂਰ ਤੋਂ ਇਲਾਜ਼ ਕਰਵਾਉਣ ਦਾ ਫੈਸ਼ਲਾ ਕਰਕੇ ਉਥੇ ਜਾ ਕੇ ਫਾਈਲ ਬਣਵਾ ਕੇ ਇਲਾਜ਼ ਸ਼ੁਰੂ ਕਰ ਲਿਆ।ਇਥੇ ਵੀ ਪਹਿਲੇ ਟੈਸਟ ਦੁਬਾਰਾ ਕਰਵਾਏ ਗਏ।ਮਹੀਨੇ ‘ਚ ਇੱਕ ਮਹਿੰਗਾ ਇੰਨਜੈਕਸ਼ਨ ਲਾਉਣਾ ਸ਼ੁਰੂ ਹੋ ਗਿਆ ਤੇ ਨਾਲ ਪੀ.ਜੀ.ਆਈ. ਚੰਡੀਗੜ੍ਹ ਨੂੰ ਵੀ
ਉਥੋਂ ਦੇ ਡਾਕਟਰ ਦੀ ਰਾਇ ਲੈਣ ਲਈ ਇਥੋਂ ਦੇ ਡਾਕਟਰ ਨੇ ਰੈਫਰ ਕਰ ਦਿੱਤਾ ।ਕੋਰੋਨਾ ਕਰਕੇ ਪੀ.ਜੀ.ਆਈ.ਦੀ ਆਊਟ ਡੋਰ ਬੰਦ ਸੀ ,ਸਿਰਫ ਕੁਝ ਖਾਸ ਬਿਮਾਰੀਆਂ ਲਈ ਆਨ-ਲਾਈਨ ਰਜ਼ਿਸਟ੍ਰੇਸ਼ਨ ਹੋ ਰਹੀ ਸੀ । ਵਾਰ-ਵਾਰ ਪੁੱਛ-ਗਿੱਛ ਲਈ ਦਿੱਤੇ ਨੰਬਰਾਂ ਤੇ ਅਪਾਇੰਟਮੈਂਟ ਲੈਣ ਲਈ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਕਈ ਦਿਨ ਕੋਸ਼ਿਸ਼ ਕਰਦਾ ਰਿਹਾ।ਆਖਿਰ ਇੱਕ ਨਂਬਰ ਤੋਂ ਸਹੀ ਜਾਣਕਾਰੀ ਮਿਲਣ ਤੇ ਵਟਸਅੱਪ ਤੇ ਮੇਸੈਜ਼ ਭੇਜਣ ਤੇ ਵਾਪਸੀ ਜਵਾਬ ‘ਚ ਕਿਸੇ ਵੀ ਦਿਨ ਕੈਂਸ਼ਰ ਡਿਪਾਰਟਮੈਂਟ ‘ਚ 3 ਨੰ: ਕਮਰੇ ‘ਚ ਆ ਕੇ ਮਿਲਣ ਲਈ ਕਹਿ ਦਿੱਤਾ। ਇਥੇ ਪੀ.ਜੀ.ਆਈ. ਜਾ ਕੇ ਵੀ ਕਾਰਡ ਬਣ ਗਿਆ ਤੇ ਦੁਬਾਰਾ ਟੈਸਟ ਸ਼ੁਰੂ ਹੋ ਗਏ।
ਹੁਣ ਦੋਵੇਂ ਥਾਂਈ ਇਲਾਜ਼ ਚਲ ਰਿਹਾ ,ਅਜੇ ਕੋਵਿਡ-19 ਦੇ ਪ੍ਰਛਾਵੇਂ ਨੇ ਥੁੜ੍ਹ ਵਾਲੀਆਂ ਦੁਰਲੱਭ ਦਵਾਈਆਂ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ। ਪੀ.ਜੀ.ਆਈ. ਲਈ ਮੰਗਵਾਈ ਜਾਂਦੀ ਕੈਂਸਰ ਦੀ ਮੈਡੀਸੀਨ ਜੋ ਮੈਨੂੰ ਦੇਣੀ ਹੈ,ਕਈ ਮਹੀਨਿਆਂ ਤੋਂ ਘੱਟ ਆ ਰਹੀ ਹੈ ਜੋ ਮਰੀਜ਼ਾਂ ਲਈ ਨਸੀਬ ਨਹੀਂ ਹੋ ਰਹੀ ,ਮਰੀਜ਼ਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਵਾਰੀ ਮੁਤਾਬਕ ਉਡੀਕ ਕਰਨ ਲਈ ਕਿਹਾ ਜਾਂਦਾ ਹੈ।ਪਰ ਸਰਕਾਰ ਦੇ ਬੁੱਤਾਂ ਆਦਿ ਤੇ ਖਰਚੇ ਪੈਸੇ ਫਜੂਲ ਹੀ ਲੱਗਦੇ ਹਨ ਜਦੋਂ ਦੇਸ਼ ਅੰਦਰ ਮੰਗ ਅਨੁਸਾਰ ਦਵਾਈਆਂ ਬਨਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਸਗੋਂ ਸਰਕਾਰ ਦੀ ਨਾਕਾਮੀ ਵੀ ਹੈ।
ਕਲਮ ਦੀ ਗੱਲ ਕਰੀਏ ਮੇਰੀ ਪਹਿਲੀ ਰਚਨਾ 11 ਜੂਨ 1993 ਨੂੰ ‘ਅਜੀਤ’ ਵਿੱਚ ਛਪੀ ਸੀ।‘ਪੰਜਾਬੀ ਟ੍ਰਿਿਬਊਨ’ ਵਿੱਚ 22 ਅਕਤੂਬਰ 93 ਨੂੰ ਮੇਰੀ ਪਹਿਲੀ ਰਚਨਾ ‘ਡਰਾਇੰਗ ਅਧਿਆਪਕਾਂ ਦਾ ਭਵਿੱਖ’ ਛਪੀ ਜੋ ਮੇਰੇ ਬੇਰੁਜ਼ਗਾਰ ਅਧਿਆਪਕਾਂ ਦੇ ਸ਼ੰਘਰਸ਼ ਨਾਲ ਜੁੜੇ ਹੋਣ ‘ਚੋਂ ਉੱਪਜੀ। ਉਸ ਤੋਂ ਬਾਅਦ ਤਕਰੀਬਨ ਬਹੁਤੇ ਅਖਬਾਰਾਂ ‘ਚ ਮੇਰੀਆਂ ਰਚਨਾਵਾਂ ਛਪਦੀਆਂ ਆ ਰਹੀਆਂ ਹਨ ਜੋ ਕਿ ਮੈਨੰ ਔਖੀ ਘੜੀਆਂ ‘ਚ ਬਲ ਅਤੇ ਹੌਸ਼ਲਾ ਦਿੰਦੀਆਂ ਰਹਿੰਦੀਆਂ ਹਨ।ਹੁਣ ਕਲਮ ਦੇ ਕੁਝ ਸਮਾਂ ਸੌਣ ਤੋਂ ਬਾਅਦ ਉਸ ਨੂੰ ਜਗਾ ਲਿਆ ਹੈ।ਪਿਛਲੇ ਮਹੀਨਿਆਂ ਤੋਂ ਕਲਮ ਹਰਕਤ ਆਉਣ ਨਾਲ ਮੈਨੂੰ ਆਪਣੀਆਂ ਰਚਨਾਵਾਂ ਛਪਣ ਨਾਲ ਹੋਰ ਉਤਸ਼ਾਹ ਅਤੇ ਬਲ ਕੈਂਸ਼ਰ ਨਾਲ ਜੂਝਣ ਲਈ ਮਿਲ ਰਿਹਾ ਹੈ।ਮੇਰਾ ਸਾਰਾ ਧਿਆਨ ਵੀ ਹੁਣ ਕੁਝ ਨਾ ਕੂਝ ਨਵਾਂ ਵਿਸ਼ਾ ਲੱਭ ਕੇ ਨਵੀਂ ਰਚਨਾ ਤਿਆਰ ਕਰਨਾ ਹੀ ਹੁੰਦਾ ਹੈ।ਮੌਤ ਨੇ ਇੱਕ ਦਿਨ ਆਉਣਾ ਹੈ,ਆ ਵੀ ਕਦੇ ਵੀ ਸਕਦੀ ਹੈ,ਇਹ ਮੈ ਬਿਮਾਰੀ ਤੋਂ ਪਹਿਲਾਂ ਹੀ ਸਵੀਕਾਰ ਚੁੱਕਾ ਹਾਂ।ਮੈਂ ਕਿਸੇ ਸਮੇਂ ਵੀ ਚਲਾ ਜਾਵਾਂ ਹੁਣ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ, ਮੈਂ ਆਖਰੀ ਸਮੇਂ ਤੱਕ ਸਮਾਜ ਲਈ ਕੂਝ ਨਾ ਕੁਝ ਕਿਸੇ ਵੀ ਰੂਪ ‘ਚ ਕਰਨਾ ਜਾਰੀ ਰੱਖਾਂਗਾ।ਬਹੁਤ ਸਾਰੇ ਦੋਸਤ ਕਈ ਕੰਮਾਂ / ਸਮੱਸਿਆਵਾਂ ਲਈ ਫੋਨ ਕਰਦੇ ਨੇ,ਉਨ੍ਹਾਂ ਦੇ ਕੰਮ ਕਿਸੇ ਤਰ੍ਹਾਂ ਵੀ ਕੋਈ ਹੱਲ ਕਰਕੇ ਮਨ ਨੂੰ ਵਧੀਆ ਲੱਗਦਾ ਹੈ। ਕਿਉਂ ਨਾ ਫਿਰ ਕੁਝ ਯਾਦਾਂ ਲ਼ਿਖਤਾਂ ਰਾਹੀਂ ਛੱਡ ਕੇ ਜਾਈਏ,ਜਿਹੜਾ ਪਹਿਲਾਂ ਘੱਟ ਸੋਚਿਆ ਸੀ। ਪਾਠਕਾਂ ਦੇ ਫੋਨ ਆਉਣੇ,ਫੇਸ਼ਬੁੱਕ,ਵਟਸਅੱਪ ਆਦਿ ਤੇ ਪਾਠਕਾਂ ਨਾਲ ਸਾਂਝ ਮਨ ਖਿਿੜਆ ਰਹਿੰਦਾ ਹੈ।ਹੁਣ ਅਖਬਾਰਾਂ ਨਾਲ ਏਨਾ ਸਨੇਹ ਪੈ ਗਿਆ ਕਿ ਰਾਤ ਨੂੰ ਬਾਰ੍ਹਾਂ ਵਜੇ ਤੋਂ ਬਾਅਦ ਬਹੁਤੇ ਈ ਪੇਪਰ ਖੁੱਲ੍ਹ ਜਾਂਦੇ ਹਨ ਜਦੋਂ ਪਿਸ਼ਾਬ ਕਰਨ ਉਠੀਂਦਾ ਤਾਂ ਤਕਰੀਬਨ ਅੱਧੀ ਰਾਤ ਲੰਘ ਚੁੱਕੀ ਹੁੰਦੀ ਹੈ ਤਾਂ ਸਾਰੇ ਈ ਪੇਪਰ ਖੋਲ੍ਹ ਕੇ ਦੇਖ ਲਈਂਦੇ ਨੇ,ਅਕਸਰ ਕਿਸੇ ਨਾ ਕਿਸੇ ਅਖਬਾਰ ‘ਚ ਥੌੜ੍ਹੇ ਦਿਨਾਂ ਬਾਅਦ ਮੇਰੀ ਰਚਨਾ ਛਪ ਹੀ ਜਾਂਦੀ ਹੈ ਜਿਸ ਨਾਲ ਮੇਰਾ ਮਨੋਬਲ ਅਤੇ ਉਤਸ਼ਾਹ ਵੱਧ ਜਾਂਦਾ ਹੈ,ਇੱਕ ਤਰ੍ਹਾਂ ਦੀ ਰੂਹ ਦੀ ਖੁਰਾਕ ਦਾ ਮੇਰੇ ਲਈ ਕੰਮ ਕਰਦੀ ਹੈ।ਕਈ ਦੋਸਤ ਜਿਵੇਂ ਲੈਕ: ਸੋਮ ਨਾਥ, ਮਾਸਟਰ ਭਜਨ ਸਿੰਘ, ਮਾ: ਸੁਖਵਿੰਦਰ ਸਿੰਘ,ਮਾ: ਅਮਰੀਕ ਸਿੰਘ ਕੋਈ ਨਾ ਕੋਈ ਵਿਸ਼ੇ ਤੇ ਲਿਖਣ ਲਈ ਕਹਿੰਦੇ ਰਹਿੰਦੇ ਹਨ ਤਾਂ ਇਹੋ ਜਿਹੀਆਂ ਰਚਨਾਵਾਂ ਛਪਣ ਤੇ ਹੋਰ ਵੀ ਖੁਸ਼ੀ ਹੁੰਦੀ ਹੈ।ਸਾਰਾ ਦਿਨ ਰਚਨਾਤਮਿਕ ਸੋਚ ਨਾਲ ਲੰਘਾਉਣਾ ਮੇਰੇ ਲਈ ਸਿਹਤ ਪੱਖੋਂ ਵੀ ਵਧੀਆ ਮਹਿਸੂਸ ਹੁੰਦਾ ਹੈ। ਅਪ੍ਰੇਸ਼ਨ ਅਤੇ ਇੰਨਜੈਕਸ਼ਨਾਂ ਕਰਕੇ ਮੇਰਾ ਵਜ਼ਨ 21-22 ਕਿ:ਗ੍ਰਾਮ ਘਟਣ ਤੋਂ ਬਾਅਦ ਹੁਣ ਸ਼ੁਕਰ ਹੈ ਪ੍ਰਮਾਤਮਾ ਦਾ ਥੋੜ੍ਹਾ ਵਧਣਾ ਸ਼ੁਰੂ ਹੋਇਆ ਹੈ।ਮੈਨੂੰ ਪੂਰਨ ਆਸ ਹੈ ਕਿ ਮੈਂ ਅਡੋਲਤਾ ਨਾਲ ਬਿਮਾਰੀ ਦਾ ਸਾਹਮਣਾ ਆਪਣੀ ਕਲਮ ਦੇ ਜ਼ਰੀਏ ਕਰਦਾਂ ਰਹਾਂਗਾ।ਸੱਚ-ਮੁੱਚ ਇਨਸਾਨ ਨੂੰ ਕਿਸੇ ਨਾ ਕਿਸੇ ਰੁਝੇਵੇਂ ਨੂੰ ਵਾਧੂ ਸਮਾਂ ਬਤੀਤ ਕਰਨ ਲਈ ਜ਼ਿੰਦਗੀ ਦੇ ਪਹਿਲੇ ਪੜ੍ਹਾਅ ਤੋਂ ਹੀ ਅਪਨਾਉਣ ਨਾਲ ਜ਼ਿੰਦਗੀ ਦੇ ਆਖਰੀ ਜਾਂ ਔਖੀ ਘੜੀ ਸਮੇਂ ਜਰੂਰ ਵਰਦਾਨ ਹੋਵੇਗਾ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin