ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ, ਕਾਸਾ ਸੈਂਟਾ ਮਾਰਟਾ ਵਿਖੇ ਦੇਹਾਂਤ ਹੋ ਗਿਆ ਹੈ। ਵੈਟੀਕਨ ਦੇ ਅਨੁਸਾਰ, ਪੋਪ ਨੇ ਸੋਮਵਾਰ 21 ਅਪ੍ਰੈਲ 2025 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7:35 ਵਜੇ ਆਖਰੀ ਸਾਹ ਲਿਆ। ਪੋਪ ਫਰਾਂਸਿਸ ਨੂੰ ਰੋਮ ਦੇ ਜੇਮੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੋਪ ਫਰਾਂਸਿਸ ਪਿਛਲੇ ਕਈ ਦਿਨਾਂ ਤੋਂ ਫੇਫੜਿਆਂ ਅਤੇ ਗੁਰਦਿਆਂ ਦੀ ਗੰਭੀਰ ਇਨਫੈਕਸ਼ਨ ਤੋਂ ਪੀੜਤ ਸਨ। ਆਪਣੇ ਕਾਰਜਕਾਲ ਦੇ ਆਖਰੀ ਕੁਝ ਮਹੀਨਿਆਂ ਦੌਰਾਨ, ਪੋਪ ਨੂੰ ਆਪਣੀ ਖਰਾਬ ਸਿਹਤ ਕਾਰਨ ਕਈ ਵਾਰ ਹਸਪਤਾਲ ਜਾਣਾ ਪਿਆ।
ਪੋਪ ਫਰਾਂਸਿਸ ਰੋਮਨ ਕੈਥੋਲਿਕ ਚਰਚ ਦੀ ਅਗਵਾਈ ਕਰਨ ਵਾਲੇ ਪਹਿਲੇ ਲਾਤੀਨੀ ਅਮਰੀਕੀ ਸਨ ਅਤੇ 13 ਮਾਰਚ, 2013 ਨੂੰ ਸੁਪਰੀਮ ਪੋਪ ਵਜੋਂ ਚੁਣੇ ਗਏ ਸਨ। ਉਹ ਕੈਥੋਲਿਕ ਚਰਚ ਦੇ 266ਵੇਂ ਪੋਪ ਸਨ ਅਤੇ ਸੇਂਟ ਪੀਟਰ (30 ਈਸਵੀ) ਦੀ ਪਰੰਪਰਾ ਨਾਲ ਸਬੰਧਤ ਸਨ। ਪੋਪ ਫਰਾਂਸਿਸ ਪਹਿਲੇ ਦੱਖਣੀ ਅਮਰੀਕੀ ਪੋਪ ਹਨ, ਅਤੇ ਨਾਲ ਹੀ ਜੇਸੁਇਟ ਭਾਈਚਾਰੇ ਦੇ ਪਹਿਲੇ ਪੋਪ ਹਨ ਜੋ ਪੋਪ ਦੇ ਅਹੁਦੇ ਤੱਕ ਪਹੁੰਚੇ। ਉਹਨਾਂ ਦਾ ਅਸਲੀ ਨਾਮ ਜੋਰਜ ਮਾਰੀਓ ਬਰਗੋਲਿਓ ਹੈ। ਪੋਪ ਫਰਾਂਸਿਸ ਦਾ ਜਨਮ 17 ਦਸੰਬਰ, 1936 ਨੂੰ ਬਿਊਨਸ ਆਇਰਸ (ਅਰਜਨਟੀਨਾ) ਹੋਇਆ ਸੀ। ਪੋਪ ਫਰਾਂਸਿਸ ਦੇ ਪਿਤਾ ਮਾਰੀਓ ਰੇਲਵੇ ਵਿਭਾਗ ਵਿੱਚ ਇੱਕ ਲੇਖਾਕਾਰ ਸਨ ਅਤੇ ਉਹਨਾਂ ਦੀ ਮਾਂ ਦਾ ਨਾਮ ਰੇਜੀਨਾ ਸਿਵੋਰੀ ਸੀ। ਪੋਪ ਫਰਾਂਸਿਸ ਦੇ ਪੰਜ ਭੈਣ-ਭਰਾ ਸਨ। ਕੈਮੀਕਲ ਟੈਕਨੀਸ਼ੀਅਨ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ, ਉਹਨਾਂ ਪਾਦਰੀ ਬਣਨ ਦਾ ਫੈਸਲਾ ਕੀਤਾ ਅਤੇ ਵਿਲਾ ਡੇਵੋਟੋ ਦੇ ਡਾਇਓਸੇਸਨ ਸੈਮੀਨਰੀ ਵਿੱਚ ਦਾਖਲਾ ਲਿਆ। 11 ਮਾਰਚ, 1958 ਨੂੰ ਉਹ ਸੋਸਾਇਟੀ ਆਫ਼ ਜੀਸਸ ਵਿੱਚ ਸ਼ਾਮਲ ਹੋ ਗਏ। ਉਹਨਾਂ ਨੂੰ 1969 ਵਿੱਚ ਇੱਕ ਜੇਸੁਇਟ ਪਾਦਰੀ ਨਿਯੁਕਤ ਕੀਤਾ ਗਿਆ ਸੀ, 1992 ਵਿੱਚ ਬਿਸ਼ਪ ਅਤੇ 1998 ਵਿੱਚ ਬਿਊਨਸ ਆਇਰਸ ਦਾ ਆਰਚਬਿਸ਼ਪ ਬਣੇ। ਉਹਨਾਂ ਨੇ 13 ਮਾਰਚ, 2013 ਨੂੰ ਪੋਪ ਬੇਨੇਡਿਕਟ XVI ਦੀ ਥਾਂ ਲਈ ਸੀ।
ਪਿਛਲੇ ਪੋਪਾਂ ਦੇ ਉਲਟ, ਪੋਪ ਫਰਾਂਸਿਸ ਨੇ 2013 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਚਰਚ ਤੋਂ ਕੋਈ ਵੀ ਭੱਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵੈਟੀਕਨ ਨੇ 2001 ਵਿੱਚ ਪੁਸ਼ਟੀ ਕੀਤੀ ਕਿ ਉਹਨਾਂ ਨੇ ਪੋਪ ਬਣਨ ਤੋਂ ਪਹਿਲਾਂ ਵੀ ਕਦੇ ਚਰਚ ਤੋਂ ਪੈਸੇ ਨਹੀਂ ਲਏ ਸਨ। ਵੈਸੇ ਪੋਪਾਂ ਨੂੰ ਰਵਾਇਤੀ ਤੌਰ ‘ਤੇ ਤਨਖਾਹ ਮਿਲਦੀ ਹੈ ਅਤੇ ਰਿਪੋਰਟਾਂ ਦੱਸਦੀਆਂ ਹਨ ਕਿ ਇਸ ਅਹੁਦੇ ਲਈ ਮੌਜੂਦਾ ਤਨਖਾਹ $32,000 ਪ੍ਰਤੀ ਮਹੀਨਾ ਹੈ। ਪੋਪ ਫਰਾਂਸਿਸ ਆਪਣੀ ਸਾਦਗੀ ਲਈ ਜਾਣੇ ਜਾਂਦੇ ਸਨ। ਉਹ ਨਿੱਜੀ ਤੌਰ ‘ਤੇ ਗਰੀਬਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ਨੂੰ ਮਿਲਦੇ ਸਨ। ਉਹਨਾਂ ਨੇ ਗਰੀਬੀ, ਅਸਮਾਨਤਾ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ‘ਤੇ ਜ਼ੋਰ ਦਿੱਤਾ। ਪੋਪ ਫਰਾਂਸਿਸ ਨੇ ਕੈਥੋਲਿਕ ਚਰਚ ਵਿੱਚ ਵਿੱਤੀ ਪਾਰਦਰਸ਼ਤਾ ‘ਤੇ ਜ਼ੋਰ ਦਿੱਤਾ। ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਵੈਟੀਕਨ ਨੌਕਰਸ਼ਾਹੀ ਦਾ ਪੁਨਰਗਠਨ ਕੀਤਾ ਅਤੇ 65 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ।
ਪੋਪ ਫਰਾਂਸਿਸ ਦੀ ਸਾਦਗੀ ਦੀ ਇੱਕ ਕਹਾਣੀ ਬਹੁਤ ਹੀ ਚਰਚਾ ਦੇ ਵਿੱਚ ਰਹੀ ਹੈ। ਇਹ ਕਹਾਣੀ ਉਹਨਾਂ ਵਲੋਂ ਜੇਲ੍ਹ ਵਿੱਚ ਬੰਦ ਔਰਤ ਕੈਦੀਆਂ ਦੇ ਪੈਰ ਧੋ ਕੇ ਚੁੰਮਣ ਨਾਲ ਜੁੜੀ ਹੋਈ ਹੈ ਜਿਹਨਾਂ ਵਿੱਚ ਕੁਝ ਮੁਸਲਿਮ ਔਰਤਾਂ ਵੀ ਸ਼ਾਮਲ ਸਨ। ਚਰਚ ਦੀ ਪਰੰਪਰਾ ਅਨੁਸਾਰ, ਹਰ ਸਾਲ ਈਸਟਰ ਤੋਂ ਪਹਿਲਾਂ ਵੀਰਵਾਰ ਨੂੰ, ਪਾਦਰੀ ਗਰੀਬਾਂ ਦੇ ਪੈਰ ਧੋਂਦੇ ਹਨ। ਪੋਪ ਫਰਾਂਸਿਸ ਨੇ ਇਸ ਪਰੰਪਰਾ ਨੂੰ ਇੱਕ ਨਵਾਂ ਰੂਪ ਦਿੱਤਾ। ਉਹ ਇਸ ਲਈ ਖੁਦ ਰੋਮ ਦੀ ਜੇਲ੍ਹ ਪੁੱਜੇ ਸਨ। ਜਦੋਂ ਪੋਪ ਫਰਾਂਸਿਸ ਨੇ ਰੋਮ ਦੀ ਰੇਬੀਬੀਆ ਜੇਲ੍ਹ ਵਿੱਚ ਬੰਦ 12 ਮਹਿਲਾ ਕੈਦੀਆਂ ਦੇ ਪੈਰਾਂ ‘ਤੇ ਪਾਣੀ ਪਾਇਆ, ਉਨ੍ਹਾਂ ਨੂੰ ਤੌਲੀਏ ਨਾਲ ਸੁਕਾਇਆ ਅਤੇ ਉਨ੍ਹਾਂ ਦੇ ਪੈਰਾਂ ਨੂੰ ਚੁੰਮਿਆ ਤਾਂ ਮਹਿਲਾ ਕੈਦੀ ਧਾਹਾਂ ਮਾਰ ਕੇ ਰੋ ਪਈਆਂ ਸਨ, ਉਨ੍ਹਾਂ ਵਿੱਚ ਕੁਝ ਮੁਸਲਿਮ ਮਹਿਲਾ ਕੈਦੀ ਵੀ ਸਨ। ਪੋਪ ਵਜੋਂ ਉਨ੍ਹਾਂ ਦੇ ਅਜਿਹਾ ਕਰਨ ਨੂੰ ਕੈਥੋਲਿਕ ਚਰਚ ਦੁਆਰਾ ਹਾਸ਼ੀਏ ‘ਤੇ ਧੱਕੇ ਗਏ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ। ਬਾਈਬਲ ਅਨੁਸਾਰ ਯਿਸੂ ਮਸੀਹ ਨੇ ਆਪਣੇ ਆਪਨੂੰ ਸਲੀਬ ਉੱਤੇ ਚੜ੍ਹਾਉਣ ਤੋਂ ਇੱਕ ਦਿਨ ਪਹਿਲਾਂ ਇਸ ਤਰ੍ਹਾਂ 12 ਰਸੂਲਾਂ ਦੇ ਪੈਰ ਧੋਤੇ ਸਨ।
ਪੋਪ ਫਰਾਂਸਿਸ ਨੂੰ ਉਦਾਰਵਾਦੀ ਵਿਚਾਰਧਾਰਾ ਦੇ ਰਸਤੇ ‘ਤੇ ਚੱਲਣ ਵਾਲਾ ਆਗੂ ਮੰਨਿਆ ਜਾਂਦਾ ਸੀ। ਉਹਨਾਂ ਨੇ ਚਰਚ ਨੂੰ ਸਮਲੰਿਗੀ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ। ਪੋਪ ਨੇ ਸਮਲਿੰਗੀ ਵਿਆਹ, ਮਹਿਲਾ ਪੁਜਾਰੀਆਂ ਦੀ ਨਿਯੁਕਤੀ ਅਤੇ ਗਰਭਪਾਤ ਦਾ ਵਿਰੋਧ ਕੀਤਾ। 2024 ਵਿੱਚ, ਉਹਨਾਂ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਚਰਚ ਦੀ ਵਿਰਾਸਤ ‘ਤੇ ਇੱਕ ਧੱਬਾ ਦੱਸਿਆ ਸੀ। ਪੋਪ ਨੇ ਚਰਚ ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਸੀ।
ਪੋਪ ਫਰਾਂਸਿਸ ਈਸਟਰ ਦੇ ਮੌਕੇ ‘ਤੇ ਐਤਵਾਰ 20 ਅਪ੍ਰੈਲ 2025 ਨੂੰ ਅਚਾਨਕ ਜਨਤਕ ਤੌਰ ‘ਤੇ ਪ੍ਰਗਟ ਹੋਏ ਅਤੇ ਉਹਨਾਂ ਨੇ ਸੇਂਟ ਪੀਟਰਜ਼ ਸਕੁਏਅਰ ਵਿੱਚ 35,000 ਲੋਕਾਂ ਦੀ ਭੀੜ ਦਾ ਹੱਥ ਹਿਲਾ ਕੇ ਸਵਾਗਤ ਸਵੀਕਾਰ ਕੀਤਾ ਸੀ। ਵੈਟੀਕਨ ਕਾਰਡੀਨਲ ਕੇਵਿਨ ਫੈਰੇਲ ਨੇ ਕਿਹਾ ਕਿ ਪੋਪ ਫਰਾਂਸਿਸ ਦਾ ਪੂਰਾ ਜੀਵਨ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ।