
ਵਾਹ ਮੇਰਿਆ ਰੱਬਾ ਅੱਜ ਬੈਠੇ-ਬੈਠੇ ਸੋਚ ਰਿਹਾ ਸੀ ਕਿ ਕੋਰੋਨਾ ਅੱਜ ਤੋਂ ਪੰਜ ਕੁ ਸਾਲ ਪਹਿਲਾਂ ਇਸ ਜਗਤ ‘ਤੇ ਇਸ ਤਰਾਂ ਪਸਰ ਰਿਹਾ ਸੀ ਕਿ ਲੱਗਦਾ ਸੀ ਕਿ ਕੋਈ ਵੀ ਜਿੰਦਾ ਨਹੀਂ ਬੱਚ ਪਾਏਗਾ ਤੇ ਇਹ ਦੁਨੀਆ ਖਤਮ ਹੋ ਜਾਏਗੀ| ਪਰ ਅੱਜ ਕਿਸੇ ਤਰਾਂ ਦਾ ਵੀ ਕਿਸੇ ਨੂੰ ਕੋਈ ਫਿਕਰ ਨਹੀਂ, ਖਾਸ ਕਰਕੇ ਕੋਰੋਨਾ ਤੋਂ|
ਨਵੰਬਰ 2019 ਦੀ ਗੱਲ ਹੈ| ਮੈਂ ਸੋਚਿਆ ਕਿ ਕੀ ਜੌਬ ਕਰਣ ਨਾਲੋਂ ਕੋਈ ਬਿਜਨਸ ਸ਼ੁਰੂ ਕੀਤਾ ਜਾਵੇ, ਭਿੰਨ-ਭਿੰਨ ਦੇ ਬਿਜਨਸ ਲੱਭਦੇ ਲੱਭਦੇ ਆਖਿਰ ਮਨ ਬਣ ਗਿਆ ਕਿ ਆਸਟ੍ਰੇਲੀਆ ਪੋਸਟ ਦੀ ਫਰੈਂਚਾਈਜ ਹੀ ਸਹੀ ਰਹੇਗੀ ਤੇ ਜਿਆਦਾ ਸਿਰ ਦਰਦ ਵਾਲਾ ਕੰਮ ਹੈ ਨਹੀ| ਸਵੇਰੇ ਨੋਂ ਤੋਂ ਪੰਜ ਵਜੇ ਤੱਕ ਕੰਮ ਕਰਕੇ ਸ਼ਾਮ ਨੂੰ ਬੰਦਾ ਘਰ ਆ ਜਾਂਦਾ| ਚਲੋ ਜੀ ਕੰਮ ਖਿੱਚ ਲਿਆ ਤੇ ਜਨਵਰੀ ‘ਚ ਮੇਰੀ ਟਰੇਨਿੰਗ ਸ਼ੁਰੂ ਹੋ ਗਈ| ਫਰਵਰੀ ਦੇ ਹਫਤੇ ਪੋਸਟ ਆਫਿਸ ਵਿਚ ਟਰੇਨਿੰਗ ਦੋਰਾਨ ਹੈਡ ਕੁਆਟਰ ਤੋਂ ਸੁਨੇਹਾ ਆ ਪਹੁੰਚਿਆ ਕਿ ਜਿੰਨੇ ਵੀ ਪਾਰਸਲ ਚੀਨ ਵੱਲ ਜਾ ਰਹੇ ਹਨ ਤੇ ਉੁਸ ਵਿਚ ਹੈਂਡ ਸੈਨੇਟਾਈਜਰ ਜਾਂ ਮਾਸਕ ਨੂੰ ਭੇਜਣ ਦੀ ਮਨਾਹੀ ਕਰ ਦਿੱਤੀ ਹੈ| ਜੇ ਕੋਈ ਲੁਕੋ ਕੇ ਵੀ ਭੇਜੂਗਾ ਤਾਂ ਮੈਲਬੌਰਨ ਦੇ ਏਅਰਪੋਰਟ ਤੋਂ ਹੀ ਉੁਹ ਪਾਰਸਲ ਵਾਪਸ ਭੇਜਣ ਵਾਲੇ ਨੂੰ ਭੇਜ ਦਿੱਤਾ ਜਾਵੇਗਾ| ਇਹ ਸੁਨੇਹਾ ਪ੍ਰਿੰਟ ਕਰ ਕੇ ਲਿਖਣ ਵਾਲੇ ਬੈਂਚਾਂ ਕੋਲ ਚੇਪ ਦਿਤਾ ਗਿਆ| ਇਕ ਵਾਰ ਤਾਂ ਸਭ ਨੂੰ ਝਟਕਾ ਲੱਗਾ ਕਿ ਇਹ ਹੋ ਕੀ ਰਿਹਾ ਹੈ? ਅੱਜ ਤੱਕ ਤਾਂ ਐਸਾ ਕੁੱਝ ਹੋਇਆ ਨਹੀਂ ਸੀ? ਕੋਰੋਨਾ ਬਾਰੇ ਹਲਕੀਆਂ-ਫੁਲਕੀਆਂ ਖਬਰਾਂ ਜਰੂਰ ਸੁਨਣ ਨੂੰ ਮਿਲ ਰਹੀਆਂ ਸੀ ਕਿ ਚੀਨ ‘ਚ ਕੁੱਝ ਬੀਮਾਰੀ ਫੈਲੀ ਹੈ| ਪਰ ਉੁਸ ਦਾ ਅਸਰ ਹਜਾਰਾਂ ਮੀਲ ਦੂਰ ਆਸਟ੍ਰੇਲੀਆ ਵਿਚ ਹੋ ਰਿਹਾ ਹੈ, ਇਹ ਅਚੰਭੇ ਵਾਲੀ ਗੱਲ ਸੀ| ਹਰ ਰੋਜ਼ ਡਾਕਖਾਨੇ ਵਿਚ ਲੋਕਾਂ ਨਾਲ ਬਹਿਸਬਾਜੀ ਹੋ ਰਹੀ ਸੀ ਕਿ ਉੁਹ ਇਹ ਸਮਾਨ ਕਿਉ ਨਹੀ ਚੀਨ ਵੱਲ ਭੇਜ ਪਾ ਰਹੇ, ਤੇ ਮਾਰਚ 2020 ਦੇ ਪਹਿਲੇ ਹਫਤੇ ਹੁੰਦੇ ਤੱਕ, ਆਸਟ੍ਰੇਲੀਆ ਤੋਂ ਕਿਸੇ ਵੀ ਮੁਲਕ ‘ਚ ਪੋਸਟ ਰਾਹੀ ਇਹ ਸਮਾਨ ਤੇ ਦਵਾਈਆਂ ਭੇਜਣ ‘ਤੇ ਪੂਰਨ ਤੋਰ ਤੇ ਪਾਬੰਦੀ ਲੱਗ ਗਈ| ਹਰ ਰੋਜ਼ ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ-ਮੰਤਰੀ) ਤੇ ਚੀਫ ਮੈਡੀਕਲ ਅਫਸਰ ਵੱਲੋਂ ਕੋਰੋਨਾ ਬਾਬਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ ਲੱਗ ਗਈਆਂ|
ਅੱਠ ਮਾਰਚ 2020 ਨੂੰ ਮੇਰੇ ਮਾਤਾ-ਪਿਤਾ ਜੀ ਦੀ ਵਿਆਹ ਦੀ ਚਾਲੀਵੀਂ ਵਰੇਗੰਢ ਅਸੀਂ ਮੈਲਬੌਰਨ ‘ਚ ਮਨਾ ਰਹੇ ਸੀ| ਪ੍ਰੋਗਰਾਮ ਵਾਲੇ ਦਿਨ ਦਿਨ ਤਕਰੀਬਨ ਬਹੁਤ ਪਰਿਵਾਰ ਪਹੁੰਚੇ ਨਹੀਂ, ਅਗਲੇ ਦਿਨ ਮੈਨੂੰ ਸਭ ਨੇ ਇਹੀ ਕਿਹਾ ਕਿ ਬਾਈ ਕੋਰੋਨਾ ਫੈਲ ਰਿਹਾ ਹੋਣ ਕਾਰਣ ਹੀ, ਉੁਹ ਪ੍ਰੋਗਰਾਮ ‘ਚ ਪਹੁੰਚੇ ਨਹੀ ਸਨ| ਪੰਦਰਾਂ ਮਾਰਚ ਤੱਕ ਬਹੁਤ ਲੋਕ ਕੋਰੋਨਾ ਨੂੰ ਸੀਰੀਅਸ ਲੈਣ ਲੱਗ ਗਏ ਸੀ। ਸਮਾਨ ਨਾਲ ਭਰੇ ਸਟੋਰ ਖਾਲੀ ਹੋਣ ਲੱਗ ਗਏ, ਬਹੁਤ ਲੋਕ ਘਰਾਂ ‘ਚ ਵੱਡੀ ਤਾਦਾਦ ਚ ਸਮਾਨ ਸਟੌਕ ਕਰ ਚੁੱਕੇ ਸੀ। ਕਰਮਚਾਰੀ ਕੰਮਾਂ ‘ਤੇ ਜਾਣ ਤੋਂ ਡਰ ਰਹੇ ਸੀ ਜਾਂ ਗਾਹਕ ਘੱਟ ਆਉਣ ਕਾਰਣ ਮਾਲਿਕ ਘੱਟ ਸ਼ਿਫਟਾਂ ਦੇ ਰਿਹਾ ਸੀ| ਕੋਰੋਨਾ ਦਾ ਖੌਫ ਦਿਨ-ਬ-ਦਿਨ ਵੱਧਦਾ ਜਾ ਰਿਹਾ ਸੀ|
ਵੀਹ ਮਾਰਚ 2020 ਹੁੰਦੇ ਤੱਕ ਸਰਕਾਰ ਨੇ ਫਲਾਈਟਾਂ ਬੰਦ ਕਰ ਦਿੱਤੀਆਂ ਸੀ। ਇੱਕੀ ਮਾਰਚ ਦੀ ਦਿੱਲੀ ਤੋਂ ਉਸ ਸਮੇਂ ਆਖਿਰੀ ਫਲਾਈਟ ਮੈਲਬੌਰਨ ਪਹੁੰਚੀ ਸੀ, ਜਿਸ ਵਿਚ ਮੇਰਾ ਦੋਸਤ ਵਿੱਕੀ ਸ਼ਰਮਾ ਤੇ ਉੁਹਦੀ ਘਰਵਾਲੀ ਆਪਣੇ ਬੇਟੇ ਨਾਲ ਪਹੁੰਚੇ ਸੀ| ਉੁਹਨਾਂ ਨੂੰ ਮੈਲਬੌਰਨ ਏਅਰਪੋਰਟ ‘ਤੇ ਹਦਾਇਤ ਦਿੱਤੀ ਗਈ, ਕਿ ਇੱਥੋਂ ਸਿੱਧਾ ਆਪਣੇ ਘਰ ਜਾਣਾ ਹੈ ਤੇ ਪੰਜ ਅਪ੍ਰੈਲ ਤੱਕ ਆਪਣੇ ਘਰ ਵਿਚ ਹੀ ਬੰਦ ਰਹਿਣਾ ਹੈ। ਉੁਸ ਦੇ ਘਰ ਖਾਣਾ ਪਹੁੰਚਾਉਣ ਦੀ ਜਿੰਮੇਵਾਰੀ ਇੱਕ ਸਮਾਜ-ਸੇਵੀ ਸੰਸਥਾ ‘ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ’ ਨੇ ਨਿਭਾਈ ਸੀ। ਇਸੇ ਸੰਸਥਾ ਨੇ ਕੋਰੋਨਾ ਸਮੇਂ ਬਹਤ ਲੋਕਾਂ ਦੇ ਘਰ ਮੁਫਤ ਵਿਚ ਭੋਜਨ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਈ ਸੀ ਤੇ ਬਹੁਤ ਥਾਵਾਂ ‘ਤੇ ਅੱਜ ਵੀ ਲੋੜਵੰਦਾ ਨੂੰ ਮੁਫਤ ਵਿਚ ਖਾਣਾ ਮੁਹੱਈਆ ਕਰਵਾ ਰਹੀ ਹੈ| ਜਿੰਨੇ ਵੀ ਪ੍ਰਵਾਸੀਆਂ ਦੇ ਮਾਂ-ਬਾਪ ਆਸਟ੍ਰੇਲੀਆ ਵਿਚ ਰਹਿ ਗਏ ਸੀ, ਉੁਹ ਆਸਟ੍ਰੇਲੀਆ ਛੱਡ ਕੇ ਜਾ ਨਹੀ ਸਕਦੇ ਸੀ, ਕਿਉੁਂਕਿ ਸਭ ਏਅਰਲਾਈਨਜ਼ ਆਪਣੇ ਰੂਟ ਬੰਦ ਕਰ ਚੁੱਕੀਆਂ ਸੀ ਪਰ ਸਰਕਾਰ ਨੇ ਨਵੇਂ ਰੂਲ ਬਣਾ ਕੇ, ਘੱਟ ਵੀਜੇ ਵਾਲਿਆਂ ਦੇ ਵੀਜੇ ਵਧਾ ਦਿੱਤੇ ਸਨ| ਇਕੱਤੀ ਮਾਰਚ ਤੱਕ ਆਸਟ੍ਰੇਲੀਆ ਦੇ ਇੱਕ ਖੂਬਸੂਰਤ ਸ਼ਹਿਰ ਮੈਲਬੌਰਨ ਵਾਲਾ ਸੂਬਾ ਵਿਕਟੋਰੀਆ, ਸਟੇਜ ਤਿੰਨ ‘ਚ ਪਹੁੰਚ ਗਿਆ ਸੀ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ, ਥਾਂ ਉਪਰ ਹੀ 1600 ਡਾਲਰ ਤੋਂ ਵੱਧ ਦਾ ਭਾਰੀ ਜੁਰਮਾਨਾ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸੀ|
ਮੇਰਾ ਡਾਕਖਾਨਾ (ਪੋਸਟ ਸ਼ੌਪ) ਜੋ ਮੈਂ ਇਕ ਅਪ੍ਰੈਲ 2020 ਤੋਂ ਸ਼ੂਰੂ ਕਰਨਾ ਸੀ, ਉੁਸ ਦੀ ਤਰੀਕ ਇਕ ਮਹੀਨਾ ਵਧਾ ਕੇ ਇਕ ਮਈ ਕਰ ਦਿੱਤੀ ਗਈ| ਕਿਉੁਂਕਿ ਸਭ ਦੁਕਾਨਾਂ ਤੇ ਦਫਤਰ ਬੰਦ ਹੋ ਚੁੱਕੇ ਸੀ ਤੇ ਸਭ ਕਰਮਚਾਰੀਆਂ ਨੂੰ ਘਰਾਂ ਚ ਰਹਿ ਕੇ, ਕੰਮ ਕਰਨ ਦੇ ਆਰਡਰ ਜਾਰੀ ਹੋ ਚੁੱਕੇ ਸੀ| ਇਹ ਬਹੁਤ ਹੀ ਅਜੀਬ ਵਰਤਾਰਾ ਵਾਪਰ ਰਿਹਾ ਸੀ| ਇਕ ਵਾਰ ਤਾਂ ਮੇਰਾ ਵੀ ਚਿੱਤ ਬਹੁਤ ਘਬਰਾ ਗਿਆ ਕਿ ਲੋਨ ਕਰਵਾ ਕੇ ਲੱਖਾਂ ਡਾਲਰ ਦਾ ਬਿਜਨਸ ਲੈ ਰਹੇ ਹਾਂ ਤੇ ਜਿਸ ਹਿਸਾਬ ਨਾਲ ਹਾਲਾਤ ਬਣ ਰਹੇ ਹਨ, ਇਹ ਨਹੀ ਪਤਾ ਲੱਗ ਰਿਹਾ ਕਿ ਜਿਉਂਦੇ ਰਹਾਂਗੇ ਕਿ ਬਚ ਜਾਵਾਗੇ| ਅਕਾਲਪੁਰਖ ਕੋਲ ਬਿਨਤੀ-ਜੋਦੜੀ ਕੀਤੀ ਕਿ ਸੱਚੇ ਪਾਤਸ਼ਾਹ ਬਚਾ ਲਿਉ ਕਿਤੇ ਲੈਣੇ ਦੇ ਦੇਣੇ ਹੀ ਨਾ ਪੈ ਜਾਣ।
ਆਖਿਰ ਇਕ ਮਈ 2020 ਦਾ ਦਿਨ ਆ ਪਹੁੰਚਿਆ ਅਤੇ ਮਾਤਾ-ਪਿਤਾ, ਘਰਵਾਲੀ ਅਤੇ ਬੇਟੀ ਨਾਲ ਜਾ ਕੇ ਪੋਸਟ ਆਫਿਸ ਦਾ ਕੰਮ ਸੰਭਾਲਦਿਆ, ਘਰਦਿਆਂ ਨੇ ਸਤਿਗੁਰੂ ਅੱਗੇ ਅਰਦਾਸ ਕਰ ਕੇ ਆਸ਼ੀਰਵਾਦ ਦਿੱਤਾ ਕਿ, ਭਲੀ ਕਰੇਗਾ ਕਰਤਾਰ, ਮੈਂ ਤੇ ਮੇਰੀ ਘਰਵਾਲੀ ਗੁਰਮੀਤ ਕੌਰ ਨੇ ਡਾਕਖਾਨੇ ਦਾ ਕੰਮ ਸੰਭਾਲ ਲਿਆ| ਆਮ ਲੋਕਾਂ ਦੇ ਘਰੋਂ ਬਾਹਰ ਜਾਣ ‘ਤੇ ਪਾਬੰਦੀ ਲੱਗੀ ਹੋਈ ਸੀ| ਸਿਰਫ ਜਰੂਰੀ ਕੰਮ ਕਰਨ ਵਾਲੇ ਹੀ ਬਾਹਰ ਜਾ ਸਕਦੇ ਸੀ| ਪੁਲਿਸ, ਮੈਡੀਕਲ, ਫਾਇਰ ਸਰਵਿਸ, ਡਾਕਖਾਨੇ, ਪੈਟਰੋਲ ਪੰਪ, ਗਰੋਸਰੀ ਸਟੋਰ, ਫੂਡ ਡਿਲੀਵਰੀ ਸਰਵਿਸ ਤੇ ਕੁੱਝ ਹੋਰ ਜਰੂਰੀ ਸੇਵਾਵਾਂ ਨੂੰ ਹੀ ਕੋਰੋਨਾ ‘ਚ ਕੰਮ ਕਰਨ ਦੇ ਅਧਿਕਾਰ ਮਿਲੇ ਸਨ, ਬਾਕੀ ਸਭ ਕੰਮ ਬੰਦ ਕਰ ਦਿੱਤੇ ਗਏ| ਪਰ ਉੁਸ ਸਮੇਂ ਸਰਕਾਰ ਦੀ ਇਹ ਖਾਸੀਅਤ ਰਹੀ ਕਿ ਕੰਮ ਨਾ ਕਰਨ ਵਾਲੇ ਲੋਕਾਂ ਨੂੰ ਸਰਕਾਰ ਘਰ ਬੈਠੇ ਹੀ ਪੈਸੇ ਦਿੰਦੀ ਰਹੀ| ਘਰਾਂ ਤੇ ਦੁਕਾਨਾਂ ਦੇ ਕਿਰਾਏ ਵਧਾਉਣ ‘ਤੇ ਵੀ ਰੋਕ ਲਾ ਦਿੱਤੀ ਗਈ| ਪਰ ਹੁਣ ਅੱਜ ਦੇ ਸਮੇਂ ਵਿਚ ਵਿਕਟੋਰੀਆ ਸਰਕਾਰ ਕੋਵਿਡ ‘ਚ ਸਹਾਇਤਾ ਵਜੋਂ ਦਿੱਤੇ ਡਾਲਰ, ਟੈਕਸਾਂ ਤੇ ਹੋਰ ਰੂਪਾਂ ਵਿੱਚ ਵਸੂਲ ਵੀ ਕਰ ਰਹੀ ਹੈ| ਮੈਲਬੌਰਨ ਵਿਚ ਜਦੋਂ ਸਟੇਜ-ਚਾਰ ਲਾਕਡਾਉੂਨ ਲਾਇਆ ਗਿਆ ਤਾਂ ਇਸ ਤਰਾਂ ਪ੍ਰਤੀਤ ਹੋਇਆ ਕਿ ਹੁਣ ਤਾਂ ਧਰਤੀ ‘ਤੇ ਇਨਸਾਨ ਹੀ ਨਾ ਖਤਮ ਹੋ ਜਾਏ, ਕਿਉਂਕਿ ਸਾਰੇ ਰਸਤੇ ਖਾਲੀ ਹੁੰਦੇ ਸਨ ਤੇ ਮੈਂ ਤੇ ਮੇਰੀ ਘਰਵਾਲੀ ਆਪਣੀ ਕਾਰ ‘ਚ ਇਕੱਲੇ ਹੀ ਡਾਕਖਾਨੇ ਵੱਲ ਜਾ ਰਹੇ ਹੁੰਦੇ ਸਾਂ| ਜਦੋਂ ਕੋਈ ਕਸਟਮਰ ਡਾਕਖਾਨੇ ਵਿੱਚ ਆਉਂਦਾ ਤਾਂ ਅੱਖਾਂ ‘ਤੇ ਐਨਕ ਮੂੰਹ ‘ਤੇ ਮਾਸਕ ਤੇ ਫਿਰ ਸਾਰੇ ਚਿਹਰੇ ਤੇ ਫੇਸ ਸ਼ੀਲਡ ਲੱਗੀ ਹੁੰਦੀ। ਸਾਡੇ ਵੀ ਕਾਊਂਟਰ ‘ਤੇ ਸ਼ੀਲਡ ਲੱਗੀ ਹੁੰਦੀ, ਨਾਲੇ ਮੂੰਹਾਂ ‘ਤੇ ਮਾਸਕ ਬੰਨੇ ਹੁੰਦੇ ਅਤੇ ਫਰਸ਼ਾਂ ਉੱਤੇ ਹਰ ਡੇਢ ਮੀਟਰ ਤੇ ਸਟੀਕਰ ਲੱਗੇ ਹੁੰਦੇ, ਜਿਸ ‘ਤੇ ਕਸਟਮਰ ਨੇ ਖੜ੍ਹਨਾ ਹੁੰਦਾ ਸੀ| ਇਸ ਤਰਾਂ ਲੱਗਦਾ ਸੀ ਕਿ ਅਸੀ ਮੰਗਲ ਗ੍ਰਹਿ ‘ਤੇ ਕੰਮ ਕਰ ਰਹੇ ਹਾਂ। ਹਰ ਦੋ-ਚਾਰ ਮਿੰਟ ਬਾਦ ਹੈਂਡ ਸੈਨੇਟਾਈਜਰ ਨਾਲ ਹੱਥ ਸਾਫ ਕਰ-ਕਰ ਕੇ ਅਸੀ ਵੀਂ ਦੁਖੀ ਹੋ ਰਹੇ ਸਾਂ ਪਰ ਕੋਰੋਨਾ ਤੋ ਬਚਣ ਦੀ ਮਜ਼ਬੂਰੀ ਕਾਰਣ, ਇਹ ਸਭ ਕਰਨਾ ਪੈ ਰਿਹਾ ਸੀ।
ਕੋਰੋਨਾ ਦਾ ਕਹਿਰ ਜਦ ਇਕ ਦਮ ਹੀ ਸਾਰੀ ਦੁਨੀਆ ਵਿਚ ਵੱਧ ਰਿਹਾ ਸੀ, ਮੈਲਬੌਰਨ ਦੇ ਮਸ਼ਹੂਰ ਕਰਾਊਨ ਕੈਸੀਨੋ, ਅਤੇ ਹਰ ਸਮੇਂ ਲੋਕਾਂ ਨਾਲ ਭਰੇ ਰਹਿਣ ਵਾਲੇ ਫਲੰਿਡਰ ਸਟਰੀਟ ਟਰੇਨ ਸਟੇਸ਼ਨ, ਬਿਲਕੁਲ ਖਾਲੀ ਪਏ, ਦਿਲ ਦਹਿਲਾ ਰਹੇ ਸਨ| ਲੋਕ ਘਰਾਂ ‘ਚ ਬੰਦ ਰਹਿ-ਰਹਿ ਕੇ ਪਾਗਲਪਨ ਵੱਲ ਹੀ ਵੱਧ ਰਹੇ ਸੀ| ਘਰੇਲੂ ਹਿੰਸਾ ਦੇ ਕੇਸਾਂ ਵਿਚ ਬੇਹਿਸਾਬ ਵਾਧਾ ਵੀ ਦਰਜ ਕੀਤਾ ਜਾ ਰਿਹਾ ਸੀ| ਦਿਨ-ਰਾਤ ਬਾਹਰ ਰਹਿਣ ਵਾਲੇ ਲੋਕ ਹਫਤਿਆਂ ਬੱਧੀ ਘਰੇ ਤਾੜ ਕੇ ਆਪਸ ਵਿਚ ਲੜੀ ਜਾ ਰਹੇ ਸੀ| ਕਾਫੀ ਲੋਕ ਇਸ ਨੂੰ ਸਾਜਿਸ਼ ਸਮਝ ਰਹੇ ਸੀ, ਹਜਾਰਾਂ ਲੋਕਾਂ ਨੇ ਮੈਲਬੌਰਨ ਦੀਆਂ ਖਾਲੀ ਸੜਕਾਂ ‘ਤੇ ਬਹੁਤ ਵਾਰ ਮੁਜਾਹਿਰੇ ਵੀ ਕੀਤੇ| ਪੁਲਿਸ ਨਾਲ ਤਕਰਾਰ ਤੋਂ ਬਾਦ ਗ੍ਰਿਫਤਾਰੀਆਂ ਦੇ ਸਿਲਸਿਲੇ ਵੀ ਚੱਲੀ ਗਏ ਤੇ ਹਜਾਰਾਂ ਡਾਲਰਾਂ ਦੇ ਜੁਰਮਾਨੇ ਲਾਏ ਗਏ| ਇਕ ਮੁੰਡਾ ਤੀਹ ਕਿਲੋਮੀਟਰ ਤੋਂ ਕਾਰ ਚਲਾ ਕੇ ਮੈਲਬੌਰਨ ਸ਼ਹਿਰ ‘ਚ ਬਟਰ ਚਿਕਨ ਲੈਣ ਚਲਾ ਗਿਆ। ਪੁਲਿਸ ਨੇ ਉਸਨੂੰ ਫੜਕੇ ਸੋਲਾਂ ਸੋ ਡਾਲਰ ਜੁਰਮਾਨਾ ਕੀਤਾ। ਉਸ ਸਮੇਂ ਇਹ ਕੇਸ ਬਹੁਤ ਮਸ਼ਹੂਰ ਹੋਇਆ ਸੀ ਤੇ ਕੁੱਝ ਰੈਸਟੋਰੈਂਟ ਵਾਲਿਆਂ ਨੇ ਇਕ ਸਾਲ ਲਈ, ਉਸ ਸਖਸ਼ ਨੂੰ ਮੁਫਤ ਬਟਰ ਚਿਕਨ ਖਵਾਉਣ ਦੀ ਪੇਸ਼ਕਸ ਕੀਤੀ ਸੀ, ਤਾਂ ਕਿ ਸੋਲਾਂ ਸੌ ਡਾਲਰ ਜੁਰਮਾਨੇ ਦਾ ਭਾਰ ਕੁੱਝ ਹਲਕਾ ਹੋ ਸਕੇ| ਵੈਸੇ ਤਾਂ ਸਖਤੀਆਂ ਸਭ ਪਾਸੇ ਹੀ ਬਹੁਤ ਸੀ ਪਰ ਫਿਰ ਵੀ ਮੈਲਬੌਰਨ ਤੋ ਦੂਰ ਦੇ ਸ਼ਹਿਰਾਂ ਵਿੱਚ ਕੋਰੋਨਾ ਦਾ ਜਿਆਦਾ ਪ੍ਰਕੋਪ ਨਹੀ ਸੀ। ਜਦੋਂ ਮੈਲਬੌਰਨ ‘ਚ ਕਰਫਿਊ ਦਾ ਐਲਾਨ ਹੋ ਜਾਂਦਾ ਸੀ, ਕਾਫੀ ਲੋਕ ਘਰਾਂ ਚ ਬੰਦ ਰਹਿਣ ਨਾਲੋਂ ਦੂਰ ਦੇ ਪਿੰਡਾਂ ਸ਼ਹਿਰਾਂ ਵੱਲ ਵਹੀਰਾਂ ਘੱਤ ਦਿੰਦੇ ਸਨ ਤਾਂ ਕਿ ਉਹ ਘਰੇ ਤੜਨ ਨਾ, ਬੱਸ ਇਸੇ ਚੱਕਰ ‘ਚ ਕੋਰੋਨਾ ਉਹਨਾਂ ਸੇਫ ਥਾਵਾਂ ‘ਤੇ ਵੀ ਜਾ ਪਹੁੰਚਿਆ |
ਪੰਜਾਬ ਦੀਆਂ ਖਬਰਾਂ ਦੇਖੀਆਂ ਤਾਂ ਇਕ ਦਿਨ ਪਤਾ ਚੱਲਿਆ ਕਿ ਪ੍ਰਦੂਸ਼ਣ ਘਟਣ ਕਾਰਣ ਜਲੰਧਰ ‘ਚ ਪਹਾੜ ਵੀ ਸਾਫ ਦਿਖਣ ਲੱਗ ਗਏ ਤੇ ਹਵਾ ਦੀ ਕੁਆਲਿਟੀ ਵੀ ਸਭ ਦੇਸ਼ਾਂ ਚ ਬਹੁਤ ਬਿਹਤਰ ਹੋ ਚੱਲੀ ਸੀ ਕਿਉਂ ਕਿ ਫੈਕਟਰੀਆਂ ਵਿਚ ਕਾਲਾ ਧੂੰਆਂ ਉਗਲਣ ਵਾਲੀਆਂ ਚਿਮਨੀਆਂ ਸਾਂਤ ਸਨ| ਦਰਿਆਵਾਂ ‘ਚ ਸਾਫ ਪਾਣੀ ਦੇਖੇ ਜਾ ਰਹੇ ਸੀ| ਸ਼ਾਇਦ ਕੁਦਰਤ ਹੀ ਇਨਸਾਨ ਦੇ ਕਾਰਜਾਂ ਤੋਂ ਦੁਖੀ ਹੋ ਕੇ ਕੋਰੋਨਾ ਰੂਪ ਵਿਚ ਸੰਸਾਰ ਨੂੰ ਬਦਲਣਾ ਚਾਹ ਰਹੀ ਸੀ ਜਾਂ ਕੁੱਝ ਬੁੱਧੀਜੀਵੀਆਂ ਮੁਤਾਬਕ, ਦੁਨੀਆ ਦੀ ਅਰਥਵਿਵਸਥਾ ਨੂੰ ਤਹਿਸ਼-ਨਹਿਸ਼ ਕਰਨ ਲਈ ਕੁੱਝ ਬਿਜਨੈਸਮੈਨਾਂ ਨੇ ਇਸ ਵਾਇਰਸ ਨੂੰ ਲੈਬ ‘ਚ ਤਿਆਰ ਕੀਤਾ ਸੀ|
ਕੁੱਝ ਬਿਜਨੈਸਮੈਨ ਆਪਣੇ ਪੈਸੇ ਕਮਾਉਣ ਦੇ ਚੱਕਰ ਵਿਚ ਕੋਰੋਨਾ ਦੇ ਟੀਕੇ ਬਣਾ ਕੇ ਵੇਚ ਰਹੇ ਸੀ, ਸਰਕਾਰ ਦਬਾਅ ਪਾ ਕੇ ਵਰਕਰਾਂ ਦੇ ਟੀਕੇ ਲਵਾ ਰਹੀ ਸੀ| ਦਾਰੂ ਬਨਾਉੁਣ ਵਾਲੀਆਂ ਕੰਪਨੀਆਂ ਹੁਣ ਦਾਰੂ ਦੇ ਨਾਲ ਹੈਂਡ ਸੈਨੇਟਾਈਜਰ ਬਣਾ ਰਹੀਆਂ ਸਨ| ਆਕਸੀਜਨ ਕੰਸੇਨਟਰੇਟਰ ਮਸ਼ੀਨ, ਮਾਸਕ, ਟਾਇਲਟ ਰੋਲ ਪੇਪਰ ਬਹੁਤ ਮਹਿੰਗੇ ਹੋਣ ਦੇ ਬਾਵਜੂਦ ਵੀ ਲੱਖਾਂ ਦੀ ਤਾਦਾਦ ‘ਚ ਵਿਕ ਰਹੇ ਸੀ| ਗਰੋਸਰੀ ਸਟੋਰਾਂ ‘ਤੇ ਸੈਲਫ ਚੈਕ ਆਉੂਟ ਮਸ਼ੀਨਾਂ ਨੇ ਕਬਜਾ ਕਰ ਲਿਆ| ਆਰਟੀਫਿਸ਼ਲ ਇਨਟੈਲੀਜੈਂਸ ਨਾਲ ਬਣੀਆਂ ਵੱਖ-ਵੱਖ ਪ੍ਰਕਾਰ ਦੀਆਂ ਮਸ਼ੀਨਾ ਸਟੋਰਾਂ ‘ਤੇ ਲੱਗ ਰਹੀਆਂ ਸੀ ਜਿਸ ਨਾਲ ਇਨਸਾਨੀ ਕੰਮ ਦੀ ਜਰੂਰਤ ਹੋਰ ਘੱਟ ਰਹੀ ਸੀ| ਕੈਸ਼ ਪੈਸੇ ਦੀ ਬਜਾਏ ਆਨਲਾਈਨ ਪੇਮੈਂਟ ਨੂੰ ਉੁਤਸ਼ਾਹਿਤ ਕੀਤਾ ਜਾ ਰਿਹਾ ਸੀ। ਇਸ ਦਾ ਅਸਰ ਅੱਜ ਦੇ ਸਮੇਂ ਚ ਇਹ ਹੋਇਆ ਹੈ ਕਿ, ਆਸਟ੍ਰੇਲੀਆ ਵਿਚ ਬਹੁਤ ਬੈਂਕ ਸਿਰਫ ਆਨਲਾਈਨ ਹੀ ਕੰਮ ਕਰਨ ਲੱਗ ਗਏ ਹਨ ਤੇ ਹੋਰ ਬੈਂਕ ਆਪਣੀਆਂ ਬਰਾਂਚਾ ਬੰਦ ਕਰਦੇ ਜਾ ਰਹੇ ਹਨ, ਕਿਉੁਂਕਿ ਇਨਸਾਨ ਨੂੰ ਹੁਣ ਬੈਂਕ ਜਾਣ ਦੀ ਜਰੂਰਤ ਘੱਟ ਚੁੱਕੀ ਹੈ| ਅੱਜ ਦੇ ਸਮੇਂ ਵਿਚ ਆਰਟੀਫਿਸ਼ਲ ਇਨਟੈਲੀਜੈਂਸ ਆਸਟ੍ਰੇਲੀਆ ਵਿਚ ਆਪਣਾ ਬਹੁਤ ਪ੍ਰਭਾਵ ਬਣਾ ਚੁੱਕੀ ਹੈ, ਤੇ ਇਸ ਦਾ ਜਿੰਮੇਵਾਰ ਵੀ ਕੋਰੋਨਾ ਨੂੰ ਦੱਸਿਆ ਜਾ ਰਿਹਾ ਹੈ, ਜੋ ਕਿ ਜਾਂਦੇ-ਜਾਂਦੇ ਬਹੁਤ ਸਾਰੇ ਲੋਕਾਂ ਦੇ ਕੰਮਾਂ ਦੀ ਬਲੀ ਵੀ ਲੈ ਗਿਆ|
ਕੋਰੋਨਾ ਦੀ ਪਹਿਲੀ ਦਸਤਕ ਤੋਂ ਹੁਣ ਪੰਜ ਵਰ੍ਹੇ ਤੋਂ ਉੁੱਤੇ ਸਮਾਂ ਲੰਘ ਚੱਲਿਆ ਹੈ, ਸਭ ਕੁੱਝ ਜਿੰਦਗੀ ‘ਚ ਫਿਰ ਉਸੇ ਤਰ੍ਹਾਂ ਹੀ ਚੱਲਣ ਲੱਗ ਗਿਆ| ਕੋਵਿਡ 19 ਅੱਜ ਵੀ ਬਹੁਤ ਲੋਕਾਂ ਨੂੰ ਹੋ ਰਿਹਾ ਹੈ ਪਰ ਅੱਜ ਕੋਵਿਡ ਦਾ ਆਤੰਕ ਬਿਲਕੁਲ ਖਤਮ ਹੈ। ਹੁਣ ਇਹ ਨਾਰਮਲ ਫਲੂ ਦੇ ਰੂਪ ਵਿਚ ਵਿਚਰ ਰਿਹਾ ਹੈ| ਪਰ ਜਦੋਂ ਕੋਵਿਡ ਆਤੰਕ ਮਚਾ ਰਿਹਾ ਸੀ ਉੁਸ ਸਮੇਂ ਮਰੇ ਹੋਏ ਇਨਸਾਨ ਦੇ ਘਰਵਾਲੇ ਵੀ, ਮ੍ਰਿਤਕ ਦਾ ਦਾਹ ਸੰਸਕਾਰ ਕਰਨ ਤੋਂ ਡਰ ਰਹੇ ਸੀ| ਬਹੁਤ ਮੌਤਾਂ ਕੋਵਿਡ ਦੇ ਨਾਮ ‘ਤੇ ਪਾ ਕੇ ਇਨਸਾਨੀਅਤ ਦਾ ਘਾਣ ਕੀਤਾ ਗਿਆ| ਐਡਾ ਹਊਆ ਬਣਾ ਕੇ ਕੋਵਿਡ 19 ਨੂੰ ਪੇਸ਼ ਕੀਤਾ ਗਿਆ ਕਿ ਕੈਂਸਰ ਤੇ ਏਡਜ਼ ਵਰਗੀਂਆ ਬੀਮਾਰੀਆਂ ਨੂੰ ਲੋਕ ਭੁੱਲ ਹੀ ਗਏ ਸਨ| ਕਈ ਡਾਕਟਰਾਂ ਨੇ ਜਿੱਥੇ ਕੋਵਿਡ ਇਲਾਜ ਦੇ ਨਾਮ ‘ਤੇ ਆਪਣੀਆਂ ਜੇਬਾਂ ਭਰੀਆਂ ਉਥੇ ਇਨਸਾਨੀਅਤ ਤੇ ਮਨੁੱਖਤਾ ਦਿਖਾਉਣ ਵਾਲੇ ਡਾਕਟਰਾਂ ਤੇ ਸਮਾਜ-ਸੇਵੀ ਸੰਸਥਾਵਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਤੇ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਇਨਸਾਨਾਂ ਦਾ ਦਾਹ ਸੰਸਕਾਰ ਵੀ ਕੀਤਾ|
ਕਹਿ ਕੁੱਝ ਵੀ ਨਹੀ ਸਕਦੇ, ਇਹ ਸ਼ਾਇਦ ਟਰੇਲਰ ਹੈ ਜੋ ਕਿ ਚਿਤਾਵਨੀ ਦੇ ਰੂਪ ਵਿਚ ਮਨੁੱਖਤਾ ਕੋਲ ਪਹੁੰਚਿਆ ਸੀ। ਕੀ ਪਤਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਭਿਆਨਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏ| ਜਿਵੇ ਕੋਵਿਡ ਨੇ ਇਕ ਵਾਰ ਮਨੁੱਖਾਂ ਨੂੰ ਬੇਬੱਸ ਕਰਵਾ ਕੇ ਹੱਥ ਖੜ੍ਹੇ ਕਰਵਾ ਦਿੱਤੇ ਸੀ, ਇਸੇ ਤਰਾਂ ਕੋਈ ਨਵੀਂ ਬੀਮਾਰੀ ਪ੍ਰਗਟ ਹੋ ਸਕਦੀ ਹੈ। ਪਰ ਪ੍ਰਿਥਵੀ ‘ਤੇ ਜੀਵਨ ਚੱਲਦਾ ਹੀ ਰਹੇਗਾ, ਬੱਸ ਇਹ ਨਹੀ ਕਹਿ ਸਕਦੇ ਕਿ ਉਸ ‘ਚ ਮਨੁੱਖ ਦਾ ਰਾਜ ਹੋਵੇਗਾ ਜਾਂ ਕੋਈ ਹੋਰ ਜੀਵ-ਜੰਤੂ ਦਾ?