Articles

ਕੌਮਾਂਤਰੀ ਓਲੰਪਿਕ ਦਿਵਸ

ਕੌਮਾਂਤਰੀ ਓਲੰਪਿਕ ਦਿਵਸ 23 ਜੂਨ ਨੂੰ ਪੂਰੇ ਸੰਸਾਰ ਵਿੱਚ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਕੌਮਾਂਤਰੀ ਓਲੰਪਿਕ ਕਮੇਟੀ ਦੀ ਸਥਾਪਨਾ 1894 ਵਿੱਚ ਪੈਰਿਸ ਦੇ ਸੋਰਬਨ ਵਿਖ਼ੇ ਹੋਈ ਸੀ। ਇਸ ਦਿਵਸ ਦਾ ਮੁੱਖ ਉਦੇਸ਼ ਉਮਰ, ਲਿੰਗ ਜਾਂ ਅਥਲੈਟਿਕ ਯੋਗਤਾ ਦੀ ਪਰਵਾਹ ਕੀਤੇ ਬਿਨਾਂ ਸਾਰੀ ਦੁਨੀਆਂ ਦੇ ਲੋਕਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਉਹ ਖੇਡਾਂ ਰਾਹੀਂ ਆਪਣੇ ਆਪ ਨੂੰ ਸਿਹਤਯਾਬ ਰੱਖ ਸਕਣ।

ਸੰਨ 1947 ਨੂੰ ਸ੍ਟਾਕਹੋਲ੍ਮ ਵਿਖ਼ੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 41ਵੇਂ ਸੈਸ਼ਨ ਦੌਰਾਨ, ਚੈਕੋਸਲੋਵਾਕੀਆ ਤੋਂ ਆਈ.ਓ.ਸੀ. ਦੇ ਮੈਂਬਰ ਡਾਕਟਰ ਗਰੱਸ ਵੱਲੋਂ ਓਲਿੰਪਿਕ ਦਿਵਸ ਨੂੰ ਮਨਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ। ਇਸ ਤਜਵੀਜ਼ ਨੂੰ ਜਨਵਰੀ 1948 ਸੈਂਟ ਮੋਰਿਟਜ਼ ਵਿੱਚ 42 ਵੇਂ ਆਈ.ਓ.ਸੀ ਦੀ ਮੀਟਿੰਗ ਦੌਰਾਨ ਮਨ ਲਿਆ ਗਿਆ। ਜਿਸ ਦੇ ਚਲਦਿਆਂ ਵੱਖ ਵੱਖ ਰਾਸ਼ਟਰੀ ਓਲੰਪਿਕ ਕਮੇਟੀਆਂ ਨੂੰ ਅੰਤਰਰਾਸ਼ਟਰੀ ਓਲੰਪਿਕ ਦਿਵਸ ਦੇ ਆਯੋਜਨ ਦਾ ਇੰਚਾਰਜ ਬਣਾ ਦਿੱਤਾ ਗਿਆ ਸੀ। ਉਨ੍ਹਾਂ ਨੂੰ 17 ਅਤੇ 24 ਜੂਨ ਦੇ ਵਿਚਕਾਰ ਇਸ ਦਿਵਸ ਨੂੰ ਮਨਾਉਣ ਲਈ ਇੱਕ ਤਾਰੀਖ ਚੁਣਨ ਦੀ ਬੇਨਤੀ ਕੀਤੀ ਗਈ ਸੀ। ਸਭ ਨੇ 23 ਜੂਨ ਨੂੰ ਚੁਣਿਆ ਕਿਉਂਕਿ 23 ਜੂਨ 1894 ਨੂੰ ਸੋਰਬਨ, ਪੈਰਿਸ ਵਿਖੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਹੋਈ ਸੀ, ਇਸ ਕਮੇਟੀ ਦੇ ਸਹਿਯੋਗ ਨਾਲ ਨਵੀਆਂ ਓਲੰਪਿਕ ਖੇਡਾਂ ਦੇ ਜਨਮ ਦਾਤਾ ਬੈਰਨ ਡੀ ਕੁਬਰਟਿਨ ਨੇ ਓਲੰਪਿਕ ਖੇਡਾਂ ਨੂੰ ਮੁੜ ਸੁਰਜੀਤ ਕੀਤਾ ਸੀ।

ਪਹਿਲਾ ਓਲੰਪਿਕ ਦਿਵਸ 23 ਜੂਨ 1948 ਨੂੰ ਮਨਾਇਆ ਗਿਆ। ਇਸ ਮੌਕੇ, ਉਸ ਸਮੇਂ ਆਈ.ਓ.ਸੀ ਦੇ ਪ੍ਰਧਾਨ ਸਿਗਫ੍ਰਿਡ ਐਡਰਸਟਰਮ ਨੇ ਵਿਸ਼ਵ ਦੇ ਨੌਜਵਾਨਾਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਸੰਦੇਸ਼ ਦਿੱਤਾ ਸੀ। ਓਲੰਪਿਕ ਚਾਰਟਰ ਦੇ 1978 ਦੇ ਸੰਸਕਰਣ ਵਿਚ, ਕੌਮਾਂਤਰੀ ਓਲਿੰਪਿਕ ਕਮੇਟੀ ਨੇ ਪਹਿਲੀ ਵਾਰ ਸਿਫਾਰਸ਼ ਕੀਤੀ ਸੀ ਕਿ ਸਾਰੇ ਰਾਸ਼ਟਰੀ ਓਲੰਪਿਕ ਕਮੇਟੀਆਂ ਆਪਣੇ ਦੇਸ਼ ਵਿੱਚ ਓਲਿੰਪਿਕ ਲਹਿਰ ਨੂੰ ਉਤਸ਼ਾਹਤ ਕਰਨ ਤਾਂ ਇਸ ਨਾਲ ਵੱਧ ਤੋਂ ਵੱਧ ਲੋਕ ਜੁੜ ਸਕਣ।

ਪਹਿਲੇ ਓਲਿੰਪਿਕ ਦਿਵਸ ਦੇ ਆਯੋਜਨ ਤੋਂ ਠੀਕ 40 ਸਾਲਾਂ ਬਾਅਦ, 1987 ਵਿੱਚ ਪਹਿਲੀ “ਓਲੰਪਿਕ ਦਿਵਸ ਦੌੜ” ਦਾ ਆਯੋਜਨ ਕੀਤਾ ਗਿਆ ਜਿਸ ਦੀ ਦੂਰੀ 10 ਕਿਲੋਮੀਟਰ ਰੱਖੀ ਗਈ। ਇਸ ਦੌੜ ਵਿੱਚ 45 ਦੇਸ਼ਾਂ ਦੀਆਂ ਓਲੰਪਿਕ ਕਮੇਟੀਆਂ ਨੇ ਹਿੱਸਾ ਲਿਆ। ਇਸ ਪਹਿਲ ਦੀ ਸ਼ੁਰੂਆਤ ਆਈ.ਓ.ਸੀ ਦੇ ਸਪੋਰਟਸ ਫਾਰ ਆਲ ਕਮਿਸ਼ਨ ਦੁਆਰਾ ਕੀਤੀ ਗਈ ਸੀ। ਇਸਦਾ ਉਦੇਸ਼ ਵਿਸ਼ਵ ਭਰ ਵਿੱਚ ਖੇਡਾ ਨਾਲ ਜੁੜੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨਾ ਸੀ। ਇਹ ਓਲੰਪਿਕ ਦਿਵਸ ਦਾ ਹੁਣ ਵਿਸ਼ਵਵਿਆਪੀ ਤਿਉਹਾਰ ਬਣ ਗਿਆ ਹੈ ਅਤੇ ਵਿਸ਼ਵ ਭਰ ਦੇ ਓਲੰਪਿਕ ਆਦਰਸ਼ਾਂ ਦੇ ਪ੍ਰਚਾਰ ਵਿਚ ਯੋਗਦਾਨ ਪਾ ਰਿਹਾ ਹੈ।

ਓਲੰਪਿਕ ਦਿਵਸ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਨੂੰ ਮਨਾਉਣ ਦੇ ਢੰਗ ਤਰੀਕਿਆਂ ਵਿੱਚ ਕਈ ਬਦਲਾਅ ਦੇਖੇ ਹਨ ਕਈ ਰਾਸ਼ਟਰੀ ਓਲੰਪਿਕ ਕਮੇਟੀਆਂ ਨੇ ਰਵਾਇਤੀ “ਓਲੰਪਿਕ ਦਿਵਸ ਦੌੜ” ਦੇ ਆਯੋਜਨ ਦੇ ਨਾਲ “ਮੂਵ(ਵੱਧੋ), ਲਰਨ(ਸਿੱਖੋ),  ਅਤੇ ਡਿਸਕਵਰ(ਖੋਜੋ)” ਦੇ ਸਿਧਾਂਤ ਤੇ ਚਲਦਿਆਂ ਕਈ ਹੋਰ ਖੇਡਾਂ, ਸਭਿਆਚਾਰਕ ਅਤੇ ਵਿਦਿਅਕ ਗਤੀਵਿਧੀਆਂ ਨੂੰ ਵੀ ਓਲੰਪਿਕ ਦਿਹਾੜੇ ਵਿੱਚ ਸ਼ਾਮਿਲ ਕੀਤਾ ਹੈ। ਜਿਸ ਨਾਲ ਇਸ ਓਲੰਪਿਕ ਦਿਵਸ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ।

ਕੋਰੋਨਾ ਦੀ ਇਸ ਮਹਾਂਮਾਰੀ  ਦੇ ਚਲਦਿਆਂ ਪਿਛਲੇ ਸਾਲ ਓਲੰਪਿਕ ਦਿਵਸ ਦੇ ਮੌਕੇ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ “ਸਟਰੌਂਗਰ ਟੂਗਏਦਰ” ਮਿਸ਼ਨ ਦੀ ਸ਼ੁਰੂਆਤ ਕੀਤੀ, ਤਾਂ ਜੋ ਅਸੀਂ ਦ੍ਰਿੜਤਾ ਨਾਲ ਇਕੱਠੇ ਰਹਿ ਕੇ ਇਸ ਆਲਮੀ ਵਬਾ ਨਾਲ ਲੜ ਸਕੀਏ ਅਤੇ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ ।

ਕੌਮਾਂਤਰੀ ਓਲੰਪਿਕ ਦਿਵਸ ਦੇ ਮੌਕੇ ਤੇ ਸਾਰੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਲੱਖ ਵਧਾਈਆਂ…..!

– ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin